ਬਹੁਗਿਣਤੀਵਾਦ - ਸਵਰਾਜਬੀਰ

ਅੰਗਰੇਜ਼ੀ ਸ਼ਬਦ majority ਲਈ ਪੰਜਾਬੀ ਵਿਚ ਬਹੁਤ ਸ਼ਬਦ ਹਨ : ਬਹੁਮਤ, ਬਹੁਸੰਮਤੀ, ਬਹੁਗਿਣਤੀ, ਬਹੁਸੰਖਿਆ ਆਦਿ, ਪਰ majoritarianism ਵਾਸਤੇ ਪੰਜਾਬੀ ਦੇ ਸ਼ਬਦ-ਕੋਸ਼ਾਂ ਵਿਚ ਕੋਈ ਸ਼ਬਦ ਨਹੀਂ। ਇਹ ਗ਼ੈਰਹਾਜ਼ਰੀ ਇਸ ਤੱਥ ਦੀ ਗਵਾਹੀ ਭਰਦੀ ਹੈ ਕਿ ਪੰਜਾਬ ਵਿਚ ਇਸ ਧਾਰਨਾ/ਵਿਚਾਰ ਬਾਰੇ ਜ਼ਿਆਦਾ ਚਿੰਤਨ ਨਹੀਂ ਹੋਇਆ। ਹਾਲ ਦੀ ਘੜੀ majoritarianism ਲਈ ਸ਼ਬਦ ਬਹੁਗਿਣਤੀਵਾਦ ਵਰਤਿਆ ਜਾ ਰਿਹਾ ਹੈ।
       ਲੋਕਰਾਜ ਵਿਚ ਰਾਜ ਕਰਨ ਵਾਲੀ ਪਾਰਟੀ ਨੂੰ ਦੇਸ਼ ਦੀ ਲੋਕ ਸਭਾ ਵਿਚ ਬਹੁਸੰਮਤੀ ਚਾਹੀਦੀ ਹੈ ਜਾਂ ਰਾਸ਼ਟਰਪਤੀ ਤਰਜ਼ ਦੀਆਂ ਜਮਹੂਰੀਅਤਾਂ ਵਿਚ ਉਹ ਰਾਸ਼ਟਰਪਤੀ ਬਣਦਾ ਹੈ ਜਿਸ ਨੂੰ ਜ਼ਿਆਦਾ ਵੋਟ ਮਿਲਣ। ਹਰ ਦੇਸ਼ ਵਿਚ ਕੋਈ ਧਾਰਮਿਕ ਫ਼ਿਰਕਾ ਬਹੁਗਿਣਤੀ ਵਿਚ ਹੁੰਦਾ ਹੈ ਤੇ ਬਾਕੀ ਦੇ ਫ਼ਿਰਕੇ ਘੱਟਗਿਣਤੀ ਵਿਚ। ਇਸ ਲਈ ਚੋਣਾਂ ਵਿਚ ਉਸ ਪਾਰਟੀ ਨੂੰ ਬਹੁਸੰਮਤੀ ਮਿਲਦੀ ਹੈ ਜਿਸ ਦੇ ਹੱਕ ਵਿਚ ਬਹੁਗਿਣਤੀ ਵਾਲਾ ਫ਼ਿਰਕਾ ਵੱਡੀ ਗਿਣਤੀ ਵਿਚ ਵੋਟ ਪਾਏ। ਜ਼ਰੂਰੀ ਨਹੀਂ ਕਿ ਕਿਸੇ ਪਾਰਟੀ ਨੂੰ ਮਿਲੀ ਬਹੁਸੰਮਤੀ ਬਹੁਗਿਣਤੀ ਵਾਲੇ ਫ਼ਿਰਕੇ ਦੀਆਂ ਵੋਟਾਂ 'ਤੇ ਹੀ ਨਿਰਭਰ ਹੋਵੇ। ਬਹੁਤ ਵਾਰ ਕਿਸੇ ਪਾਰਟੀ ਨੂੰ ਬਹੁਸੰਮਤੀ ਦਿਵਾਉਣ ਵਿਚ ਬਹੁਗਿਣਤੀ ਫ਼ਿਰਕੇ ਦੇ ਲੋਕਾਂ ਦੇ ਨਾਲ-ਨਾਲ ਘੱਟਗਿਣਤੀ ਫ਼ਿਰਕੇ ਦੇ ਲੋਕਾਂ ਦੀ ਭੂਮਿਕਾ ਵੀ ਹੁੰਦੀ ਹੈ। ਇਸ ਲਈ ਲੋਕਰਾਜ ਵਿਚ ਕਿਸੇ ਪਾਰਟੀ ਦੀ ਬਹੁਸੰਮਤੀ ਹੋਣ ਤੇ ਦੇਸ਼ ਵਿਚ ਬਹੁਗਿਣਤੀਵਾਦ (majoritarianism) ਦੀ ਵਿਚਾਰਧਾਰਾ ਦਾ ਗ਼ਲਬਾ ਹੋਣ ਵਿਚਕਾਰ ਬਹੁਤ ਫ਼ਰਕ ਹੈ।
       ਬਹੁਗਿਣਤੀਵਾਦ ਮੂਲਵਾਦੀ ਤਰਜ਼ ਦੀ ਵਿਚਾਰਧਾਰਾ ਹੈ ਜਿਸ ਦੇ ਅਨੁਸਾਰ ਕਿਸੇ ਦੇਸ਼ ਜਾਂ ਸਮਾਜ ਵਿਚ ਬਹੁਗਿਣਤੀ ਫ਼ਿਰਕੇ ਦੀਆਂ ਭਾਵਨਾਵਾਂ, ਵਿਚਾਰਾਂ, ਰਵਾਇਤਾਂ, ਧਰਮ, ਭਾਸ਼ਾ, ਇਤਿਹਾਸ ਤੇ ਮਿਥਿਹਾਸ ਨੂੰ ਪਹਿਲ ਤੇ ਪ੍ਰਥਾਮਿਕਤਾ ਮਿਲਣੀ ਚਾਹੀਦੀ ਹੈ ਅਤੇ ਘੱਟਗਿਣਤੀਆਂ ਦੇ ਇਤਿਹਾਸ, ਮਿਥਿਹਾਸ ਤੇ ਰਵਾਇਤਾਂ ਨੂੰ ਦੋਇਮ ਸਥਾਨ। ਬਹੁਗਿਣਤੀਵਾਦ ਦੀ ਵਿਚਾਰਧਾਰਾ ਨੂੰ ਵੱਡੇ ਪਾਸਾਰ ਉਦੋਂ ਮਿਲਦੇ ਹਨ ਜਦੋਂ ਕੋਈ ਪਾਰਟੀ ਇਸ ਵਿਚਾਰਧਾਰਾ ਦਾ ਸਹਾਰਾ ਲੈ ਕੇ ਬਹੁਗਿਣਤੀ ਫ਼ਿਰਕੇ ਦੇ ਲੋਕਾਂ ਦੇ ਜਜ਼ਬਾਤਾਂ ਨੂੰ ਉਭਾਰਦਿਆਂ ਹੋਇਆਂ ਤਾਕਤ ਹਾਸਲ ਕਰਦੀ ਹੈ। ਇਹ ਵਰਤਾਰਾ ਬਹੁਤ ਜਟਿਲ ਹੁੰਦਾ ਹੈ। ਕੋਈ ਦੇਸ਼ ਅਚਨਚੇਤ ਬਹੁਗਿਣਤੀਵਾਦ ਦੀ ਵਿਚਾਰਧਾਰਾ ਦੇ ਪੜਾਅ 'ਤੇ ਨਹੀਂ ਪਹੁੰਚ ਜਾਂਦਾ। ਬਹੁਗਿਣਤੀ ਫ਼ਿਰਕੇ ਦੇ ਕੁਝ ਲੋਕ, ਜੋ ਦੂਸਰੇ ਧਰਮਾਂ ਦੇ ਮੰਨਣ ਵਾਲਿਆਂ ਨੂੰ ਬਾਹਰਲੇ, ਓਪਰੇ, ਵੱਖਰੇ ਤੇ ਵਾਧੂ ਸਮਝਦੇ ਹਨ, ਇਸ ਵਿਚਾਰਧਾਰਾ ਦਾ ਪ੍ਰਚਾਰ ਕਰਦੇ ਹਨ। ਹਰ ਦੇਸ਼ ਵਿਚ ਮੁਸ਼ਕਲ ਸਮੇਂ ਆਉਂਦੇ ਹਨ ਜਦ ਆਰਥਿਕ ਅਸਮਾਨਤਾਵਾਂ ਕਾਰਨ ਬੇਰੁਜ਼ਗਾਰੀ ਵਧਦੀ ਹੈ ਅਤੇ ਸਨਅਤੀ ਤੇ ਕਿਸਾਨੀ ਖੇਤਰਾਂ ਵਿਚ ਸੰਕਟ ਪੈਦਾ ਹੁੰਦੇ ਹਨ। ਬਹੁਤੀ ਵਾਰ ਇਨ੍ਹਾਂ ਸਮੱਸਿਆਵਾਂ ਨੂੰ ਉਦਾਰਵਾਦੀ ਵਿਚਾਰਧਾਰਾ ਵਾਲੀਆਂ ਪਾਰਟੀਆਂ ਨਜਿੱਠਣ ਵਿਚ ਕਾਮਯਾਬ ਹੁੰਦੀਆਂ ਹਨ ਪਰ ਕਈ ਵਾਰ ਬਹੁਗਿਣਤੀਵਾਦ ਦੀ ਵਿਚਾਰਧਾਰਾ ਰੱਖਣ ਵਾਲੀਆਂ ਪਾਰਟੀਆਂ ਲੋਕਾਂ ਨੂੰ ਇਹ ਯਕੀਨ ਦਿਵਾਉਣ ਵਿਚ ਸਫ਼ਲ ਹੋ ਜਾਂਦੀਆਂ ਹਨ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਕਾਰਨ ਘੱਟਗਿਣਤੀ ਫ਼ਿਰਕਿਆਂ ਵਾਲੇ ਲੋਕ ਹਨ, ਉਹ (ਘੱਟਗਿਣਤੀ ਫ਼ਿਰਕੇ ਵਾਲੇ ਲੋਕ) ਦੇਸ਼ 'ਤੇ ਹਾਵੀ ਹੋਣਾ ਚਾਹੁੰਦੇ ਹਨ ਤੇ ਇਸ ਵਾਸਤੇ ਉਹ ਦੁਸ਼ਮਣ ਦੇਸ਼ਾਂ ਨਾਲ ਸਾਜ-ਬਾਜ ਕਰ ਰਹੇ ਹਨ। ਦੇਸ਼ ਦੀ ਅਖੰਡਤਾ ਦੀ ਰਾਖੀ ਸਿਰਫ਼ ਬਹੁਗਿਣਤੀਵਾਦ ਵਾਲੀ ਵਿਚਾਰਧਾਰਾ ਵਾਲੀ ਪਾਰਟੀ ਹੀ ਕਰ ਸਕਦੀ ਹੈ ਕਿਉਂਕਿ ਉਹੀ ਅਸਲੀ ਦੇਸ਼ ਭਗਤ ਹੈ ਅਤੇ ਪੁਰਾਤਨ ਧਰਮ ਤੇ ਮਰਿਆਦਾ ਦੀ ਰਖਵਾਲੀ ਵੀ। ਬੇਰੁਜ਼ਗਾਰੀ, ਭੁੱਖਮਰੀ ਅਤੇ ਹੋਰ ਸਮੱਸਿਆਵਾਂ ਨਾਲ ਦਰੜੇ ਹੋਏ ਲੋਕ ਸੁੱਤੇ-ਸਿਧ ਇਹੋ ਜਿਹੀ ਵਿਚਾਰਧਾਰਾ ਦਾ ਸ਼ਿਕਾਰ ਹੋ ਜਾਂਦੇ ਹਨ। ਕੁਝ ਇਸ ਤਰ੍ਹਾਂ ਦਾ ਵਰਤਾਰਾ ਹੀ ਸਾਡੇ ਦੇਸ਼ ਵਿਚ ਵਾਪਰ ਰਿਹਾ ਹੈ।
       ਇੱਥੇ ਇਹ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ਕਿ ਜੇ ਬਹੁਗਿਣਤੀਵਾਦ ਦੇਸ਼ ਦੇ ਬਹੁਗਿਣਤੀ ਵਾਲੇ ਫ਼ਿਰਕੇ ਦੇ ਲੋਕਾਂ ਨੂੰ ਪਸੰਦ ਹੈ ਅਤੇ ਇਸ ਨੂੰ ਜਮਹੂਰੀ ਢੰਗ ਨਾਲ ਅਗਾਂਹ ਵਧਾਇਆ ਜਾ ਰਿਹਾ ਹੈ ਤਾਂ ਇਸ ਵਿਚ ਪ੍ਰੇਸ਼ਾਨੀ ਕੀ ਹੈ? ਇਤਿਹਾਸਕ ਤਜਰਬੇ ਅਨੁਸਾਰ ਬਹੁਗਿਣਤੀਵਾਦ ਕਾਰਨ ਦੇਸ਼ ਦਾ ਸਮਾਜਿਕ ਤਵਾਜ਼ਨ ਡੋਲਦਾ ਹੈ। ਘੱਟਗਿਣਤੀ ਫ਼ਿਰਕਿਆਂ ਦੇ ਲੋਕਾਂ ਵਿਚ ਬੇਗ਼ਾਨਗੀ ਦੀ ਭਾਵਨਾ ਵਧਦੀ ਹੈ। ਮੁੱਖ ਮੁੱਦੇ ਸਿਆਸੀ ਏਜੰਡੇ ਦੇ ਹਾਸ਼ੀਏ 'ਤੇ ਧੱਕ ਦਿੱਤੇ ਜਾਂਦੇ ਹਨ। ਫ਼ਿਰਕੂ ਪਾੜਾ ਵਧਣ ਨਾਲ ਵੱਖ-ਵੱਖ ਤਰ੍ਹਾਂ ਦੇ ਸਮਾਜਿਕ ਵਿਗਾੜ ਪੈਦਾ ਹੁੰਦੇ ਹਨ। ਬਹੁਗਿਣਤੀਵਾਦ ਦਾ ਝੰਡਾ ਬੁਲੰਦ ਕਰ ਰਹੀ ਪਾਰਟੀ ਦੀ ਹਮਾਇਤ ਕਰਨ ਵਾਲੇ ਸਰਮਾਏਦਾਰ ਘਰਾਣੇ ਲੋਕਾਂ ਨੂੰ ਲੁੱਟਦੇ ਹਨ। ਇਸ ਤਰ੍ਹਾਂ ਬਹੁਗਿਣਤੀਵਾਦ ਗ਼ਾਲਬ ਜਮਾਤਾਂ, ਜਾਤਾਂ ਤੇ ਸਰਮਾਏਦਾਰੀ ਦੀ ਸਾਂਝ ਦਾ ਵਸੀਲਾ ਬਣਦਾ ਹੈ ਅਤੇ ਇਸ ਸਰਦਾਰੀ ਨੂੰ ਵਧਾਉਣਾ ਲੋਚਦਾ ਹੈ।
      ਬਹੁਗਿਣਤੀਵਾਦ ਇਕ ਜਨੂਨ ਹੈ। ਇਸ ਵਿਚ ਵਿਸ਼ਵਾਸ ਕਰਨ ਵਾਲਾ ਆਦਮੀ ਆਪਣੇ ਆਪ ਨੂੰ ਦੇਸ਼ ਭਗਤ, ਮਰਿਆਦਾ-ਪਾਲਕ, ਧਾਰਮਿਕ ਤੇ ਪੁਰਾਤਨ ਵਿਰਸੇ ਦਾ ਉਪਾਸ਼ਕ ਸਮਝਦਾ ਹੈ। ਉਹ ਆਪਣੀਆਂ ਬੁਨਿਆਦੀ ਜ਼ਰੂਰਤਾਂ ਦੀ ਕੁਰਬਾਨੀ ਦੇ ਕੇ ਵੀ ਬਹੁਗਿਣਤੀਵਾਦ ਵਾਲੀ ਪਾਰਟੀ ਦਾ ਹਾਮੀ ਬਣਿਆ ਰਹਿੰਦਾ ਹੈ। ਬੇਰੁਜ਼ਗਾਰੀ ਤੇ ਭੁੱਖਮਰੀ ਤੋਂ ਪੈਦਾ ਹੋਇਆ ਰੋਹ ਤੇ ਗੁੱਸਾ ਘੱਟਗਿਣਤੀ ਫ਼ਿਰਕਿਆਂ ਵਿਰੁੱਧ ਘਿਰਣਾ ਤੇ ਹਿੰਸਾ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ।
       ਬਹੁਗਿਣਤੀਵਾਦ ਹਿੰਸਕ ਤੇ ਜ਼ੋਰ-ਜਬਰ ਕਰਨ ਵਾਲੇ ਤੌਰ-ਤਰੀਕੇ ਨਾਲ ਨਹੀਂ ਸਗੋਂ ਬਹੁਤ ਸੂਖ਼ਮ ਤਰੀਕਿਆਂ ਰਾਹੀਂ ਪ੍ਰਵਾਨ ਚੜ੍ਹਦਾ ਹੈ। ਇਹ ਪ੍ਰਚਾਰ ਸੱਭਿਆਚਾਰਕ ਤੇ ਧਾਰਮਿਕ ਸੰਸਥਾਵਾਂ, ਵਿੱਦਿਅਕ ਅਦਾਰਿਆਂ, ਮੀਡੀਆ ਦੇ ਵੱਖ-ਵੱਖ ਮਾਧਿਅਮਾਂ, ਸੋਸ਼ਲ ਮੀਡੀਆ, ਸਾਹਿਤ, ਕਲਾ ਆਦਿ ਰਾਹੀਂ ਕੀਤਾ ਜਾਂਦਾ ਹੈ। ਇਸ ਪ੍ਰਚਾਰ ਨਾਲ ਬਹੁਗਿਣਤੀ ਫ਼ਿਰਕੇ ਦੇ ਲੋਕਾਂ ਲਈ ਇਕ ਖ਼ਾਸ ਤਰ੍ਹਾਂ ਦਾ ਲੋਕ-ਲੁਭਾਊ ਬਿਰਤਾਂਤ ਸਿਰਜ ਕੇ ਉਨ੍ਹਾਂ ਨੂੰ ਯਕੀਨ ਦਿਵਾਇਆ ਜਾਂਦਾ ਹੈ ਕਿ ਉਹ ਦੂਸਰੇ ਲੋਕਾਂ ਤੋਂ ਉੱਤਮ ਤੇ ਜ਼ਿਆਦਾ ਸੱਭਿਆ ਹਨ। ਦੂਸਰੇ ਲੋਕਾਂ ਕਾਰਨ ਉਨ੍ਹਾਂ ਦੀ ਸੱਭਿਅਤਾ, ਧਰਮ ਤੇ ਪਰੰਪਰਾ ਖ਼ਤਰੇ ਵਿਚ ਹਨ। ਇਤਿਹਾਸ ਤੇ ਮਿਥਿਹਾਸ ਦੀ ਨਵੇਂ ਤਰੀਕੇ ਨਾਲ ਵਿਆਖਿਆ ਕਰਕੇ ਬਹੁਗਿਣਤੀ ਫ਼ਿਰਕੇ ਨਾਲ ਸਬੰਧਤ ਰਾਜਿਆਂ, ਰਜਵਾੜਿਆਂ, ਯੋਧਿਆਂ ਤੇ ਬਾਗ਼ੀਆਂ ਨੂੰ ਤਾਂ ਦੇਸ਼ ਭਗਤੀ ਦੀ ਰੰਗਤ ਵਿਚ ਰੰਗਿਆ ਜਾਂਦਾ ਹੈ ਪਰ ਘੱਟਗਿਣਤੀ ਫ਼ਿਰਕੇ ਨਾਲ ਸਬੰਧਤ ਅਜਿਹੇ ਲੋਕਾਂ ਨੂੰ ਜ਼ੁਲਮ ਕਰਨ ਵਾਲੇ ਤੇ ਦੇਸ਼-ਧ੍ਰੋਹੀ ਗਰਦਾਨਿਆ ਜਾਂਦਾ ਹੈ। ਭਾਸ਼ਾ ਬਹੁਗਿਣਤੀਵਾਦ ਦੀ ਵਿਚਾਰਧਾਰਾ ਨੂੰ ਵਿਸਥਾਰ ਦੇਣ ਵਿਚ ਕੇਂਦਰੀ ਧੁਰੇ ਵਜੋਂ ਕੰਮ ਕਰਦੀ ਹੈ। ਬਹੁਗਿਣਤੀ ਫ਼ਿਰਕੇ ਵਾਲੇ ਲੋਕ ਜਿਹੜੀ ਭਾਸ਼ਾ ਜ਼ਿਆਦਾ ਬੋਲਦੇ ਹਨ, ਉਸ ਨੂੰ ਵਡਿਆ ਕੇ ਰਾਸ਼ਟਰੀ ਭਾਸ਼ਾ ਵਜੋਂ ਪੇਸ਼ ਕੀਤਾ ਜਾਂਦਾ ਹੈ ਤੇ ਦੂਸਰੀਆਂ ਭਾਸ਼ਾਵਾਂ ਨੂੰ ਸਿੱਧੇ-ਅਸਿੱਧੇ ਢੰਗ ਨਾਲ ਛੁਟਿਆਇਆ ਜਾਂਦਾ ਹੈ। ਇਸ ਦਾ ਅੰਤਿਮ ਨਿਸ਼ਾਨਾ ਆਪਣੇ ਆਪ ਨੂੰ ਰਾਸ਼ਟਰਵਾਦ ਵਜੋਂ ਪੇਸ਼ ਕਰਨਾ ਹੁੰਦਾ ਹੈ। ਇਸ ਤਰ੍ਹਾਂ ਬਹੁਗਿਣਤੀਵਾਦ ਦੀ ਪ੍ਰੋੜ੍ਹਤਾ ਕਰ ਰਹੀ ਪਾਰਟੀ ਨੂੰ ਦੇਸ਼ ਦੀ ਕੌਮੀ ਜਾਂ ਰਾਸ਼ਟਰੀ ਪਾਰਟੀ ਵਜੋਂ ਨਿਵਾਜਿਆ ਜਾਂਦਾ ਹੈ ਤੇ ਦੂਸਰੀਆਂ ਪਾਰਟੀਆਂ ਨੂੰ ਸੌੜੇ ਹਿੱਤਾਂ ਵਾਲੀਆਂ ਜਥੇਬੰਦੀਆਂ ਜਾਂ ਖੇਤਰੀਆਂ ਪਾਰਟੀਆਂ ਵਜੋਂ। ਕਈ ਵਾਰ ਦੂਸਰੀਆਂ ਪਾਰਟੀਆਂ 'ਤੇ ਦੇਸ਼ ਦੇ ਹਿੱਤਾਂ ਦੇ ਵਿਰੋਧੀ ਹੋਣ ਦੇ ਦੋਸ਼ ਵੀ ਲਾਏ ਜਾਂਦੇ ਹਨ। ਬਹੁਗਿਣਤੀਵਾਦ ਬਹੁਗਿਣਤੀ ਫ਼ਿਰਕੇ ਦਾ ਲੋਕ-ਧਰਮ ਬਣਨ ਦੀ ਲੋਚਾ ਰੱਖਦਾ ਹੈ।
      ਬਹੁਗਿਣਤੀਵਾਦ ਦੇ ਓਹਲੇ ਕਈ ਕੁਝ ਪਨਪਦਾ ਹੈ, ਇਹ ਮਰਦ-ਪ੍ਰਧਾਨ ਸੋਚ ਸਮਾਜ ਦਾ ਹਮਾਇਤੀ ਹੈ, ਇਸ ਦੇ ਅਨੁਸਾਰ ਔਰਤਾਂ ਨੂੰ ਇਕ ਖ਼ਾਸ ਤਰ੍ਹਾਂ ਦਾ ਲਿਬਾਸ ਪਾਉਣਾ ਚਾਹੀਦਾ ਹੈ ਤੇ ਉਸ ਮਰਿਆਦਾ ਦੀ ਪਾਲਣਾ ਕਰਨੀ ਚਾਹੀਦੀ ਹੈ ਜਿਹੜੀ ਉਹਦੇ ਵਾਸਤੇ ਮਰਦਾਂ ਨੇ ਬਣਾਈ ਹੈ। ਬਹੁਗਿਣਤੀ ਫ਼ਿਰਕੇ ਦੇ ਲੋਕਾਂ ਨੂੰ ਇਕ ਖ਼ਾਸ ਤਰ੍ਹਾਂ ਦੀ ਮਰਦਾਨਗੀ ਦਿਖਾਉਣ ਲਈ ਉਤਸ਼ਾਹਿਤ ਵੀ ਕੀਤਾ ਜਾਂਦਾ ਹੈ।
       ਬਹੁਗਿਣਤੀਵਾਦ ਦੇ ਅਣਲਿਖੇ ਅਸੂਲਾਂ ਅਨੁਸਾਰ ਜੇ ਤੁਸੀਂ ਉਹ ਕਰਦੇ, ਕਹਿੰਦੇ ਤੇ ਲਿਖਦੇ ਹੋ ਜੋ ਬਹੁਗਿਣਤੀ ਦੇ ਲੋਕ-ਮਨ ਨੂੰ ਪ੍ਰਵਾਨ ਹੈ, ਤਾਂ ਸਭ ਕੁਝ ਠੀਕ ਠਾਕ ਹੈ, ਤੁਸੀਂ ਥੋੜ੍ਹੀ ਬਹੁਤ ਖੁੱਲ੍ਹ ਲੈ ਸਕਦੇ ਹੋ। ਪਰ ਜਦੋਂ ਕੋਈ ਸ਼ਖ਼ਸ ਬਹੁਗਿਣਤੀਵਾਦ ਦੇ ਪ੍ਰਵਾਨਿਤ ਮਾਪਦੰਡਾਂ ਤੋਂ ਬਾਹਰ ਪੈਰ ਰੱਖਦਾ ਹੈ ਤਾਂ ਉਸ ਨਾਲ ਕੁਝ ਵੀ ਵਾਪਰ ਸਕਦਾ ਹੈ। ਉਸ ਨੂੰ ਦੇਸ਼-ਧ੍ਰੋਹੀ ਗਰਦਾਨਿਆ ਜਾ ਸਕਦਾ ਹੈ, ਸ਼ਹਿਰੀ ਨਕਸਲਾਈਟ, ਦੇਸ਼ ਦੇ ਟੋਟੇ-ਟੋਟੇ ਕਰਨ ਵਾਲਾ, ਮਰਿਆਦਾ ਦਾ ਉਲੰਘਣ ਕਰਨ ਵਾਲਾ ਜਾਂ ਕੁਝ ਹੋਰ ਕਿਹਾ ਜਾ ਸਕਦਾ ਹੈ, ਉਸ 'ਤੇ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ, ਉਹ ਹਜੂਮੀ ਹਿੰਸਾ ਦਾ ਸ਼ਿਕਾਰ ਹੋ ਸਕਦਾ ਹੈ, ਸਮਾਜ, ਬਹੁਗਿਣਤੀਵਾਦ ਦੀ ਵਿਚਾਰਧਾਰਾ ਵਿਚ ਫਸਿਆ ਹੋਣ ਕਾਰਨ ਉਸ 'ਤੇ ਹੋਣ ਵਾਲੇ ਹਮਲਿਆਂ ਬਾਰੇ ਚੁੱਪ ਰਹੇਗਾ, ਕਈ ਵਾਰ ਇਹੋ ਜਿਹੇ ਹਮਲਿਆਂ ਦੀ ਹਮਾਇਤ ਵੀ ਕੀਤੀ ਜਾਂਦੀ ਹੈ।
      ਕੀ ਬਹੁਗਿਣਤੀਵਾਦ ਇਕ ਹਮੇਸ਼ਾਂ ਕਾਇਮ ਰਹਿਣ ਵਾਲੀ ਵਿਚਾਰਧਾਰਾ ਹੈ? ਕੀ ਇਸ ਵਿਰੁੱਧ ਲੜਿਆ ਨਹੀਂ ਜਾ ਸਕਦਾ? ਇੱਥੇ ਇਹ ਸਮਝਣ ਦੀ ਜ਼ਰੂਰਤ ਹੈ ਕਿ ਬਹੁਗਿਣਤੀ ਵਾਲੇ ਫ਼ਿਰਕੇ ਦੀ ਬਣਤਰ ਕਦੀ ਵੀ ਇਕਸਾਰ ਨਹੀਂ ਹੁੰਦੀ। ਉਸ ਵਿਚ ਵੱਖ-ਵੱਖ ਵਰਗਾਂ, ਜਮਾਤਾਂ, ਜਾਤਾਂ ਤੇ ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਲੋਕ ਸ਼ਾਮਲ ਹੁੰਦੇ ਹਨ। ਬਹੁਤੀ ਵਾਰ ਬਹੁਗਿਣਤੀ ਫ਼ਿਰਕੇ ਦੀ ਵੱਡੀ ਤਾਦਾਦ ਦੂਸਰੇ ਫ਼ਿਰਕਿਆਂ ਨਾਲ ਏਕਤਾ ਤੇ ਸਮਤਾ ਬਣਾਈ ਰੱਖਣਾ ਚਾਹੁੰਦੀ ਹੈ। ਇਹ ਇਤਿਹਾਸ ਦੇ ਕੁਝ ਦੌਰਾਂ ਵਿਚ ਹੀ ਹੁੰਦਾ ਹੈ ਜਦ ਬਹੁਗਿਣਤੀ ਫ਼ਿਰਕਾ ਬਹੁਗਿਣਤੀਵਾਦ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਉਹ ਲੋਕ, ਪਾਰਟੀਆਂ ਤੇ ਸੰਸਥਾਵਾਂ, ਜਿਹੜੇ ਇਸ ਵਿਚਾਰਧਾਰਾ ਦਾ ਜਾਲ ਬੁਣਦੇ ਹਨ, ਇਸ ਦਾ ਫ਼ਾਇਦਾ ਉਠਾਉਂਦੇ ਹਨ। ਇਸ ਲਈ ਬਹੁਗਿਣਤੀਵਾਦ ਦੇ ਵਿਰੁੱਧ ਲੜਾਈ ਸਿਰਫ਼ ਘੱਟਗਿਣਤੀ ਫ਼ਿਰਕੇ ਵਾਲੇ ਲੋਕਾਂ ਦੇ ਗੱਠਜੋੜ ਨਾਲ ਨਹੀਂ ਲੜੀ ਜਾ ਸਕਦੀ। ਇਸ ਵਿਚ ਬਹੁਗਿਣਤੀ ਫ਼ਿਰਕਿਆਂ ਨਾਲ ਸਬੰਧਿਤ ਲੋਕਾਂ ਦਾ ਸ਼ਾਮਲ ਹੋਣਾ ਬਹੁਤ ਜ਼ਰੂਰੀ ਹੈ। ਇਹ ਦਲੀਲ ਸਾਡੇ ਦੇਸ਼ ਦੀ ਵਰਤਮਾਨ ਸਥਿਤੀ 'ਤੇ ਵੀ ਢੁੱਕਦੀ ਹੈ। ਬਹੁਗਿਣਤੀਵਾਦ ਵਿਰੁੱਧ ਯੁੱਧ ਵਿਚ ਵੱਡਾ ਹਿੱਸਾ ਬਹੁਗਿਣਤੀ ਨਾਲ ਸਬੰਧਤ ਫ਼ਿਰਕੇ ਦੇ ਲੋਕਾਂ ਨੇ ਹੀ ਪਾਉਣਾ ਹੈ। ਇਸ ਸਥਿਤੀ ਨੂੰ ਸਮਝਣ ਵਾਲੇ ਚਿੰਤਕਾਂ, ਆਗੂਆਂ ਤੇ ਪਾਰਟੀਆਂ ਨੂੰ ਬਹੁਗਿਣਤੀ ਫ਼ਿਰਕੇ ਦੇ ਲੋਕਾਂ ਦਾ ਮਨ ਜਿੱਤਣ ਦੀ ਜ਼ਰੂਰਤ ਹੈ, ਉਨ੍ਹਾਂ ਨੂੰ ਇਹ ਦੱਸਣ ਦੀ ਲੋੜ ਹੈ ਕਿ ਬਹੁਗਿਣਤੀਵਾਦ ਨਾਲ ਦੇਸ਼ ਦੇ ਲੋਕਾਂ ਦਾ ਭਲਾ ਨਹੀਂ ਹੁੰਦਾ। ਇਹ ਵਿਚਾਰਧਾਰਾ (ਬਹੁਗਿਣਤੀਵਾਦ) ਲੋਕਾਂ ਦਾ ਧਿਆਨ ਉਨ੍ਹਾਂ ਦੇ ਅਸਲੀ ਮੁੱਦਿਆਂ ਤੋਂ ਪਰ੍ਹੇ ਹਟਾਉਣ ਲਈ ਵਰਤਿਆ ਜਾਣ ਵਾਲਾ ਸੰਦ ਹੈ, ਇਸ ਨੂੰ ਉਹ ਤਾਕਤਾਂ ਵਰਤ ਰਹੀਆਂ ਹਨ ਜੋ ਦੇਸ਼ ਨੂੰ ਪਿੱਛੇ ਖੜ੍ਹਨਾ ਚਾਹੁੰਦੀਆਂ ਹਨ।
   ਪ੍ਰਤੱਖ ਹੈ ਕਿ ਬਹੁਗਿਣਤੀਵਾਦ ਵਿਰੁੱਧ ਲੜਾਈ ਲੜਨ ਲਈ ਲੋਕਾਂ ਦੇ ਵਿਸ਼ਾਲ ਜਮਹੂਰੀ ਏਕੇ ਦੀ ਜ਼ਰੂਰਤ ਹੈ।