ਨਵੀਂ ਤਰਜ਼ ਦੀ ਸਿਆਸਤ ! - ਸਵਰਾਜਬੀਰ
ਕਈ ਦਹਾਕੇ ਪਹਿਲਾਂ ਪੰਜਾਬੀ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਨੇ ਆਪਣੇ ਕਹਾਣੀ ਸੰਗ੍ਰਹਿ 'ਨਵੇਂ ਲੋਕ' ਵਿਚ ਉਸ ਤਰ੍ਹਾਂ ਦੀਆਂ ਕਹਾਣੀਆਂ ਪੇਸ਼ ਕੀਤੀਆਂ ਸਨ ਜੋ ਉਨ੍ਹਾਂ ਸਮਿਆਂ ਦੇ ਹਿਸਾਬ ਨਾਲ ਨਵੀਂ ਤਰਜ਼ ਦੀਆਂ ਸਨ। ਇਸ ਸੰਗ੍ਰਹਿ ਦੀਆਂ ਜ਼ਿਆਦਾ ਕਹਾਣੀਆਂ ਪੰਜਾਬ ਦੇ ਸ਼ਹਿਰਾਂ ਤੇ ਕਸਬਿਆਂ ਵਿਚ ਰਹਿਣ ਵਾਲੇ ਜਾਂ ਪਿੰਡਾਂ 'ਚੋਂ ਉੱਠ ਕੇ ਸ਼ਹਿਰਾਂ ਦੇ ਵਸਨੀਕ ਬਣੇ ਲੋਕਾਂ ਬਾਰੇ ਸਨ। ਇਸ ਤੋਂ ਪਹਿਲਾਂ ਕੁਲਵੰਤ ਸਿੰਘ ਵਿਰਕ ਦੀਆਂ ਜ਼ਿਆਦਾ ਕਹਾਣੀਆਂ ਪੇਂਡੂ ਪਿਛੋਕੜ ਵਾਲੀਆਂ ਸਨ ਜਿਨ੍ਹਾਂ ਵਿਚ 'ਧਰਤੀ ਹੇਠਲਾ ਬਲ਼ਦ' ਤੇ 'ਖੱਬਲ' ਜਿਹੀਆਂ ਯਾਦਗਾਰੀ ਕਹਾਣੀਆਂ ਵੀ ਸਨ। 'ਨਵੇਂ ਲੋਕ' ਦੀਆਂ ਕਹਾਣੀਆਂ ਵਿਚ ਵਿਰਕ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਪੱਛਮ ਤੋਂ ਆਈ ਆਧੁਨਿਕਤਾ ਨੇ ਪੰਜਾਬ ਦੇ ਲੋਕਾਂ ਦੇ ਰਿਸ਼ਤਿਆਂ ਉੱਤੇ ਕੀ ਪ੍ਰਭਾਵ ਪਾਇਆ ਸੀ, ਰਿਸ਼ਤੇ ਕਿਵੇਂ ਪੇਤਲੇ ਪੈ ਰਹੇ ਹਨ, ਮਰਦ-ਔਰਤ ਦੇ ਰਿਸ਼ਤਿਆਂ ਵਿਚਲੀ ਰਵਾਇਤੀ ਵਫ਼ਾਦਾਰੀ ਕਿਵੇਂ ਤਿੜਕ ਰਹੀ ਹੈ ਅਤੇ ਕਿਵੇਂ ਥੋੜ੍ਹੇ ਦਿਨ ਚੱਲਣ ਵਾਲੇ ਰਿਸ਼ਤੇ ਪੰਜਾਬੀ ਲੋਕਾਂ ਦੇ ਮਨਾਂ ਵਿਚ ਨਵੀਂ ਥਾਂ ਬਣਾ ਰਹੇ ਹਨ। ਕੁਝ ਆਲੋਚਕਾਂ ਦਾ ਖਿਆਲ ਸੀ ਕਿ ਪੱਛਮੀ ਸਭਿਅਤਾ ਦੇ ਪ੍ਰਭਾਵ ਕਾਰਨ ਰਿਸ਼ਤਿਆਂ ਵਿਚ ਜੋ ਤਬਦੀਲੀਆਂ ਵਿਰਕ ਦੀਆਂ ਕਹਾਣੀਆਂ ਵਿਚ ਦਿਖਾਈਆਂ ਗਈਆਂ ਸਨ, ਉਹ ਹਕੀਕਤ ਦੇ ਕਾਫ਼ੀ ਨਜ਼ਦੀਕ ਸਨ ਜਦੋਂਕਿ ਕੁਝ ਹੋਰ ਆਲੋਚਕਾਂ ਦਾ ਕਹਿਣਾ ਸੀ ਕਿ ਮਨੁੱਖੀ ਰਿਸ਼ਤੇ ਹਮੇਸ਼ਾਂ ਇਹੋ ਜਿਹੇ ਹੀ ਰਹੇ ਸਨ : ਪੇਤਲੇ, ਤਿਲਕਵੇਂ, ਆਪਣਾ ਸੁਭਾਅ ਬਦਲਣ ਵਾਲੇ ਤੇ ਪਰਦਿਆਂ ਅਤੇ ਓਹਲਿਆਂ ਵਿਚ ਕਈ ਕੁਝ ਸਮੋਅ ਲੈਣ ਵਾਲੇ।
ਇਹ ਲਿਖਤ ਆਮ ਲੋਕਾਂ ਬਾਰੇ ਨਹੀਂ, ਸਿਆਸਤ ਵਿਚ ਆ ਰਹੇ ਇਕ ਨਵੇਂ ਰੁਝਾਨ ਬਾਰੇ ਹੈ। ਸੋਚਣ ਵਾਲੀ ਗੱਲ ਹੈ ਕਿ ਉਸ ਰੁਝਾਨ ਵਿਚ ਹਿੱਸਾ ਲੈ ਰਹੇ ਸਿਆਸਤਦਾਨ ਨਵੀਂ ਤਰ੍ਹਾਂ ਦੇ ਹਨ ਜਾਂ ਉਹ ਪੁਰਾਣੇ ਸਿਆਸੀ ਲੋਕ ਹਨ ਜੋ ਨਵੀਂ ਤਰਜ਼ ਦੀ ਸਿਆਸਤ ਦਾ ਸ਼ਿਕਾਰ ਹੋ ਰਹੇ ਹਨ।
ਪਿਛਲੇ ਚਾਰ ਪੰਜ ਵਰ੍ਹਿਆਂ ਵਿਚ ਸਿਆਸਤ ਵਿਚ ਕੁਝ ਨਵੇਂ ਰੰਗ ਬਿਖੇਰੇ ਹਨ। ਤੇਲਗੂ ਦੇਸਮ ਪਾਰਟੀ (ਟੀਡੀਪੀ) ਦੇ ਰਾਜ ਸਭਾ ਦੇ ਚਾਰ ਮੈਂਬਰਾਂ ਨੇ ਰਾਜ ਸਭਾ ਦੇ ਚੇਅਰਮੈਨ ਨੂੰ ਦਰਖ਼ਾਸਤ ਦਿੱਤੀ ਕਿ ਉਨ੍ਹਾਂ ਦੀ ਪਾਰਟੀ ਨੂੰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਕਰ ਲਿਆ ਜਾਵੇ। ਰਾਜ ਸਭਾ ਵਿਚ ਤੇਲਗੂ ਦੇਸਮ ਪਾਰਟੀ ਦੇ 6 ਮੈਂਬਰ ਸਨ ਅਤੇ ਇਸ ਤਰ੍ਹਾਂ ਚਾਰ ਮੈਂਬਰ, ਦੋ ਤਿਹਾਈ ਹਿੱਸਾ ਬਣਦੇ ਹਨ। ਇਸ ਫ਼ੈਸਲੇ ਕਾਰਨ ਉਨ੍ਹਾਂ 'ਤੇ ਦਲ-ਬਦਲ ਵਿਰੋਧੀ ਕਾਨੂੰਨ ਅਨੁਸਾਰ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ ਕਿਉਂਕਿ ਜੇਕਰ ਕਿਸੇ ਸਦਨ ਵਿਚਲੇ ਦੋ ਤਿਹਾਈ ਮੈਂਬਰ ਕਿਸੇ ਨਵੀਂ ਪਾਰਟੀ ਵਿਚ ਜਾਣ ਦਾ ਫ਼ੈਸਲਾ ਕਰਦੇ ਹਨ ਤਾਂ ਉਸ ਨੂੰ ਦਲ ਬਦਲਣਾ ਨਹੀਂ ਮੰਨਿਆ ਜਾਂਦਾ। ਰਾਜ ਸਭਾ ਦੇ ਚੇਅਰਮੈਨ (ਉਪ-ਰਾਸ਼ਟਰਪਤੀ) ਨੇ ਟੀਡੀਪੀ ਦੇ ਸਾਂਸਦਾਂ ਦੀ ਇਹ ਬੇਨਤੀ ਸਵੀਕਾਰ ਕਰ ਲਈ ਹੈ। ਕੁਝ ਦਿਨ ਪਹਿਲਾਂ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਕਈ ਐੱਮਐੱਲਏ ਭਾਜਪਾ ਵਿਚ ਸ਼ਾਮਿਲ ਹੋ ਗਏ। 28 ਮਈ ਨੂੰ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦਾ ਐੱਮਐੱਲਏ ਵੀ ਭਾਜਪਾ ਵਿਚ ਸ਼ਾਮਿਲ ਹੋ ਗਿਆ ਸੀ। 2017 ਵਿਚ ਤ੍ਰਿਣਮੂਲ ਕਾਂਗਰਸ ਦਾ ਨੇਤਾ ਮੁਕੁਲ ਰਾਏ ਪੱਛਮੀ ਬੰਗਾਲ ਵਿਚ ਉਨ੍ਹਾਂ ਪਹਿਲੇ ਸਿਆਸਤਦਾਨਾਂ ਵਿਚੋਂ ਸੀ ਜਿਨ੍ਹਾਂ ਨੇ ਟੀਐੱਮਸੀ ਨੂੰ ਛੱਡ ਕੇ ਭਗਵਾ ਪਾਰਟੀ ਵੱਲ ਰੁਖ਼ ਕੀਤਾ ਸੀ। 2015 ਵਿਚ ਆਸਾਮ ਦੇ ਹੇਮੰਤ ਬਿਸਵਾ ਸਰਮਾ ਨੇ ਕਾਂਗਰਸ ਛੱਡ ਕੇ ਭਾਜਪਾ ਦਾ ਲੜ ਫੜ ਲਿਆ। ਇਸ ਤਰ੍ਹਾਂ ਦੀਆਂ ਹੋਰ ਉਦਾਹਰਣਾਂ ਵੀ ਦਿੱਤੀਆਂ ਜਾ ਸਕਦੀਆਂ ਹਨ।
ਕੀ ਇਨ੍ਹਾਂ ਲੋਕਾਂ ਦਾ ਮਨ ਤੇ ਸੋਚ ਇਕਦਮ ਬਦਲ ਗਏ? ਕੀ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਅਚਨਚੇਤ ਚੰਗੀ ਲੱਗਣ ਲੱਗ ਪਈ ਹੈ? ਜਾਂ ਭਾਜਪਾ ਦੇ ਤਾਕਤ ਵਿਚ ਆਉਣ ਨਾਲ ਉਨ੍ਹਾਂ ਨੂੰ ਉਸ ਅਨਮੋਲ ਵਿਰਸੇ ਦੀ ਯਾਦ ਆ ਗਈ ਜੋ ਉਨ੍ਹਾਂ ਦੇ ਚੇਤਿਆਂ 'ਚੋਂ 'ਵਿਸਰ' ਚੁੱਕਾ ਸੀ? ਜਾਂ ਉਨ੍ਹਾਂ ਨੂੰ ਉਸ 'ਸੁਨਹਿਰੇ ਭਵਿੱਖ' ਜਿਸਦੇ ਵਾਅਦੇ ਭਾਜਪਾ ਕਰ ਰਹੀ ਹੈ, ਵਿਚ ਪੂਰਨ ਵਿਸ਼ਵਾਸ ਹੋ ਗਿਆ ਹੈ? ਜਾਂ ਫਿਰ ਇਹ ਸੱਤਾ ਦਾ ਉਹ ਵਰਤਾਰਾ ਹੈ ਜੋ ਓਦੋਂ ਹੋਂਦ ਵਿਚ ਆਉਂਦਾ ਹੈ ਜਦ ਕੋਈ ਸੱਤਾਧਾਰੀ ਪਾਰਟੀ ਬਹੁਤ ਜ਼ਿਆਦਾ ਸ਼ਕਤੀ ਹਾਸਿਲ ਕਰ ਲੈਂਦੀ ਹੈ? ਕੀ ਇਹ ਸਭ ਕੁਝ ਨਵਾਂ ਹੈ ਜਾਂ ਇਸ ਵਿਚ ਕੁਝ ਪੁਰਾਣਾ ਵੀ ਹੈ?
ਇਸ ਨਵੀਂ ਤਰ੍ਹਾਂ ਦਾ ਵਰਤਾਰਾ ਦਿਖਾ ਰਹੇ ਲੋਕਾਂ ਦੇ ਪਿਛੋਕੜ ਵਿਚ ਝਾਤ ਮਾਰਨੀ ਬਣਦੀ ਹੈ। ਭਾਜਪਾ ਵਿਚ ਆਉਣ ਤੋਂ ਪਹਿਲਾਂ ਹੇਮੰਤ ਬਿਸਵਾ ਸਰਮਾ ਉੱਤੇ ਸ਼ਾਰਦਾ ਚਿੱਟਫੰਡ ਘੁਟਾਲੇ ਵਿਚ ਕਈ ਦੋਸ਼ ਲੱਗੇ ਸਨ ਅਤੇ ਸੀਬੀਆਈ ਨੇ ਉਸ ਤੋਂ ਪੁੱਛਗਿੱਛ ਵੀ ਕੀਤੀ ਸੀ। ਭਾਰਤੀ ਜਨਤਾ ਪਾਰਟੀ ਨੇ 21 ਜੁਲਾਈ 2015 ਨੂੰ ਇਕ ਕਿਤਾਬਚਾ 'ਗੋਆ ਤੇ ਗੁਹਾਟੀ ਵਿਚ ਪਾਣੀ ਦੀ ਸਪਲਾਈ ਘੋਟਾਲਾ 2010' (ਵਾਟਰ ਸਪਲਾਈ ਸਕੈਮ 2010 ਇਨ ਗੋਆ ਐਂਡ ਗੁਹਾਟੀ) ਜਾਰੀ ਕੀਤਾ ਸੀ ਜਿਸ ਵਿਚ ਇਹ ਦੋਸ਼ ਲਾਇਆ ਗਿਆ ਸੀ ਕਿ ਗੁਹਾਟੀ ਦੇ ਪਾਣੀ ਸਪਲਾਈ ਦੇ ਘੁਟਾਲੇ ਵਿਚ ਸਰਮਾ ਮੁੱਖ ਪਾਤਰ ਸੀ। ਭਾਜਪਾ ਵਿਚ ਸ਼ਾਮਿਲ ਹੋਣ ਤੋਂ ਬਾਅਦ ਸਰਮਾ ਉੱਤਰ ਪੂਰਬੀ ਰਾਜਾਂ ਵਿਚ ਭਾਜਪਾ ਦਾ ਮੁੱਖ ਨੇਤਾ ਬਣ ਕੇ ਉੱਭਰਿਆ। 2016 ਵਿਚ ਭਾਜਪਾ ਦੀ ਆਸਾਮ ਵਿਧਾਨ ਸਭਾ ਵਿਚ ਜਿੱਤ ਤੋਂ ਬਾਅਦ ਉਹ ਮੰਤਰੀ ਵੀ ਬਣਿਆ ਤੇ ਉਸ ਨੂੰ ਓਹੀ ਵਿਭਾਗ ਦਿੱਤਾ ਗਿਆ ਜਿਸ ਵਿਚ ਉਸ ਉੱਤੇ ਘੁਟਾਲੇ ਕਰਨ ਦੇ ਦੋਸ਼ ਲਾਏ ਗਏ ਸਨ। ਉਸ ਤੋਂ ਹੁਣ ਕੁਝ ਪੁੱਛਗਿੱਛ ਨਹੀਂ ਹੋ ਰਹੀ ਤੇ ਉਸ ਨੂੰ ਇਕ ਗੁਣੀ ਸਿਆਸਤਦਾਨ ਵਜੋਂ ਪੇਸ਼ ਕੀਤਾ ਜਾਂਦਾ ਹੈ।
ਪੱਛਮੀ ਬੰਗਾਲ ਵਿਚ ਮੁਕੁਲ ਰਾਏ ਤ੍ਰਿਣਮੂਲ ਕਾਂਗਰਸ ਦਾ ਮੁੱਖ ਆਗੂ ਸੀ। ਉਸ ਉੱਤੇ ਸ਼ਾਰਦਾ ਚਿੱਟਫੰਡ ਘੁਟਾਲੇ ਦੇ ਦੋਸ਼ ਲੱਗੇ ਸਨ। ਇਸੇ ਤਰ੍ਹਾਂ ਤਹਿਲਕਾ ਮੈਗਜ਼ੀਨ ਵੱਲੋਂ ਕਰਾਏ ਗਏ ਸਟਿੰਗ ਅਪਰੇਸ਼ਨ ਜਿਸ ਨੂੰ 'ਨਾਰਦਾ ਸਟਿੰਗ ਘੁਟਾਲਾ' ਵੀ ਕਿਹਾ ਜਾਂਦਾ ਹੈ, ਵਿਚ ਉਸ ਦਾ ਨਾਂ ਕਾਫ਼ੀ ਉਛਲਿਆ ਸੀ। ਉਸ ਸਟਿੰਗ ਅਪਰੇਸ਼ਨ ਵਿਚ ਕਈ ਸਿਆਸਤਦਾਨਾਂ 'ਤੇ ਰਿਸ਼ਵਤ ਲੈਣ ਦੇ ਦੋਸ਼ ਲੱਗੇ ਸਨ। ਜਦੋਂ ਤੋਂ ਉਹ ਭਾਜਪਾ ਵਿਚ ਸ਼ਾਮਿਲ ਹੋਇਆ ਹੈ, ਨਾ ਤਾਂ ਉਸ ਤੋਂ ਕੋਈ ਪੁੱਛਗਿੱਛ ਕੀਤੀ ਗਈ ਹੈ ਅਤੇ ਨਾ ਹੀ ਉਸ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਤੇਲਗੂ ਦੇਸਮ ਪਾਰਟੀ ਦੇ ਜਿਹੜੇ ਚਾਰ ਰਾਜ ਸਭਾ ਮੈਂਬਰ ਭਾਜਪਾ ਵਿਚ ਸ਼ਾਮਿਲ ਹੋਏ ਹਨ, ਉਨ੍ਹਾਂ ਵਿਚੋਂ ਵਾਈਐੱਸ ਚੌਧਰੀ ਤੇ ਸੀਐੱਮ ਰਮੇਸ਼ ਉੱਤੇ ਪਿਛਲੇ ਦਿਨੀਂ ਇਨਕਮ ਟੈਕਸ ਵਿਭਾਗ, ਸੀਬੀਆਈ ਅਤੇ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਕਈ ਵਾਰ ਛਾਪੇ ਮਾਰੇ। ਵਾਈਐੱਸ ਚੌਧਰੀ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਸਰਕਾਰ ਵਿਚ ਅਪਰੈਲ 2018 ਤਕ ਮੰਤਰੀ ਵਜੋਂ ਵੀ ਸ਼ਾਮਿਲ ਸੀ।
ਉੱਪਰ ਦਿੱਤੀਆਂ ਗਈਆਂ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਤਾਕਤ ਦੇ ਸਮੀਕਰਨ ਨਵੀਂ ਤਰ੍ਹਾਂ ਦੀ ਸਿਆਸਤ ਨੂੰ ਜਨਮ ਦੇ ਰਹੇ ਹਨ। ਭਾਜਪਾ ਆਪਣੇ ਆਪ ਨੂੰ ਵੱਖਰੀ ਤਰ੍ਹਾਂ ਦੀ ਅਤੇ ਨੈਤਿਕ ਮੁੱਲਾਂ ਵਾਲੀ ਪਾਰਟੀ ਕਹਾਉਂਦੀ ਰਹੀ ਹੈ, ਪਰ ਹਕੀਕਤ ਵਿਚ ਉਸ ਨੇ ਉਸ ਹਰ ਸ਼ਕਤੀਸ਼ਾਲੀ ਸਿਆਸਤਦਾਨ ਨੂੰ ਗਲੇ ਲਗਾਇਆ ਹੈ ਜਿਹੜਾ ਪਾਰਟੀ ਦੇ ਹਿੱਤਾਂ ਵਿਚ ਭੁਗਤ ਸਕਦਾ ਹੋਵੇ। ਇਸ ਤੋਂ ਬਾਅਦ ਉਹਦੇ ਉੱਤੇ ਲਗਾਏ ਗਏ ਭ੍ਰਿਸ਼ਟਾਚਾਰ ਦੇ ਦੋਸ਼ ਧੋਤੇ ਜਾਂਦੇ ਹਨ ਅਤੇ ਉਸ ਨੂੰ ਨਵੀਂ ਰਾਸ਼ਟਰਵਾਦੀ ਦਿੱਖ ਮਿਲ ਜਾਂਦੀ ਹੈ।
ਏਥੇ ਇਹ ਸਵਾਲ ਕੀਤਾ ਜਾ ਸਕਦਾ ਹੈ ਕਿ ਕੀ ਇਸ ਤਰ੍ਹਾਂ ਦਾ ਵਰਤਾਰਾ ਕਦੇ ਪਹਿਲਾਂ ਵੀ ਹੋਇਆ ਸੀ ਜਾਂ ਨਹੀਂ? ਦਲੀਲ ਦਿੱਤੀ ਜਾ ਸਕਦੀ ਹੈ ਇੰਦਰਾ ਗਾਂਧੀ ਦੇ ਸਮਿਆਂ ਵਿਚ ਵੀ ਇਹੋ ਜਿਹਾ ਵਰਤਾਰਾ ਦੇਖਿਆ ਗਿਆ। ਵਿਰੋਧੀਆਂ ਨੂੰ ਆਪਣੇ ਨਾਲ ਮਿਲਾਉਣ ਤੇ ਦਬਾਉਣ ਦੇ ਯਤਨ ਕੀਤੇ ਗਏ। ਨਿਆਂਪਾਲਿਕਾ 'ਤੇ ਦਬਾਅ ਪਾਇਆ ਗਿਆ। ਪਰ ਇਸ ਤਰ੍ਹਾਂ ਦਾ ਵਰਤਾਰਾ ਕਦੇ ਏਨੇ ਵੱਡੇ ਪੱਧਰ 'ਤੇ ਨਹੀਂ ਵਾਪਰਿਆ। ਉਨ੍ਹਾਂ ਵੇਲਿਆਂ ਵਿਚ ਵਿਰੋਧੀ ਪਾਰਟੀਆਂ ਨੇ ਆਪਣੇ ਆਪ ਵਿਚ ਯਕੀਨ ਨੂੰ ਕਾਇਮ ਰੱਖਿਆ ਅਤੇ ਤਾਨਾਸ਼ਾਹੀ ਰੁਚੀਆਂ ਵਿਰੁੱਧ ਸੰਘਰਸ਼ ਕੀਤਾ। ਹੁਣ ਵਾਲੇ ਨਵੇਂ ਵਰਤਾਰੇ ਵਿਚੋਂ ਸੰਘਰਸ਼ ਖਾਰਿਜ ਹੋ ਗਿਆ ਹੈ। ਇਹ ਸ਼ਾਇਦ ਇਸ ਲਈ ਵੀ ਹੈ ਕਿ ਰਿਸ਼ਵਤਖ਼ੋਰੀ ਤੇ ਭ੍ਰਿਸ਼ਟਾਚਾਰ ਸਿਆਸੀ ਜਮਾਤ ਵਿਚ ਏਨੀ ਵੱਡੀ ਪੱਧਰ 'ਤੇ ਫੈਲ ਚੁੱਕੇ ਹਨ ਕਿ ਬਹੁਤ ਘੱਟ ਸਿਆਸਤਦਾਨਾਂ ਨੂੰ ਇਮਾਨਦਾਰ ਲੋਕਾਂ ਦੀਆਂ ਸਫ਼ਾਂ ਵਿਚ ਰੱਖਿਆ ਜਾ ਸਕਦਾ ਹੈ। ਚੋਣਾਂ ਦੌਰਾਨ ਹਰ ਹਲਕੇ ਵਿਚ ਕਰੋੜਾਂ ਰੁਪਏ ਖ਼ਰਚ ਹੁੰਦੇ ਹਨ ਤੇ ਉਸ ਖ਼ਰਚੇ ਨੂੰ ਕਈ ਢੰਗ-ਤਰੀਕਿਆਂ ਨਾਲ ਲੁਕੋਇਆ ਜਾਂਦਾ ਹੈ। ਇਹ ਧਨ, ਰਿਸ਼ਵਤਖੋਰੀ ਜਾਂ ਵਪਾਰਕ, ਵਿੱਤੀ ਅਤੇ ਸਨਅਤੀ ਘੁਟਾਲਿਆਂ ਵਿਚੋਂ ਹੀ ਪੈਦਾ ਹੁੰਦਾ ਹੈ।
ਰਿਸ਼ਵਤਖ਼ੋਰੀ, ਪਰਿਵਾਰਵਾਦ, ਅਸਾਵੇਂ ਆਰਥਿਕ ਵਿਕਾਸ ਤੇ ਆਪੋਧਾਪੀ ਨੇ ਸਮਾਜ ਨੂੰ ਖੋਖ਼ਲੇ ਕਰ ਦਿੱਤਾ ਹੈ। ਲੋਕ ਭਾਜਪਾ ਵੱਲੋਂ ਵੰਡੇ ਜਾ ਰਹੇ ਅੰਧ-ਰਾਸ਼ਟਰਵਾਦ ਦੇ ਸ਼ਰਬਤ ਨੂੰ ਸਭ ਬਿਮਾਰੀਆਂ ਦੀ ਦਵਾ ਸਮਝ ਕੇ ਪੀ ਰਹੇ ਹਨ। ਜਿੰਮਬਾਬਵੇ ਦੇ 1980ਵਿਆਂ ਦੇ ਸਿਆਸੀ ਤੇ ਸਮਾਜਿਕ ਵਾਤਾਵਰਨ ਨੂੰ ਓਥੋਂ ਦੇ ਲੇਖਕ ਦੈਮਬਦਜੋ ਮੈਰਸ਼ਰਾ (DambudRo Marechera) ਨੇ ਏਦਾਂ ਚਿਤਰਿਆ ਸੀ, ''ਤੇ ਅਸੀਂ ਸਾਰੇ ਓਥੇ ਸਾਂ, ਅਨਿਸ਼ਚਤਾ ਨਾਲ ਭਰੇ ਦੇਸ਼ ਵਿਚ, ਖ਼ੁਦ ਵੀ ਅਨਿਸ਼ਚਤਾ ਵਿਚ ਫਸੇ ਹੋਏ, ਸਾਡੀ ਧਰਤੀ ਦਾ ਦਿਲ ਦੰਭਪੁਣੇ ਦਾ ਸ਼ਿਕਾਰ ਹੋ ਚੁੱਕਾ ਸੀ ਅਤੇ ਅਸੀਂ ਖ਼ੁਦ ਵੀ ਫ਼ਰੇਬ ਦੇ ਜਾਲ ਵਿਚ ਫਸਣ ਨੂੰ ਤਿਆਰ ਸਾਂ। ਦੇਸ਼ ਦਾ ਮਾਨਸਿਕ ਵਾਤਾਵਰਣ (ਆਲਾ ਦੁਆਲਾ) ਨੈਤਿਕ ਤੌਰ 'ਤੇ ਖੀਣ ਤੇ ਕਮਜ਼ੋਰ ਹੋ ਗਿਆ ਸੀ ਅਤੇ ਅਸੀਂ ਆਪ ਵੀ ਘਟੀਆ ਧਾਤਾਂ ਵਰਗੇ ਸਾਂ, ਇਨ੍ਹਾਂ ਤੇਜ਼ਾਬਾਂ (ਆਲੇ ਦੁਆਲੇ ਦੇ ਅਨੈਤਿਕ ਵਰਤਾਰੇ) 'ਚ ਖੋਰੇ ਜਾਣ ਲਈ ਤਿਆਰ।'' ਸਾਡਾ ਸਮਾਜਿਕ ਮਾਹੌਲ ਵੀ ਕੁਝ ਅਜਿਹਾ ਹੀ ਹੈ। ਵੱਡੀ ਸਰਮਾਏਦਾਰੀ ਤੇ ਰਿਸ਼ਵਤਖ਼ੋਰ ਸਿਆਸੀ ਜਮਾਤ ਦਾ ਗੱਠਜੋੜ ਅਤੇ ਅੰਧ-ਰਾਸ਼ਟਰਵਾਦ ਦੀ ਵਿਚਾਰਧਾਰਾ ਲੋਕਾਂ ਨੂੰ ਨਿਤਾਣੇ ਤੇ ਬੌਣੇ ਬਣਾ ਰਹੇ ਹਨ।
ਸਿਆਸੀ ਜਮਾਤ ਦਾ ਵੱਡਾ ਹਿੱਸਾ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੋਣ ਕਾਰਨ ਕੋਈ ਵੀ ਸ਼ਕਤੀਸ਼ਾਲੀ ਸਰਕਾਰ ਵਿਰੋਧੀ ਧਿਰ ਦੇ ਸਿਆਸਤਦਾਨਾਂ ਵਿਚੋਂ ਬਹੁਤਿਆਂ ਨੂੰ ਆਪਣੇ ਨਾਲ ਰਲਣ ਲਈ ਮਜਬੂਰ ਕਰ ਸਕਦੀ ਹੈ। ਇਸ ਤਰ੍ਹਾਂ ਇਹ ਨਵੀਂ ਤਰ੍ਹਾਂ ਦੀ ਸਿਆਸਤ ਹੈ। ਇਸ ਸਾਰੇ ਮਾਹੌਲ ਵਿਚ ਆਵਾਮ ਦੀ ਗੱਲ ਮਨਫ਼ੀ ਹੋ ਗਈ ਹੈ। ਲੋਕਾਂ ਦੇ ਹਿੱਤਾਂ ਲਈ ਲੜੇ ਜਾ ਰਹੇ ਘੋਲ ਛੋਟੀ ਪੱਧਰ ਦੇ ਘੋਲ ਬਣ ਕੇ ਰਹਿ ਜਾਂਦੇ ਹਨ। ਇਸ ਵਰਤਾਰੇ ਵਿਰੁੱਧ ਸੰਘਰਸ਼ ਕਰਨ ਲਈ ਵਿਸ਼ਾਲ ਜਮਹੂਰੀ ਏਕੇ ਦੀ ਜ਼ਰੂਰਤ ਹੈ ਜਿਸਦੀ ਸੰਭਾਵਨਾ ਅਜੇ ਦਿਖਾਈ ਨਹੀਂ ਦਿੰਦੀ।
24 June 2019