ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
23 June 2019
ਕਾਂਗਰਸ ਲੋਕ ਸਭਾ ਲਈ ਅਜੇ ਵੀ ਆਪਣਾ ਨੇਤਾ ਨਹੀਂ ਚੁਣ ਸਕੀ- ਇਕ ਖ਼ਬਰ
ਗੰਜੀ ਕੀ ਨਹਾਊ ਤੇ ਕੀ ਨਿਚੋੜੂ।
ਪੰਜਾਬ ਦੀ ਧਰਤੀ ਹੇਠਾਂ ਵੀ ਛੁਪੇ ਹਨ ਪੈਟਰੋਲੀਅਮ ਪਦਾਰਥ- ਇਕ ਖ਼ਬਰ
ਪੰਜਾਬੀਓ ਤੁਹਾਨੂੰ ਕੀ ਮਿਲਣੈ? ਜਿਵੇਂ ਤੁਹਾਡਾ ਬਿਜਲੀ,ਪਾਣੀ ਲੁੱਟਿਐ ਉਵੇਂ ਪੈਟਰੋਲ ਲੁੱਟ ਲੈਣੈ।
ਵਿਰੋਧੀ ਧਿਰ ਗਿਣਤੀ ਦੀ ਚਿੰਤਾ ਨਾ ਕਰੇ, ਉਸਦਾ ਹਰ ਸ਼ਬਦ ਸਾਡੇ ਲਈ ਕੀਮਤੀ- ਮੋਦੀ
ਖ਼ਬਰਦਾਰ ਰਹਿਣਾ ਬਈ, ਚੌਂਕੀ ਜ਼ਾਲਮਾਂ ਦੀ ਆਈ।
ਅਮਰੀਕਾ ਵਪਾਰਕ ਪੱਖ ਤੋਂ ਭਾਰਤ ਖ਼ਿਲਾਫ਼ ਹੋਰ ਕਾਰਵਾਈ ਦੀ ਤਿਆਰੀ 'ਚ- ਇਕ ਖ਼ਬਰ
ਮੇਰੇ ਨਰਮ ਕਾਲ਼ਜੇ ਲੜ ਗਏ, ਲੱਡੂ ਖਾ ਲਏ ਤੇਰੇ ਤੇਲ ਦੇ।
ਸਿੱਖਾਂ ਦੇ ਕਾਤਲ ਪੁਲਸ ਮੁਲਾਜ਼ਮਾਂ ਨੂੰ ਮੁਆਫ਼ੀ ਦੇਣ ਦੀ ਸੁਖਬੀਰ ਬਾਦਲ ਵਲੋਂ ਨਿਖੇਧੀ- ਇਕ ਖ਼ਬਰ
ਬਈ ਖ਼ਬਰ ਐ ਕਿ ਇਹ ਮੁਆਫ਼ੀ ਦੀ ਫਾਈਲ ਤਾਂ ਅਕਾਲੀਆਂ ਵੇਲੇ ਹੀ ਤੁਰ ਪਈ ਸੀ।
ਸਿੱਖ ਬੁੱਧੀਜੀਵੀਆਂ ਵਲੋਂ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੀ ਪੜਤਾਲ ਲਈ ਬਣਾਈ ਕਮੇਟੀ ਰੱਦ- ਇਕ ਖ਼ਬਰ
ਕੰਧਾਂ ਕਾਲ਼ੀਆਂ ਸ਼ਹਿਰ ਹੜਤਾਲ ਹੋਈ, ਧੁੰਦੂਕਾਰ ਜ਼ਿਮੀਂ ਆਸਮਾਨ ਹੋਇਆ।
ਆਸਟ੍ਰੇਲੀਆ 'ਚ ਭਾਰਤੀ ਦੂਤਾਵਾਸ ਵੀ ਕਰ ਰਿਹੈ ਪਰਵਾਸੀਆਂ ਦਾ ਸ਼ੋਸ਼ਣ- ਇਕ ਖ਼ਬਰ
ਹੁਣ ਰੱਬ ਡਾਢਾ ਵੀ ਡਰਿਆ, ਠਾਣੇਦਾਰਾਂ ਤੋਂ।
ਪਾਕਿਸਤਾਨੀਆਂ ਨੂੰ ਅੱਜ ਕਲ ਸਿਰਫ਼ ਨਿਰਾਸ਼ਾਜਨਕ ਖ਼ਬਰਾਂ ਹੀ ਸੁਣਾਈ ਦੇ ਰਹੀਆਂ ਹਨ- ਪਾਕਿ ਚੀਫ਼ ਜਸਟਿਸ
ਸੀਟੀ ਵਿਚ ਆਂਦਰਾਂ ਦੇ ਵੱਜਦੀ, ਕੰਨ ਲਾ ਕੇ ਸੁਣ ਅੜੀਏ।
ਟਰੰਪ ਵਲੋਂ 2020 'ਚ ਦੁਬਾਰਾ ਰਾਸ਼ਟਰਪਤੀ ਬਣਨ ਲਈ ਚੋਣ ਮੁਹਿੰਮ ਸ਼ੁਰੂ-ਇਕ ਖ਼ਬਰ
ਰੋਟੀ ਲੈ ਕੇ ਦਿਓਰ ਦੀ ਚੱਲੀ, ਅੱਗੇ ਜੇਠ ਬੱਕਰਾ ਹਲ਼ ਵਾਹਵੇ।
ਭਾਰਤ ਵਲੋਂ ਗੱਲਬਾਤ ਲਈ ਤਿਆਰ ਹੋਣ ਸਬੰਧੀ ਪਾਕਿ ਦਾਅਵੇ ਦਾ ਖੰਡਨ- ਇਕ ਖ਼ਬਰ
ਐਵੇਂ ਈ ਰੌਲ਼ਾ ਪੈ ਗਿਆ, ਐਵੇਂ ਈ ਰੌਲ਼ਾ ਪੈ ਗਿਆ।
ਸਰਬ ਪਾਰਟੀ ਬੈਠਕ ਦਾ ਕਾਂਗਰਸ ਤੇ ਹੋਰਾਂ ਵਲੋਂ ਬਾਈਕਾਟ- ਇਕ ਖ਼ਬਰ
ਆਹ ਲੈ ਫੜ ਮਾਲ਼ਾ ਆਪਣੀ, ਸਾਥੋਂ ਭੁੱਖਿਆਂ ਤੋਂ ਭਗਤੀ ਨਾ ਹੋਵੇ।
ਪਿਛਲੀ ਭਾਜਪਾ ਸਰਕਾਰ ਵਲੋਂ ਜਾਰੀ ਦਸ ਆਰਡੀਨੈਂਸ ਨਵੇਂ ਸਿਰੇ ਤੋਂ ਸੰਸਦ ਵਿਚ ਪੇਸ਼- ਇਕ ਖ਼ਬਰ
ਜਿਥੇ ਮਰਜ਼ੀ ਨਿਸ਼ਾਨੇ ਲਾ, ਹੁਣ ਤੇਰੇ ਦਿਨ ਬੱਲੀਏ।
ਫਤਿਹਵੀਰ ਦੇ ਸ਼ਰਧਾਂਜਲੀ ਸਮਾਗਮ ਸਮੇਂ ਬੁਲਾਰਿਆਂ ਨੂੰ ਬੋਲਣ ਦਾ ਮੌਕਾ ਨਾ ਮਿਲਿਆ- ਇਕ ਖ਼ਬਰ
ਢਿੱਡ ਫੁੱਲ ਗਏ ਸਾਡੇ ਜੀ, ਹੁਣ ਕਿਵੇਂ ਅਫ਼ਾਰਾ ਉੱਤਰੂ।
ਪਿਛਲੇ ਦਿਨਾਂ ਤੋਂ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਦੇਖ ਕੇ ਹਰ ਸਿੱਖ ਚਿੰਤਿਤ- ਭਾਈ ਰਾਮ ਸਿੰਘ
ਢਾਬ ਤੇਰੀ ਦਾ ਗੰਧਲਾ ਪਾਣੀ, ਉੱਤੋਂ ਬੂਰ ਹਟਾਵਾਂ।
ਲੌਂਗੋਵਾਲ ਨੇ ਲਾਇਬ੍ਰੇਰੀ ਮਾਮਲੇ ਲਈ ਆਪਣਿਆਂ ਦੀ ਹੀ ਇਕ ਸਬ ਕਮੇਟੀ ਗਠਿਤ ਕੀਤੀ- ਇਕ ਖ਼ਬਰ
ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਣ।
ਮੋਦੀ ਕਿਵੇਂ ਦੁਗਣੀ ਕਰਨਗੇ ਕਿਸਾਨਾਂ ਦੀ ਆਮਦਨ?- ਵਿਸ਼ਵ ਵਾਪਾਰ ਸੰਗਠਨ
ਯਾਰ ਇਹ ਜੁਮਲਾ ਸੀ, ਤੁਸੀਂ ਅਜੇ ਵੀ ਜੁਮਲੇ ਨੂੰ ਚੁੱਕੀ ਫਿਰਦੇ ਓ।
ਤੁਰਲੇ ਵਾਲ਼ੀ ਪੱਗ ਬੰਨ੍ਹ ਕੇ ਮੁਹੰਮਦ ਸਦੀਕ ਪਹੁੰਚਿਆ ਪਾਰਲੀਮੈਂਟ 'ਚ- ਇਕ ਖ਼ਬਰ
ਤੂੰ ਤੇ ਆ ਗਇਓਂ ਬਸੰਤੀ ਚੀਰਾ ਬੰਨ੍ਹ ਕੇ, ਮਾਪੇ ਮੈਨੂੰ ਨਹੀਓਂ ਤੋਰਦੇ।