ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਵਿਹਾਰ ਪੰਜਾਬ ਦੇ ਲੋਕਾਂ ਦਾ ਮੂਡ ਵਿਗਾੜ ਵੀ ਸਕਦੈ - ਜਤਿੰਦਰ ਪਨੂੰ
ਇਹ ਸਵਾਲ ਸੁਣਦਿਆਂ ਹੁਣ ਕੰਨ ਪੱਕਣ ਵਾਲੇ ਹਨ ਕਿ ਅਗਲੀਆਂ ਚੋਣਾਂ ਵਿੱਚ ਪੰਜਾਬ ਵਿੱਚ ਕਿਸ ਪਾਰਟੀ ਦੀ ਸਰਕਾਰ ਬਣੇਗੀ? ਜਦੋਂ ਪਾਰਲੀਮੈਂਟ ਚੋਣਾਂ ਹੋਣੀਆਂ ਸਨ, ਓਦੋਂ ਇਹੋ ਜਿਹਾ ਕੋਈ ਸਵਾਲ ਨਹੀਂ ਸੀ ਪੁੱਛਿਆ ਜਾ ਰਿਹਾ ਕਿ ਕਿਸ ਦੀਆਂ ਕਿੰਨੀਆਂ ਕੁ ਸੀਟਾਂ ਆਉਣਗੀਆਂ, ਪਰ ਚੋਣਾਂ ਵਿੱਚ ਇੱਕ ਹਫਤਾ ਰਹਿੰਦਿਆਂ ਜਦੋਂ ਪੰਜਾਬ ਦਾ ਚੋਣ ਦ੍ਰਿਸ਼ ਸਾਫ ਹੋਣ ਲੱਗ ਪਿਆ, ਓਦੋਂ ਆਮ ਆਦਮੀ ਪਾਰਟੀ ਬਾਰੇ ਏਦਾਂ ਦਾ ਸਵਾਲ ਬਹੁਤ ਲੋਕ ਪੁੱਛਣ ਲੱਗ ਪਏ ਕਿ ਇਹ ਕਿੰਨੀਆਂ ਕੁ ਸੀਟਾਂ ਲੈ ਜਾਵੇਗੀ? ਅਸੀਂ ਓਦੋਂ ਸਾਰਿਆਂ ਨੂੰ ਇਹ ਕਹਿੰਦੇ ਸਾਂ ਕਿ ਲੋਕਾਂ ਨੇ ਆਗੂ ਦਾ ਫੈਸਲਾ ਕਰਨਾ ਹੈ, ਜਿਹੜਾ ਉਹ ਕਰ ਦੇਣਗੇ, ਵੇਖ ਲਵਾਂਗੇ, ਪਰ ਕਈ ਬੇਸਬਰੇ ਲੋਕ ਇਸ ਨਾਲ ਚੁੱਪ ਨਹੀਂ ਸੀ ਹੋ ਸਕਦੇ ਤੇ ਕਿਆਫਿਆਂ ਦਾ ਬਾਜ਼ਾਰ ਚੱਲਦਾ ਰਿਹਾ ਸੀ। ਉਸ ਤੋਂ ਪਹਿਲਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹੋਈ ਪੰਜਾਬ ਪੀਪਲਜ਼ ਪਾਰਟੀ ਦੀ ਚੜ੍ਹਤ ਤੇ ਫਿਰ ਨਤੀਜੇ ਵਜੋਂ ਉਸ ਦੀ ਕੋਈ ਸੀਟ ਵੀ ਨਾ ਆਉਣ ਦਾ ਇਤਿਹਾਸ ਯਾਦ ਰੱਖ ਕੇ ਚੱਲੀਏ ਤਾਂ ਏਦਾਂ ਦੇ ਅੰਦਾਜ਼ਿਆਂ ਦੀ ਲੋੜ ਨਹੀਂ ਰਹਿੰਦੀ, ਪਰ ਬੇਸਬਰੀ ਦਾ ਕੋਈ ਬੰਨਾ ਨਹੀਂ ਹੁੰਦਾ। ਬੇਸਬਰੇ ਸੁਭਾਅ ਵਾਲੇ ਲੋਕ ਹੁਣ ਅਗਲੀ ਅਸੈਂਬਲੀ ਚੋਣ ਬਾਰੇ ਅੰਦਾਜ਼ਿਆਂ ਵਿੱਚ ਰੁੱਝ ਗਏ ਹਨ। ਇਹ ਬੇਲੋੜੀ ਕਸਰਤ ਹੈ।
ਬੇਲੋੜੀ ਕਸਰਤ ਅਸੀਂ ਇਸ ਲਈ ਕਹਿ ਸਕਦੇ ਹਾਂ ਕਿ ਜਿਹੜੀ ਚੋਣ ਦੀ ਗੱਲ ਲੋਕ ਕਰਦੇ ਅਤੇ ਪੁੱਛਦੇ ਹਨ, ਉਸ ਦਾ ਸਮਾਂ ਹਾਲੇ ਇੱਕ ਸਾਲ ਦੂਰ ਹੈ। ਅਗੇਤੀ ਚੋਣ ਦਾ ਜੂਆ ਖੇਡਿਆ ਜਾ ਸਕਦਾ ਹੈ, ਪਰ ਇਹ ਜ਼ਰੂਰੀ ਨਹੀਂ ਕਿ ਇਸੇ ਤਰ੍ਹਾਂ ਕੀਤਾ ਜਾਵੇ। ਕੋਈ ਮੰਨ ਵੀ ਲਵੇ ਕਿ ਚੋਣ ਅਗੇਤੀ ਹੋਣੀ ਹੈ ਤਾਂ ਉਸ ਨੂੰ ਇਸ ਗੱਲ ਦਾ ਖਿਆਲ ਫਿਰ ਵੀ ਰੱਖਣ ਦੀ ਲੋੜ ਪਵੇਗੀ ਕਿ ਰਾਜਸੀ ਹਾਲਾਤ ਪਲ-ਪਲ ਬਦਲਦੇ ਹਨ। ਰਾਜਨੀਤੀ ਕੋਈ ਝੀਲ ਵਿੱਚ ਖੜਾ ਪਾਣੀ ਤਾਂ ਨਹੀਂ, ਇਸ ਵਿੱਚ ਹਰ ਨਵੇਂ ਦਿਨ ਨਵੀਂ ਹਲਚਲ ਪੈਦਾ ਹੋ ਸਕਦੀ ਹੈ। ਇਹ ਹਲਚਲ ਇਸ ਹਫਤੇ ਵਿੱਚ ਵੀ ਹੋਈ ਹੈ ਤੇ ਹਾਲੇ ਤੱਕ ਹੋ ਰਹੀ ਹੈ। ਪਿਛਲਾ ਇੱਕ ਹਫਤਾ ਹੀ ਕਈ ਅਨੋਖੇ ਰੰਗ ਦਿਖਾ ਗਿਆ ਹੈ।
ਪੰਦਰਾਂ ਦਿਨ ਪਹਿਲਾਂ ਤੱਕ ਆਪਣੀ ਸਾਰੀ ਸਿਆਸੀ ਅਤੇ ਧਾਰਮਿਕ ਤਾਕਤ ਝੋਕਣ ਦੇ ਬਾਵਜੂਦ ਇਸ ਤਰ੍ਹਾਂ ਦਾ ਪ੍ਰਭਾਵ ਮਿਲਦਾ ਸੀ ਕਿ ਅਕਾਲੀ ਦਲ ਦਾ ਪਾਣੀ ਵਾਹਵਾ ਲੱਥ ਰਿਹਾ ਹੈ, ਪਰ ਇਸ ਹਫਤੇ ਵਿੱਚ ਉਨ੍ਹਾਂ ਦਾ ਵਿਰੋਧ ਕਰਦੀਆਂ ਧਿਰਾਂ ਦੇ ਕੁਚੱਜ ਨੇ ਹਾਲਾਤ ਦਾ ਪ੍ਰਭਾਵ ਹੋਰ ਦੇ ਦਿੱਤਾ ਹੈ। ਇਸ ਨਾਲ ਅਕਾਲੀ ਦਲ ਦੇ ਤਕੜੇ ਹੋਣ ਵਾਲੀ ਕੋਈ ਗੱਲ ਹੋਵੇ ਜਾਂ ਨਾ, ਜਿਨ੍ਹਾਂ ਨੇ ਅਕਾਲੀ ਦਲ ਦੇ ਖਿਲਾਫ ਮੋਰਚੇਬੰਦੀ ਕਰਨੀ ਹੈ, ਉਨ੍ਹਾਂ ਦੇ ਮੋਰਚੇ ਵਿੱਚੋਂ ਕਮਜ਼ੋਰੀ ਬੜੇ ਆਰਾਮ ਨਾਲ ਬਾਹਰ ਆਉਣ ਲੱਗ ਪਈ ਹੈ। ਨਾ ਇਸ ਕਮਜ਼ੋਰੀ ਨੂੰ ਕਾਂਗਰਸ ਪਾਰਟੀ ਲੁਕਾ ਸਕੀ ਹੈ ਤੇ ਨਾ ਹੀ ਆਮ ਆਦਮੀ ਪਾਰਟੀ ਦਾ ਅੰਦਰਲਾ ਹਾਲ ਲੁਕਿਆ ਰਿਹਾ ਹੈ। ਇਸ ਤੋਂ ਅਕਾਲੀ ਸੌਖਾ ਮਹਿਸੂਸ ਕਰਨ ਲੱਗੇ ਹਨ।
ਇੱਕ ਮੌਕਾ ਪੰਜਾਬ ਵਿੱਚ ਉਹ ਵੀ ਸੀ ਕਿ ਮੁੱਖ ਮੰਤਰੀ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿੱਚ ਪਾਣੀਆਂ ਦੇ ਸਮਝੌਤੇ ਤੋੜਨ ਦਾ ਮਤਾ ਲਿਆਂਦਾ ਤੇ ਅਕਾਲੀ ਆਗੂ ਵਿਰੋਧ ਕਰਨ ਦੀ ਥਾਂ ਨਾਲ ਤੁਰੇ ਜਾਣ ਲਈ ਮਜਬੂਰ ਹੋ ਗਏ ਸਨ। ਅੱਜ ਇਸ ਤੋਂ ਉਲਟ ਇਹ ਮੌਕਾ ਹੈ ਕਿ ਅਕਾਲੀ ਆਗੂ ਪਾਣੀਆਂ ਦੇ ਸਵਾਲ ਉੱਤੇ ਅੱਗੇ ਹੁੰਦੇ ਹਨ ਤੇ ਕਾਂਗਰਸ ਪਾਰਟੀ ਉਨ੍ਹਾਂ ਦੇ ਮਗਰਲੇ ਹਾਲੀ ਵਾਂਗ ਤੁਰੇ ਜਾਣ ਲਈ ਮਜਬੂਰ ਦਿਖਾਈ ਦੇਂਦੀ ਹੈ। ਜਿਹੜਾ ਕੋਈ ਮਤਾ ਪੰਜਾਬ ਸਰਕਾਰ ਰੱਖਦੀ ਹੈ, ਕਾਂਗਰਸ ਉਸ ਦੇ ਪਿੱਛੇ ਖੜੋਤੀ ਦਿਸਦੀ ਹੈ। ਹਰਿਆਣੇ ਦੇ ਦਿੱਤੇ ਹੋਏ ਪੈਸੇ ਨਾਲ ਬਣਾਈ ਗਈ ਸਤਲੁਜ-ਜਮਨਾ ਨਹਿਰ ਨੂੰ ਖਤਮ ਕਰ ਕੇ ਉਸ ਦੇ ਲਈ ਅਕੁਆਇਰ ਕੀਤੀ ਜ਼ਮੀਨ ਕਿਸਾਨਾਂ ਨੂੰ ਦੇਣ ਦਾ ਮਤਾ ਅਕਾਲੀ ਦਲ ਨੇ ਪੇਸ਼ ਕੀਤਾ ਤੇ ਕਾਂਗਰਸੀ ਹਮਾਇਤ ਕਰਦੇ ਰਹੇ। ਅਕਾਲੀਆਂ ਨੇ ਕਿਸਾਨਾਂ ਨੂੰ ਜ਼ਮੀਨਾਂ ਸਾਂਭ ਲੈਣ ਦਾ ਇਸ਼ਾਰਾ ਕੀਤਾ ਤਾਂ ਕਾਂਗਰਸੀ ਉਨ੍ਹਾਂ ਤੋਂ ਅੱਗੇ-ਅੱਗੇ ਭੱਜਦੇ ਨਹਿਰ ਦੀ ਪਟੜੀ ਉੱਤੇ ਜਾ ਕੇ ਕੈਮਰੇ ਵਾਲਿਆਂ ਨੂੰ ਸ਼ਕਲਾਂ ਵਿਖਾਉਣ ਲੱਗ ਪਏ। ਕਿਸਾਨਾਂ ਦੇ ਸ਼ਾਹੂਕਾਰਾ ਕਰਜ਼ੇ ਦਾ ਮਸਲਾ ਨਿਬੇੜਨ ਦੇ ਲਈ ਅਸੈਂਬਲੀ ਵਿੱਚ ਬਿੱਲ ਅਕਾਲੀ ਦਲ ਨੇ ਪੇਸ਼ ਕੀਤਾ ਅਤੇ ਇਸ ਦੀ ਹਮਾਇਤ ਵਿੱਚ ਪੰਜਾਬ ਕਾਂਗਰਸ ਦਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਲੋਕਾਂ ਵਿਚ ਖੁੱਲ੍ਹ ਕੇ ਬੋਲਿਆ ਹੈ। ਉਸ ਦੀ ਆਪਣੀ ਮਜਬੂਰੀ ਸੀ। ਇਹ ਬਿੱਲ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਬਣਿਆ ਸੀ, ਉਹ ਪਾਸ ਵੀ ਕਰਨਾ ਚਾਹੁੰਦਾ ਸੀ, ਪਰ ਕਾਂਗਰਸ ਦੇ ਤਿੰਨ ਵਿਆਜੜੂ ਸ਼ਾਹੂਕਾਰਾ ਕਰਦੇ ਮੰਤਰੀ ਇਸ ਦੇ ਰਾਹ ਵਿੱਚ ਅੜਿੱਕਾ ਬਣ ਖੜੋਤੇ ਸਨ। ਹੁਣ ਉਹੋ ਬਿੱਲ ਪਾਸ ਕਰ ਕੇ ਅਕਾਲੀ ਸਿਹਰਾ ਲੈ ਗਏ ਹਨ।
ਕਾਂਗਰਸ ਪਾਰਟੀ ਨੇ ਆਪਣੇ ਅੰਦਰ ਦੀ ਖਿੱਚੋਤਾਣ ਵੀ ਹੁਣ ਫਿਰ ਜ਼ਾਹਰ ਕਰ ਦਿੱਤੀ ਹੈ। ਪਹਿਲਾਂ ਹੰਸ ਰਾਜ ਹੰਸ ਨਾਲ ਇਹ ਵਾਅਦਾ ਕਰ ਲਿਆ ਕਿ ਉਸ ਨੂੰ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਆਉਂਦੇ ਸਾਰ ਹੀ ਰਾਜ ਸਭਾ ਵਿੱਚ ਭੇਜ ਦਿੱਤਾ ਜਾਵੇਗਾ। ਉਸ ਨੂੰ ਟਿਕਟ ਦੀ ਹਾਂ ਕਰ ਕੇ ਫਿਰ ਕਾਟਾ ਮਾਰ ਦਿੱਤਾ ਗਿਆ। ਹੰਸ ਵਾਲੀ ਟਿਕਟ ਉਸ ਕਾਂਗਰਸੀ ਆਗੂ ਨੂੰ ਦਿੱਤੀ, ਜਿਸ ਦੀ ਹਾਲਤ ਵਿਧਾਨ ਸਭਾ ਚੋਣਾਂ ਵਿੱਚ ਉਸ ਦੇ ਪਰਵਾਰ ਨੇ ਹੀ ਹਾਸੋਹੀਣੀ ਕਰ ਛੱਡੀ ਸੀ। ਫਿਰ ਹੰਸ ਨੂੰ ਮਨਾਉਣ ਲਈ ਰਾਹੁਲ ਗਾਂਧੀ ਨਾਲ ਗੱਲ ਕਰ ਕੇ ਦਿੱਲੀ ਸਦਵਾਇਆ ਅਤੇ ਰਾਹੁਲ ਦੇ ਨਾਲ ਹੀ ਅਗਲੇ ਦਿਨ ਉਸ ਨੂੰ ਜਹਾਜ਼ ਰਾਹੀਂ ਅੰਮ੍ਰਿਤਸਰ ਭਿਜਵਾ ਕੇ ਗਲਤੀ ਉੱਤੇ ਪੋਚਾ ਮਾਰਨ ਦਾ ਕੰਮ ਕਰਦੇ ਰਹੇ। ਵਿਧਾਨ ਸਭਾ ਵਿੱਚ ਕਾਂਗਰਸ ਪਾਰਟੀ ਦਾ ਸਾਰਾ ਗਰੁੱਪ ਇਸ ਤਰ੍ਹਾਂ ਖਿੱਲਰ ਗਿਆ ਕਿ ਉਹ ਪਾਰਟੀ ਹੀ ਨਹੀਂ ਸੀ ਜਾਪ ਰਹੀ। ਜਿਸ ਬੰਦੇ ਨੂੰ ਵਿਰੋਧੀ ਧਿਰ ਦਾ ਆਗੂ ਬਣਾਇਆ ਸੀ, ਉਹ ਸਰਕਾਰ ਨਾਲ ਇਸ ਗੱਲ ਲਈ ਪੇਚਾ ਪਾ ਕੇ ਰੁੱਝਾ ਰਿਹਾ ਕਿ ਉਸ ਨੂੰ ਉਸ ਦੇ ਰੁਤਬੇ ਮੁਤਾਬਕ ਨਵੀਂ ਕਾਰ ਚਾਹੀਦੀ ਹੈ। ਅੰਦਰ ਅਸੈਂਬਲੀ ਵਿੱਚ ਉਹ ਹਰ ਗੱਲ ਵਿੱਚ ਹਾਕਮ ਧਿਰ ਦੇ ਮੈਂਬਰਾਂ ਸਾਹਮਣੇ ਕੱਚਾ ਸਾਬਤ ਹੁੰਦਾ ਰਿਹਾ। ਪਾਰਟੀ ਵੀ ਨਾਲ ਨਹੀਂ ਖੜੋਤੀ। ਇੱਕ ਦਿਨ ਜਦੋਂ ਉਸ ਨੇ ਕਿਸੇ ਗੱਲ ਤੋਂ ਵਾਕ-ਆਊਟ ਕੀਤਾ ਤਾਂ ਅੱਧੇ ਤੋਂ ਵੀ ਘੱਟ ਕਾਂਗਰਸੀ ਵਿਧਾਇਕ ਉਸ ਦੇ ਨਾਲ ਬਾਹਰ ਗਏ ਤੇ ਬਾਕੀਆਂ ਦਾ ਉਸ ਦੇ ਜਾਣ ਨਾਲ ਕਿਸੇ ਤਰ੍ਹਾਂ ਦਾ ਵਾਸਤਾ ਹੀ ਨਹੀਂ ਸੀ ਜਾਪਦਾ। ਅੰਦਰ ਬੈਠੇ ਕਾਂਗਰਸੀ ਵਿਧਾਇਕਾਂ ਵਿੱਚੋਂ ਬਹੁਤ ਸੀਨੀਅਰ ਇੱਕ ਆਗੂ ਤੇ ਸਾਬਕਾ ਮੰਤਰੀ ਉਸ ਮੌਕੇ ਵਿਰੋਧੀ ਧਿਰ ਦੇ ਬੈਂਚਾਂ ਤੋਂ ਉੱਠ ਕੇ ਹਾਕਮ ਧਿਰ ਵੱਲ ਸੁਖਬੀਰ ਸਿੰਘ ਬਾਦਲ ਨਾਲ ਗੱਲ ਕਰਨ ਜਾ ਬੈਠਾ। ਇਸ ਤੋਂ ਜ਼ਾਹਰ ਹੈ ਕਿ ਪਾਰਟੀ ਇੱਕਮੁੱਠ ਨਹੀਂ ਹੈ। ਪਾਰਟੀ ਵੱਲੋਂ ਕੇਂਦਰ ਤੋਂ ਪੰਜਾਬ ਦਾ ਇੰਚਾਰਜ ਉਹ ਆਗੂ ਬਣਾਇਆ ਪਿਆ ਹੈ, ਜਿਸ ਨੂੰ ਪੰਜਾਬ ਦੇ ਕਾਂਗਰਸੀ ਵਰਕਰ ਤੇ ਆਗੂ ਪਹਿਲਾਂ ਵਿਧਾਨ ਸਭਾ ਚੋਣਾਂ ਤੇ ਫਿਰ ਪਾਰਲੀਮੈਂਟ ਚੋਣਾਂ ਵਿੱਚ ਪਾਰਟੀ ਦੀ ਬੇੜੀ ਡੋਬਣ ਦਾ ਜ਼ਿਮੇਵਾਰ ਮੰਨਦੇ ਤੇ ਸਾਫ ਕਹਿੰਦੇ ਹਨ ਕਿ ਉਸ ਦੇ ਹੁੰਦਿਆਂ ਕਾਂਗਰਸ ਅੱਗੇ ਵਧ ਹੀ ਨਹੀਂ ਸਕਦੀ। ਇਸ ਤਰ੍ਹਾਂ ਦੇ ਹਾਲਾਤ ਵਿੱਚ ਜਿਹੋ ਜਿਹੀ ਜਿੱਤ ਦੇ ਸੁਫਨੇ ਕਾਂਗਰਸ ਆਗੂ ਲੈ ਰਹੇ ਸਨ, ਉਹ ਇਸ ਹਫਤੇ ਉਨ੍ਹਾਂ ਲਈ ਧੁੰਦਲੇ ਹੋ ਗਏ ਹੋ ਸਕਦੇ ਹਨ।
ਦੋਵਾਂ ਰਿਵਾਇਤੀ ਵਿਰੋਧੀ ਰਾਜਸੀ ਧਿਰਾਂ, ਅਕਾਲੀ ਦਲ ਅਤੇ ਕਾਂਗਰਸ ਦੇ ਮੁਕਾਬਲੇ ਦਾ ਨਵੀਂ ਰਾਜਨੀਤੀ ਦਾ ਸੱਭਿਆਚਾਰ ਪੇਸ਼ ਕਰਨ ਵਾਲੀ ਆਮ ਆਦਮੀ ਪਾਰਟੀ ਬਾਰੇ ਪਿਛਲੇ ਕਾਫੀ ਸਮੇਂ ਤੋਂ ਸੁਣਿਆ ਜਾ ਰਿਹਾ ਸੀ ਕਿ ਇਸ ਦਾ ਲੋਕਾਂ ਵਿੱਚ ਪ੍ਰਭਾਵ ਵਧ ਰਿਹਾ ਹੈ। ਪਿਛਲਾ ਹਫਤਾ ਇਸ ਪਾਰਟੀ ਲਈ ਚੰਗਾ ਸਾਬਤ ਨਹੀਂ ਹੋਇਆ। ਪਹਿਲਾਂ ਤਾਂ ਇਸ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਪੰਜਾਬ ਆਣ ਕੇ ਪੰਜਾਬ ਦੇ ਪਾਣੀਆਂ ਵਾਸਤੇ ਪੰਜਾਬੀਆਂ ਨਾਲ ਖੜੋਣ ਦਾ ਬਿਆਨ ਦੇਣਾ ਅਤੇ ਦਿੱਲੀ ਵਿੱਚ ਜਾਂਦੇ ਸਾਰ ਇਸ ਤੋਂ ਉਲਟ ਪ੍ਰਭਾਵ ਦੇਣਾ ਉਸ ਦੀ ਆਪਣੀ ਅਤੇ ਉਸ ਦੀ ਪਾਰਟੀ ਦੀ ਸਥਿਤੀ ਉੱਤੇ ਕਿੰਤੂ ਕਰਨ ਦਾ ਕਾਰਨ ਬਣਿਆ। ਫਿਰ ਉਸ ਪਾਰਟੀ ਵਿੱਚ ਇਸ ਹਫਤੇ ਦੌਰਾਨ ਨਵੇਂ ਆਏ ਕਈ ਲੋਕਾਂ ਬਾਰੇ ਚਰਚਾ ਚੱਲ ਪਈ ਕਿ ਇਨ੍ਹਾਂ ਦੇ ਹੁੰਦਿਆਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਅਕਾਲੀ ਦਲ ਅਤੇ ਕਾਂਗਰਸ ਤੋਂ ਵੱਖਰਾ ਸੱਭਿਆਚਾਰ ਪੇਸ਼ ਕਰਨ ਦਾ ਦਾਅਵਾ ਨਹੀਂ ਕਰ ਸਕਦੀ। ਕਈ-ਕਈ ਸਾਲ ਉਨ੍ਹਾਂ ਪਾਰਟੀਆਂ ਨਾਲ ਰਹਿ ਕੇ ਮਲਾਈ ਚੱਟਣ ਵਾਲੇ ਘਾਗ ਵੀ ਹੁਣ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਈ ਜਾ ਰਹੇ ਹਨ। ਵੱਖਰਾ ਸੱਭਿਆਚਾਰ ਪੇਸ਼ ਕਰਨਾ ਸੀ ਤਾਂ ਦਿੱਲੀ ਵਾਂਗ ਨਵੇਂ ਲੋਕਾਂ ਨੂੰ ਅੱਗੇ ਕਰਨਾ ਚਾਹੀਦਾ ਸੀ। ਪਾਰਲੀਮੈਂਟ ਚੋਣਾਂ ਵਿੱਚ ਵੀ ਜਿਨ੍ਹਾਂ ਥਾਂਵਾਂ ਤੋਂ ਨਵੇਂ ਲੋਕ ਅੱਗੇ ਕੀਤੇ ਗਏ ਸਨ, ਆਮ ਲੋਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਵੋਟਾਂ ਦਿੱਤੀਆਂ ਸਨ। ਇਸ ਪਾਰਟੀ ਨੂੰ ਹੁਣ ਵੀ ਪੁਰਾਣੇ ਚੱਲੇ ਹੋਏ ਕਾਰਤੂਸ ਜਾਂ ਕਬਾੜ ਦਾ ਮਾਲ ਇਕੱਠਾ ਕਰਨ ਦੀ ਲੋੜ ਨਹੀਂ ਸੀ।
ਜਿਹੜੀ ਗੱਲ ਇਸ ਤੋਂ ਵੀ ਵੱਧ ਇਸ ਪਾਰਟੀ ਲਈ ਮਾਰੂ ਹੈ, ਉਹ ਇਹ ਕਿ ਹੋਰ ਪਾਰਟੀਆਂ ਵਿੱਚ ਜਿੱਦਾਂ ਦਾ ਕੁਰਸੀ-ਯੁੱਧ ਚੱਲਦਾ ਵੇਖ ਕੇ ਲੋਕ ਹੱਸਿਆ ਕਰਦੇ ਸਨ, ਇਸ ਪਾਰਟੀ ਕੋਲ ਰਾਜ ਕਰਨ ਦਾ ਮੌਕਾ ਆਉਣ ਤੋਂ ਬਗੈਰ ਹੀ ਕੁਝ ਲੋਕ ਇਹੋ ਜਿਹਾ ਰੇੜਕਾ ਪਾਈ ਫਿਰਦੇ ਹਨ। ਜਿਸ ਆਗੂ ਬਾਰੇ ਇਹ ਆਮ ਚਰਚਾ ਹੈ ਕਿ ਉਹ ਸ਼ਰਾਬ ਪੀਣ ਲੱਗੇ ਤਾਂ ਪਾਰਟੀ ਜਲਸੇ ਵਿੱਚ ਜਾਣਾ ਭੁੱਲ ਜਾਂਦਾ ਹੈ, ਉਹ ਮੁੱਖ ਮੰਤਰੀ ਦੀ ਕੁਰਸੀ ਲਈ ਸਾਰਿਆਂ ਤੋਂ ਕਾਹਲਾ ਪਿਆ ਫਿਰਦਾ ਹੈ। ਇਸ ਪਾਰਟੀ ਨਾਲ ਲੋਕਾਂ ਦੀ ਹਮਦਰਦੀ ਹੋ ਸਕਦੀ ਹੈ, ਪਰ ਜਿਵੇਂ ਕੁਰਸੀ-ਯੁੱਧ ਵਿੱਚ ਫਸੀ ਹੋਈ ਹੋਣ ਕਰ ਕੇ ਕਾਂਗਰਸ ਪਾਰਟੀ ਚਾਰ ਸਾਲ ਪਹਿਲਾਂ ਡੁੱਬ ਗਈ ਸੀ, ਇਹ ਲੋਕ ਉਹ ਗੱਲ ਵੀ ਯਾਦ ਨਹੀਂ ਰੱਖ ਸਕੇ। ਚਾਰ ਸਾਲ ਪਹਿਲਾਂ ਹੋਈ ਵਿਧਾਨ ਸਭਾ ਚੋਣ ਵਿੱਚ ਕਈ ਕਾਂਗਰਸੀ ਆਗੂਆਂ ਨੂੰ ਇਹ ਭਰਮ ਪੈ ਗਿਆ ਕਿ ਇਸ ਵਾਰ ਸਾਡੇ ਏਨੇ ਵਿਧਾਇਕ ਆ ਜਾਣੇ ਹਨ ਕਿ ਉਨ੍ਹਾਂ ਲਈ ਵਜ਼ੀਰੀਆਂ ਥੋੜ੍ਹੀਆਂ ਪੈ ਜਾਣੀਆਂ ਹਨ। ਇਸ ਭਰਮ ਕਾਰਨ ਉਨ੍ਹਾਂ ਨੇ ਆਖਰੀ ਦੋ ਦਿਨ ਆਪਣੇ ਬੰਦੇ ਜਿਤਾਉਣ ਦੀ ਥਾਂ ਆਪਣੇ ਵਿਰੋਧੀ ਧੜੇ ਦੇ ਉਮੀਦਵਾਰ ਹਰਾਉਣ ਦੇ ਲੇਖੇ ਲਾ ਦਿੱਤੇ ਅਤੇ ਨਤੀਜਾ ਇਹ ਨਿਕਲਿਆ ਸੀ ਕਿ ਦੋਵੇਂ ਧੜੇ ਕਾਸੇ ਜੋਗੇ ਨਹੀਂ ਸੀ ਰਹਿ ਗਏ। ਆਮ ਆਦਮੀ ਪਾਰਟੀ ਵਿੱਚ ਤੱਤੀ ਖੀਰ ਖਾਣ ਦੇ ਸੁਫਨੇ ਲੈਣ ਵਾਲੇ ਕਾਹਲਿਆਂ ਨੇ ਜਿਵੇਂ ਹੁਣੇ ਤੋਂ ਮੀਡੀਆ ਐਡਵਾਈਜ਼ਰ ਲਾਉਣ ਲਈ ਪੱਤਰਕਾਰਾਂ ਨੂੰ ਸੈਨਤਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਹਨ, ਇਸ ਤਮਾਸ਼ਬੀਨੀ ਨੂੰ ਵੇਖ ਕੇ ਹਾਸਾ ਆਉਂਦਾ ਹੈ।
ਕੇਜਰੀਵਾਲ ਬਹੁਤ 'ਮਹਾਨ' ਆਗੂ ਹੈ। ਇਹ ਗੱਲ ਕਿਸੇ ਹੋਰ ਨੇ ਨਹੀਂ, ਉਸ ਨੇ ਖੁਦ ਟਵੀਟ ਕਰਦਿਆਂ ਦੱਸੀ ਹੈ ਕਿ ਅਮਰੀਕਾ ਦੇ ਰਸਾਲੇ 'ਫਾਰਚਿਊਨ' ਨੇ ਉਸ ਨੂੰ ਇੱਕ 'ਮਹਾਨ' ਨੇਤਾ ਕਰਾਰ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਤੋਂ ਬਾਅਦ ਸਭ ਤੋਂ ਵੱਧ ਫਾਲੋਅਰ ਉਸ ਦੇ ਟਵੀਟਰ ਉੱਤੇ ਹੋਣ ਕਾਰਨ ਵੀ ਕਈ ਲੋਕ ਕੇਜਰੀਵਾਲ ਨੂੰ 'ਮਹਾਨ' ਕਹਿ ਸਕਦੇ ਹਨ, ਪਰ ਮਹਾਨਤਾ ਦੇ ਇਹ ਸਰਟੀਫਿਕੇਟ ਕੰਮ ਨਹੀਂ ਆਉਣੇ। ਹਕੀਕਤਾਂ ਤੋਂ ਉਹ ਦੂਰ ਜਾਪਦਾ ਹੈ।
ਜਿਹੜੇ ਕਾਹਲੇ ਸੱਜਣ ਅਗੇਤੇ ਅੰਦਾਜ਼ਿਆਂ ਬਾਰੇ ਪੁੱਛਦੇ ਜਾਂ ਅੰਦਾਜ਼ੇ ਲਾਉਂਦੇ ਪਏ ਹਨ, ਬੀਤੇ ਇੱਕ ਹਫਤੇ ਦੇ ਘਟਨਾਵਾਂ ਦੇ ਵਹਿਣ ਤੋਂ ਉਨ੍ਹਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਹਾਲਾਤ ਪੈਰੋ-ਪੈਰ ਬਦਲਦੇ ਹਨ ਤੇ ਇਹ ਇੰਜ ਹੀ ਕਈ ਪਲਟੀਆਂ ਹੋਰ ਵੀ ਮਾਰ ਸਕਦੇ ਹਨ। ਜਦੋਂ ਤੱਕ ਚੋਣਾਂ ਲਈ ਤਰੀਕਾਂ ਤੇ ਚੋਣ-ਜ਼ਾਬਤੇ ਦਾ ਐਲਾਨ ਨਹੀਂ ਹੋ ਜਾਂਦਾ, ਉਸ ਵਕਤ ਤੱਕ ਬੇਸਬਰੇ ਹੋਣ ਦੀ ਥਾਂ ਉਡੀਕ ਲਿਆ ਜਾਵੇ ਤਾਂ ਵੱਧ ਠੀਕ ਰਹੇਗਾ।
ਪੰਜਾਬ ਦੇ ਪਿੰਡਾਂ ਵਿੱਚ ਛੋਟੇ ਬੱਚੇ ਇੱਕ ਖੇਡ ਖੇਡਿਆ ਕਰਦੇ ਹਨ, ਜਿਸ ਵਿੱਚ ਜਿੰਨੇ ਬੱਚੇ ਹੋਣ, ਦੋ ਗਰੁੱਪਾਂ ਵਿੱਚ ਵੰਡਣ ਪਿੱਛੋਂ ਇੱਕ ਗਰੁੱਪ ਵਾਲੇ ਬੱਚੇ ਦੂਸਰਿਆਂ ਦੇ ਕੰਧਾੜੇ ਚੜ੍ਹਦੇ ਹਨ ਤੇ ਕੰਧਾੜੇ ਚੁੱਕਣ ਵਾਲੇ ਬੱਚੇ ਤੁਰਦੇ ਹੋਏ ਘਰੋ-ਘਰੀ ਜਾਂਦੇ ਅਤੇ ਇਹ ਪੁੱਛਦੇ ਹਨ ਕਿ 'ਹੇਠਲਾ ਉੱਤੇ ਕਿ ਉਤਲਾ ਉੱਤੇ?' ਬਹੁਤਾ ਕਰ ਕੇ ਹੇਠਾਂ ਵਾਲੇ ਦਾ ਸਾਹ ਸੌਖਾ ਕਰਨ ਲਈ ਉਸ ਘਰ ਵਾਲੇ ਕਹਿ ਦੇਂਦੇ 'ਹੇਠਲਾ ਉੱਤੇ' ਅਤੇ ਇਸ ਨਾਲ ਵਾਰੀ ਬਦਲ ਜਾਂਦੀ ਹੈ। ਕਈ ਵਾਰੀ ਉਹ ਕਿਸੇ ਇਹੋ ਜਿਹੇ ਘਰ ਚਲੇ ਜਾਂਦੇ ਹਨ, ਜਿੱਥੇ ਖਿਝੇ ਹੋਇਆਂ ਦੇ ਮੂੰਹੋਂ 'ਉਤਲੇ ਉੱਤੇ' ਨਿਕਲ ਜਾਂਦਾ ਅਤੇ ਇਸ ਨਾਲ ਹੇਠਾਂ ਵਾਲੇ ਬੱਚਿਆਂ ਨੂੰ ਓਸੇ ਤਰ੍ਹਾਂ ਕੰਧਾੜੇ ਚੜ੍ਹੇ ਹੋਏ ਬੱਚਿਆਂ ਦਾ ਭਾਰ ਚੁੱਕ ਕੇ ਅਗਲੇ ਘਰ ਤੱਕ ਤੁਰੇ ਜਾਣਾ ਪੈ ਜਾਂਦਾ ਹੈ। ਪੰਜਾਬ ਵਿੱਚ ਵੀ ਇਸ ਤਰ੍ਹਾਂ ਹੋ ਸਕਦਾ ਹੈ। ਵਿਰੋਧ ਦੀਆਂ ਦੋਵਾਂ ਮੁੱਖ ਧਿਰਾਂ ਦਾ ਜਿਸ ਤਰ੍ਹਾਂ ਦਾ ਵਿਹਾਰ ਹੈ, ਪੰਜਾਬ ਦੇ ਲੋਕਾਂ ਦੇ ਮੂੰਹੋਂ ਕੁਝ ਵੀ ਨਿਕਲ ਸਕਦਾ ਹੈ, ਕੁਝ ਵੀ।
27 March 2016