ਦਿੱਲੀ ਦੀ ਘਟਨਾ ਨਵੀਂ ਸਰਕਾਰ ਦੇ ਨਵੇਂ ਰਾਸ਼ਟਰਵਾਦ ਦਾ ਸਿੱਖ ਜਗਤ ਨੂੰ ਪਹਿਲਾ ਤੋਹਫ਼ਾ - ਉਜਾਗਰ ਸਿੰਘ

   ਕੇਂਦਰ ਸਰਕਾਰ ਦੀ ਨਵੀਂ ਸਰਕਾਰ ਦੇ ਨਵੇਂ ਰਾਸ਼ਟਰਵਾਦ ਦਾ ਦਿੱਲੀ ਦੀ ਘਟਨਾ ਸਿੱਖ ਜਗਤ ਨੂੰ ਪਹਿਲਾ ਤੋਹਫ਼ਾ ਹੈ। ਦੇਸ਼ ਨੂੰ ਅਜ਼ਾਦ ਹੋਇਆਂ ਭਾਵੇਂ 70 ਸਾਲ ਹੋ ਗਏ ਹਨ ਪ੍ਰੰਤੂ ਰਾਸ਼ਟਰਵਾਦ ਦੀ ਨਵੀਂ ਪਰੀਭਾਸ਼ਾ ਵਾਲੀ ਸ੍ਰੀ ਨਰਿੰਦਰ ਮੋਦੀ ਦੀ ਦੂਜੀ ਪਾਰੀ ਦੀ ਪਹਿਲੀ ਵਾਰੀ ਸਰਕਾਰ ਬਣੀ ਹੈ। ਸਰਕਾਰ ਬਣਦਿਆਂ ਹੀ ਘੱਟ ਗਿਣਤੀਆਂ ਲਈ ਖ਼ਤਰੇ ਦੀ ਘੰਟੀ ਵੱਜ ਗਈ ਹੈ। ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਕੇਂਦਰੀ ਸਰਕਾਰ ਨੇ ਤਾਂ ਭਾਵੇਂ ਸਹੁੰ ਚੁੱਕ ਲਈ ਸੀ ਪ੍ਰੰਤੂ ਅਜੇ ਲੋਕ ਸਭਾ ਦੇ ਮੈਂਬਰਾਂ ਨੇ ਸਹੁੰ ਚੁੱਕਣੀ ਸੀ, ਪਹਿਲਾਂ ਹੀ 16 ਜੂਨ 2019 ਐਤਵਾਰ ਨੂੰ ਆਪਣੀ ਸਰਕਾਰ ਦਾ ਅਗਲੇ 5 ਸਾਲਾਂ ਦੀ ਕਾਰਗੁਜ਼ਾਰੀ ਦਾ ਟਰੇਲਰ ਦਿੱਲੀ ਦੀਆਂ ਸੜਕਾਂ ਤੇ ਦਿਨ ਦਿਹਾੜੇ ਵਿਖਾ ਦਿੱਤਾ। ਸ਼ਪੱਸਟ ਹੈ ਨਵੇਂ ਰਾਸ਼ਟਰਵਾਦ ਦੀ ਪਰਿਭਾਸ਼ਾ ਵਾਲੀ ਸਰਕਾਰ ਨੇ ਆਪਣੇ ਤੇਵਰ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ। ਘੱਟ ਗਿਣਤੀਆਂ ਖਾਸ ਤੌਰ ਤੇ ਸਿੱਖ ਜਗਤ ਨੂੰ ਇਹ ਘਟਨਾ ਇੱਕ ਚੇਤਾਵਨੀ ਦੇ ਰੂਪ ਵਿਚ ਸਮਝਣੀ ਚਾਹੀਦੀ ਹੈ। ਅਜੇ ਤਾਂ ਸਰਕਾਰ ਬਣੀ ਹੀ ਹੈ, ਪੂਰੇ 5 ਸਾਲ ਪਤਾ ਨਹੀਂ ਕੀ ਕਰਨਗੇ? ਜਦੋਂ ਸ੍ਰੀ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਥੋਂ ਦੇ ਜ਼ਿਮੀਦਾਰਾਂ  ਦੀਆਂ ਜ਼ਮੀਨਾਂ ਦੇ ਪਟੇ ਕੈਂਸਲ ਕਰਨ ਦਾ ਮਸਲਾ ਖੜ੍ਹਾ ਕਰ ਦਿੱਤਾ ਸੀ। ਇਹ ਜ਼ਮੀਨਾ ਮਰਹੂਮ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸ਼ਤਰੀ ਦੀ ਇੱਛਾ ਅਨੁਸਾਰ ਗੁਜਰਾਤ ਦੇ ਜੰਗਲਾਂ ਨੂੰ ਵਾਹੀ ਯੋਗ ਬਣਾਉਣ ਲਈ ਪਟੇ ਤੇ ਦਿੱਤੀਆਂ ਸਨ। ਜਦੋਂ ਸਿੱਖਾਂ ਨੇ ਸਮਖ਼ਤ ਮਿਹਨਤ ਨਾਲ ਇਹ ਜ਼ਮੀਨਾ ਜੰਗਲ ਕੱਟਕੇ ਪੱਧਰੀਆਂ ਕਰਕੇ ਉਪਜਾਊ ਬਣਾ ਲਈਆਂ ਤਾਂ 54 ਸਾਲ ਬਾਅਦ ਇਨ੍ਹਾਂ ਦੇ ਪਟੇ ਕੈਂਸਲ ਕਰਨ ਦਾ ਹੁਕਮ ਵੀ ਨਰਿੰਦਰ ਮੋਦੀ ਦੀ ਗੁਜਰਾਤ ਸਰਕਾਰ ਨੇ ਕੀਤਾ ਸੀ। ਜਿਸ ਸੰਬੰਧੀ ਸਿੱਖ ਕਾਸ਼ਤਕਾਰਾਂ ਨੂੰ ਹਾਈ ਕੋਰਟ ਦਾ ਦਰਵਾਜਾ ਖਟਕਾ ਕੇ ਇਨਸਾਫ਼ ਲੈਣਾ ਪਿਆ ਸੀ। ਗੁਜਰਾਤ ਸਰਕਾਰ ਨੇ ਹਾਈ ਕੋਰਟ ਦੇ ਫ਼ੈਸਲੇ ਵਿਰੁਧ ਸੁਪਰੀਮ ਕੋਰਟ ਵਿਚ ਕੇਸ ਕਰਕੇ ਘੱਟ ਗਿਣਤੀਆਂ ਨਾਲ ਹਮਦਰਦੀ ਦਾ ਆਪਣਾ ਨਕਾਬ ਲਾਹ ਦਿੱਤਾ। ਭਾਵੇਂ ਉਦੋਂ ਦੇ ਪੰਜਾਬ ਦੇ ਮੁੱਖ ਮੰਤਰੀ ਸਿਆਸਤ ਦੇ ਬਾਬਾ ਬੋਹੜ ਕਹਾਉਣ ਵਾਲੇ ਪਰਕਾਸ਼ ਸਿੰਘ ਬਾਦਲ ਨੇ ਦਖ਼ਲ ਦੇਣ ਦਾ ਵਾਅਦਾ ਕੀਤਾ ਸੀ ਪ੍ਰੰਤੂ ਆਪਣੀ ਨੂੰਹ ਨੂੰ ਕੇਂਦਰ ਵਿਚ ਮੰਤਰੀ ਬਣਾਕੇ ਰੱਖਣ ਦੀ ਲਾਲਸਾ ਨੇ ਗੁਜਰਾਤੀ ਸਿੱਖ ਕਿਸਾਨਾ ਦੀ ਬਲੀ ਦੇ ਦਿੱਤੀ, ਪੰਚਾਇਤ ਦਾ ਕਹਿਣਾ ਸਿਰ ਮੱਥੇ ਪਰਨਾਲਾ ਉਥੇ ਦਾ ਉਥੇ। ਕੇਂਦਰ ਦੀ ਨਵੀਂ ਰਾਸ਼ਟਰਵਾਦ ਦੀ ਪਰਿਭਾਸ਼ਾ ਵਾਲੀ ਸਰਕਾਰ ਵਿਚ ਸ਼ਰੋਮਣੀ ਅਕਾਲੀ ਦਲ ਬਾਦਲ ਭਾਈਵਾਲ ਹੈ, ਜੋ ਆਪਣੇ ਆਪ ਨੂੰ ਕਿਸਾਨਾ ਦੀ ਨੁਮਾਇੰਦਾ ਪਾਰਟੀ ਕਹਾਉਂਦੀ ਹੈ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੇ ਪ੍ਰਧਾਨ, ਦਿੱਲੀ ਵਿਚ ਭਾਰਤੀ ਜਨਤਾ ਪਾਰਟੀ ਦੇ ਟਿਕਟ ਤੇ ਵਿਧਾਨਕਾਰ ਬਣੇ ਮਨਜਿੰਦਰ ਸਿੰਘ ਸਿਰਸਾ ਮਗਰ ਮੱਛ ਦੇ ਹੰਝੂ ਵਹਾ ਰਹੇ ਹਨ। ਜੇ ਐਨਾ ਹੀ ਦਰਦ ਹੈ ਤਾਂ ਵਿਧਾਨਕਾਰ ਤੋਂ ਅਸਤੀਫ਼ਾ ਦੇ ਦੇਣ। ਸਿੱਖਾਂ ਲਈ ਇਸ ਤੋਂ ਵੱਡੀ ਨਿਰਾਸ਼ਾ ਵਾਲੀ ਹੋਰ ਕੀ ਗੱਲ ਹੋ ਸਕਦੀ ਹੈ? ਅਕਾਲੀ ਦਲ ਜੇ ਸਿੱਖ ਹਿੱਤਾਂ ਦੀ ਰਾਖੀ ਕਰਨ ਦਾ ਦਾਅਵਾ ਕਰਦਾ ਹੈ ਤਾਂ ਉਨ੍ਹਾਂ ਨੂੰ ਇਸ ਸਰਕਾਰ ਵਿਚੋਂ ਬਾਹਰ ਆ ਜਾਣਾ ਚਾਹੀਦਾ ਹੈ। ਦਿੱਲੀ ਦੀ ਘਟਨਾ ਕੀ ਹੈ? ਪੁਲਿਸ ਕਹਿੰਦੀ ਹੈ ਕਿ ਸਰਬਜੀਤ ਸਿੰਘ ਦਾ ਟੈਂਪੂ ਪੁਲਿਸ ਦੀ ਗੱਡੀ ਨਾਲ ਟਕਰਾ ਗਿਆ, ਜਿਸ ਕਰਕੇ ਝਗੜਾ ਹੋਇਆ। ਇਸ ਘਟਨਾ ਤੋਂ ਪ੍ਰਭਾਵਤ ਟੈਂਪੂ ਚਾਲਕ ਸਰਬਜੀਤ ਸਿੰਘ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਦੀ ਪੁਲਿਸ ਦੇ ਇੱਕ ਮੁਲਾਜ਼ਮ ਏ.ਐਸ.ਆਈ.ਸੰਜੇ ਮਲਿਕ ਨੇ ਉਨ੍ਹਾਂ ਨੂੰ ਬੁਰਾ ਭਲਾ ਕਿਹਾ ਜਦੋਂ ਉਹ ਪੁਲਿਸ ਸਟੇਸ਼ਨ ਤੋਂ ਇਕ ਕਿਲੋਮੀਟਰ ਦੂਰ ਸਵਾਰੀਆਂ ਦੀ ਉਡੀਕ ਕਰ ਰਹੇ ਸਨ। ਉਹ ਮੁਲਾਜ਼ਮ ਉਥੋਂ ਆਉਂਦਾ ਇਹ ਕਹਿਕੇ ਆਇਆ ਕਿ ਅੱਗੇ ਆਓ ਤੁਹਾਨੂੰ ਵੇਖਦੇ ਹਾਂ। ਜੇ ਇਹ ਕਸੂਰਵਾਰ ਹੁੰਦੇ ਤਾਂ ਰਸਤਾ ਬਦਲਕੇ ਲੰਘ ਜਾਂਦੇ। ਉਹ ਮੁਲਾਜ਼ਮ ਮੁਖਰਜੀ ਨਗਰ ਥਾਣੇ ਦੇ ਮੂਹਰੇ ਨਾਕਾ ਲਾ ਕੇ ਖੜ੍ਹ ਗਿਆ, ਜਦੋਂ ਉਹ ਟੈਂਪੂ ਲੈ ਕੇ ਮੁਖਰਜੀ ਨਗਰ ਚੌਕੀ ਦੇ ਬਾਹਰ ਲੰਘਣ ਲੱਗੇ ਤਾਂ ਉਸੇ ਮੁਲਾਜ਼ਮ ਨੇ ਟੈਂਪੂ ਰੋਕਣ ਦਾ ਇਸ਼ਾਰਾ ਕੀਤਾ। ਉਹ ਮੁਲਾਜ਼ਮ ਫਿਰ ਗਾਲਾਂ ਕੱਢਣ ਲੱਗ ਪਿਆ ਜਿਥੋਂ ਬਹਿਸ ਸ਼ੁਰੂ ਹੋਈ। ਸਰਬਜੀਤ ਸਿੰਘ ਦਾ 15 ਸਾਲ ਦਾ ਨਬਾਲਗ ਲੜਕਾ ਬਲਵੰਤ ਸਿੰਘ ਨੇ ਵਿਚ ਵਿਚਾਲੇ ਪੈ ਕੇ ਆਪਣੇ ਬਾਪ ਨੂੰ ਜੱਫ਼ੀ ਮਾਰ ਕੇ ਲੈ ਗਿਆ। ਉਸ ਤੋਂ ਬਾਅਦ ਪੁਲਿਸ ਮੁਲਾਜ਼ਮ ਪੁਲਿਸ ਦੇ 10-12 ਮੁਲਾਜ਼ਮ ਲੈ ਕੇ ਸਰਬਜੀਤ ਸਿੰਘ ਨੂੰ ਘੇਰ ਕੇ ਕੁੱਟਣ ਲੱਗ ਪਏ। ਉਸਨੂੰ ਬੁਰੀ ਤਰ੍ਹਾਂ ਦਿਨ ਦਿਹਾੜੇ ਲੋਕਾਂ ਦੇ ਸਾਹਮਣੇ ਸ਼ਰੇਆਮ ਘੜੀਸਕੇ ਕੁੱਟਿਆ ਗਿਆ। ਜਦੋਂ ਸਰਬਜੀਤ ਸਿੰਘ ਦੇ ਮੂੰਹ ਤੇ ਬੂਟ ਮਾਰੇ ਜਾ ਰਹੇ ਸਨ ਤਾਂ ਸਰਬਜੀਤ ਸਿੰਘ ਦੇ ਲੜਕੇ ਨੇ ਪੁਲਿਸ ਦਾ ਘੇਰਾ ਤੋੜਨ ਲਈ ਟੈਂਪੂ ਸਟਾਰਟ ਕਰਕੇ ਘੇਰੇ ਵਿਚ ਵਾੜ ਦਿੱਤਾ, ਜਿਸਤੋਂ ਪੁਲਿਸ ਮੁਲਾਜ਼ਮਾ ਵਿਚ ਅਫਰਾ ਤਫਰੀ ਫ਼ੈਲ ਗਈ। ਬਲਵੰਤ ਸਿੰਘ ਨੂੰ ਵੀ ਪੁਲਿਸ ਮੁਲਾਜ਼ਮਾਂ ਨੇ ਫੜਕੇ ਕੁੱਟਣਾ ਸ਼ੁਰੂ ਕਰ ਦਿੱਤਾ। ਸਰਬਜੀਤ ਸਿੰਘ ਦੇ ਲੜਕੇ ਦੀ ਟੀ ਵੀ ਇੰਟਰਵਿਊ ਅਨੁਸਾਰ ਉਸ ਕੋਲ ਆਪਣੇ ਪਿਤਾ ਨੂੰ ਬਚਾਉਣ ਲਈ ਹੋਰ ਕੋਈ ਚਾਰਾ ਨਹੀਂ ਸੀ। ਸਰਬਜੀਤ ਸਿੰਘ ਨੇ ਪੁਲਿਸ ਤੋਂ ਬਚਾਓ ਲਈ ਆਪਣਾ ਗਾਤਰਾ ਜੋ ਕੇ ਧਾਰਮਿਕ ਚਿੰਨ੍ਹ ਹੈ ਕੱਢ ਲਿਆ। ਇਸਨੂੰ ਪੁਲਿਸ ਸਰਬਜੀਤ ਸਿੰਘ ਦਾ ਹਮਲਾ ਕਰਨਾ ਕਹਿੰਦੀ ਹੈ। ਆਪਣੇ ਬਚਾਓ ਲਈ ਹਥਿਆਰ ਵਰਤਣਾ ਕੋਈ ਜ਼ੁਰਮ ਨਹੀਂ ਗਿਣਿਆਂ ਜਾਂਦਾ। ਇਹ ਘਟਨਾ ਆਮ ਲੋਕਾਂ ਨੂੰ ਪਤਾ ਨਹੀਂ ਲੱਗਣੀ ਸੀ ਜੇਕਰ ਕੋਈ ਇਸਦੀ ਵੀਡੀਓ ਨਾ ਬਣਾਉਂਦਾ। ਵੀਡੀਓ ਵਿਚ ਪੁਲਿਸ ਕਰਮਚਾਰੀ ਸਰਬਜੀਤ ਸਿੰਘ ਨੂੰ ਧਰਤੀ 'ਤੇ ਪਏ ਨੂੰ ਬੁਰੀ ਤਰ੍ਹਾਂ ਅਣਮਨੁੱਖੀ ਢੰਗ ਨਾਲ ਕੁੱਟ ਰਹੇ ਹਨ। ਡਾਂਗਾਂ ਦਾ ਮੀਂਹ ਵਰਸਾ ਦਿੱਤਾ ਗਿਆ ਜਦੋਂ ਕਿ ਸਰਬਜੀਤ ਸਿੰਘ ਨੂੰ ਇੱਕ ਪੁਲਸੀਏ ਨੇ ਜੱਫੀ ਪਾ ਕੇ ਨਿਹੱਥਾ ਕਰਿਆ ਹੋਇਆ ਸੀ। ਉਸਦੇ ਮੂੰਹ ਤੇ ਠੇਡੇ ਮਾਰੇ ਜਾ ਰਹੇ ਹਨ। ਪੁਲਿਸ ਨੇ ਅੰਮ੍ਰਿਤਧਾਰੀ ਸਿੱਖਾਂ ਨਾਲ ਅਜਿਹਾ ਵਰਤਾਓ ਕਰਕੇ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਵੰਗਾਰਿਆ ਹੈ। ਜਿਸਦੇ ਸਿੱਟੇ ਵੱਜੋਂ ਸਮੁੱਚੇ ਸੰਸਾਰ ਵਿਚ ਕੇਂਦਰ ਸਰਕਾਰ ਦੀ ਪੁਲਿਸ ਵਿਰੁਧ ਵਿਦਰੋਹ ਪੈਦਾ ਹੋ ਗਿਆ ਹੈ। ਸਿੱਖ ਜਗਤ ਵਲੂੰਧਰਿਆ ਗਿਆ ਹੈ। ਸਿੱਖਾਂ ਨਾਲ ਉਸ ਦਿੱਲੀ ਵਿਚ ਅਜਿਹਾ ਵਰਤਾਓ ਹੋ ਰਿਹਾ ਹੈ ਜਿਸ ਵਿਚ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਨੇ ਕੁਰਬਾਨੀ ਦੇ ਕੇ ਹਿੰਦੂਆਂ ਦੀ ਰੱਖਿਆ ਕੀਤੀ ਸੀ। ਉਸੇ ਅਖੌਤੀ ਰਾਸ਼ਟਰਵਾਦ ਦੀ ਸਰਕਾਰ ਦੇ ਪੁਲਸ ਕਰਮਚਾਰੀ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਪੁਲਿਸ ਕਾਨੂੰਨ ਦੀ ਅਤੇ ਜਾਨ ਮਾਲ ਦੀ ਰਾਖੀ ਕਰਨ ਲਈ ਹੈ। ਜੇਕਰ ਕੋਈ ਗ਼ਲਤੀ ਵੀ ਕਰਦਾ ਹੈ ਤਾਂ ਪੁਲਿਸ ਦਾ ਫਰਜ ਉਸ ਉਪਰ ਕੇਸ ਦਰਜ ਕਰਕੇ ਕਚਹਿਰੀ ਵਿਚ ਭੇਜਣਾ ਹੈ, ਆਪ ਸਜਾ ਦੇਣੀ ਨਹੀਂ। ਇਸ ਘਟਨਾ ਵਿਚ ਪੁਲਿਸ ਨੇ ਆਪ ਕਾਨੂੰਨ ਦੀ ਉਲੰਘਣਾ ਕੀਤੀ ਹੈ। ਕੁਝ ਸਮਾਂ ਪਹਿਲਾਂ ਪੁਲਿਸ ਮੁਲਾਜ਼ਮ ਦੇ ਗਲੇ ਨੂੰ ਮਨੋਜ ਤਿਵਾੜੀ ਨਾਮ ਦੇ ਵਿਅਕਤੀ ਨੇ ਹੱਥ ਪਾਇਆ ਸੀ, ਉਸ ਉਪਰ ਤਾਂ ਕੋਈ ਕੇਸ ਦਰਜ ਨਹੀਂ ਹੋਇਆ ਅਤੇ ਨਾ ਹੀ ਕੁੱਟਿਆ ਗਿਆ। ਇਸ ਕੇਸ ਵਿਚ ਅਜਿਹਾ ਕਿਉਂ ਕੀਤਾ ਗਿਆ? ਪ੍ਰਸਿੱਧ ਕਥਾ ਵਾਚਕ ਗਿਆਨੀ ਪਿੰਦਰਪਾਲ ਸਿੰਘ ਨੇ ਇੱਕ ਵੀਡੀਓ ਜਾਰੀ ਕਰਕੇ ਸਿੱਖ ਜਗਤ ਨੂੰ ਅਪੀਲ ਕੀਤੀ ਹੈ ਕਿ ਉਹ ਸਾਰੀਆਂ ਗੱਲਾਂ ਨੂੰ ਭੁੱਲਕੇ ਧੜੇਬੰਦੀ ਤੋਂ ਉਪਰ ਉਠਕੇ ਇਕ ਮੁੱਠ ਹੋ ਜਾਣ ਤਾਂ ਹੀ ਸਿੱਖੀ ਦੀ ਰਾਖੀ ਕੀਤੀ ਜਾ ਸਕਦੀ ਹੈ। ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਸੰਭਲਣ ਦਾ ਮੌਕਾ ਹੈ। ਇਸ ਮੌਕੇ ਕੇਂਦਰ ਸਰਕਾਰ ਨੂੰ ਅਮਨਪੂਰਬਕ ਢੰਗ ਨਾਲ ਮਜ਼ਬੂਰ ਕੀਤਾ ਜਾਵੇ ਕਿ ਲੱਖਾਂ ਕੁਰਬਾਨੀਆਂ ਨਾਲ ਅਜ਼ਾਦੀ ਪ੍ਰਾਪਤ ਕਰਨ ਵਿਚ ਮੋਹਰੀ ਦੀ ਭੂਮਿਕਾ ਨਿਭਾਉਣ ਵਾਲੇ ਸਿੱਖਾਂ ਨੂੰ ਨਿਆਂ ਦਿੱਤਾ ਜਾਵੇ। ਇਸ ਘਟਨਾ ਦੇ ਪਿਛੋਕੜ ਵਲ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਸਰਬਜੀਤ ਸਿੰਘ ਆਪਣੇ ਟੈਂਪੂ ਵਿਚ ਮੈਟਰੋ ਸ਼ਟੇਸ਼ਨ ਤੋਂ ਨਾਨਕ ਪਿਆਊ ਗੁਰਦੁਆਰੇ ਵਿਚ ਹਰ ਰੋਜ਼ ਸੰਗਤਾਂ ਨੂੰ ਮੁਫ਼ਤ ਲਿਜਾਣ ਦੀ ਸੇਵਾ ਕਰਦਾ ਹੈ। ਇਸ ਵਿਚ ਕਿਤਨੀ ਸਚਾਈ ਹੈ ਇਹ ਤਾਂ ਨਹੀਂ ਕਿਹਾ ਜਾ ਸਕਦਾ ਪ੍ਰੰਤੂ ਕਿਹਾ ਜਾਂਦਾ ਹੈ ਕਿ ਆਟੋ ਵਾਲਿਆਂ ਨੇ ਇਸਦੀ ਸ਼ਿਕਾਇਤ ਥਾਣੇ ਕੀਤੀ ਸੀ ਕਿ ਮੁਫ਼ਤ ਸਵਾਰੀਆਂ ਲਿਜਾਕੇ ਉਹ ਉਨ੍ਹਾਂ ਦੇ ਰੋਜ਼ਗਾਰ ਤੇ ਮਾੜਾ ਅਸਰ ਪਾ ਰਿਹਾ ਹੈ। ਇਸ ਲਈ ਪੁਲਿਸ ਨੇ ਇਸ ਅੰਮ੍ਰਿਤਧਾਰੀ ਸਿੱਖ ਨੂੰ ਨਿਸ਼ਾਨਾ ਬਣਾਇਆ ਹੈ। ਇਹ ਵੀ ਅਫ਼ਵਾਹ ਹੈ ਪੁਲਿਸ ਨੂੰ ਹਫ਼ਤਾਵਾਰੀ ਰਿਸ਼ਵਤ ਲੈਣ ਦੇਣ ਕਰਕੇ ਝਗੜਾ ਹੋਇਆ ਹੈ। ਇਹ ਤਾਂ ਪੜਤਾਲ ਹੀ ਸਾਬਤ ਕਰੇਗੀ। ਸਰਬਜੀਤ ਸਿੰਘ ਦੇ ਲੜਕੇ ਨੇ ਦੱਸਿਆ ਹੈ ਕਿ ਥਾਣੇ ਅੰਦਰ ਲਿਜਾਕੇ ਉਨ੍ਹਾਂ ਨੂੰ ਅਥਾਹ ਤਸੀਹੇ ਦੇ ਕੇ ਕੁੱਟਿਆ ਗਿਆ। ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿਚ ਹਕੀਕਤ ਨਗਰ ਚੌਕ ਵਿਚ ਜਿਹੜਾ ਪੁਲਿਸ ਕਾਰਵਾਈ ਵਿਰੁਧ ਧਰਨਾ ਦਿੱਤਾ ਗਿਆ, ਉਸ ਵਿਚ ਦਿੱਲੀ ਤੋਂ ਭਾਰਤੀ ਜਨਤਾ ਪਾਰਟੀ ਦੇ ਵਿਧਾਨਕਾਰ ਮਨਜਿੰਦਰ ਸਿੰਘ ਸਿਰਸਾ ਨੇ ਲੋਕਾਂ ਤੋਂ ਪੁਛਿਆ ਕਿ ਉਹ ਮੇਰੇ ਨਾਲ ਉਤਨੀ ਦੇਰ ਧਰਨੇ ਤੇ ਬੈਠਣਗੇ ਜਿਤਨੀ ਦੇਰ ਪੁਲਿਸ ਕਰਮਚਾਰੀਆਂ ਵਿਰੁੱਧ 307 ਦਾ ਕੇਸ ਦਰਜ ਨਹੀਂ ਕੀਤਾ ਜਾਂਦਾ ਅਤੇ ਸੰਬੰਧਤ ਪੁਲਸ ਵਾਲੇ ਨੌਕਰੀ ਵਿਚੋਂ ਬਰਖ਼ਾਸਤ ਨਹੀਂ ਕੀਤੇ ਜਾਂਦੇ। ਸੰਗਤਾਂ ਨੇ ਹੱਥ ਖੜ੍ਹੇ ਕਰਕੇ ਸਹਿਮਤੀ ਦਿੱਤੀ ਪ੍ਰੰਤੂ ਥੋੜ੍ਹੀ ਦੇਰ ਬਾਅਦ ਮਨਜਿੰਦਰ ਸਿੰਘ ਸਿਰਸਾ ਉਥੋਂ ਖਿਸਕ ਗਿਆ। ਇਹ ਵੀ ਦੋਸ਼ ਲਗਾਇਆ ਜਾ ਰਿਹਾ ਹੈ ਕਿ ਸਿਰਸਾ ਦੋਗਲੀ ਨੀਤੀ ਅਪਣਾ ਰਿਹਾ ਹੈ ਤੇ ਪੁਲਿਸ ਨਾਲ ਸਮਝੌਤਾ ਕਰਵਾਉਣ ਦੀ ਗੱਲਬਾਤ ਕਰ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਗੋਂਗਲੂਆਂ ਤੋਂ ਮਿੱਟੀ ਝਾੜਨ ਲਈ ਤਿੰਨ ਪੁਲਿਸ ਮੁਲਾਜ਼ਮਾ ਨੂੰ ਮੁਅੱਤਲ ਕਰਕੇ 11 ਤੇ ਮਾਮੂਲੀ ਧਾਰਵਾਂ ਦਾ ਕੇਸ ਦਰਜ ਕਰ ਦਿੱਤਾ ਗਿਆ ਹੈ। ਤਿੰਨ ਪੁਲਿਸ ਕਰਮਚਾਰੀਆਂ ਨੂੰ ਮੁਅੱਤਲ ਕਰਨ ਲਈ ਸਿਰਸਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਸੰਸਾ ਵੀ ਕੀਤੀ ਹੈ। ਜਿਸ ਕਰਕੇ ਉਸ ਵੀਡੀਓ ਅਨੁਸਾਰ ਉਸ ਨਾਲ ਲੋਕ ਧੱਕਾ ਮੁੱਕੀ ਵੀ ਕਰ ਰਹੇ ਹਨ। ਸਿਰਸਾ ਜੀ ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਹਨ, ਗੁਰੂ ਘਰ ਵਿਚ ਸਰਬਜੀਤ ਸਿੰਘ ਅਤੇ ਉਸਦੇ ਲੜਕੇ ਬਲਵੰਤ ਸਿੰਘ ਨੂੰ ਸਿਰੋਪਾਓ ਦੇ ਕੇ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਉਹ ਭਾਰਤੀ ਜਨਤਾ ਪਾਰਟੀ ਦੇ ਵਿਧਾਨਕਾਰ ਹੋਣ ਦੇ ਨਾਤੇ ਦੋਹਰੀ ਜ਼ਿੰਮੇਵਾਰੀ ਨਿਭਾ ਰਹੇ ਹਨ। ਹੁਣ ਸਿਰਸਾ ਜੀ ਕਹਿ ਰਹੇ ਹਨ ਕਿ ਪੜਤਾਲ ਤੋਂ ਬਾਅਦ ਅਗਲੀ ਕਾਰਵਾਈ ਕਰਨਗੇ। ਇੰਝ ਕਰਨ ਨਾਲ ਅਕਾਲੀ ਦਲ ਦਾ ਭਗਵਾਂਕਰਨ ਵੀ ਹੋ ਰਿਹਾ ਹੈ।
      ਸ਼ੋਸ਼ਲ ਮੀਡੀਆ ਦੇ ਭਾਵੇਂ ਬਹੁਤ ਗ਼ਲਤ ਨਤੀਜੇ ਆ ਰਹੇ ਹਨ ਕਿਉਂਕਿ ਕਈ ਵਾਰ ਝੂਠੀਆਂ ਖ਼ਬਰਾਂ ਨਸ਼ਰ ਕਰ ਦਿੱਤੀਆਂ ਜਾਂਦੀਆਂ ਹਨ ਪ੍ਰੰਤੂ ਜੇਕਰ ਇਹ ਵੀਡੀਓ ਸ਼ੋਸ਼ਲ ਮੀਡੀਆ ਤੇ ਨਾ ਆਉਂਦੀ ਤਾਂ ਕਿਸੇ ਨੂੰ ਇਸ ਘਟਨਾ ਦਾ ਪਤਾ ਹੀ ਨਹੀਂ ਲੱਗਣਾ ਸੀ।  ਸਿੱਖਾਂ ਨਾਲ ਆਸਾਮ, ਉਤਰ ਪ੍ਰਦੇਸ਼ ਅਤੇ ਰਾਜਸਥਾਨ ਵਿਚ ਵੀ ਜ਼ਿਆਦਤੀਆਂ ਦੀਆਂ ਖ਼ਬਰਾਂ ਆ ਰਹੀਆਂ ਹਨ ਜੋ ਘੱਟ ਗਿਣਤੀਆਂ ਲਈ ਬੜੇ ਹੀ ਖ਼ਤਰਨਾਕ ਰੁਝਾਨ ਦਾ ਪ੍ਰਗਟਾਵਾ ਕਰ ਰਹੇ ਹਨ। ਨਵੇਂ ਰਾਸ਼ਟਰਵਾਦ ਦਾ ਸਿਧਾਂਤ ਘੱਟ ਗਿਣਤੀਆਂ ਤੇ ਭਾਰੂ  ਪੈਂਦਾ ਨਜ਼ਰ ਆ ਰਿਹਾ ਹੈ। ਡਾ.ਸੀਮਾ ਸਿੰਘਲ ਦੀ ਦਿੱਲੀ ਹਾਈ ਕੋਰਟ ਵਿਚ ਜਨਹਿਤ ਪਟੀਸ਼ਨ ਤੇ ਹਾਈ ਕੋਰਟ ਦੀ ਪ੍ਰਤੀਕਿਰਆ ਵੀ ਦਿੱਲੀ ਪੁਲਿਸ ਨੂੰ ਕਟਹਿਰੇ ਵਿਚ ਖੜ੍ਹਾ ਕਰਦੀ ਹੈ।  ਭਾਵੇਂ ਇਹ ਘਟਨਾ ਨੂੰ ਫਿਰਕੂ ਨਹੀਂ ਕਿਹਾ ਜਾ ਸਕਦਾ ਪ੍ਰੰਤੂ ਇਸ ਘਟਨਾ ਤੋਂ ਬਾਅਦ ਸਿੱਖ ਜਗਤ ਅਸੁਰੱਖਿਅਤ ਮਹਿਸੂਸ ਕਰਨ ਲੱਗ ਪਿਆ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ 
ਮੋਬਾਈਲ-94178 13072
ujagarsingh48@yahoo.com