ਸਮੇਂ ਦੀ ਕੰਧ 'ਤੇ ਲਿਖਿਆ ਪੜ੍ਹਨ ਦੀ ਲੋੜ - ਰਾਮਚੰਦਰ ਗੁਹਾ
ਜਨਵਰੀ 2013 ਵਿਚ ਜਦੋਂ ਕਾਂਗਰਸ ਕੇਂਦਰ 'ਚ ਸੱਤਾ ਵਿਚ ਸੀ ਅਤੇ ਆਮ ਚੋਣਾਂ ਹੋਣ ਵਿਚ ਸਾਲ ਤੋਂ ਵੱਧ ਸਮਾਂ ਰਹਿੰਦਾ ਸੀ, ਮੈਂ ਅੰਗਰੇਜ਼ੀ ਰੋਜ਼ਾਨਾ 'ਟੈਲੀਗ੍ਰਾਫ' ਵਿਚ ਇਕ ਲੇਖ ਲਿਖਿਆ। ਰਾਹੁਲ ਗਾਂਧੀ ਦੇ ਪਿਛਲੇ ਇਕ ਦਹਾਕੇ ਦੇ ਸਿਆਸੀ ਕਰੀਅਰ ਦੀ ਨਜ਼ਰਸਾਨੀ ਪਿੱਛੋਂ ਮੈਂ ਲਿਖਿਆ : 'ਰਾਹੁਲ ਗਾਂਧੀ ਬਾਰੇ ਸਭ ਤੋਂ ਵਧੀਆ ਗੱਲ ਇਹੋ ਆਖੀ ਜਾ ਸਕਦੀ ਹੈ ਕਿ ਉਹ ਨੇਕਦਿਲ ਮਸਤਮੌਲਾ ਹੈ। ਉਸ ਨੇ ਪ੍ਰਸ਼ਾਸਕੀ ਸਮਰੱਥਾ ਦਾ ਕੋਈ ਪ੍ਰਗਟਾਵਾ ਨਹੀਂ ਕੀਤਾ, ਨਾ ਅਹਿਮ ਜ਼ਿੰਮੇਵਾਰੀਆਂ ਲੈਣ ਦੀ ਕੋਈ ਖ਼ਾਹਿਸ਼ ਜ਼ਾਹਿਰ ਕੀਤੀ ਹੈ, ਨਾ ਹੀ ਸੰਜੀਦਾ ਸਮਾਜਿਕ ਸਮੱਸਿਆਵਾਂ ਦੇ ਹੱਲ ਲਈ ਕੋਈ ਜੋਸ਼ ਜਾਂ ਵਚਨਬੱਧਤਾ ਦਿਖਾਈ ਹੈ, ਮਹਿਜ਼ ਇਨ੍ਹਾਂ ਦੀ ਗੱਲ ਕਰਨ ਤੋਂ ਇਲਾਵਾ।'
ਮੈਂ ਹੋਰ ਲਿਖਿਆ : 'ਰਾਹੁਲ ਦੇ ਮਸਤਮੌਲੇਪਣ ਨਾਲ ਕੋਈ ਫ਼ਰਕ ਨਹੀਂ ਸੀ ਪੈਣਾ ਜੇ ਉਹ ਹਾਲੇ ਵੀ ਕਾਲਜ ਪੜ੍ਹਦਾ ਜਾਂ ਨਿੱਜੀ ਖੇਤਰ ਦੀ ਕੋਈ ਨੌਕਰੀ ਕਰਦਾ ਜਾਂ ਆਪਣਾ ਕੋਈ ਛੋਟਾ ਕਾਰੋਬਾਰ ਕਰਦਾ ਹੁੰਦਾ। ਪਰ ਉਸ ਦੇ ਭਾਰਤ ਦੀ ਸਭ ਤੋਂ ਵੱਡੀ, ਸਭ ਤੋਂ ਪੁਰਾਣੀ ਅਤੇ ਸਭ ਤੋਂ ਵੱਧ ਅਸਰਦਾਰ ਸਿਆਸੀ ਪਾਰਟੀ ਦਾ ਮੀਤ ਪ੍ਰਧਾਨ ਤੇ ਸੰਭਾਵੀ ਆਗੂ ਅਤੇ ਪ੍ਰਧਾਨ ਮੰਤਰੀ ਲਈ ਉਮੀਦਵਾਰ ਹੋਣ ਨਾਤੇ ਇਸ ਨਾਲ ਫ਼ਰਕ ਪੈਂਦਾ ਹੈ।'
ਇਹ ਲੇਖ ਇਕ ਸਮਾਜ ਸੇਵਕ ਨੇ ਪੜ੍ਹਿਆ ਜਿਸ ਦੇ ਕਾਂਗਰਸ ਪਾਰਟੀ ਨਾਲ ਕਰੀਬੀ ਰਿਸ਼ਤੇ ਹਨ। ਉਸ ਨੇ ਮੈਨੂੰ ਇਕ ਦਿਲਚਸਪ ਕਹਾਣੀ ਸੁਣਾਈ। ਰਾਹੁਲ ਕਿਉਂਕਿ ਕਿਸਾਨਾਂ ਦੇ ਹਿੱਤਾਂ ਦੀ ਕਾਫ਼ੀ ਗੱਲ ਕਰਦਾ ਰਿਹਾ ਹੈ, ਇਸ ਲਈ ਉਸ ਨੂੰ 2009 ਵਿਚ ਯੂਪੀਏ ਦੇ ਮੁੜ ਚੋਣ ਜਿੱਤਣ 'ਤੇ ਪੇਂਡੂ ਵਿਕਾਸ ਮੰਤਰੀ ਬਣਨ ਦੀ ਸਲਾਹ ਦਿੱਤੀ ਗਈ। ਇਉਂ ਉਹ ਆਪਣੇ ਵਿਚਾਰਾਂ ਨੂੰ ਲਾਗੂ ਕਰ ਸਕਦਾ ਸੀ ਤੇ ਨਾਲ ਹੀ ਪ੍ਰਸ਼ਾਸਕੀ ਤਜਰਬਾ ਵੀ ਹਾਸਲ ਕਰ ਸਕਦਾ ਸੀ। ਰਾਹੁਲ ਨੇ ਇਹ ਸਲਾਹ ਰੱਦ ਕਰ ਦਿੱਤੀ। ਇਸ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ, ਪਰ ਅਜਿਹਾ ਜਾਪਿਆ ਕਿ ਉਸ ਦੀ ਮਾਤਾ ਤੇ ਕਾਂਗਰਸ ਪ੍ਰਧਾਨ ਦਾ ਖ਼ਿਆਲ ਸੀ ਕਿ ਉਸ ਦਾ ਪੁੱਤਰ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਵਿਚ ਸਿਰਫ਼ ਸਿੱਧਾ ਪ੍ਰਧਾਨ ਮੰਤਰੀ ਵਜੋਂ ਹੀ ਸ਼ਾਮਲ ਹੋਵੇ। ਇਨ੍ਹਾਂ ਕਿਆਸਾਂ ਨੂੰ ਉਦੋਂ ਬਲ ਮਿਲਿਆ ਜਦੋਂ ਸਤੰਬਰ 2013 ਵਿਚ ਮੌਕੇ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ 'ਰਾਹੁਲ ਗਾਂਧੀ 2014 ਦੀਆਂ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਵਧੀਆ ਚੋਣ ਹੋ ਸਕਦੇ ਹਨ।' ਉਨ੍ਹਾਂ ਨਾਲ ਹੀ ਕਿਹਾ ਕਿ 'ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਵਿਚ ਕੰਮ ਕਰ ਕੇ ਉਨ੍ਹਾਂ ਨੂੰ ਖ਼ੁਸ਼ੀ' ਹੋਵੇਗੀ।
ਉਹ ਵੇਲ਼ਾ ਕਦੇ ਨਹੀਂ ਆਇਆ। 2014 ਦੀਆਂ ਚੋਣਾਂ 'ਚ ਕਾਂਗਰਸ ਦੀਆਂ 160 ਸੀਟਾਂ ਖੁੱਸ ਗਈਆਂ। ਉਸੇ ਮਹੀਨੇ ਬਰਤਾਨੀਆ ਵਿਚ ਵੀ ਆਮ ਚੋਣਾਂ ਹੋਈਆਂ। ਉੱਥੇ ਲੇਬਰ ਪਾਰਟੀ ਦੀਆਂ ਮਹਿਜ਼ 20 ਸੀਟਾਂ ਘਟੀਆਂ, ਪਰ ਇਸ ਦੇ ਆਗੂ ਐਡ ਮਿਲੀਬੈਂਡ ਨੇ ਫ਼ੌਰੀ ਅਸਤੀਫ਼ਾ ਦੇ ਦਿੱਤਾ। ਪਰ ਭਾਰਤੀ ਜਮਹੂਰੀਅਤ ਤਾਂ ਵੈਸਟਮਿੰਸਟਰ ਮਾਡਲ (ਬਰਤਾਨਵੀ ਜਮਹੂਰੀ ਮਾਡਲ) ਤੋਂ ਹੋਰ ਦੂਰ ਜਾ ਰਹੀ ਸੀ ਜੋ ਕਥਿਤ ਤੌਰ 'ਤੇ ਇਸੇ ਉੱਤੇ ਆਧਾਰਿਤ ਦੱਸੀ ਜਾਂਦੀ ਹੈ। ਇੱਥੇ ਪ੍ਰਚਾਰ ਦਾ ਮੁੱਖ ਚਿਹਰਾ ਰਿਹਾ ਪਾਰਟੀ ਦਾ ਮੀਤ ਪ੍ਰਧਾਨ ਆਪਣੀ ਜ਼ਿੰਮੇਵਾਰੀ ਕਬੂਲਣ ਤੋਂ ਬਚ ਰਿਹਾ ਸੀ, ਤੇ ਉਲਟਾ ਉਸ ਨੂੰ ਉਦੋਂ ਹਾਰ ਦਾ ਇਨਾਮ ਮਿਲਿਆ ਜਦੋਂ ਉਸ ਦੀ ਮਾਤਾ ਨੇ ਉਸ ਦੇ ਪਾਰਟੀ ਪ੍ਰਧਾਨ ਬਣਨ ਲਈ ਅਹੁਦਾ ਖ਼ਾਲੀ ਕਰ ਦਿੱਤਾ।
ਹੁਣ ਰਾਹੁਲ ਗਾਂਧੀ ਨੇ ਆਮ ਚੋਣਾਂ ਵਿਚ ਲਗਾਤਾਰ ਦੂਜੀ ਹਾਰ ਮੌਕੇ ਪਾਰਟੀ ਦੀ ਅਗਵਾਈ ਕੀਤੀ ਹੈ। ਹੁਣ ਕਾਂਗਰਸ ਨੂੰ ਕੀ ਕਰਨਾ ਚਾਹੀਦਾ ਹੈ? ਕੀ ਇਸ ਨੂੰ ਨਵਾਂ ਪ੍ਰਧਾਨ ਲੱਭਣਾ ਚਾਹੀਦਾ ਹੈ? ਕੀ ਕਾਂਗਰਸ ਇਸ ਮਾਮਲੇ 'ਚ ਗਾਂਧੀ ਪਰਿਵਾਰ ਤੋਂ ਅਗਾਂਹ ਸੋਚ ਸਕਦੀ ਹੈ? ਮੈਂ ਇਨ੍ਹਾਂ ਸਵਾਲਾਂ 'ਤੇ ਆਵਾਂਗਾ, ਪਰ ਪਹਿਲਾਂ ਮੈਂ ਉਸ ਸਿਆਸਤਦਾਨ ਬਾਰੇ ਕੁਝ ਆਖਣਾ ਚਾਹਾਂਗਾ ਜਿਸ ਨੇ ਦੋਵੇਂ 2014 ਤੇ 2019 ਦੀਆਂ ਚੋਣਾਂ ਦੌਰਾਨ ਦੂਜੀ ਜਾਂ ਜੇਤੂ ਧਿਰ ਦੀ ਮੁਹਿੰਮ ਦੀ ਅਗਵਾਈ ਕੀਤੀ।
ਬਹੁਤ ਸਾਰੇ ਸਿਆਸੀ ਮਾਹਿਰਾਂ ਨੇ ਆਖਿਆ ਹੈ ਕਿ ਪਹਿਲੀਆਂ ਚੋਣਾਂ ਵਿਚ ਨਰਿੰਦਰ ਮੋਦੀ ਨੇ ਫ਼ਿਰਕੂ ਪ੍ਰਚਾਰ ਤੋਂ ਪ੍ਰਹੇਜ਼ ਕੀਤਾ ਤੇ ਪ੍ਰਧਾਨ ਮੰਤਰੀ ਹੁੰਦਿਆਂ ਉਨ੍ਹਾਂ ਸਾਰਾ ਜ਼ੋਰ ਕੌਮੀ ਸੁਰੱਖਿਆ ਉੱਤੇ ਰੱਖਿਆ ਤੇ ਹਿੰਦੂਤਵੀ ਫ਼ਿਰਕੂ ਪ੍ਰਚਾਰ ਦਾ ਸਹਾਰਾ ਲਿਆ। ਇਸ ਦੇ ਬਾਵਜੂਦ ਨਰਿੰਦਰ ਮੋਦੀ ਦੀਆਂ ਦੋਵੇਂ ਪ੍ਰਚਾਰ ਮੁਹਿੰਮਾਂ ਵਿਚ ਇਕ ਸਮਾਨਤਾ ਸੀ। ਉਨ੍ਹਾਂ 2014 ਵਿਚ ਰਾਹੁਲ ਨੂੰ 'ਨਾਮਦਾਰ' ਕਰਾਰ ਦੇ ਕੇ ਉਸ ਦਾ ਮਜ਼ਾਕ ਉਡਾਇਆ, ਭਾਵ ਅਜਿਹਾ ਵਿਅਕਤੀ ਜੋ ਸਿਰਫ਼ ਆਪਣੇ ਪਰਿਵਾਰ ਕਾਰਨ ਪਛਾਣਿਆ ਜਾਂਦਾ ਹੈ, ਜਦੋਂਕਿ ਦੂਜੇ ਪਾਸੇ ਉਹ (ਮੋਦੀ) ਖ਼ੁਦ 'ਕਾਮਦਾਰ' ਹੈ, ਭਾਵ ਆਪਣੇ ਕੰਮ ਕਾਰਨ ਪਛਾਣਿਆ ਜਾਣ ਵਾਲਾ। ਉਨ੍ਹਾਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਆਪਣਾ ਕਰੀਅਰ 'ਚਾਹ ਵਾਲੇ' ਤੋਂ ਸ਼ੁਰੂ ਕੀਤਾ ਜਦੋਂਕਿ ਉਸ ਦਾ ਮੁੱਖ ਵਿਰੋਧੀ ਚੌਥੀ (ਜਾਂ ਸ਼ਾਇਦ ਪੰਜਵੀਂ) ਪੀੜ੍ਹੀ ਦਾ ਹਾਕਮ ਹੈ, ਜੋ ਬਹੁਤ ਹੀ ਸੁੱਖਾਂ ਵਿਚ ਪਲ਼ਿਆ ਹੈ। ਹੁਣ 2019 ਵਿਚ ਮੋਦੀ ਨੇ ਇਕ ਵਾਰੀ ਫਿਰ ਚਲਾਕੀ ਵਰਤਦਿਆਂ ਵੋਟਰਾਂ ਨੂੰ ਪੁੱਛਿਆ ਕਿ ਕੀ ਉਹ ਉਨ੍ਹਾਂ ਨੂੰ ਭਾਵ 'ਕਾਮਦਾਰ' ਨੂੰ ਚਾਹੁੰਦੇ ਹਨ ਜਾਂ ਰਾਹੁਲ ਨੂੰ ਜੋ ਮਹਿਜ਼ 'ਨਾਮਦਾਰ' ਹੈ।
ਸਕਰੌਲ ਡਾਟ ਇਨ ਵਿਚ 21 ਮਈ ਨੂੰ ਛਪੇ ਇਕ ਲੇਖ ਵਿਚ ਸੁਪ੍ਰਿਆ ਸ਼ਰਮਾ ਨੇ ਲਿਖਿਆ ਕਿ ਕਿਵੇਂ ਦੇਸ਼ ਦੇ ਚਾਰ ਸਭ ਤੋਂ ਵੱਡੇ ਸੂਬਿਆਂ- ਬਿਹਾਰ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਮਹਾਂਰਾਸ਼ਟਰ ਜਿਨ੍ਹਾਂ ਵਿਚ ਉਹ ਗਈ, ਵਿਚ 'ਮੋਦੀ ਦੀ ਬਹੁਤ ਮਕਬੂਲੀਅਤ ਸੀ ਅਤੇ ਬਹੁਤੇ ਵੋਟਰਾਂ ਨੇ ਸਾਫ਼ ਆਖਿਆ ਕਿ ਉਨ੍ਹਾਂ ਮੋਦੀ ਕਾਰਨ ਹੀ ਭਾਜਪਾ ਨੂੰ ਵੋਟ ਪਾਈ' ਹੈ। ਉਸ ਨੇ ਲਿਖਿਆ ਕਿ ਦੂਜੇ ਪਾਸੇ 'ਮੈਨੂੰ ਚਾਰ ਸੂਬਿਆਂ ਵਿਚ ਇਕ ਵੀ ਅਜਿਹਾ ਵੋਟਰ ਨਹੀਂ ਮਿਲਿਆ ਜਿਸ ਨੇ ਰਾਹੁਲ ਗਾਂਧੀ ਨੂੰ ਆਗੂ ਵਜੋਂ ਦੇਖ ਕੇ ਵੋਟ ਪਾਈ ਹੋਵੇ।' ਦੋ ਦਿਨਾਂ ਬਾਅਦ ਆਏ ਨਤੀਜਿਆਂ ਵਿਚ ਵੀ ਇਹ ਗੱਲ ਸਾਹਮਣੇ ਆ ਗਈ। ਦੇਸ਼ ਵਿਚ 188 ਸੀਟਾਂ 'ਤੇ ਭਾਜਪਾ ਤੇ ਕਾਂਗਰਸ ਜਾਂ ਮੋਦੀ ਤੇ ਰਾਹੁਲ ਦਾ ਇਕ ਦੂਜੇ ਨਾਲ ਸਿੱਧਾ ਮੁਕਾਬਲਾ ਸੀ ਜਿਨ੍ਹਾਂ ਵਿਚੋਂ ਵੱਡਾ ਹਿੱਸਾ ਭਾਵ 174 ਸੀਟਾਂ ਭਾਜਪਾ ਨੇ ਜਿੱਤੀਆਂ।
ਕਾਂਗਰਸ ਦੀ ਲਗਾਤਾਰ ਦੂਜੀ ਹਾਰ ਪਹਿਲੀ ਨਾਲੋਂ ਹੋਰ ਵੀ ਵੱਧ ਨਮੋਸ਼ੀ ਵਾਲੀ ਹੋ ਸਕਦੀ ਸੀ। ਇਸ ਦੇ ਬਾਵਜੂਦ, ਹੈਰਾਨੀ ਦੀ ਗੱਲ ਹੈ ਕਿ ਕਾਂਗਰਸ ਵਿਚ ਸਿਰਫ਼ ਰਾਹੁਲ ਗਾਂਧੀ ਹੀ ਅਜਿਹਾ ਵਿਅਕਤੀ ਹੈ ਜਿਸ ਨੂੰ ਜਾਪਦਾ ਹੈ ਕਿ ਉਸ ਦੀ ਕੁਝ ਜਵਾਬਦੇਹੀ ਬਣਦੀ ਹੈ। ਉਸ ਵੱਲੋਂ ਅਸਤੀਫ਼ੇ ਦੀ ਕੀਤੀ ਪੇਸ਼ਕਸ਼, ਯਕੀਨਨ ਪੇਸ਼ਕਸ਼, ਨੂੰ ਕਾਂਗਰਸ ਵਰਕਿੰਗ ਕਮੇਟੀ ਨੇ 'ਸਰਬਸੰਮਤੀ' ਨਾਲ ਨਾਮਨਜ਼ੂਰ ਕਰ ਦਿੱਤਾ। ਇਸ ਦੌਰਾਨ ਦਿੱਲੀ ਵਿਚਲੇ ਕਾਂਗਰਸੀ ਸੋਚ ਵਾਲੇ ਬੁੱਧੀਜੀਵੀ ਰਾਹੁਲ ਨੂੰ ਨਹਿਰੂ ਦੀ ਧਰਮ-ਨਿਰਪੱਖਤਾ ਦਾ ਇਕੋ-ਇਕ ਝੰਡਾਬਰਦਾਰ ਕਰਾਰ ਦਿੰਦਿਆਂ ਉਸ ਦੇ ਸੋਹਲੇ ਗਾ ਰਹੇ ਹਨ, ਨਾਲ ਹੀ ਦਿੱਲੀ ਦੇ ਅੰਗਰੇਜ਼ੀ ਪੱਤਰਕਾਰ ਜਗਨ ਰੈਡੀ ਤੇ ਨਵੀਨ ਪਟਨਾਇਕ ਦੀਆਂ ਜਿੱਤਾਂ ਦੀਆਂ ਮਿਸਾਲਾਂ ਦੇ ਕੇ ਆਖ ਰਹੇ ਹਨ ਕਿ ਸਮੱਸਿਆ ਪਰਿਵਾਰਵਾਦ ਨਹੀਂ ਹੈ। ਇਸ ਦੇ ਬਾਵਜੂਦ ਰਾਹੁਲ ਗਾਂਧੀ ਵੱਲੋਂ ਪਾਰਟੀ ਪ੍ਰਧਾਨ ਦਾ ਅਹੁਦਾ ਛੱਡੇ ਜਾਣ ਦਾ ਸਭ ਤੋਂ ਤਿੱਖਾ ਵਿਰੋਧ ਉਸ ਦੀ ਆਪਣੀ ਮਾਤਾ ਨੇ ਕੀਤਾ ਹੈ ਜੋ ਪਾਰਟੀ ਦੀ ਲੀਡਰਸ਼ਿਪ ਗਾਂਧੀ ਪਰਿਵਾਰ ਤੋਂ ਬਾਹਰ ਜਾਣ ਦੇ ਸਭ ਤੋਂ ਵੱਧ ਖ਼ਿਲਾਫ਼ ਜਾਪਦੀ ਹੈ।
ਜਦੋਂ ਮੈਂ ਖ਼ੁਦ ਟਵੀਟ ਕੀਤਾ : 'ਜ਼ਰੂਰੀ ਹੈ ਕਿ ਕਾਂਗਰਸ ਪਰਿਵਾਰਵਾਦ ਨੂੰ ਛੱਡ ਦੇਵੇ' ਤਾਂ ਉੱਤਰ ਪ੍ਰਦੇਸ਼ ਤੋਂ ਇਕ ਦੋਸਤ ਤੇ ਲੇਖਕ ਅਨਿਲ ਮਹੇਸ਼ਵਰੀ ਨੇ ਮੈਨੂੰ ਮਹਾਨ ਅਰਬੀ ਵਿਦਵਾਨ ਇਬਨ ਖ਼ਲਦੁਨ ਦੀਆਂ ਲਿਖਤਾਂ ਵਿਚੋਂ ਬਹੁਤ ਸਾਰੀ ਸਮੱਗਰੀ ਭੇਜੀ। ਇਬਨ ਖ਼ਲਦੁਨ ਨੇ 14ਵੀਂ ਸਦੀ ਵਿਚ ਲਿਖਿਆ ਸੀ ਕਿ ਸਿਆਸੀ ਰਾਜਘਰਾਣੇ ਤਿੰਨ ਪੁਸ਼ਤਾਂ ਤੋਂ ਬਾਅਦ ਆਪਣਾ ਰਸੂਖ਼ ਤੇ ਸਾਖ਼ ਕਾਇਮ ਨਹੀਂ ਰੱਖ ਪਾਉਂਦੇ। ਉਸ ਨੇ ਲਿਖਿਆ : ''ਮਾਣ-ਸਨਮਾਨ (ਪਰਿਵਾਰ ਦਾ) ਕਾਇਮ ਕਰਨ ਵਾਲਾ ਜਾਣਦਾ ਹੈ ਕਿ ਇਸ ਨੂੰ ਕਾਇਮ ਰੱਖਣ ਲਈ ਉਸ ਨੂੰ ਮਿਹਨਤ ਕਰਨੀ ਪਵੇਗੀ। ਇਸ ਲਈ ਉਹ ਉਨ੍ਹਾਂ ਗੁਣਾਂ ਨੂੰ ਕਾਇਮ ਰੱਖਦਾ ਹੈ ਜਿਨ੍ਹਾਂ ਤੋਂ ਇਹ ਮਿਲਿਆ ਹੈ। ਉਸ ਪਿੱਛੋਂ ਆਏ ਉਸ ਦੇ ਪੁੱਤਰ ਦਾ ਆਪਣੇ ਪਿਤਾ ਨਾਲ ਸਿੱਧਾ ਨਿੱਜੀ ਸੰਪਰਕ ਸੀ ਜਿਸ ਕਾਰਨ ਉਹ ਉਸ ਤੋਂ ਇਹ ਗੱਲਾਂ ਸਿੱਖ ਲੈਂਦਾ ਹੈ। ਪਰ ਉਹ ਇਸ ਮਾਮਲੇ ਵਿਚ ਪਿਤਾ ਤੋਂ ਊਣਾ ਰਹਿ ਜਾਂਦਾ ਹੈ ਕਿਉਂਕਿ ਕਿਸੇ ਚੀਜ਼ ਨੂੰ ਪੜ੍ਹ ਕੇ ਸਿੱਖਣ ਵਾਲਾ ਕਦੇ ਵੀ ਆਪਣੇ ਨਿੱਜੀ ਤਜਰਬੇ ਤੋਂ ਸਿੱਖਣ ਵਾਲੇ ਦੇ ਬਰਾਬਰ ਨਹੀਂ ਹੋ ਸਕਦਾ।''
ਦੂਜੀ ਪੀੜ੍ਹੀ ਆਦਰਸ਼ਾਂ ਨੂੰ ਕਾਇਮ ਰੱਖ ਸਕਦੀ ਹੈ, ਪਰ ਉਸ ਤੋਂ ਬਾਅਦ ਵਾਲੀ ਨਹੀਂ। ਇਬਨ ਖ਼ਲਦੁਨ ਹੋਰ ਲਿਖਦਾ ਹੈ: 'ਤੀਜੀ ਧਿਰ ਲਾਜ਼ਮੀ ਨਕਲ ਕਰਨ ਦੀ ਹਾਮੀ ਹੋਵੇਗੀ, ਖ਼ਾਸਕਰ ਰਵਾਇਤਾਂ 'ਤੇ ਟੇਕ ਰੱਖਣ ਦੇ ਮਾਮਲੇ ਵਿਚ। ਇਸ ਤਰ੍ਹਾਂ ਇਹ ਮੈਂਬਰ ਦੂਜੀ ਪੀੜ੍ਹੀ ਤੋਂ ਊਣਾ ਹੋਵੇਗਾ ਕਿਉਂਕਿ ਜਿਹੜਾ ਵਿਅਕਤੀ (ਅੰਨ੍ਹੇਵਾਹ) ਵਿਸ਼ਵਾਸ ਕਰਦਾ ਹੈ, ਉਹ ਕਦੇ ਵੀ ਆਜ਼ਾਦ ਢੰਗ ਨਾਲ ਫ਼ੈਸਲੇ ਲੈਣ ਵਾਲੇ ਦੇ ਬਰਾਬਰ ਨਹੀਂ ਹੋ ਸਕਦਾ।' ਅਤੇ ਜਿੱਥੋਂ ਤੱਕ ਚੌਥੀ ਪੀੜ੍ਹੀ ਦਾ ਸਵਾਲ ਹੈ ਤਾਂ 'ਇਹ ਆਪਣੇ ਤੋਂ ਪਹਿਲਿਆਂ ਨਾਲੋਂ ਹਰੇਕ ਪੱਖ ਤੋਂ ਊਣੀ ਹੋਵੇਗੀ। ਇਹ ਮੈਂਬਰ ਉਨ੍ਹਾਂ ਗੁਣਾਂ ਨੂੰ ਗੁਆ ਬਹਿੰਦਾ ਹੈ ਜਿਨ੍ਹਾਂ ਨੇ ਉਨ੍ਹਾਂ ਦੇ ਮਾਣ-ਸਨਮਾਨ ਦੇ ਕਿਲ੍ਹੇ ਨੂੰ ਕਾਇਮ ਰੱਖਿਆ ਸੀ। ਉਸ ਨੂੰ ਜਾਪਦਾ ਹੈ ਕਿ ਇਹ ਕਿਲ੍ਹਾ ਕਿਸੇ ਮਿਹਨਤ ਜਾਂ ਕੋਸ਼ਿਸ਼ ਨਾਲ ਨਹੀਂ ਸੀ ਉੱਸਰਿਆ। ਉਹ ਸੋਚਦਾ ਹੈ ਕਿ ਇਹ ਸਾਰਾ ਕੁਝ ਸ਼ੁਰੂ ਤੋਂ ਹੀ ਮਹਿਜ਼ ਉਨ੍ਹਾਂ ਦੇ (ਉੱਚੇ) ਵੰਸ਼ ਕਾਰਨ ਹੈ ਅਤੇ ਇਹ ਸਮੂਹ (ਦੀਆਂ ਕੋਸ਼ਿਸ਼ਾਂ) ਅਤੇ (ਨਿੱਜੀ) ਗੁਣਾਂ ਦਾ ਸਿੱਟਾ ਨਹੀਂ।''
ਇਬਨ ਖ਼ਲਦੁਨ ਦੀ ਦਲੀਲ ਮੁਤਾਬਿਕ ਤੀਜੀ ਜਾਂ ਚੌਥੀ ਪੁਸ਼ਤ ਦੇ ਸਿਆਸੀ ਹਾਕਮ ਨੂੰ ਸਮੱਸਿਆ ਇਹ ਆਉਂਦੀ ਹੈ ਕਿ 'ਉਹ ਲੋਕਾਂ ਤੋਂ ਖ਼ੁਦ ਨੂੰ ਮਿਲਦਾ ਬਹੁਤ ਮਾਣ-ਸਨਮਾਨ ਦੇਖਦਾ ਹੈ, ਪਰ ਉਹ ਇਹ ਨਹੀਂ ਜਾਣਦਾ ਕਿ ਇਹ ਮਾਣ-ਸਨਮਾਨ ਕਿਵੇਂ ਆ ਰਿਹਾ ਹੈ ਅਤੇ ਇਸ ਦਾ ਕਾਰਨ ਕੀ ਹੈ। ਉਸ ਨੂੰ ਜਾਪਦਾ ਹੈ ਕਿ ਇਹ ਤਾਂ ਬੱਸ ਉਸ ਦੇ ਖ਼ਾਨਦਾਨ ਕਰਕੇ ਹੈ।''
ਇਬਨ ਖ਼ਲਦੁਨ ਦੀ ਦਲੀਲ ਹੈ ਕਿ ਜਦੋਂ ਸਿਆਸੀ ਰਾਜਵੰਸ਼ ਚੌਥੀ ਜਾਂ ਪੰਜਵੀਂ ਪੀੜ੍ਹੀ ਵਿਚ ਜਾਂਦਾ ਹੈ ਤਾਂ ਇਹ ਖ਼ੁਦ ਹੀ ਆਪਣੇ ਖ਼ਾਤਮੇ ਦੀ ਸ਼ੁਰੂਆਤ ਕਰ ਦਿੰਦਾ ਹੈ। ਇਸ ਤਰ੍ਹਾਂ ਉਸ ਦਾ ਮਾਣ-ਸਨਮਾਨ ਚਲਾ ਜਾਂਦਾ ਹੈ ਤੇ ਹਾਲਤ ਇੰਨੀ ਮਾੜੀ ਹੋ ਜਾਂਦੀ ਹੈ ਕਿ ਉਸ ਨੂੰ 'ਨਾਮਦਾਰ' ਕਰਾਰ ਦੇ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਉਹ 'ਸਿਆਸੀ ਲੀਡਰਸ਼ਿਪ ਨੂੰ ਆਪਣੇ ਅਤੇ ਆਪਣੀ ਸਿੱਧੀ ਵੰਸ਼ਾਵਲੀ ਤੋਂ ਲਾਂਭੇ ਕਰ ਦਿੰਦੇ ਹਨ' ਤੇ ਲੀਡਰਸ਼ਿਪ ਕਿਸੇ ਅਜਿਹੇ ਆਗੂ ਜਾਂ ਵੰਸ਼ ਨੂੰ ਸੌਂਪ ਦਿੰਦੇ ਹਨ 'ਜਿਸ (ਨਵੇਂ ਆਗੂ) ਦੇ ਗੁਣਾਂ 'ਤੇ ਉਨ੍ਹਾਂ ਨੂੰ ਤਸੱਲੀ ਹੋਵੇ।'
ਇਬਨ ਖ਼ਲਦੁਨ ਸਾਨੂੰ ਇਹ ਸਮਝਣ ਵਿਚ ਮਦਦ ਕਰਦਾ ਹੈ ਕਿ ਜਗਨ ਤੇ ਨਵੀਨ ਕਿਉਂ ਕਾਮਯਾਬ ਰਹੇ ਤੇ ਰਾਹੁਲ ਕਿਉਂ ਨਾਕਾਮ ਹੋਇਆ। ਉਹ ਦੂਜੀ ਪੀੜ੍ਹੀ ਦੇ ਹਾਕਮ ਹਨ ਜਿਨ੍ਹਾਂ ਖ਼ੁਦ ਆਪਣੇ ਪਿਤਾ ਨੂੰ ਸਿੱਧੇ ਤੌਰ 'ਤੇ ਕੰਮ ਕਰਦੇ ਦੇਖਿਆ ਹੈ। ਇਸੇ ਤਰ੍ਹਾਂ ਇੰਦਰਾ ਗਾਂਧੀ ਵੀ ਜਵਾਹਰ ਲਾਲ ਨਹਿਰੂ ਤੇ ਆਜ਼ਾਦੀ ਸੰਘਰਸ਼ ਨੂੰ ਦੇਖਦੀ ਹੋਈ ਵੱਡੀ ਹੋਈ ਸੀ। ਇਸੇ ਕਾਰਨ ਉਹ ਆਪਣੇ ਪੁੱਤਰ ਜਾਂ ਪੋਤਰੇ ਨਾਲੋਂ ਇੰਨੀ ਜ਼ਿਆਦਾ ਅਸਰਦਾਰ ਸਿਆਸੀ ਆਗੂ ਸੀ ਜਿੰਨੇ ਇਹ ਦੋਵੇਂ ਕਦੇ ਨਹੀਂ ਹੋ ਸਕਦੇ।
ਕਾਂਗਰਸ ਵਿਚਲੇ ਹਰੇਕ ਵਿਅਕਤੀ ਨੂੰ ਇਬਨ ਖ਼ਲਦੁਨ ਦੇ ਇਹ ਅਲਫ਼ਾਜ਼ ਪੜ੍ਹਨੇ ਤੇ ਹਜ਼ਮ ਕਰਨੇ ਚਾਹੀਦੇ ਹਨ। ਸ਼ਾਇਦ ਸਭ ਤੋਂ ਵੱਧ ਸੋਨੀਆ ਗਾਂਧੀ ਨੂੰ। ਮਾਂ ਹੋਣ ਨਾਤੇ ਉਹ ਆਪਣੇ ਪੁੱਤਰ ਦੇ ਇਸ ਲੇਖਕ ਵੱਲੋਂ 'ਨੇਕਦਿਲ ਮਸਤਮੌਲਾ' ਵਜੋਂ ਕੀਤੇ ਮੁਲਾਂਕਣ ਨੂੰ ਸ਼ਾਇਦ ਨਾ ਮੰਨ ਸਕੇ। ਇਸ ਦੇ ਬਾਵਜੂਦ ਜਿੰਨਾ ਮੈਂ ਸਮਝਦਾ ਹਾਂ, ਜੇ ਉਹ ਅਸਲ ਵਿਚ ਉਸ ਤੋਂ ਵੱਧ ਸਿਆਣਾ, ਵੱਧ ਜੋਸ਼ੀਲਾ ਅਤੇ ਸਿਆਸੀ ਤੌਰ 'ਤੇ ਵੱਧ ਹੁਸ਼ਿਆਰ ਹੈ ਤਾਂ ਵੀ ਇਤਿਹਾਸ ਤੇ ਸਮਾਜ ਸ਼ਾਸਤਰ ਉਸ ਦੇ ਖ਼ਿਲਾਫ਼ ਹਨ। ਜੇ ਮੱਧਕਾਲੀ ਤੇ ਜਗੀਰੂ ਅਰਬ ਹੀ ਚੌਥੀ ਜਾਂ ਪੰਜਵੀਂ ਪੀੜ੍ਹੀ ਦੇ ਹਾਕਮ ਨੂੰ ਮਨਜ਼ੂਰ ਕਰਨਾ ਔਖਾ ਮੰਨਦਾ ਹੈ ਤਾਂ ਆਧੁਨਿਕ ਤੇ ਜਮਹੂਰੀ ਭਾਰਤ ਕਿਵੇਂ ਇਸ ਤੋਂ ਵੱਖਰਾ ਹੋ ਸਕਦਾ ਹੈ?
10 June 2019