ਵਾਹ ਓ ਖਰਬੂਜ਼ਿਆ ਤੇਰੇ ਵੀ ਨਵੇਕਲੇ ਰੰਗ - ਰਵੇਲ ਸਿੰਘ
ਧਰਤੀ ਦੇ ਗਲੋਬ ਵਰਗੇ ਆਕਾਰ ਦਾ ਬੰਸਤੀ ਰੰਗਾ ਖਰਬੂਜ਼ਾ ਜਿਸ ਤੇ ਕੁਦਰਤ ਦੇ ਕਾਦਰ ਨੇ ਬੜੀ ਤਰਤੀਬ ਨਾਲ ਬਣਾਈਆਂ ਹਰੇ ਰੰਗ ਦੀਆਂ ਲਕੀਰਾਂ,ਅਤੇ ਜਿਸ ਨੂੰ ਸੁੰਘਣ ਤੇ ਹੀ ਇਹ ਝੱਟ ਪੱਟ ਆਪਣੇ ਮਿੱਠੇ ਫਿੱਕੇ ਹੋਣ ਦਾ ਅਨੁਭਵ ਕਰਵਾ ਦੇਂਦਾ ਹੈ। ਹੋਰਨਾਂ ਫਲ਼ਾਂ ਵਾਂਗ ਖਰਬੂਜ਼ੇ ਨੂੰ ਵੀ ਕੁਦਰਤ ਨੇ ਕਈ ਕਿਸਮਾਂ ਅਤੇ ਰੰਗਾਂ ਤੇ ਅਕਾਰ ਦੀ ਦੀ ਬਖਸ਼ਸ਼ ਕੀਤੀ ਹੈ।ਇਸ ਦੀ ਫਸਲ ਸਖਤ ਅਤੇ ਖੁਸ਼ਕ ਭੂਮੀ ਵਿੱਚ ਹੁੰਦੀ ਹੈ ਅਤੇ ਪਾਣੀ ਦੀ ਵੀ ਬਚਾ ਕਰਦਾ ਹੈ।ਇਸ ਦੇ ਬੀਜ, ਗੁੱਦਾ, ਅਤੇ ਛਿੱਲੜ ਆਪਣੇ ਗੁਣਾਂ ਕਰਕੇ ਸਾਰੇ ਹੀ ਸਿਹਤ ਲਈ ਜਾਣੇ ਜਾਂਦੇ ਹਨ। ਖਰਬੂਜਾ ਸਾਉਣੀ ਸਾਉਣੀ ਦੀ ਵਾਧੂ ਫਸਲ ਹੈ,ਜਿਸ ਨੂੰ ਗਿਦਾਵਰੀ ਦੇ ਰਜਿਸਟਰ ਵਿੱਚ ਜ਼ਾਇਦ ਖਰੀਫ ਕਰਕੇ ਲਿਖਿਆ ਜਾਂਦਾ ਹੈ। ਇਹ ਕਈ ਵਾਰ ਮੱਕੀ ਦੀ ਫਸਲ ਦੇ ਵਿੱਚ ਵੀ ਬੀਜਿਆ ਜਾਂਦਾ ਹੈ। ਖਰਬੂਜਿਆਂ ਦੇ ਖੇਤ ਨੂੰ ਵਾੜਾ ਕਿਹਾ ਜਾਂਦਾ ਹੈ।ਖਰਬੂਜਾ ਬਾਹਰੋਂ ਵੇਖਣ ਨੂੰ ਸੁਹਣਾ ਤਾਂ ਲਗਦਾ ਤਾਂ ਹੈ ਈ, ਪਰ ਅੰਦਰੋਂ ਵੀ ਇਸ ਦਾ ਸੰਧੂਰੀ ਰੰਗ ਵੀ ਬਹੁਤ ਮਨ ਮੁਹਣਾ ਹੁੰਦਾ ਹੈ।ਅੱਧ ਪੱਕੇ ਖਰਬੂਜੇ ਨੂੰ ਕਚਰਾ ਕਿਹਾ ਜਾਂਦਾ ਹੈ।ਹਰੀਆਂ ਲੰਮੀਆਂ ਚੌੜੀਆਂ, ਚੌੜੇ ਚੌੜੇ ਪੱਤਿਆਂ ਵਾਲੀਆਂ ਸੰਘਣੀਆਂ ਵੇਲਾਂ ਦੀ ਠੰਡੀ ਗੋਦ ਨਾਲ ਲੱਗਿਆ ਫਲਦਾ ਫੁਲਦਾ ਗੁੱਛ ਮਾਰੀ ਇਹ ਪੱਕਣ ਤੱਕ ਚੁੱਪ ਚੁਪੀਤਾ ਲੁਕਿਆ ਰਹਿੰਦਾ ਹੈ।ਪੱਕ ਜਾਣ ਤੇ ਆਪਣਾ ਰੰਗ ਬਦਲ ਕੇ ਜਦੋਂ ਵਾੜੇ ਵਿੱਚ ਆਪਣੀ ਮਹਿਕ ਖੁਸ਼ਬੋ ਖਿਲਾਰਦਾ ਹੈ ਤਾਂ, ਨਾਲ ਹੀ ਇਸ ਦੇ ਨਾਲ ਕਈ ਹੋਰ ਖਰਬੂਜੇ ਵੀ ਇਸ ਦੀ ਵੇਖੋ ਵੇਖੀ ਰਾਤੋ ਰਾਤ ਆਪਣਾ ਰੰਗ ਬਦਲ ਲੈਂਦੇ ਹਨ।ਇਸੇ ਲਈ ਐਵੈਂ ਤਾਂ ਨਹੀਂ ਸਿਆਣਿਆਂ ਕਹਾਵਤ ਬਣਾਈ,ਕਿ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਬਦਲਦਾ ਹੈ।
ਗਰਮੀਆਂ ਦੀ ਰੁੱਤੇ ਸੜਕਾਂ ਕਿਨਾਰੇ, ਬੜੀ ਤਰਤੀਬ ਨਾਲ ਵੇਚਣ ਲਈ ਲਾਏ ਮਹਿਕਾਂ ਛੱਡਦੇ ਖਰਬੂਜ਼ਿਆਂ ਦੇ ਵੱਡੇ ਵੱਡੇ ਢੇਰ ਵੇਖਦਿਆਂ ਵੇਖਦਿਆਂ ਹੀ ਲੋਕ ਹੱਥੋ ਹਥੀਂ ਲੈ ਜਾਂਦੇ ਹਨ।ਹੁਣ ਹਰੇ,ਪੀਲੇ,ਬਸੰਤੀ ਰੰਗ ਦੇ ਦੇਸੀ ਖਰਬੂਜ਼ੇ ਕਿਤੇ ਕਿਤੇ ਹੀ ਵੇਖਣ ਨੂੰ ਮਿਲਦੇ ਹਨ।ਜਦੋਂ ਕਿ ਹੋਰ ਨਵੀਆਂ ਨਵੀਆਂ ਨਵੀਆਂ ਹੋਰ ਵੀ ਕਈ ਕਿਸਮਾਂ ਦੇ ਖਰਬੂਜ਼ੇ ਜਿਨਾਂ ਵਿੱਚ ਬਾਹਰੋਂ ਖਰਵ੍ਹੀ ਤੇ ਮੋਟੀ ਛਿੱਲ ਵਾਲੇ ਮੋਟੇ ਮੋਟੇ ਮਿੱਠੇ ਖਰਬੂਜ਼ੇ ਵੀ ਵੇਖਣ ਨੂੰ ਆਮ ਹੀ ਮਿਲਦੇ ਹਨ।
ਖਰਬੂਜੇ ਬਾਰੇ ਹੱਥਲਾ ਲੇਖ ਲਿਖਦਿਆਂ ਮੈਨੂੰ ਮੇਰੇ ਬਚਪਣ ਵੇਲੇ ਦੇ ਦਾਦੀ ਨਾਲ ਬਿਤਾਏ ਪਲਾਂ ਦੀ ਯਾਦ ਆ ਗਈ ਜੋ ਮੇਰਾ ਪਾਠਕਾਂ ਨਾਲ ਵੀ ਸਾਂਝੇ ਕਰਨ ਨੂੰ ਮਨ ਕਰ ਆਇਆ, ਜਦੋਂ ਦਾਦੀ ਮੈਨੂੰ ਮੰਜੇ ਤੇ ਲੇਟ ਕੇ ਆਪਣੇ ਗੋਡਿਆਂ ਤੇ ਬਿਠਾ ਕੇ ਝੂਟੇ ਦੇਂਦਿਆ ਨਾਲ ਨਾਲ ਹੌਲ਼ੀ ਹੌਲੀ ਇਹ ਵੀ ਗਾਇਆ ਕਰਦੀ ਸੀ:-
” ਅੰਬ ਪੱਕੇ ਖਰਬੂਜੇ,ਲੈ ਲੈ ਕਾਕਾ ਝੂਟੇ,ਧਰੇਕਾਂ ਵਾਲੇ ਖੂਹ ਤੇ, ਤੇਰੇ ਬਾਪੂ ਨੇ ਲਾਏ ਬੂਟੇ ............. ਤੇ ਮੈਨੂੰ ਦਾਦੀ ਦੇ ਗੋਡਿਆਂ ਤੇ ਝੂਟੇ ਲੈਂਦਿਆਂ ਜਦੋਂ ਕਿਤੇ ਨੀਂਦ ਦਾ ਕਦੇ ਹੁਲਾਰਾ ਆ ਜਾਣਾ ਤਾਂ ਦਾਦੀ ਮੇਰਾ ਮੂੰਹ ਚੁੰਮਦੇ ਹੋਏ ਮੈਨੂੰ ਚੁੱਕ ਕੇ ਸੁਆਉਣ ਲਈ ਆਪਣੀ ਗੋਦ ਵਿੱਚ ਲੈ ਲੈਂਦੀ।ਪਹਿਲੇ ਸਮਿਆਂ ਵਿੱਚ ਫਰਿੱਜ ਨੂੰ ਕੌਣ ਜਾਣਦਾ ਸੀ, ਖਾਣ ਲਈ ਲਿਆਂਦੇ ਖਰਬੂਜੇ ਰਾਤ ਨੂੰ ਠੰਡੇ ਪਾਣੀ ਦੀ ਬਾਲਟੀ ਵਿੱਚ ਠੰਡੇ ਹੋਣ ਲਈ ਰੱਖ ਦੇਣੇ, ਜਿਨ੍ਹਾਂ ਨੂੰ ਠੰਡੇ ਹੋਣ ਤੇ ਸਵੇਰੇ ਸਵੇਰੇ ਖਾਣ ਦਾ ਬੜਾ ਮਜ਼ਾ ਆਉਂਦਾ। ਬੀਜ ਸੁਕਾ ਕੇ ਰੱਖ ਲੈਣੇ, ਜੋ ਸੁਕਣ ਤੇ ਉਨ੍ਹਾਂ ਵਿੱਚੋਂ ਗਿਰੀ ਕੱਢ ਕੇ ਖਾਣ ਦਾ ਵੀ ਸੁਆਦ ਆਉਂਦਾ ਸੀ।ਦਿਮਾਗੀ ਸ਼ਕਤੀ ਤੇ ਆਮ ਕਮਜ਼ੋਰੀ ਲਈ ਖਰਬੂਜ਼ੇ ,ਹਦਵਾਣੇ,ਕੱਦੂ,ਅਤੇ ਖੀਰੇ ਦੇ ਬੀਜਾਂ ਨੂੰ ਹਿਕਮਤ ਵਿੱਚ ਚਾਰੇ ਮਗਜ਼ ਕਿਹਾ ਜਾਂਦਾ ਹੈ।,ਇਨ੍ਹਾਂ ਵਿੱਚ ਖਰਬੂਜੇ ਦੇ ਬੀਜਾਂ ਦਾ ਖਾਸ ਅਸਥਾਨ ਹੈ।ਖਰਬੂਜਾ ਹਾਜ਼ਮੇ ਲਈ ਬਹੁਤ ਵਧੀਆ ਫਲ਼ ਹੈ,ਇਸ ਨੂੰ ਖਾਣ ਨਾਲ ਨੀਂਦ ਵੀ ਚੰਗੀ ਆਉਂਦੀ ਹੈ।ਖਰਬੂਜੇ ਦੀ ਅੰਦਰਲੀ ਮਹਿਕ,ਅਤੇ ਸੰਧੂਰੀ ਰੰਗ ਦੀ ਸਿਫਤ ਨਹੀਂ ਕੀਤੀ ਜਾ ਸਕਦੀ। ਖਰਬੂਜਾ ਆਮ ਤੌਰ ਤੇ ਚਾਕੂ ਨਾਲ ਕੱਟ ਕੇ ਫਾੜੀਆਂ ਕਰਕੇ ਖਾਧਾ ਜਾਂਦਾ ਹੈ,ਪਰ ਕਈ ਵਾਰ ਚਾਕੂ ਤੋਂ ਬਿਨਾਂ ਵੀ ਦੋਹਾਂ ਹੱਥਾਂ ਨਾਲ ਦਬਾ ਕੇ ਇਸ ਦੇ ਟੁਕੜੇ ਕਰਕੇ ਖਾਣ ਦਾ ਖਾਣ ਦਾ ਸਾਦ ਮੁਰਾਦਾ ਢੰਗ ਵੀ ਵੱਖਰਾ ਹੀ ਹੁੰਦਾ ਹੈ।
ਸਾਡੇ ਪਿੰਡ ਵਿੱਚ ਘਸੀਟੂ ਨਾਂ ਦਾ ਇਕ ਬੰਦਾ ਹੁੰਦਾ ਸੀ ਜੋ ਹਰ ਸਾਲ ਖਰਬੂਜੇ ਬੀਜਿਆ ਕਰਦਾ ਸੀ।ਉਹ ਬੜਾ ਹੀ ਗੁੱਸੇ ਵਾਲੇ ਸੁਭਾ ਦਾ ਅਤੇ ਬੜੀ ਡਰਾਉਣੀ ਜਿਹੀ ਸ਼ਕਲ ਵਾਲਾ ਅਤੇ ਕਰੜੇ ਸੁਭਾਅ ਵਾਲਾ ਵੀ ਸੀ।ਇਸੇ ਲਈ ਉਸ ਦਾ ਨਾਮ ਸੁਣਨ ਤੇ ਹੀ ਨਿਆਣੇ ਤ੍ਰਭਕ ਜਾਇਆ ਕਰਦੇ ਸਨ।ਜਦੋਂ ਉਹ ਵਾੜੇ ਵਿੱਚ ਖਰਬੂਜਿਆਂ ਦੀ ਰਾਖੀ ਕਰਦਾ ਮੰਜੇ ਤੇ ਲੰਮਾ ਪਿਆ ਹੁੱਕੀ ਦੇ ਸੂਟੇ ਲਾਉਂਦਿਆਂ ਜਦੋਂ ਕਿਤੇ ਸੌਂ ਜਾਂਦਾ ਤਾਂ ਨਿਆਣੇ ਮੌਕਾ ਤਾੜ ਕੇ ਉਸ ਦੇ ਖੇਤ ਵਿੱਚੋਂ ਖਰਬੂਜੇ ਚੋਰੀ ਕਰਦੇ ਹੋਏ ਜਦੋਂ ਕਿਤੇ ਉਸ ਦੇ ਕਾਬੂ ਆ ਜਾਂਦੇ ਤਾਂ,ਉਹ ਉਨ੍ਹਾਂ ਲਈ ਤਾਂ ਉਹ ਕਿਸੇ ਠਾਣੇਦਾਰ ਤੋਂ ਘੱਟ ਨਹੀਂ ਹੁੰਦਾ ਸੀ।ਕਈ ਵਾਰ ਤਾਂ ਉਹ ਉਨ੍ਹਾਂ ਦੇ ਚੋਰੀ ਕੀਤੇ ਖਰਬੂਜੇ ਉਨ੍ਹਾਂ ਦੇ ਹੱਥਾਂ ਵਿੱਚ ਫੜਾ ਕੇ ਦੱਸ ਦੱਸ ਬੈਠਕਾਂ ਕਢਵਾ ਕੇ ਤੇ ਉਨ੍ਹਾਂ ਦੇ ਹੇਠੋਂ ਦੀ ਕੰਨ ਫੜਾ ਕੇ ਉਨ੍ਹਾਂ ਦੀ ਤੋਬਾ ਤੋਬ ਕਰਵਾ ਕੇ ਛਡਦਾ, ਪਰ ਉਸ ਨਾਲ ਨਿਆਣਿਆਂ ਨੂੰ ਫਿਰ ਉਸ ਨਾਲ ਨਵੀਆਂ ਨਵੀਆਂ ਇੱਲਤਾਂ ਕਰਨੀਆਂ ਪਤਾ ਨਹੀਂ ਕਿਉਂ ਚੰਗੀਆਂ ਲਗਦੀਆਂ।ਜਦੋਂ ਉਹ ਖਰਬੂਜਿਆਂ ਦੀ ਚੋਰੀ ਕਰਨੀ ਛਡ ਕੇ ਉਸ ਨੁੰ ਸੁੱਤਾ ਪਿਆ ਵੇਖ ਕੇ ਕਦੀ ਉਸ ਦੀ ਜੁੱਤੀ ਕਦੇ ਹੁੱਕੀ ਕਦੇ ਰਾਖੀ ਕਰਨ ਵਾਲੀ ਮੋਟੇ ਖੁੰਗਿਆਂ ਵਾਲੀ ਸੋਟੀ ਕਿਤੇ ਲੁਕਾ ਕੇ, ਲਾਂਭੇ ਬੈਠ ਕੇ ਉਸ ਦਾ ਤਮਾਸ਼ਾ ਵੇਖਦੇ,ਉਹ ਜਿਉਂ ਜਿਉਂ ਖਿਝਦਾ ਉਨ੍ਹਾਂ ਨੂੰ ਮੰਦਾ ਚੰਗਾ ਬੋਲਦਾ ਤਾਂ ਨਿਆਣੇ ਝੱਟ ਜਿਧਰ ਨੂੰ ਰਾਹ ਲਭਦਾ ਇੱਕ ਦੂਜੇ ਤੇ ਡਿਗਦੇ, ਸ਼ੂਟਾਂ ਵੱਟ ਜਾਂਦੇ ਤੇ ਘਸੀਟੂ ਆਪਣੀ ਜੁੱਤੀ, ਹੁੱਕੀ ਸੋਟੀ ਨੂੰ ਲੱਭਦਾ ਖਿਝਦਾ ਖਪਦਾ ਵਾੜੇ ਦੀ ਰਾਖੀ ਕਰਨੀ ਵੀ ਭੁੱਲ ਜਾਇਆ ਕਰਦਾ ਸੀ।
ਹਰ ਦੇਸ਼,ਹਰ ਇਲਾਕੇ,ਪਿੰਡ ਸ਼ਹਿਰ, ਦੀ ਕੋਈ ਨਾ ਕੋਈ ਆਪਣੀ ਖਾਸੀਅਤ ਹੁੰਦੀ ਹੈ, ਇਸ ਗੱਲੋਂ ਖਰਬੂਜਾ ਵੀ ਪਿੱਛੇ ਨਹੀਂ ਰਿਹਾ,ਜ਼ਿਲਾ ਅਮ੍ਰਿਤਸਰ ਦੀ ਤਹਿਸੀਲ ਅਜਨਾਲਾ ਵਿੱਚ ਇੱਕ ਬਹੁਤ ਵੱਡਾ ਚਮਿਆਰੀ ਨਾਂ ਦਾ ਪਿੰਡ ਹੈ ਜਿੱਥੋਂ ਦੇ ਖਰਬੂਜ਼ੇ ਕਦੇ ਆਪਣੀ ਮਿਠਾਸ ਤੇ ਸੁੰਦਰਤਾ ਕਰਕੇ ਬਹੁਤ ਮਸ਼ਹੂਰ ਹੋਇਆ ਕਰਦੇ ਸਨ। ਇਨ੍ਹਾਂ ਬਾਰੇ ਤਾਂ ਕਿਸੇ ਗੀਤ ਕਾਰ ਦੇ ਲਿਖੇ ਬੋਲ ਹੁਣ ਵੀ ਚੇਤੇ ਆ ਜਾਂਦੇ ਹਨ।ਜਦੋਂ ਕੋਈ ਗੱਭਰੂ ਆਪਣੀ ਨਵੀਂ ਵਿਆਹੀ ਮੁਟਿਆਰ ਨੂੰ ਖੁਸ਼ ਕਰਨ ਲਈ ਉਸ ਨੂੰ ਇਸ ਪਿੰਡ ਦਾ ਲਿਆਂਦਾ ਖਰਬੂਜ਼ਾ ਖਾਣ ਲਈ ਦੇਂਦਾ ਇਵੇਂ ਕਹਿੰਦਾ ਹੈ।
“ਤੇਰੇ ਤੋਂ ਸਭ ਕੁਝ ਵਾਰੀ ਦਾ,ਤੈਨੂੰ ਵੈਖ ਕੇ ਸੀਨਾ ਠਾਰੀਦਾ,
ਮਹਿਕਾਂ ਦੀ ਭਰੀ ਪਟਾਰੀ ਦਾ,ਖਰਬੂਜੇ ਵਰਗੀ ਨਾਰੀ ਦਾ,
ਜਿਉਂ ਹੁੰਦਾ ਹੱਟ ਲਲਾਰੀ ਦਾ,ਜਾਂ ਤਿੱਖੀ ਤੇਜ਼ ਕਟਾਰੀ ਦਾ।
ਕੋਈ ਭਾਂਡਾ,ਹੈ ਘੁਮਿਆਰੀ ਦਾ,ਜ਼ੁਲਫਾਂ ਨਾਲ ਸ਼ਿੰਗਾਰੀ ਦਾ।
ਮੁੱਲ ਜੋ ਵੀ ਮੰਗੇਂ ਤਾਰੀਦਾ,ਕਦੇ ਜਿੱਤੀ ਦਾ ਕਦੇ ਹਾਰੀਦਾ,
ਨੀਂ ਪੱਲਾ ਚੁੱਕ ਫੁਲਕਾਰੀ ਦਾ,ਖਰਬੂਜ਼ਾ ਲੈ ਚਮਿਆਰੀ ਦਾ।“
ਹੋਰ ਤਾਂ ਹੋਰ ਖਰਬੂਜ਼ਾ ਹੋਰ ਵੀ ਭਾਗਾਂ ਵਾਲਾ ਹੋ ਗਿਆ ਜਦੋਂ ਕਿਤੇ ਪੜ੍ਹਿਆ ਜਾਂ ਸੁਣਿਆ ਕਿ ਬਾਬਾ ਨਾਨਕ ਜਦੋਂ ਸੁਲਤਾਨਪੁਰ ਲੋਧੀ ਨੌਕਰੀ ਕਰਦੇ ਸਨ, ਤਾਂ ਉਥੇ ਇਕ ਫਕੀਰ ਵੀ ਰਹਿੰਦਾ ਸੀ। ਜਿਸ ਨੇ ਬਾਬਾ ਨਾਨਕ ਨਾਲ ਉਨ੍ਹਾਂ ਦੀ ਸੰਗਤ ਕਰਦੇ ਹੋਏ ਉਨ੍ਹਾਂ ਦੇ ਮੁਬਾਰਕ ਹੱਥੋਂ ਲੈਕੇ ਖਰਬੂਜ਼ਾ ਖਾਧਾ,ਉਦੋਂ ਤੋਂ ਹੀ ਉਹ ਫਕੀਰ ਖਰਬੂਜ਼ਿਆਂ ਦਾ ਸ਼ੌਕੀਨ ਹੋਣ ਕਰਕੇ ਸਾਈਂ ਖਰਬੂਜੇ ਸ਼ਾਹ ਦੇ ਨਾਂ ਨਾਲ ਹੀ ਮਸ਼ਹੂਰ ਹੋ ਗਿਆ ਸੀ। ਇਸ ਤਰ੍ਹਾਂ ਖਰਬੂਜ਼ਾ ਇਨ੍ਹਾਂ ਦੋਹਾਂ ਰੂਹਾਨੀ ਹਸਤੀਆਂ ਨਾਲ ਵੀ ਸਾਂਝ ਪਾਈ ਬੈਠਾ ਹੈ।ਖਰਬੂਜ਼ਾ ਸਰੀਰ ਅਤੇ ਤੱਤ ਅਤੇ ਸੁੰਦਰਤਾ ਰੂਹ ਦਾ ਪ੍ਰਤੀਕ ਹੈ। ਮਿਠਾਸ ਦਾ ਗੁਣ ਇਸ ਦੀ ਪਹਿਚਾਣ ਹੈ।ਜਿਸਦੇ ਜਿਸਮ ਦੇ ਸਾਰੇ ਹੀ ਅੰਗ ਕਿਸੇ ਨਾ ਕਿਸੇ ਤਰ੍ਹਾਂ ਕਾਰਆਮਦ ਹੋਣ ਕਰਕੇ, ਇਹ ਪਰਉਪਕਾਰੀ ਸੁਭਾ ਦਾ ਵੀ ਹੈ, ਜੋ ਮਿੱਟੀ ਚੋਂ ਨਿਕਲ ਕੇ ਮਿੱਟੀ ਵਿੱਚ ਸਮਾ ਜਾਣ ਤੱਕ ਮਨੁੱਖ ਦੇ ਕੰਮ ਆਉਂਦਾ ਹੈ।
ਅੰਬ ਨੂੰ ਬਹੁ ਗੁਣੀ ਹੋਣ ਕਰਕੇ ਫਲ਼ਾਂ ਦਾ ਬਾਦਸ਼ਾਹ ਕਿਹਾ ਜਾ ਕੇ ਵਡਿਆਇਆ ਜਾਂਦਾ ਹੈ ਇਸ ਦੇ ਇਲਾਵਾ ਹੋਰ ਵੀ ਕਈ ਫਲ਼ ਜਿਨ੍ਹਾਂ ਦਾ ਵਿਸਥਾਰ ਕਰਕੇ ਹਥਲਾ ਲੇਖ ਬਹੁਤ ਲੰਮਾ ਹੋ ਜਾਏਗਾ, ਪਰ ਇਸ ਵਿੱਚ ਵੱਡੀ ਗੱਲ ਇਹ ਹੈ ਇਹ ਛੋਟੇ ਮੋਟੇ ਪੇੜ ਪੌਦਿਆਂ ਤੇ ਲਗਦੇ ਹਨ, ਲਗ ਪਗ ਖਰਬੂਜ਼ਾ ਤੇ ਹਦਵਾਣਾ ਦੋ ਫਲ਼ ਐਸੇ ਹਨ ਜੋ ਧਰਤੀ ਤੇ ਵੇਲਾਂ ਨਾਲ ਲਗਦੇ ਹਨ। ਬੇਸ਼ਕ ਇਨ੍ਹਾਂ ਦੇ ਇਲਾਵਾ ਵੇਲਾਂ ਤੇ ਹੋਰ ਵੀ ਕਈ ਕਿਸਮਾਂ ਦੇ ਫਲ਼ ਜਿਵੇਂ ਕੱਦੂ, ਕਰੇਲੇ,ਤੋਰੀਆਂ ਟੀਂਡੇ ਵਗੈਰਾ,ਵੀ ਲਗਦੇ ਹਨ, ਪਰ ਇਹ ਫਲ਼ ਆਮ ਤੌਰ ਤੇ ਸਬਜ਼ੀਆਂ ਵਿੱਚ ਹੀ ਸ਼ੁਮਾਰ ਹੁੰਦੇ ਹਨ।ਹਦਵਾਣਾ ਆਪਣੀ ਥਾਂ ਤੇ ਅਤੇ ਖਰਬੂਜ਼ਾ ਆਪਣੀ ਥਾਂ ਤੇ ਖਾਣ ਯੋਗ ਫਲ਼ ਹੁੰਦਾ ਹੈ।ਫਿਰ ਵੀ ਜੇ ਖਰਬੂਜ਼ੇ ਦਾ ਮੁਕਾਬਲਾ ਕੀਤਾ ਜਾਏ ਤਾਂ ਕਿੱਥੇ ਖਰਬੂਜ਼ਾ ਕਿੱਥੇ ਹਦਵਾਣਾ,ਗੱਲ ਹੋਰ ਪਾਸੇ ਚਲੀ ਜਾਂਦੀ ਹੈ,ਖਰਬੂਜ਼ਾ ਰੰਗਾ,ਮਹਿਕਾਂ, ਨਕਸ਼ਾਂ, ਆਕਾਰ,ਸੁਹਜ ਸੁਆਦ, ਅਤੇ ਹੋਰ ਗਈ ਗੁਣਾਂ ਨਾਲ ਲੈਸ ਖਰਬੂਜ਼ੇ ਦੀ ਰੀਸ ਹਦਵਾਣੇ ਨੇ ਕੀ ਕਰਣੀ,ਜਿਸਦੇ ਆਕਾਰ ਦੀ ਤੁਲਣਾ ਕਿਸੇ ਹਲਵਾਈ ਜਾਂ ਕਿਸੇ ਲ਼ਾਲੇ,ਜਾਂ ਕਿਸੇ ਵੇਹਲੜ ਦੀ ਮੋਟੀ ਵਧੀ ਗੋਗੜ ਨਾਲ ਕੀਤੀ ਜਾਂਦੀ ਹੈ। ਇੱਥੇ ਵਿਦੇਸ਼ਾਂ ਵਿੱਚ ਤਾਂ ਹਦਵਾਣੇ ਪੰਝੀ ਪੰਝੀ ਕਿੱਲੋ ਤੋਂ ਵੀ ਭਾਰੇ ਹੁੰਦੇ ਹਨ,ਜੋ ਕਿਸੇ ਦੇ ਕੰਮ ਆਉਣ ਤੋਂ ਪਹਿਲਾਂ ਹੀ ਕਈ ਵਾਰ ਆਪਣਾ ਭਾਰ ਨਾ ਝੱਲਦੇ ਹੋਏ ਸੰਭਲਣ ਨਾ ਸਕਣ ਕਰਕੇ ਆਪਣਾ ਆਪ ਹੀ ਗੁਆ ਬੈਠਦੇ ਹਨ।
ਕੋਈ ਸਮਾ ਸੀ ਜਦੋਂ ਖਰਬੂਜ਼ੇ ਦੇ ਵਾੜੇ ਪੰਜਾਬ ਵਿੱਚ ਥਾਂ ਥਾਂ ਮਿਲਦੇ ਸਨ ਪਰ ਸਮੇਂ ਦੇ ਨਾਲ ਨਾਲ ਜਦੋਂ ਸਿੰਜਾਈ ਦੇ ਸਾਧਣ ਵਧ ਗਏ, ਕਨਕ ਝੋਨੇ ਦੀ ਫਸਲ ਨੇ ਧਰਤੀ ਦੀ ਤਾਸੀਰ ਹੀ ਬਦਲ ਦਿੱਤੀ,ਤੇ ਜਿੱਥੇ ਪੰਜਾਬ ਦੀਆਂ ਬਹੁਤ ਸਾਰੀਆਂ ਫਸਲਾਂ ਜਿਨ੍ਹਾਂ ਵਿੱਚ ਮਸਰ, ਛੋਲੇ,ਅਲਸੀ,ਸਰ੍ਹੋਂ, ਮੱਕੀ ਬਾਜਰਾ ਵਰਗੀਆਂ ਲਾਭ ਕਾਰੀ ਫਸਲਾਂ ਹੌਲੀ ਹੌਲੀ ਅਲੋਪ ਹੋ ਰਹੀਆਂ ਹਨ,ਇਸ ਮਾਰ ਤੋਂ ਵਿਚਾਰ ਖਰਬੂਜ਼ਾ ਵੀ ਨਹੀਂ ਬਚ ਸਕਿਆ।ਮੈਨੂੰ ਯਾਦ ਹੈ, ਮੱਕੀ ਦੀ ਫਸਲ ਵਿੱਚ ਬੀਜੇ ਖਰਬੂਜ਼ਿਆਂ ਦੀਆਂ ਪੰਡਾਂ ਜਦੋਂ ਲੋਕ ਘਰਾਂ ਵਿੱਚ ਖੇਤਾਂ ਵਿੱਚੋਂ ਘਰੀਂ ਲਿਆਂਦੇ ਤਾਂ ਇਹ ਹੋਰ ਪੱਕ ਕੇ ਜ਼ਰਾ ਨਰਮ ਹੋਣ ਲਈ ਇਨ੍ਹਾਂ ਨੂੰ ਕੋਠੀਆਂ ਵਿੱਚ ਰੱਖੇ ਜਾਂਦੇ ਸਨ। ਸਵੇਰ ਸਾਰ ਕੱਢ ਕੇ ਠੰਡੇ ਪਾਣੀ ਵਿੱਚ ਰੱਖ ਕੇ ਖਾਣ ਦਾ ਸੁਆਦ ਆ ਜਾਂਦਾ ਸੀ।ਹੁਣ ਇਨ੍ਹਾਂ ਦੀ ਹੋਂਦ ਬਾਹਰੋਂ ਆਉਣ ਤੇ , ਦੁਕਾਨਾਂ,ਸੜਕਾਂ ਜਾਂ ਰੇੜ੍ਹੀਆਂ ਤੇ ਲਗਣ ਤੀਕ ਹਹਿ ਗਈ ਹੈ,ਤੇ ਹੁਣ ਤਾਂ ਇਹ,” ਵਿਚਾਰਾ ਖਰਬੂਜ਼ਾ” ਬਣ ਕੇ ਹੀ ਰਹਿ ਗਿਆ ਹੈ।ਇਹ ਤਾਂ ਪਹਿਲਾਂ ਵੀ ਆਪਣੀ ਮਿਠਾਸ ਤੇ ਸੁੰਦਰਤਾ ਤੇ ਝਟ ਤਗੜਿਆਂ ਦੇ ਕਾਬੂ ਆ ਜਾਂਦਾ ਸੀ ਪਰ ਹੁਣ ਵੀ,ਇਸ ਨਾਲ ਵੱਡਿਆਂ ਦਾ ਸੱਤੀਂ ਵੀਹੀਂ ਸੌ ਵਾਲੀ ਗੱਲ ਹੀ ਹੈ। ਸਿਆਣਿਆਂ ਦੀ ਕਹਾਵਤ ਹੈ ਕਿ ਚਾਕੂ ਭਾਵੇਂ ਹੇਠਾਂ ਹੋਵੇ ਭਾਂਵੇਂ ਉੱਤੇ ਹੋਵੇ,ਨੁਕਸਾਨ ਤਾਂ ਖਰਬੂਜ਼ੇ ਦਾ ਹੀ ਹੋਣਾ ਹੈ।
ਖਰਬੂਜ਼ੇ ਦੀ ਇਹ ਹਾਲਤ ਅਜੋਕੀ,ਸਿਆਸਤ ਅਤੇ ਲੀਡਰਾਂ ਉੱਤੇ ਵੀ ਪੂਰੀ ਪੂਰੀ ਢੁੱਕਦੀ ਹੈ ਜਦੋਂ ਆਮ ਲੋਕਾਂ ਦੀਆਂ ਕਈ ਕਮਜ਼ੋਰੀਆਂ ਦਾ ਪੂਰਾ ਪੂਰਾ ਲਾਹਾ ਲੈਕੇ ਨੇਤਾ ਲੋਕ ਇਕ ਦੂਜੇ ਦੇ ਪੈਰ ਮਿੱਧਦੇ ਹੋਏ ਨੇਤਾ ਗਿਰੀ ਕਰਦੇ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ,ਉਨ੍ਹਾਂ ਦੇ ਰਾਖੇ ਹੋਣ ਦੇ ਫੋਕੇ ਦਾਅਵੇ ਕਰਦੇ ਸਿਆਸਤ ਦੀਆਂ ਪਉੜੀਆਂ ਚੜ੍ਹਦੇ ਉਨ੍ਹਾਂ ਦੇ ਹੁਕਮਰਾਨ ਬਣ ਕੇ ਚੰਮ ਦੀਆਂ ਚਲਾਂਦੇ ਹਨ।ਇਹ ਵਰਤਾਰਾ ਚਾਕੂ ਤੇ ਖਰਬੂਜ਼ੇ ਵਰਗਾ ਹਰ ਪੰਜੀਂ ਸਾਲ ਲੋਕ ਵੇਖਦੇ ਹਨ।ਮੁੜ ਫਿਰ ਉਹੀ ਪਰਾਣੇ ਰਾਗ ਤੇ ਸਰੰਗੀਆਂ ਵੱਜਣ ਲੱਗ ਪੈਂਦੀਆਂ ਹਨ।ਤੇ ਖਰਬੂਜ਼ਾ ਰੂਪੀ ਪਰਜਾ ਫਿਰ ਆਪਣੀ ਬਲ਼ੀ ਦੇਣ ਲਈ, ਨਵੇਂ ਨਵੇਂ ਚਾਕੂਆਂ ਦੀ ਭਾਲ ਵਿੱਚ ਰਹਿੰਦੀ ਹੈ ਤੇ ਫਿਰ ਉਹ ਹੀ ਲਹੂ ਵੀਟਣੇ ਖੁੰਢੇ ਜਾਂ ਤਿੱਖੇ ਹੋਏ ਨਵੇਂ ਪਰਾਣੇ ਚਾਕੂ ਛੁਰੀਆਂ,ਨਵੇਂ ਨਵੇਂ ਰੂਪਾਂ ਵਿੱਚ ਬਦਲਦੇ ਰਹਿੰਦੇ ਹਨ। ਉਹ ਸਮਝਦੇ ਹਨ ਕਿ ਪਰਜਾ ਸ਼ਾਇਦ ਉਨ੍ਹਾਂ ਲਈ ਇਸੇ ਮਕਸਦ ਨਾਲ ਹੀ ਬਣੀ ਹੈ।ਇਵੇਂ ਹੀ ਸ਼ਾਇਦ ਖਰਬੂਜ਼ਾ ਤੇ ਚਾਕੂ ਦੋਵੇਂ ਇਕ ਦੂਜੇ ਲਈ ਹੀ ਬਣੇ ਜਾਪਦੇ ਹਨ।