ਪਛਤਾਵੇ 'ਚ ਭਾਵਨਾਵਾਂ ਦਾ ਵਹਿਣ ਦਲੀਲਾਂ ਨਹੀਂ - ਸ਼ਾਮ ਸਿੰਘ ਅੰਗ-ਸੰਗ

ਅਸਫ਼ਲ ਰਹਿਣ ਬਾਅਦ ਮਾਯੂਸੀ ਹੋਣੀ ਸੁਭਾਵਕ ਹੈ, ਜਿਸ ਕਾਰਨ ਪਛਤਾਵਾ ਹੋਣ ਲੱਗ ਪੈਂਦਾ ਹੈ ਅਤੇ ਦਿਲ ਟਿਕਦਾ ਨਹੀਂ। ਜਿੱਤ ਵੱਲ ਜਾਣ ਵਾਲੀਆਂ ਭਾਵਨਾਵਾਂ ਜਦ ਹਾਰ ਦਾ ਸਾਹਮਣਾ ਕਰਦੀਆਂ ਹਨ ਤਾਂ ਦਲੀਲ ਵੱਲ ਜਾਣ ਨੂੰ ਚਿੱਤ ਹੀ ਨਹੀਂ ਕਰਦਾ। ਭਾਵਨਾਵਾਂ ਦੇ ਵਹਿਣ ਕਾਰਨ ਹੀ ਪਛਤਾਵਾ ਹੁੰਦਾ ਹੈ ਕਿਉਂਕਿ ਹਕੀਕਤ ਦਾ ਸਾਹਮਣਾ ਕਰਨ ਲਈ ਕੋਈ ਵੀ ਤਿਆਰ ਨਹੀਂ ਹੁੰਦਾ। ਚੰਗਾ ਹੋਵੇ ਜੇ ਨੇਤਾਗਣ ਸੁਫ਼ਨਿਆਂ ਅਤੇ ਇਛਾਵਾਂ ਤੋਂ ਬਾਹਰ ਆ ਕੇ ਅਸਲੀਅਤ ਦਾ ਟਾਕਰਾ ਕਰਨ ਲਈ ਤਿਆਰ ਹੋਣ।
       ਭਾਰਤ ਵਿੱਚ ਆਮ ਚੋਣਾਂ ਹੋ ਗਈਆਂ ਅਤੇ ਜਿੱਤੀਆਂ ਹੋਈਆਂ ਪਾਰਟੀਆਂ ਦੀ ਸਰਕਾਰ ਵੀ ਬਣ ਗਈ। ਸਰਕਾਰ ਵਾਲੇ ਤਾਂ ਖੁਸ਼ ਵੀ ਹਨ, ਸੰਤੁਸ਼ਟ ਵੀ, ਪਰ ਵਿਰੋਧੀ ਧਿਰ ਦੀਆਂ ਪਾਰਟੀਆਂ ਵਿੱਚ ਕਾਟੋ ਕਲੇਸ਼ ਹੈ, ਜੋ ਇੱਕ-ਦੂਜੀ 'ਤੇ ਦੋਸ਼ ਵੀ ਲਾ ਰਹੀਆਂ ਹਨ ਅਤੇ ਕੋਸ ਵੀ ਰਹੀਆਂ ਹਨ। ਆਪਣਾ ਦੋਸ਼ ਮੰਨਣ ਲਈ ਕੋਈ ਤਿਆਰ ਨਹੀਂ, ਜਿਸ ਕਰਕੇ ਹਕੀਕਤ ਦੇ ਦਰਸ਼ਨ ਕਿਸੇ ਨੂੰ ਵੀ ਨਹੀਂ ਹੋਣ ਲੱਗੇ।
       ਦੇਸ਼ ਦੇ ਲੀਰੋ-ਲੀਰ ਹੋਏ ਲੋਕਾਂ ਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਉਹ ਸਿਆਸੀ ਪਾਰਟੀਆਂ ਦੇ ਜੰਗਲ ਵਿੱਚੋਂ ਕਿਸ ਵਿੱਚ ਜਾਣ। ਇਹ ਪਾਰਟੀਆਂ ਵੀ ਏਨੀਆਂ ਕਿ ਪਤਾ ਹੀ ਨਹੀਂ ਲੱਗਦਾ, ਜਿਨ੍ਹਾਂ ਦਾ ਸ਼ੋਰ ਤਾਂ ਬਹੁਤ ਹੈ, ਪਰ ਹਕੀਕਤ ਬਹੁਤ ਹੀ ਘੱਟ। ਸਿਆਸੀ ਪਾਰਟੀਆਂ ਵੱਲੋਂ ਚੋਣ ਲੜਨ ਵਾਸਤੇ ਉਮੀਦਵਾਰ ਐਲਾਨੇ ਜਾ ਰਹੇ ਸਨ ਤਾਂ ਹਰੇਕ ਛੋਟਾ-ਵੱਡਾ ਨੇਤਾ ਆਪੋ ਆਪਣਾ ਹੱਕ ਜਤਾਉਣ ਲੱਗ ਪਿਆ। ਟਿਕਟ ਤਾਂ ਇੱਕ ਨੂੰ ਮਿਲਣਾ ਸੀ, ਪਰ ਬਾਕੀ ਦੇ ਰੌਲਾ ਪਾਉਣ ਲੱਗ ਪਏ। ਉਨ੍ਹਾਂ ਤਾਕਤ ਲਾ ਕੇ ਉਸ ਦਾ ਵਿਰੋਧ ਕੀਤਾ ਅਤੇ ਆਪਣੀ ਹੀ ਪਾਰਟੀ ਦੀ ਹਾਰ ਕਰਾ ਦਿੱਤੀ।
       ਭਾਜਪਾ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸਾਫ਼ ਸਪੱਸ਼ਟ ਇੱਕ ਉਮੀਦਵਾਰ ਐਲਾਨ ਦਿੱਤਾ ਗਿਆ, ਜਿਸ ਅੱਗੇ ਪਾਰਟੀ ਦੇ ਇੱਕ ਵੀ ਨੇਤਾ ਨੇ ਵਿਰੋਧ ਕਰਨ ਦਾ ਹੌਸਲਾ ਤੱਕ ਨਾ ਕੀਤਾ। ਓਧਰ ਵਿਰੋਧੀ ਧਿਰ 'ਚ ਸ਼ਾਮਲ ਰਾਜਸੀ ਪਾਰਟੀਆਂ ਦਾ ਹਰ ਮੁੱਖ ਮੰਤਰੀ ਅਤੇ ਵੱਡੇ ਨੇਤਾ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰੀ ਦਾ ਹਾਰ ਗਲ ਵਿੱਚ ਪਾ ਕੇ ਫਿਰਨ ਲੱਗੇ, ਜੋ ਲੋਕਾਂ ਦੇ ਗਲੇ ਤੱਕ ਨਾ ਉੱਤਰੇ।
      ਹੁਣ ਹੋਈ ਹਾਰ ਬਾਅਦ ਇੱਕ-ਦੂਜੇ ਨੂੰ ਕੋਸਣ ਦਾ ਸਿਲਸਿਲਾ ਜਾਰੀ ਹੈ ਪਰ ਕੋਈ ਵੀ ਅਸਲੀਅਤ ਦਾ ਵਿਸ਼ਲੇਸ਼ਣ ਕਰਨ ਵਾਸਤੇ ਤਿਆਰ ਨਹੀਂ। ਭਾਵਨਾਵਾਂ ਦੇ ਵਹਿਣ ਵਿੱਚ ਦੱਬੀ ਜ਼ੁਬਾਨ ਨਾਲ ਵੋਟਿੰਗ ਮਸ਼ੀਨਾਂ ਦੀ ਬਣੀ ਸਰਕਾਰ ਤਾਂ ਕਹੀ ਜਾਂਦੇ ਹਨ ਵਿਰੋਧੀ ਦਲ, ਪਰ ਇਸ ਲਈ ਕੋਈ ਸੰਘਰਸ਼ ਕਰਨ ਲਈ ਤਿਆਰ ਨਹੀਂ ਹੁੰਦਾ। ਦਲੀਲ ਦੇ ਰਾਹ ਤੁਰਨ ਲਈ ਕੋਈ ਨਹੀਂ ਦਿਸਦਾ। ਜੇ ਕਿਤੇ ਵਿਰੋਧੀ ਦਲ ਚੋਣਾਂ ਤੋਂ ਪਹਿਲਾਂ ਏਕਾ ਕਰ ਲੈਂਦੇ ਤਾਂ ਅੱਜ ਤਸਵੀਰ ਹੋਰ ਹੀ ਹੁੰਦੀ।
       ਹਾਂ, ਜੇ ਹਾਰੇ ਹੋਏ ਉਮੀਦਵਾਰ ਨਤੀਜੇ ਨੂੰ ਸਵੀਕਾਰ ਨਾ ਕਰਦੇ ਤਾਂ ਪਛਤਾਵੇ ਤੋਂ ਬਚਣ ਲਈ ਅਦਾਲਤਾਂ ਦਾ ਬੂਹਾ ਖੜਕਾਉਂਦੇ ਤਾਂ ਗੱਲ ਦਲੀਲਬਾਜ਼ੀ ਦੀ ਹੁੰਦੀ। ਮੌਕੇ ਦੇ ਹਾਕਮਾਂ ਨੇ ਜਦ ਸਾਰਾ ਮਾਹੌਲ ਆਪਣੇ ਹੱਕ ਵਿੱਚ ਤਿਆਰ ਕਰ ਲਿਆ, ਫੇਰ ਓਹੀ ਹੋਣਾ ਸੀ, ਜੋ ਉਹ ਚਾਹੁੰਦੇ। ਸਾਰਾ ਕੁਝ ਉਹ ਹੋ ਵੀ ਗਿਆ। ਸਾਰਾ ਮੀਡੀਆ ਇੱਕ ਹੀ ਬੋਲੀ ਬੋਲਣ ਲੱਗ ਪਿਆ। ਬਰਸਾਤੀ ਮੌਸਮ ਦੇ ਡੱਡੂਆਂ ਦੀ ਗੜੈਂ-ਗੜੈਂ ਹੋਣ ਲੱਗ ਪਈ।
       ਦੇਸ਼ ਭਰ 'ਚ ਧਰਮ, ਜਾਤੀਵਾਦ, ਉੱਪ ਜਾਤੀਵਾਦ ਅਤੇ ਫਿਰਕਾਪ੍ਰਸਤੀ ਦੇ ਜਾਲ ਨੇ ਲੋਕਤੰਤਰ ਨੂੰ ਆਪਣੇ ਜਾਲ ਵਿੱਚ ਏਨੀ ਬੁਰੀ ਤਰ੍ਹਾਂ ਜਕੜਿਆ ਹੋਇਆ ਹੈ ਕਿ ਲੋਕ ਇਸ ਜੰਜਾਲ ਤੋਂ ਬਾਹਰ ਨਹੀਂ ਨਿਕਲ ਰਹੇ। ਉਹ ਕਿਸੇ ਨਾ ਕਿਸੇ ਤਰ੍ਹਾਂ ਦੇ ਭਾਵੁਕ ਵਹਿਣ ਵਿੱਚ ਹੀ ਵਹਿੰਦੇ ਰਹਿੰਦੇ ਹਨ ਦਲੀਲ ਦੇ ਨੇੜੇ ਨਹੀਂ ਜਾਂਦੇ, ਪਰ ਕੇਵਲ ਭਾਵਨਾਵਾਂ ਦੇ ਵਹਿਣ ਨਾਲ ਗੱਲ ਨਹੀਂ ਬਣਦੀ, ਇੱਕ ਨਾ ਇੱਕ ਦਿਨ ਦਲੀਲ ਦਾ ਰਾਹ ਅਪਣਾਉਣਾ ਹੀ ਪਵੇਗਾ।
        ਭਾਰਤ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੂੰ ਇਕਮੁੱਠ ਹੋ ਕੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਦੇ ਨਾਲ-ਨਾਲ ਸੰਵਿਧਾਨ ਦੀ ਰਾਖੀ ਬੜੀ ਤਕੜਾਈ ਨਾਲ ਕਰਨੀ ਪਵੇਗੀ ਅਤੇ ਮੁਸ਼ਕਲ ਨਾਲ ਪੈਦਾ ਕੀਤੇ ਲੋਕਤੰਤਰ ਦੀ ਵੀ, ਜੇ ਲੋਕਤੰਤਰੀ ਭਾਵਨਾਵਾਂ ਦਾ ਕਤਲ ਕੀਤਾ ਜਾਂਦਾ ਰਿਹਾ ਤਾਂ ਸੰਵਿਧਾਨ ਦੀ ਰਾਖੀ ਹੋ ਸਕੇਗੀ ਅਤੇ ਲੋਕਤੰਤਰ ਵੀ ਨਹੀਂ ਬਚੇਗਾ।
ਹਾਰ ਹੋਣ ਬਾਅਦ ਹਾਰ ਨੂੰ ਮੰਨ ਲੈਣ ਵਾਲੀਆਂ ਸਿਆਸੀ ਪਾਰਟੀਆਂ ਨੂੰ ਦਿਲ ਨਹੀਂ ਛੱਡਣਾ ਚਾਹੀਦਾ, ਕਿਉਂਕਿ ਇਹ ਛੋਟੀ ਲੜਾਈ ਸੀ, ਜੋ ਹਰ ਪੰਜ ਸਾਲ ਬਾਅਦ ਹੁੰਦੀ ਹੀ ਰਹਿਣੀ ਹੈ, ਪਰ ਹੱਕਾਂ ਵਾਸਤੇ ਲੜਨ ਲਈ ਜੰਗ ਤਾਂ ਜਾਰੀ ਹੀ ਰਹੇਗਾ। ਹਾਰੀਆਂ ਹੋਈਆਂ ਪਾਰਟੀਆਂ ਲੋਕਾਂ ਵਿੱਚ ਜਾਣ, ਉਨ੍ਹਾਂ ਦੇ ਮਸਲੇ ਸਮਝਣ ਅਤੇ ਢੁਕਵੇਂ ਮੰਚਾਂ ਉੱਤੇ ਉਠਾ ਕੇ ਉਨ੍ਹਾਂ ਨੂੰ ਹੱਲ ਕਰਵਾ ਕੇ ਲੋਕਾਂ ਦਾ ਵਿਸ਼ਵਾਸ ਜਿੱਤਣ।
       ਕੇਵਲ ਪਛਤਾਵੇ ਵਿੱਚ ਵਕਤ ਗੁਆ ਦੇਣਾ ਠੀਕ ਨਹੀਂ ਅਤੇ ਨਾ ਹੀ ਭਾਵਨਾਵਾਂ ਦੇ ਵਹਿਣ ਵਿੱਚ ਵਹਿੰਦੇ ਰਹਿਣਾ ਠੀਕ ਹੈ, ਸਗੋਂ ਅਸਲੀਅਤ ਦਾ ਤਾਕਤ ਨਾਲ ਸਾਹਮਣਾ ਕਰਦਿਆਂ ਨਵੇਂ ਨੁਕਤੇ ਲੱਭੇ ਜਾਣੇ ਚਾਹੀਦੇ ਹਨ, ਜੋ ਵਿਚਾਰ ਚਰਚਾ ਵਿੱਚੋਂ ਮਿਲਣਗੇ ਅਤੇ ਜਾਂ ਫੇਰ ਉਸ ਸਹੀ ਵਿਸ਼ਲੇਸ਼ਣ 'ਚੋਂ, ਜੋ ਮਸਲਿਆਂ ਤੇ ਮੁੱਦਿਆਂ ਬਾਰੇ ਵੀ ਹੋਵੇ ਅਤੇ ਹਾਰ ਦੇ ਕਾਰਨਾਂ ਬਾਰੇ ਵੀ।


ਤੁਰ ਗਿਆ ਗਿਰੀਸ਼ ਕਰਨਾਡ

ਕੰਨੜ ਲੇਖਕ ਤੇ ਫ਼ਿਲਮ ਨਿਰਦੇਸ਼ਕ ਗਿਰੀਸ਼ ਕਰਨਾਡ ਸੰਸਾਰ ਯਾਤਰਾ ਪੂਰੀ ਕਰ ਗਿਆ। ਉਸ ਦੇ 'ਤੁਗਲਕ' ਨਾਟਕ ਦੀ ਬੜੀ ਹੀ ਚਰਚਾ ਹੋਈ ਸੀ, ਜੋ ਨੈਸ਼ਨਲ ਸਕੂਲ ਆਫ਼ ਡਰਾਮਾ ਦੇ ਇਬਰਾਹੀਮ ਅਲਕਾਜ਼ੀ ਨੇ ਖੇਡਿਆ। ਗਿਰੀਸ਼ ਕਰਨਾਡ ਕਈ ਵੱਡੇ ਇਨਾਮਾਂ ਦਾ ਜੇਤੂ ਸੀ, ਪਰ ਉਹ ਵੱਡਾ ਇਨਾਮਾਂ ਕਰਕੇ ਨਹੀਂ, ਸਗੋਂ ਆਪਣੇ ਬੇਹਤਰੀਨ ਕੰਮਕਾਜ ਕਰਕੇ ਸੀ, ਜਿਸ ਵਿੱਚ ਲਿਖਣ ਕਲਾ ਵੀ ਸੀ, ਰੰਗਕਰਮੀ ਦਾ ਕਾਰਜ ਵੀ ਅਤੇ ਫਿਲਮਸਾਜ਼ੀ ਦਾ ਵੀ।
       ਉਸ ਨੇ ਸਮਾਜ ਨੂੰ ਪੜ੍ਹਿਆ ਅਤੇ ਜਾਣਿਆ, ਜਿਸ ਕਰਕੇ ਉਸ ਦੀ ਹੀ ਅਸਲੀਅਤ ਨੂੰ ਪੇਸ਼ ਕੀਤਾ। ਉਹ ਲੋਕਹਿੱਤ ਵਾਲਾ ਕਲਮਕਾਰ ਸੀ, ਜਿਸ ਨੇ ਕਲਾ ਨੂੰ ਲੋਕ ਹਿੱਤ ਵਿੱਚ ਹੀ ਪੇਸ਼ ਕੀਤਾ ਤਾਂ ਜੋ ਲੋਕਾਂ ਨੂੰ ਰੋਸ਼ਨੀ ਮਿਲਦੀ ਰਹੇ।

ਫਤਹਿਬੀਰ ਦੀ ਗੱਲ

ਮਾਸੂਮ ਤੁਰਿਆ ਨਹੀਂ, ਇਸ ਸੰਸਾਰ ਵਿੱਚੋਂ ਤੋਰ ਦਿੱਤਾ ਗਿਆ। ਕਿਸੇ ਇੱਕ ਅੱਧੇ ਨਹੀਂ, ਨਾ ਕਿਸੇ ਸਰਕਾਰ ਨੇ, ਸਗੋਂ ਸਿਸਟਮ ਨੇ ਤੋਰ ਦਿੱਤਾ, ਜੋ ਕੰਮ ਹੀ ਨਹੀਂ ਕਰਦਾ। ਮੰਤਰੀ ਸੰਤਰੀ ਵਿਦੇਸ਼ ਦੌਰੇ ਕਰਦੇ ਰਹਿੰਦੇ ਹਨ, ਪਰ ਉੱਥੋਂ ਨਵਾਂ ਕੁਝ ਸਿੱਖ ਕੇ ਨਹੀਂ ਆਉਂਦੇ, ਸਗੋਂ ਐਸ਼ ਕਰਕੇ ਹੀ ਮੁੜ ਆਉਂਦੇ ਨੇ, ਜਿਸ ਦਾ ਦੇਸ਼ ਨੂੰ ਕੋਈ ਵੀ ਫਾਇਦਾ ਨਹੀਂ ਹੁੰਦਾ। ਜੇ ਸਿਸਟਮ ਕੰਮ ਕਰ ਰਿਹਾ ਹੁੰਦਾ ਤਾਂ ਚੀਨ ਤੋਂ ਉਹ ਮਸ਼ੀਨ ਮੰਗਵਾ ਲਈ ਜਾਂਦੀ, ਜੋ ਦੋ ਘੰਟੇ ਵਿੱਚ ਉਹ ਕੰਮ ਕਰ ਦਿੰਦੀ, ਜੋ ਭਾਰਤ ਦੀਆਂ ਮਸ਼ੀਨਾਂ, ਸਿਵਲ ਲੋਕ ਅਤੇ ਫ਼ੌਜੀ ਛੇ ਦਿਨ ਤੱਕ ਨਹੀਂ ਕਰ ਸਕੇ। ਫਤਹਿਬੀਰ ਹੁਣ ਰੱਬ ਨੂੰ ਹੀ ਕਹੇ ਕਿ ਭਾਰਤ ਵਿੱਚ ਵੀ ਅਕਲ ਭੇਜ ਅਤੇ ਹਾਕਮਾਂ ਵਿੱਚ ਕੰਮ ਕਰਨ ਦੀ ਭਾਵਨਾ ਵੀ।


ਲਤੀਫ਼ੇ ਦਾ ਚਿਹਰਾ-ਮੋਹਰਾ

ਦੁਕਾਨਦਾਰ : ਮੈਨੂੰ ਅਫ਼ਸੋਸ ਹੈ ਕਿ ਕਈ ਘੰਟੇ ਬੀਤ ਗਏ, ਮੈਂ ਕੋਈ ਕੱਪੜਾ ਪਸੰਦ ਨਹੀਂ ਕਰਵਾ ਸਕਿਆ।
ਔਰਤ - ਅਸਲ ਵਿੱਚ ਗੱਲ ਇਹ ਹੈ ਕਿ ਮੈਂ ਘਰੋਂ ਸਬਜ਼ੀ ਲੈਣ ਆਈ, ਇਸ ਦੁਕਾਨ 'ਚ ਆ ਵੜੀ।
-0-
ਘਰਵਾਲਾ - ਚੌਧਰੀ ਸਾਹਿਬ ਇਹ ਦੱਸੋ ਕਿ ਹਲਵਾ ਖਾਓਗੇ ਜਾਂ ਫੇਰ ਖੀਰ?
ਛੌਧਰੀ - ਕੀ ਘਰ ਵਿੱਚ ਕੌਲੀ ਇੱਕ ਹੀ ਹੈ।
-0-
ਅਪਰਾਧੀ - ਜੱਜ ਸਾਹਿਬ ਰਿਪੋਰਟ ਵਿੱਚ ਜੋ ਇਹ ਲਿਖਿਆ ਹੈ ਕਿ ਮੈਂ ਨਸ਼ਾ ਕੀਤਾ ਹੋਇਆ ਸੀ, ਗਲਤ ਹੈ, ਮੈਂ ਤਾਂ ਅਜੇ ਨਸ਼ਾ
             ਕਰ ਹੀ ਰਿਹਾ ਸਾਂ।
ਜੱਜ - ਚੱਲ ਫੇਰ ਕੀ ਹੋਇਆ, ਤੇਰੀ ਸਜ਼ਾ ਮਹੀਨੇ ਤੋਂ ਘਟਾ ਕੇ 30 ਦਿਨ ਕਰ ਦਿੱਤੀ।

ਸੰਪਰਕ : 9814113338

24 June 2019