ਦੇਖ ਪਰਾਈ ਚੋਪੜੀ - ਗੁਰਸ਼ਰਨ ਸਿੰਘ ਕੁਮਾਰ

ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ।
ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ।                ਪੰਨਾ 1379
   
    ਅੱਜ ਕੱਲ ਲੋਕਖ਼ੁਦਗਜ਼ੀ, ਅੱਖੜਪੁਣੇ, ਅਨਿਸਚਿੱਤਤਾ, ਇਕੱਲੇਪਣ ਅਤੇ ਨਿਰਾਸ਼ਾ ਦੇ ਸ਼ਿਕਾਰ ਹੋ ਰਹੇ ਹਨ ਕਿਉਂਕਿ ਦੁਨੀਆਂ ਵਿਚ ਮੰਡੀਕਰਨ ਦਾ ਦੌਰ ਚੱਲ ਰਿਹਾ ਹੈ ਇਸ ਲਈ ਪੈਸੇ ਦੀ ਮਹੱਤਤਾ ਵਧ ਜਾਣ ਕਾਰਨ ਮਨੁੱਖ ਜ਼ਿਆਦਾ ਹੀ ਲਾਲਚੀ ਹੋ ਗਿਆ ਹੈ। ਉਹ ਹਰ ਜਾਇਜ਼ ਜਾਂ ਨਜਾਇਜ਼ ਤਰੀਕੇ ਵਰਤ ਕੇ ਧਨ ਇਕੱਠਾ ਕਰਨ ਵਲ ਲੱਗਿਆ ਹੋਇਆ ਹੈ। ਸਭ ਨੂੰ ਭਲੀ ਭਾਂਤ ਪਤਾ ਹੈ ਕਿ ਲਾਲਚ ਬੁਰੀ ਬਲਾ ਹੈ। ਇਹ ਵੀ ਸਭ ਜਾਣਦੇ ਹਨ ਕਿ ਇਸ ਦੁਨੀਆਂ 'ਤੋਂ ਜਾਣ ਲੱਗਿਆਂ ਅਸੀਂ ਕੁਝ ਵੀ ਨਾਲ ਲੈ ਕੇ ਨਹੀਂ ਜਾ ਸਕਦੇ। ਸਾਡੀ ਸਾਰੀ ਧਨ ਦੌਲਤ ਇੱਥੇ ਹੀ ਰਹਿ ਜਾਣੀ ਹੈ। ਫਿਰ ਵੀ ਮਨੁੱਖ ਦਾ ਲਾਲਚ ਨਹੀਂ ਮੁੱਕਦਾ। ਇਸ ਧਨ ਦੌਲਤ ਨੂੰ ਇਕੱਠਾ ਕਰਨ ਲਈ ਕਈ ਵਾਰੀ ਮਨੁੱਖ ਪਾਪ ਅਤੇ ਗ਼ੈਰ ਕਾਨੂੰਨੀ ਕੰਮ ਵੀ ਕਰ ਬੈਠਦਾ ਹੈ। ਉਸ ਦੇ ਇਹ ਕੰਮ ਭ੍ਰਿਸ਼ਟਾਚਾਰ ਨੂੰ ਜਨਮ ਦਿੰਦੇ ਹਨ ਅਤੇ ਦੂਜੇ ਲੋਕਾਂ ਦਾ ਹੱਕ ਮਾਰਦੇ ਹਨ। ਲਾਲਚ ਕਾਰਨ ਹੀ ਅਜਿਹਾ ਮਨੁੱਖ ਰੋਜ਼ਾਨਾ ਵਰਤਣ ਦੀਆਂ ਵਸਤੂਆਂ ਦੀ ਜਮਾਖੋਰੀ ਤੇ ਲੱਗ ਜਾਂਦਾ ਹੈ। ਇਸ ਨਾਲ ਬਜ਼ਾਰ ਵਿਚ ਇਨਾਂ ਚੀਜ਼ਾਂ ਦੀ ਨਕਲੀ ਕਮੀ ਪੈਦਾ ਹੋ ਜਾਂਦੀ ਹੈ।
    ਬਿਨਾ ਮਿਹਨਤ ਤੋਂ ਕੀਤੀ ਕਮਾਈ ਦੀ ਬਰਕਤ ਨਹੀਂ ਹੁੰਦੀ। ਅਜਿਹਾ ਧਨ ਕਈ ਵਾਰੀ ਹੱਕ ਹਲਾਲ ਦੀ ਕਮਾਈ ਵੀ ਨਾਲ ਹੀ ਰੋੜ੍ਹ ਕੇ ਲੈ ਜਾਂਦਾ ਹੈ। ਜਦ ਮਨੁੱਖ ਕੋਲ ਜ਼ਿਆਦਾ ਪੈਸਾ ਆ ਜਾਂਦਾ ਹੈ ਤਾਂ ਉਸ ਦੇ ਘਰ ਵਾਲੇ ਅਤੇ ਦੋਸਤ ਮਿੱਤਰ ਢੁਕ ਢੁਕ ਕੇ ਕੋਲ ਬੈਠਦੇ ਹਨ ਅਤੇ ਅਜਿਹੇ ਮੁਫ਼ਤ ਦੇ ਪੈਸੇ ਨਾਲ ਮੌਜਾਂ ਕਰਦੇ ਹਨ। ਲੁੱਟ ਦੀ ਕਮਾਈ ਬਿਨਾ ਮਿਹਨਤ ਤੋਂ ਕੀਤੀ ਹੁੰਦੀ ਹੈ। ਉਸ ਦਾ ਹਿਸਾਬ૶ਤਲੀ ਮੇਂ ਆਇਆ, ਗਲੀ ਮੇਂ ਖਾਇਆ-ਵਾਲਾ ਹੁੰਦਾ ਹੈ। ਇਸ ਲਈ ਅਜਿਹਾ ਪੈਸਾ ਨਾਲ ਦੇ ਨਾਲ ਹੀ ਖ਼ਤਮਹੋ ਜਾਂਦਾ ਹੈ। ਉਸ ਨਾਲ ਘਰ ਵਿਚ ਬਰਕਤ ਨਹੀਂ ਪੈਂਦੀ। ਅਜਿਹਾ ਪੈਸਾ ਆਮ ਤੋਰ ਤੇ ਐਬਾਂ, ਨਸ਼ਿਆਂ ਅਤੇ ਹੋਰ ਫਾਲਤੂ ਕੰਮਾ ਤੇ ਹੀ ਖ਼ਤਮ ਹੋ ਜਾਂਦਾ ਹੈ। ਇਸ ਲਈ ਬਾਬਾ ਫਰੀਦ ਜੀ ਕਹਿੰਦੇ ਹਨ:
ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ।
ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ।                ਪੰਨਾ 1379
   
    ਉਨ੍ਹਾਂ ਦਾ ਭਾਵ ਇਹ ਹੈ ਕਿ ਸਾਦੀ ਰੋਟੀ ਖਾ ਕੇ ਅਤੇ ਸਧਾਰਨ ਪਾਣੀ ਪੀ ਕੇ ਆਪਣਾ ਪੇਟ ਭਰ ਲੈਣਾ ਚਾਹੀਦਾ ਹੈ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਆਪਣੇ ਮਨ ਨੂੰ ਸਮਝਾ ਲੈਣਾ ਚਾਹੀਦਾ ਹੈ ਕਿ ਲਾਲਚ ਵਿਚ ਨਹੀਂ ਆਉਣਾ। ਸਾਦੀ ਰੋਟੀ ਜਲਦੀ ਹਜ਼ਮ ਹੁੰਦੀ ਹੈ। ਇਸ ਨਾਲ ਮਨ ਭਟਕਦਾ ਨਹੀਂ। ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਵਿਚਾਰ ਨਿਰਮਲ ਰਹਿੰਦੇ ਹਨ। ਮਨ ਪ੍ਰਮਾਤਮਾ ਦੇ ਧਿਆਨ ਵਿਚ ਜੁੜਦਾ ਹੈ। ਜ਼ਿਆਦਾ ਮਿਰਚ-ਮਸਾਲੇ ਅਤੇ ਘਿਓ ਵਿਚ ਤਲਿਆ ਹੋਇਆ ਭੋਜਨ, ਜਿਸ ਵਿਚ ਮੀਟ ਸ਼ਰਾਬ ਵੀ ਸ਼ਾਮਲ ਹੋਵੇ, ਭਾਰੀ ਹੁੰਦਾ ਹੈ। ਅਜਿਹੇ ਤਾਮਸਿਕ ਭੋਜਨ ਨਾਲ ਮਨ ਵਿਸ਼ੇ ਵਿਕਾਰਾਂ ਵਲ ਭਟਕਦਾ ਹੈ। ਮਨ ਪਾਪਾਂ ਵਲ ਖਿੱਚਿਆ ਜਾਂਦਾ ਹੈ। ਇਸ ਲਈ ਅਜਿਹੇ ਭੋਜਨ ਦਾ ਕਦੀ ਲਾਲਚ ਨਹੀਂ ਕਰਨਾ ਚਾਹੀਦਾ ਹੈ।
ਕਹਿੰਦੇ ਹਨ ਕਿ ਚੋਰ ਨੂੰ ਖਾਂਦਿਆਂ ਜਾਂ ਐਸ਼ ਕਰਦਿਆਂ ਨਾ ਦੇਖੋ, ਸਗੋਂ ਉਸ ਨੂੰ ਕੁੱਟ ਪੈਂਦਿਆਂ ਦੇਖੋ। ਫਿਰ ਤੁਹਾਨੂੰ ਆਪੇ ਹੀ ਅਕਲ ਆ ਜਾਵੇਗੀ। ਜਦ ਕਿਸੇ ਮਨੁੱਖ ਨੂੰ ਉਸ ਦੇ ਪਾਪਾਂ ਜਾਂ ਜ਼ੁਰਮਾਂ ਦੀ ਸਜਾ ਮਿਲਦੀ ਹੈ ਤਾਂ ਉਸ ਸਮੇਂ ਉਸ ਸਜਾ ਦਾ ਕੋਈ ਭਾਈਵਾਲ ਨਹੀਂ ਬਣਦਾ। ਘਰ ਵਾਲੇ ਅਤੇ ਮਤਲਬੀ ਦੋਸਤ ਮਿੱਤਰ ਸਭ ਸਾਥ ਛੱਡ ਜਾਂਦੇ ਹਨ। ਇੱਥੇ ਇਕ ਕਹਾਣੀ ਵਰਨਣ ਯੋਗ ਹੈ।ਇਕ ਬਹੁਤ ਵੱਡਾ ਡਾਕੂ ਸੀ। ਉਹ ਲੋਕਾਂ ਨੂੰ ਮਾਰ ਕੇ ਉਨ੍ਹਾਂ ਦਾ ਧਨ ਲੁੱਟ ਲੈਂਦਾ ਸੀ। ਇਕ ਦਿਨ ਜੰਗਲ ਵਿਚ ਉਸ ਦਾ ਟਾਕਰਾ ਇਕ ਸਾਧੂ ਨਾਲ ਹੋ ਗਿਆ। ਜਦ ਉਹ ਸਾਧੂ ਨੂੰ ਮਾਰਨ ਅਤੇ ਲੁੱਟਣ ਦੇ ਇਰਾਦੇ ਨਾਲ ਅੱਗੇ ਵਧਿਆ ਤਾਂ ਸਾਧੂ ਨੇ ਉਸ ਨੂੰ ਪੁੱਛਿਆ, ''ਤੂੰ ਇਹ ਕੀ ਪਾਪ ਕਰ ਰਿਹਾ ਹੈਂ?
ਡਾਕੂ,''ਮੈਂ ਇਸ ਲੁੱਟ ਦੀ ਕਮਾਈ ਨਾਲ ਆਪਣਾ ਟੱਬਰ ਪਾਲਣਾ ਹੈ।''
ਸਾਧੂ, ''ਕੀ ਇਸ ਪਾਪ ਦੇ ਕੰਮ ਵਿਚ ਜਦ ਤੈਨੂੰ ਸਜਾ ਮਿਲੇਗੀ ਤਾਂ ਕੀ ਤੇਰੇ ਘਰ ਵਾਲੇ ਤੇਰਾ ਸਾਥ ਦੇਣਗੇ?''
ਡਾਕੂ,''ਕਿਉਂ ਨਹੀਂ ਦੇਣਗੇ। ਮੈਂ ਇਹ ਸਭ ਕੁਝ ਉਨ੍ਹਾਂ ਲਈ ਹੀ ਤਾਂ ਕਰਦਾ ਹਾਂ।''
ਸਾਧੂ,''ਨਹੀਂ, ਤੂੰ ਉਨ੍ਹਾਂ ਨੂੰ ਪੁੱਛ ਕੇ ਦੱਸ।''
ਡਾਕੂ,''ਜੇ ਮੈਂ ਉਨ੍ਹਾਂ ਨੂੰ ਪੁੱਛਣ ਗਿਆ ਤਾਂ ਤੂੰ ਬਚ ਕੇ ਦੌੜ ਜਾਵੇਂਗਾ।''
ਸਾਧੂ,''ਨਹੀਂ, ਮੈਂ ਨਹੀਂ ਦੌੜਾਂਗਾ। ਜੇ ਮੇਰੇ ਤੇ ਇਤਬਾਰ ਨਹੀਂ ਤਾਂ ਤੂੰ ਮੈਨੂੰ ਇੱਥੇ ਦਰੱਖਤ ਨਾਲ ਬੰਨ੍ਹ ਦੇ।''
ਡਾਕੂ,''ਠੀਕ ਹੈ।''

ਇਹ ਕਹਿ ਕੇ ਡਾਕੂ ਉਸ ਸਾਧੂ ਨੂੂੂੂੰ ਦਰੱਖਤ ਨਾਲ ਬੰਨ੍ਹ ਕੇ ਘਰ ਚਲਾ ਗਿਆ। ਜਦ ਜਾ ਕੇ ਘਰ ਵਾਲਿਆਂ ਨੂੰ ਪੁੱਛਿਆ ਕਿ ਕੀ ਜੇ ਮੈਨੂੰ ਮੇਰੇ ਪਾਪਾਂ ਦੀ ਸਜਾ ਮਿਲੀ ਤਾਂ ਕੀ ਤੁਸੀਂ ਮੇਰਾ ਸਾਥ ਦਿਉਗੇ? ਘਰ ਵਾਲਿਆਂ ਨੇ ਸਾਫ਼ ਇਨਕਾਰ ਕਰ ਦਿੱਤਾ। ਅਖੇ ਪਾਪ ਤੂੰ ਕਰਦਾ ਹੈਂ ਤਾਂ ਉਸਦੀ ਸਜਾ ਕਿਉਂ ਭੁਗਤੀਏ?ਡਾਕੂ ਦਾ ਦਿਲ ਟੁੱਟ ਗਿਆ। ਉਸ ਨੇ ਲੁੱਟਮਾਰ ਕਰਨੀ ਅਤੇ ਡਾਕੇ ਮਾਰਨੇ ਬੰਦ ਕਰ ਦਿੱਤੇ। ਅਗੋਂ ਜਾ ਕੇ ਉਹ ਮਹਾਨ ਰਿਸ਼ੀ ਬਣਿਆ ਇਸ ਤਰ੍ਹਾਂ ਮਨੁੱਖ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਸ ਦੇ ਪਾਪ ਦੀ ਕਮਾਈ ਨਾਲ ਐਸ਼ ਕਰਨ ਲਈ ਤਾਂ ਸਾਰੇ ਹੀ ਅੱਗੇ ਆ ਜਣਗੇ ਪਰ ਸਜਾ ਉਸ ਨੂੰ ਇਕੱਲੇ ਨੂੰ ਆਪਣੇ ਸਰੀਰ ਤੇ ਹੀ ਭੁਗਤਣੀ ਪਵੇਗੀ।
ਲਾਲਚੀ ਮਨੁੱਖ ਪੈਸੇ ਦੇ ਅੰਬਾਰ ਇਕੱਠੇ ਕਰਦਾ ਰਹਿੰਦਾ ਹੈ। ਆਪਣੇ ਇਸ ਕੰਮ ਲਈ ਉਹ ਰੱਬ ਦਾ ਵੀ ਅਸ਼ੀਰਵਾਦ ਲੈਣਾ ਚਾਹੁੰਦਾ ਹੈ।ਇਕ ਕਿਸਮ ਦਾ ਉਹ ਆਪਣੇ ਗਲਤ ਕੰਮਾਂ ਲਈ ਰੱਬ ਨੂੰ ਵੀ ਭਾਈਵਾਲ ਬਣਾ ਲੈਂਦਾ ਹੈ। ਇਸ ਲਈ ਉਹ ਆਪਣੀ ਬੇਈਮਾਨੀ ਦੀ ਕਮਾਈ ਦਾ ਇਕ ਹਿੱਸਾਮੰਦਰਾਂ, ਮਸਜ਼ਿਦਾਂ ਅਤੇ ਗੁਰਦੁਆਰਿਆਂ ਵਿਚ ਵੀ ਦਾਨ ਕਰਦਾ ਹੈਤਾਂ ਕਿ ਰੱਬ ਦਾ ਉਸ ਤੇ ਅਸ਼ੀਰਵਾਦ ਬਣਿਆ ਰਹੇ ਅਤੇ ਨਾਲੇ ਉਹ ਲੋਕਾਂ ਦੀਆਂ ਨਜ਼ਰਾਂ ਵਿਚ ਧਰਮਾਤਮਾਂ ਬਣਿਆ ਰਹੇ। ਉਹ ਇਹ ਕਦੀ ਨਹੀਂ ਸੋਚਦਾ ਕਿ ਉਸ ਦਾ ਇਹ ਦਾਨ ਕਿਸ ਪ੍ਰਕਾਰ ਖ਼ਰਚ ਹੁੰਦਾ ਹੈ? ਦਾਨ ਦਾ ਇਹ ਧਨ ਅਕਸਰ ਪ੍ਰਬੰਧਕਾਂ ਦੇ ਆਪਣੇ ਆਪ ਦੇ ਭਲੇ ਲਈ ਹੀ ਖ਼ਰਚ ਹੁੰਦਾ ਹੈ। ਫਿਰ ਵੀ ਉਹ ਭੁੱਖੇ ਨੂੰ ਰੋਟੀ ਖੁਆਉਣ ਨਾਲੋਂ ਉਨ੍ਹਾਂ ਦਾ ਖ਼ੂਨ ਚੂਸਦਾ ਹੈਅਤੇ ਧਾਰਮਿਕ ਸਥਾਨਾ ਤੇ ਭੇਟਾਂ ਚੜਾਉਂਦਾ ਹੈ ਤਾਂ ਕਿ ਉਹ ਲੋਕਾਂ ਦੀਆਂ ਨਜ਼ਰਾਂ ਵਿਚ ਚੰਗਾ ਬਣਿਆ ਰਹੇ।
ਪੈਸੇ ਦਾ ਲਾਲਚ ਕਾਰਨ ਹੀ ਭਾਰਤ ਦੀ ਜੁਆਨੀ ਵਿਦੇਸ਼ਾਂ ਵਿਚ ਭੱਜੀ ਜਾ ਰਹੀ ਹੈ। ਡਾਲਰਾਂ ਅਤੇ ਪੌਡਾਂ ਦੀ ਚਮਕ ਉਨ੍ਹਾਂ ਨੂੰ ਸੰਮੋਹਿਤ ਕਰ ਲੈਂਦੀ ਹੈ। ਫਿਰ ਉਹ ਹਰ ਜਾਇਜ਼ ਨਜਾਇਜ਼ ਢੰਗ ਨਾਲ ਕਨੈਡਾ, ਅਸਟ੍ਰੇਲੀਆ, ਇੰਗਲੈਂਡ, ਅਮਰੀਕਾ ਅਤੇ ਨਿਉਜ਼ੀਲੈਂਡ ਆਦਿ ਮੁਲਕਾਂ ਵਲ ਮੁਹਾੜਾਂ ਮੋੜਦੇ ਹਨ। ਜਿਹੜੇ ਬੱਚੇ ਉੱਚੀ ਪੜ੍ਹਾਈ ਨਾਲ ਆਪਣੇ ਹੁਨਰ ਵਿਚ ਪ੍ਰਵੀਨ ਹੁੰਦੇ ਹਨ ਉਹ ਪਹਿਲਾਂ ਹੀ ਉਸ ਮੁਲਕ ਦੀ ਪੱਕੀ ਰਿਹਾਇਸ਼ ਲੈ ਕੇ ਜਾਂਦੇ ਹਨ। ਉਹ ਜਲਦੀ ਹੀ ਉੱਧਰ ਸੈਟ ਹੋ ਜਾਂਦੇ ਹਨ। ਦੂਜਿਆਂ ਦਾ ਪੈਂਡਾ ਬਹੁਤ ਹੀ ਕਠਿਨ ਹੁੰਦਾ ਹੈ। ਉਨ੍ਹਾਂ ਨੂੰ ਉੱਥੇ ਕੰਮ ਦਾ ਪਰਮਿਟ ਲੈਣ ਲਈ ਜਾਂ ਉੱਥੇ ਪੱਕੇ ਹੋਣ ਲਈ ਕਾਫੀ ਸਮਾਂ ਲੱਗ ਜਾਂਦਾ ਹੈ। ਜੋ ਲੋਕ ਨਜਾਇਜ਼ ਢੰਗ ਨਾਲ ਬਾਹਰ ਜਾਂਦੇ ਹਨ ਉਨ੍ਹਾਂ ਦੀ ਜ਼ਿੰਦਗੀ ਉੱਧਰ ਬਹੁਤ ਜੋਖ਼ਿਮ ਭਰੀ ਹੁੰਦੀ ਹੈ। ਕਈਆਂ ਨੂੰ ਤਾਂ ਮਾਲਟਾ ਦੇ ਸਮੁੰਦਰ ਨਿਗਲ ਜਾਂਦੇ ਹਨਅਤੇ ਕਈ ਬੇਗਾਨੇ ਮੁਲਕਾਂ ਦੀਆਂ ਜੇਲ੍ਹਾਂ ਵਿਚ ਸੜਦੇ ਰਹਿੰਦੇ ਹਨ। ਅਜਿਹੇ ਲੋਕ ਕਰਜ਼ੇ ਚੁੱਕ ਕੇ ਜਾਂ ਜ਼ਮੀਨਾਂ ਵੇਚ ਕੇ ਦਲਾਲਾਂ ਦਾ ਢਿੱਡ ਭਰਦੇ ਹਨ, ਫਿਰ ਵੀ ਉੱਧਰ ਜਾ ਕੇ ਉਨ੍ਹਾਂ ਨੂੰ ਪੱਕੇ ਹੋਣ ਤੱਕ ਲੁਕ ਛੁਪ ਕੇ ਹੀ ਰਹਿਣਾ ਪੈਂਦਾ ਹੈ ਅਤੇ ਜਲੀਲ ਕਰਨ ਵਾਲੀਆਂ ਸ਼ਰਤਾਂ ਤੇ ਨੌਕਰੀ ਕਰਨੀ ਪੈਂਦੀ ਹੈ। ਕਈ ਵਾਰੀ ਭੁੱਖੇ ਢਿੱਡ ਵੀ ਸੋਣਾ ਪੈਂਦਾ ਹੈ। ਉਨ੍ਹਾਂ ਨੂੰ ਹਰ ਸਮੇਂ ਫੜੇ ਜਾਣ ਦਾ ਅਤੇ ਵਾਪਿਸ ਭੇਜੇ ਜਾਣ ਦਾ ਡਰ ਬਣਿਆ ਰਹਿੰਦਾ ਹੈ। ਉਹ ਨਾ ਤਾਂ ਆਪ ਸੁੱਖੀ ਰਹਿ ਸਕਦੇ ਹਨ ਅਤੇ ਨਾ ਹੀ ਪਿੱਛੋਂ ਬੁੱਢੇ ਮਾਂ-ਪਿਓ ਸੁੱਖੀ ਰਹਿ ਸਕਦੇ ਹਨ। ਉਨ੍ਹਾਂ ਨੂੰ ਬੱਚਿਆਂ ਦੀ ਚਿੰਤਾ ਦੇ ਨਾਲ ਨਾਲ ਸਿਰ 'ਤੇ ਚੜ੍ਹੇ ਕਰਜ਼ੇ ਵੀ ਉਤਾਰਨੇ ਪੈਂਦੇ ਹਨ।
ਆਪਣੀ ਯੋਗਤਾ ਅਤੇ ਮਿਹਨਤ ਨਾਲ ਉਨਤੀ ਕਰਨਾ ਹਰ ਮਨੁੱਖ ਦਾ ਹੱਕ ਹੈ। ਇਸ ਤਰ੍ਹਾਂ ਹੀ ਬੰਦੇ ਦੀ ਸ਼ਖਸੀਅਤ ਬਣਦੀ ਹੈ ਪਰ ਇਸ ਗਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਪਿੱਛੇ ਵੀ ਇਕ ਲਾਲਚ ਹੀ ਕੰਮ ਕਰ ਰਿਹਾ ਹੁੰਦਾ ਹੈ, ਖਾਸ ਕਰ ਉਨ੍ਹਾਂ ਨੌਜੁਆਨਾ ਦਾ ਜਿੰਨਾ ਪੱਲੇ ਕੋਈ ਹੁਨਰ ਨਹੀਂ। ਅਜਿਹੇ ਬੱਚਿਆਂ ਨੂੰ ਸਾਡੀ ਸਲਾਹ ਹੈ ਕਿ ਉਹ ਪਹਿਲਾਂ ਕਿਸੇ ਹੁਨਰ ਵਿਚ ਪ੍ਰਵੀਨਤਾ ਹਾਸਿਲ ਕਰ ਲੈਣ। ਫਿਰ ਕਾਨੂੰਨੀ ਢੰਗ ਨਾਲ ਹੀ ਬਾਹਰ ਜਾਣ ਵਲ ਕਦਮ ਚੁੱਕਣ ਤਾਂ ਕਿ ਵਿਦੇਸ਼ਾਂ ਵਿਚ ਜਾ ਕੇ ਕੋਈ ਕਾਨੂੰਨੀ ਅੜਚਣ ਨਾ ਆਵੇ ਅਤੇ ਉਹ ਆਪਣੇ ਹੁਨਰ ਦੁਆਰਾ ਜਲਦੀ ਹੀ ਆਪਣੇ ਪੈਰਾਂ ਤੇ ਖੜ੍ਹੇ ਹੋ ਸੱਕਣ।
ਲਾਲਚੀ ਬੰਦੇ ਨੂੰ ਬਾਕੀ ਚਾਰੇ ਵਿਕਾਰ,'' ਕਾਮ, ਕ੍ਰੋਧ, ਮੋਹ ਅਤੇ ਹੰਕਾਰ'' ਆਦਿ ਵੀ ਜਲਦੀ ਚੰਬੜ ਜਾਦੇ ਹਨ। ਬੇਸ਼ੱਕ ਜੀਵਨ ਦੀ ਉਤਪਤੀ ਅਤੇ ਵਿਕਾਸ ਲਈ ਇਹ ਪੰਜੇ ਚੀਜਾਂ ਜ਼ਰੂਰੀ ਹਨ ਪਰ ਇਨਾਂ ਦੀ ਜ਼ਿਆਦਤੀ ਮਨੁੱਖ ਦੀ ਕਮਜੋਰੀ ਬਣ ਜਾਂਦੀ ਹੈ ਅਤੇ ਉਸ ਨੂੰ ਵਿਨਾਸ਼ ਵਾਲੇ ਪਾਸੇ ਲੈ ਜਾਂਦੀ ਹੈ। ਜਿਵੇਂ ਜੀਵਨ ਦੀ ਉਤਪਤੀ ਲਈ ਕਾਮ ਬਹੁਤ ਜ਼ਰੂਰੀ ਹੈ। ਇਸ ਤੋਂ ਬਿਨਾ ਜੀਵਨ ਦਾ ਵਿਸਥਾਰ ਸੰਭਵ ਨਹੀਂ। ਇਸ ਲਈ ਕਾਮ ਤ੍ਰਿਪਤੀ ਮਨੁੱਖ ਦੀਆਂ ਲੋੜਾਂ ਵਿਚੋਂ ਇਕ ਹੈ ਪਰ ਕਈ ਵਾਰੀ ਇਹ ਕਾਮ ਇਨਾ ਭਾਰੂ ਹੋ ਜਾਂਦਾ ਹੈ ਕਿ ਸਮਾਜ ਲਈਸਮੱਸਿਆ ਖੜ੍ਹੀ ਕਰ ਦਿੰਦਾ ਹੈ। ਕਾਮ ਅੰਨ੍ਹਾਂ ਹੁੰਦਾ ਹੈ। ਇਹ ਜਾਤ ਪਾਤ ਅਤੇ ਸੁਚ-ਜੂਠ ਨਹੀਂ ਦੇਖਦਾ। ਜ਼ਿਆਦਾ ਕਾਮ ਮਰਿਆਦਾ ਭੰਗ ਕਰਦਾ ਹੈ ਅਤੇ ਪਵਿਤਰ ਰਿਸ਼ਤਿਆਂ ਨੂੰ ਤਾਰ ਤਾਰ ਕਰਦਾ ਹੈ। ਇਸੇ ਤਰ੍ਹਾਂ ਆਪਣੀ ਇੱਜ਼ਤ ਕਾਇਮ ਰੱਖਣ ਲਈ ਅਤੇ ਦੂਜਿਆਂ ਨੂੰ ਗ਼ਲਤ ਕੰਮ ਤੋਂ ਵਰਜਨ ਲਈ ਕ੍ਰੋਧ ਆਉਣਾ ਸੁਭਾਵਿਕ ਹੀ ਹੈ ਪਰ ਜ਼ਿਆਦਾ ਕ੍ਰੋਧ ਚੰਡਾਲ ਹੁੰਦਾ ਹੈ। ਕ੍ਰੋਧ ਪਹਿਲਾਂ ਬੰਦੇ ਨੂੰ ਖ਼ੁਦ ਨੂੰ ਸਾੜਦਾ ਹੈ ਫਿਰ ਇਹ ਦੂਜੇ ਨੂੰ ਦੁਖੀ ਅਤੇ ਬੇਇਜ਼ੱਤ ਕਰਦਾ ਹੈ। ਦੂਸਰੇ ਦੇ ਅੰਦਰ ਵੀ ਬਦਲੇ ਦੇ ਭਾਂਬੜ ਮੱਚਣ ਲੱਗ ਪੈਂਦੇ ਹਨ।ਜ਼ਿਆਦਾ ਕ੍ਰੋਧ ਇਕ ਦੂਜੇ ਦੀ ਇੱਜ਼ਤ ਨੂੰ ਤਾਰ ਤਾਰ ਕਰ ਦਿੰਦਾ ਹੈ। ਇਸ ਨਾਲ ਬੰਦੇ ਇਕ ਦੂਜੇ ਦੇ ਦੁਸ਼ਮਣ ਬਣ ਜਾਂਦੇ ਹਨ। ਦੁਨੀਆਂ ਸਾਹਮਣੇ ਦੋਵੇਂ ਧਿਰਾਂ ਤਮਾਸ਼ਾ ਬਣ ਕੇ ਰਹਿ ਜਾਂਦੀਆਂ ਹਨ। ਇੱਜ਼ਤ ਦਾ ਜਲੂਸ ਨਿਕਲ ਜਾਂਦਾ ਹੈ। ਕ੍ਰੋਧ ਕਰਨ ਵਾਲਾ ਮਨੁੱਖ ਉੱਚੀ ਅਵਾਜ਼ ਵਿਚ ਗਲਾ ਫਾੜ ਕੇ ਬੋਲਦਾ ਹੈ। ਉਸ ਦਾ ਆਪਣੀ ਜੁਬਾਨ ਤੇ ਕਾਬੂ ਨਹੀਂ ਰਹਿੰਦਾ। ਉਹ ਇਕ ਮਿੰਟ ਵਿਚ ਦੂਜੇ ਦੀ ਇੱਜ਼ਤ ਪੈਰਾਂ ਵਿਚ ਰੋਲ ਕੇ ਰੱਖ ਦਿੰਦਾ ਹੈ। ਉਸ ਨੂੰ ਇਹ ਸੋਚਣ ਦਾ ਸਮਾਂ ਹੀ ਨਹੀਂ ਮਿਲਦਾ ਕਿ ਮੈਂ ਕੀ ਬੋਲ ਰਿਹਾ ਹਾਂਅਤੇ ਇਸ ਨਾਲ ਮੇਰੀ ਆਪਣੀ ਇੱਜ਼ਤ ਵੀ ਰੁਲ ਰਹੀ ਹੈ। ਉਸ ਦਾ ਰਕਤ ਚਾਪ ਵੀ ਵਧ ਜਾਂਦਾ ਹੈ। ਇਸੇ ਤਰ੍ਹਾਂ ਬੰਦੇ ਦਾ ਆਪਣੀ ਅੋਲਾਦ, ਰਿਸ਼ਤੇਦਾਰਾਂ ਅਤੇ ਸਨੇਹੀਆਂ ਵਿਚ ਮੋਹ ਹੋਣਾ ਸੁਭਾਵਕ ਹੀ ਹੁੰਦਾ ਹੈ। ਜ਼ਿਆਦਾ ਮੋਹ ਵੀ ਕਈ ਵਾਰੀ ਦੂਜਿਆਂ ਦੇ ਰਾਹ ਦਾ ਰੋੜਾ ਬਣ ਜਾਂਦਾ ਹੈ। ਬੱਚਿਆਂ ਨਾਲ ਜ਼ਿਆਦਾ ਮੋਹ ਉਨ੍ਹਾਂ ਦੀ ਪ੍ਰਗਤੀ ਰੋਕਦਾ ਹੈ। ਉਨ੍ਹਾਂ ਦੇ ਗੁਣਾ ਦਾ ਠੀਕ ਤਰ੍ਹਾਂ ਵਿਕਾਸ ਨਹੀਂ ਹੋ ਪਾਉਂਦਾ। ਇਹ ਮੋਹ ਯੋਗ ਉਮੀਦਵਰਾਂ ਦਾ ਹੱਕ ਮਾਰਦਾ ਹੈ ਅਤੇ ਉਨ੍ਹਾਂ ਵਿਚ ਬਗਾਵਤ ਪੈਦਾ ਕਰਦਾ ਹੈ।ਬੰਦੇ ਨੂੰ ਆਪਣੇ ਕੰਮਾਂ ਤੇ ਮਾਣ ਜ਼ਰੂਰ ਹੋਣਾ ਚਾਹੀਦਾ ਹੈ। ਇਸ ਨਾਲ ਆਤਮ ਵਿਸ਼ਵਸ ਵਧਦਾ ਹੈ ਅਤੇ ਹੋਰ ਜ਼ੋਖ਼ਿਮ ਭਰੇ ਕੰਮਾਂ ਨੂੰ ਹੱਥ ਪਾਉਣ ਦੀ ਹਿੰਮਤ ਮਿਲਦੀ ਹੈ। ਜ਼ਿਆਦਾ ਹੰਕਾਰ ਵੀ ਦੂਸਰੇ ਦੇ ਗੁਣਾ ਨੂੰ ਨਜ਼ਰ ਅੰਦਾਜ਼ ਕਰਦਾ ਹੈ। ਇਸ ਲਈ ਹੰਕਾਰ ਬੰਦੇ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਹੰਕਾਰੀ ਮਨੁੱਖ ਦੂਜੇ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ। ਉਹ ਹਮੇਸ਼ਾਂ ਆਪਣੀਆਂ ਉਪਲੱਭਦੀਆਂ ਦੀਆਂ ਉੱਚੀਆਂ ਹਵਾਵਾਂ ਵਿਚ ਰਹਿੰਦਾ ਹੈਅਤੇ ਦੂਸਰਿਆਂ ਨੂੰ ਛੁਟਿਆਉਂਦਾ ਰਹਿੰਦਾ ਹੈ। ਉਸ ਦੀਆਂ ਅੱਖਾਂ 'ਤੇ ਹੰਕਾਰ ਦੀ ਪੱਟੀ ਬੰਨੀ੍ਹ ਰਹਿੰਦੀ ਹੈ। ਇਸ ਤਰ੍ਹਾਂ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਪੰਜੇ ਗੁਣ/ਔਗੁਣ ਜੀਵਨ ਦੀ ਉਤਪਤੀ ਤੇ ਵਿਕਾਸ ਲਈ ਬਹੁਤ ਜ਼ਰੂਰੀ ਹਨ ਪਰ ਇਨਾਂ ਤੋਂ ਬਿਨਾ ਗੁਜ਼ਾਰਾਵੀ ਨਹੀਂ। ਇਸ ਲਈ ਇਨਾਂ ਨੂੰ ਜ਼ਿੰਦਗੀ ਵਿਚੋਂ ਬਿਲਕੁਲ ਮਨਫ਼ੀ ਨਹੀ ਕੀਤਾ ਜਾ ਸਕਦਾ। ਜਿਵੇਂ ਖੌਰੂ ਪਾਉਂਦੇ ਪਾਣੀ ਤੇ ਬੰਨ੍ਹ ਮਾਰ ਕੇ ਉਸ ਨੂੰ ਵਿਕਾਸ ਲਈ ਵਰਤਿਆ ਜਾਦਾ ਹੈ ਇਵੇਂ ਹੀ ਇਨਾਂ ਪੰਜਾਂ ਤੇ ਕਾਬੂ ਪਾ ਕੇ ਜ਼ਿੰਦਗੀ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ।
ਜੇ ਸਫ਼ਰ ਵਿਚ ਬੋਝ ਘੱਟ ਹੋਵੇ ਤਾਂ ਸਫ਼ਰ ਸੌਖਾ ਰਹਿੰਦਾ ਹੈ। ਇਸੇ ਤਰ੍ਹਾਂ ਜੇ ਜ਼ਿੰਦਗੀ ਦੇ ਸਫ਼ਰ ਵਿਚ ਖਾਹਿਸ਼ਾਂ ਦਾ ਬੋਝ ਘੱਟ ਹੋਵੇ ਤਾਂ ਜ਼ਿੰਦਗੀ ਦਾ ਸਫ਼ਰ ਬਹੁਤ ਅਨੰਦ ਨਾਲ ਬੀਤਦਾ ਹੈ।ਜ਼ਰੂਰਤ ਤਾਂ ਇਕ ਫਕੀਰ ਦੀ ਵੀ ਪੂਰੀ ਹੋ ਸਕਦੀ ਹੈ ਪਰ ਖਾਹਿਸ਼ ਤਾਂ ਇਕ ਰਾਜੇ ਦੀ ਵੀ ਅਧੂਰੀ ਰਹਿ ਸਕਦੀ ਹੈ।ਅਸੀਂ ਲਾਲਸਾਵਾਂ ਦੇ ਬੋਝ ਨਾਲ ਆਪਣੀ ਜ਼ਿੰਦਗੀ ਵਿਚ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਨਾਲ ਆਪਣਾ ਬੋਰਾ ਭਰ ਲੈਂਦੇ ਹਾਂ। ਇਸ ਭਾਰ ਨਾਲ ਜ਼ਿੰਦਗੀ ਦਾ ਸਫ਼ਰ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਇਨਾਂ ਲਾਲਸਾਵਾਂ ਕਾਰਨ ਹੀ ਅਸੀਂ ਜ਼ਿੰਦਗੀ ਦੇ ਮਕਸਦ ਨੂੰ ਭੁੱਲ ਜਾਂਦੇ ਹਾਂ ਅਤੇ ਜ਼ਿੰਦਗੀ ਦਾ ਅਨੰਦ ਨਹੀਂ ਮਾਣ ਸਕਦੇ। ਇਨਾਂ ਲਾਲਸਾਵਾਂ ਕਾਰਨ ਹੀ ਮਤਲਬੀ ਲੋਕ ਸਾਡੇ ਨਾਲ ਜੁੜ ਜਾਦੇ ਹਨ। ਉਹ ਦੁੱਖ ਵੇਲੇ ਸਾਡਾ ਸਾਥ ਛੱਡ ਜਾਂਦੇ ਹਨ। ਜਦ ਸਾਡੀ ਜ਼ਿੰਦਗੀ ਦਾ ਸਫ਼ਰ ਖ਼ਤਮ ਹੁੰਦਾ ਹੈ ਤਾਂ ਸਾਡੀ ਦੌਲਤ, ਅਹੁਦੇ ਅਤੇ ਰਿਸ਼ਤੇ ਇੱਥੇ ਹੀ ਛੁੱਟ ਜਾਂਦੇ ਹਨ। ਕੋਈ ਸਾਥ ਨਹੀਂ ਦਿੰਦਾ। ਸਾਡਾ ਅਗਲਾ ਸਫ਼ਰ ਤਾਂ ਹੀ ਸੋਖਾ ਹੋਵੇਗਾ ਜਦ ਅਸੀਂ ਇਨਾਂ ਬੰਧਨਾ ਤੋਂ ਮੁਕਤੀ ਪਾ ਲਵਾਂਗੇ।
ਦੋਸਤੋ ਜ਼ਿੰਦਗੀ, ਗ਼ਰੀਬ ਨੂੰ ਦੇਖ ਕੇ ਜਿਉਣੀ ਸਿੱਖੋ। ਜੇ ਅਮੀਰ ਵੱਲ ਦੇਖ ਕੇ ਜੀਓਗੇ ਤਾਂ ਦੁਖੀ ਹੋਵੋਗੇ।ਸਾਡੀਆਂ ਬਹੁਤੀਆਂ ਖਹਿਸ਼ਾਂ ਇਸ ਲਈ ਅਧੂਰੀਆਂ ਰਹਿ ਜਾਂਦੀਆਂ ਹਨ ਕਿਉਂਕਿ ਸਾਡੀ ਲਿਆਕਤ, ਮਿਹਨਤ ਜਾਂ ਹਾਲਾਤ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਹਨ। ਅਸੀਂ ਇਨ੍ਹਾਂ ਅਧੂਰੀਆਂ ਖਹਿਸ਼ਾਂ ਕਰ ਕੇ ਹੀ ਹਰ ਸਮੇਂ ਦੁਖੀ ਹੁੰਦੇ ਰਹਿੰਦੇ ਹਾਂ ਸਾਡੇ ਲਈ ਇਹ ਹੀ ਚੰਗਾ ਹੈ ਕਿ ਅਸੀਂ ਆਪਣੀਆਂ ਖਾਹਿਸ਼ਾਂ ਅਤੇ ਲਾਲਸਾਵਾਂ ਨੂੰ ਆਪਣੇ ਕਾਬੂ ਵਿਚ ਰੱਖੀਏ।
*****

ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-8360842861
email:gursharan1183@yahoo.in