ਪਾਣੀ ਦੀ ਘਾਟ ਤੇ ਉਸ ਦਾ ਪ੍ਰਦੂਸ਼ਣ - ਡਾ. ਹਰਸ਼ਿੰਦਰ ਕੌਰ, ਐਮ. ਡੀ.,
ਅੱਜ ਦੇ ਦਿਨ ਦੁਨੀਆ ਭਰ ਵਿਚ 2.8 ਬਿਲੀਅਨ ਲੋਕਾਂ ਨੂੰ ਪਾਣੀ ਦੀ ਕਮੀ ਨਾਲ ਕਿਤੇ ਨਾ ਕਿਤੇ ਜੂਝਣਾ ਪੈ ਰਿਹਾ ਹੈ। ਲਗਭਗ 1.2 ਬਿਲੀਅਨ ਲੋਕਾਂ ਕੋਲ ਪੀਣ ਯੋਗ ਪਾਣੀ ਨਹੀਂ ਹੈ।
ਕਾਰਣ ?
1. ਵਾਧੂ ਵਰਤੋਂ
2. ਧਰਤੀ ਹੇਠੋਂ ਪਾਣੀ ਦਾ ਖ਼ਾਤਮਾ
3. ਪਾਣੀ ਵਿਚ ਮਿਲਾਏ ਜਾ ਰਹੇ ਹਾਣੀਕਾਰਕ ਤੱਤ
ਯੂਨਾਈਟਿਡ ਨੇਸ਼ਨਜ਼ ਡਿਵੈਲਪਮੈਂਟ ਪ੍ਰੋਗਰਾਮ ਨੇ ਇਹ ਲੱਭਿਆ ਹੈ ਕਿ ਬਹੁਤੇ ਮੁਲਕਾਂ ਵਿਚ ਪਾਣੀ ਤਾਂ ਹੈ ਪਰ ਹਰ ਲੋੜਵੰਦ ਤੱਕ ਪਹੁੰਚਾਉਣ ਦਾ ਜ਼ਰੀਆ ਸਹੀ ਨਹੀਂ ਹੈ।
ਕੁੱਝ ਮੁਲਕਾਂ ਵਿਚ ਜ਼ਮੀਨ ਹੇਠੋਂ ਪਾਣੀ ਤਾਂ ਕੱਢਿਆ ਜਾ ਰਿਹਾ ਹੈ ਪਰ ਵਾਪਸ ਪਾਣੀ ਹੇਠਾਂ ਨਹੀਂ ਭੇਜਿਆ ਜਾ ਰਿਹਾ। ਇਸੇ ਲਈ ਵਿਸ਼ਵ ਭਰ ਦੇ ਅੱਧਾ ਬਿਲੀਅਨ ਲੋਕਾਂ ਨੂੰ ਪੂਰਾ ਸਾਲ ਹੀ ਪਾਣੀ ਦੀ ਕਮੀ ਨਾਲ ਜੂਝਣਾ ਪੈਂਦਾ ਹੈ। ਧਰਤੀ ਦੇ ਚੁਫ਼ੇਰੇ ਪਾਣੀ ਦੇ ਭੰਡਾਰ ਹੋਣ ਦੇ ਬਾਵਜੂਦ ਸਿਰਫ਼ 0.014 ਫੀਸਦੀ ਪਾਣੀ ਹੀ ਪੀਣ ਯੋਗ ਹੈ। ਬਾਕੀ 97 ਫੀਸਦੀ ਨਮਕੀਨ ਤੇ 3 ਫੀਸਦੀ ਦੇ ਨੇੜੇ-ਤੇੜੇ ਪਹੁੰਚ ਤੋਂ ਬਾਹਰ ਹੈ।
ਇਹ ਕਿਆਸ ਲਾਇਆ ਜਾ ਚੁੱਕਿਆ ਹੈ ਕਿ ਸੰਨ 2030 ਤੱਕ ਧਰਤੀ ਉੱਤੇ ਪੀਣ ਵਾਲੇ ਪਾਣੀ ਦੀ ਏਨੀ ਘਾਟ ਹੋ ਜਾਣੀ ਹੈ ਕਿ 40 ਫੀਸਦੀ ਲੋਕ ਤ੍ਰਾਹ-ਤ੍ਰਾਹ ਕਰ ਰਹੇ ਹੋਣਗੇ ਤੇ ਪਾਣੀ ਖੁਣੋਂ ਮੌਤਾਂ ਦਾ ਢੇਰ ਲੱਗ ਜਾਣਾ ਹੈ।
ਦਰਖਤ ਵੱਢਣ, ਲੋੜੋਂ ਵੱਧ ਪ੍ਰਦੂਸ਼ਣ, ਮੌਸਮੀ ਤਬਦੀਲੀ, ਵਧਦੀ ਗਰਮੀ, ਕੁੱਝ ਇਲਾਕਿਆਂ ਵਿਚ ਬਾਰਿਸ਼ ਦੀ ਕਮੀ, ਪਾਣੀ ਦਾ ਜ਼ਾਇਆ ਹੋਣਾ, ਫੈਕਟਰੀਆਂ ਵੱਲੋਂ ਪੀਣ ਵਾਲੇ ਪਾਣੀ ਵਿਚ ਗੰਦਗੀ ਰਲਾਉਣੀ, ਖੇਤਾਂ ਵਿਚ ਲੋੜੋਂ ਵੱਧ ਵਰਤੋਂ, ਸੜਕਾਂ ਧੋਣੀਆਂ, ਹੋਟਲਾਂ ਵਿਚ ਵਾਧੂ ਵਰਤੋਂ, ਆਦਿ ਅਨੇਕ ਕਾਰਣ ਗਿਣਾਏ ਜਾ ਚੁੱਕੇ ਹਨ। ਕੁੱਝ ਮੁਲਕਾਂ ਵਿਚ, ਵੇਲੇ ਸਿਰ ਇਸ ਖ਼ਤਰੇ ਨੂੰ ਭਾਂਪਦੇ ਤਬਦੀਲੀਆਂ ਸ਼ੁਰੂ ਕਰ ਦਿੱਤੀਆਂ ਹਨ।
ਮਿਸਾਲ ਵਜੋਂ, ਅਸਟ੍ਰੇਲੀਆ ਵਿਚ ਇਹ ਸਭ ਧਿਆਨ ਵਿਚ ਰੱਖਦੇ ਹੋਏ ਸੰਨ 2001 ਤੋਂ 2009 ਤੱਕ ਪਾਣੀ ਦੀ ਫਾਲਤੂ ਵਰਤੋਂ ਉੱਤੇ ਰੋਕ ਲਾ ਕੇ 40 ਫੀਸਦੀ ਤਕ ਪਾਣੀ ਬਚਾ ਲਿਆ ਗਿਆ ਤੇ ਇਸ ਨਾਲ ਸਗੋਂ ਉਨ੍ਹਾਂ ਦੇ ਅਰਥ ਵਿਵਸਥਾ ਵਿਚ 30 ਫੀਸਦੀ ਵਾਧਾ ਵੀ ਹੋ ਗਿਆ ਹੈ।
ਡੈਮ, ਕਨਾਲ, ਐਕੁਈਡਕਟ, ਪਾਈਪਾਂ, ਰੈਜ਼ਰਵਾਇਰ ਆਦਿ ਬਣਾ ਕੇ ਪਾਣੀ ਨੂੰ ਖ਼ੂਬਸੂਰਤ ਤਰੀਕੇ ਸੰਭਾਲ ਲਿਆ ਗਿਆ ਹੈ। ਰੀਸਾਈਕਲਿੰਗ ਕਰਨ ਨਾਲ ਵਰਤੇ ਹੋਏ ਪਾਣੀ ਨੂੰ ਸਾਫ਼ ਕਰ ਕੇ ਦੁਬਾਰਾ ਵਰਤੋਂ ਵਿਚ ਲਿਆਇਆ ਜਾ ਰਿਹਾ ਹੈ। ਇਹ ਮਿਸਾਲ ਪੂਰੀ ਦੁਨੀਆ ਅੱਗੇ ਰੱਖੀ ਗਈ ਹੈ ਕਿ ਜੇ ਮਨੁੱਖੀ ਜੀਵਨ ਬਚਾਉਣਾ ਹੈ ਤਾਂ ਇਹੋ ਢੰਗ ਹੀ ਬਚਿਆ ਹੈ।
ਇਕ ਹੋਰ ਤਰੀਕੇ ਵੀ ਪਾਣੀ ਬਹੁਤ ਜ਼ਾਇਆ ਹੋ ਰਿਹਾ ਹੈ। ਦੁਧਾਰੂ ਜਾਨਵਰ ਪਾਲਣ, ਮੁਰਗੀਆਂ ਪਾਲਣ ਆਦਿ ਨਾਲ ਵੀ ਪਾਣੀ ਦੀ ਵਾਧੂ ਵਰਤੋਂ ਹੋ ਰਹੀ ਹੈ।
ਵਿਕਸਿਤ ਮੁਲਕਾਂ ਵਿਚ ਵਿਕਾਸਸ਼ੀਲ ਦੇਸਾਂ ਨਾਲੋਂ 10 ਗੁਣਾ ਵੱਧ ਪਾਣੀ ਦੀ ਵਰਤੋਂ ਹੋ ਰਹੀ ਹੈ। ਉੱਥੇ ਇਹ ਫੂਡ ਪਰੋਸੈੱਸਿੰਗ ਤੇ ਹੋਰ ਪੈਕੇਜਿੰਗ ਵਿਚ ਵਰਤਿਆ ਜਾ ਰਿਹਾ ਹੈ।
ਪੂਰੀ ਦੁਨੀਆ ਵਿਚਲੀ ਇਕ ਚੌਥਾਈ ਆਬਾਦੀ ਆਪਣੇ ਘਰੋਂ ਕਈ ਕਿਲੋਮੀਟਰ ਤੱਕ ਤੁਰ ਕੇ ਪੀਣ ਵਾਲਾ ਪਾਣੀ ਲਿਆਉਂਦੀ ਹੈ। ਅੰਦਾਜ਼ਾ ਲਾਇਆ ਗਿਆ ਹੈ ਕਿ ਕਈ ਵਿਕਾਸਸ਼ੀਲ ਦੇਸਾਂ ਵਿਚ ਔਸਤਨ 20 ਲਿਟਰ ਪਾਣੀ ਪ੍ਰਤੀ ਦਿਨ ਪ੍ਰਤੀ ਬੰਦਾ ਵਰਤ ਰਿਹਾ ਹੈ ਜਿਸ ਵਿਚ ਕਪੜੇ ਧੋਣੇ ਸ਼ਾਮਲ ਨਹੀਂ ਹਨ। ਇਸ ਵਿਚ ਅਫਰੀਕਾ ਵਿਚ ਕਈ ਥਾਈਂ ਸਿਰਫ਼ 10 ਲਿਟਰ ਤਕ ਹੀ ਵਰਤਿਆ ਜਾ ਰਿਹਾ ਹੈ।
ਹੁਣ ਫਿਕਰ ਇਹ ਹੈ ਕਿ ਚੌਲ ਤੇ ਕਣਕ ਦੀ ਫਸਲ ਏਨਾ ਪਾਣੀ ਵੀ ਨਹੀਂ ਰਹਿਣ ਦੇਣ ਲੱਗੀ।
ਪੰਜਾਬ ਵਿਚ ਜਨਸੰਖਿਆ ਵਿਚ ਪਿਛਲੇ 50 ਸਾਲਾਂ ਵਿਚ 62 ਫੀਸਦੀ ਵਾਧਾ ਹੋ ਚੁੱਕਿਆ ਹੈ।
ਲਗਾਤਾਰ ਖੇਤੀ ਕਰਨ ਨਾਲ ਹੁਣ ਬਠਿੰਡਾ, ਫਿਰੋਜ਼ਪੁਰ ਤੇ ਫਰੀਦਕੋਟ ਦੀ ਮਿੱਟੀ ਵਿਚ ਫਾਸਫੋਰਸ ਦੀ ਘਾਟ ਹੋ ਚੁੱਕੀ ਹੈ। ਕਈ ਹੋਰ ਹਿੱਸਿਆਂ ਵਿਚ ਲੋਹ ਕਣ ਤੇ ਮੈਂਗਨੀਜ਼ ਘੱਟ ਚੁੱਕੇ ਹਨ। ਬੇਹਿਸਾਬੇ ਕੀਟਨਾਸ਼ਕਾਂ ਸਦਕਾ ਤੇ ਪੈਦਾਵਾਰ ਵਧਾਉਣ ਦੇ ਵੱਖੋ-ਵੱਖ ਤਰੀਕਿਆਂ ਸਦਕਾ ਇਹ ਸਭ ਹੋ ਰਿਹਾ ਹੈ।
ਅੱਜ ਦੇ ਦਿਨ ਪੰਜਾਬ ਵਿਚ 12.32 ਲੱਖ ਟਿਊਬਵੈੱਲ ਲਗਾਤਾਰ ਜ਼ਮੀਨ ਹੇਠਲਾ ਪਾਣੀ ਖਿੱਚ ਰਹੇ ਹਨ। ਇੱਕ ਪਾਸੇ ਪਾਣੀ ਦੀ ਲਗਾਤਾਰ ਹੁੰਦੀ ਕਮੀ ਤੇ ਦੂਜੇ ਪਾਸੇ ਕੀਟਨਾਸ਼ਕਾਂ ਦਾ ਧਰਤੀ ਦੇ ਹੇਠਾਂ ਡੂੰਘੇ ਲੰਘ ਜਾਣ ਨਾਲ ਪਾਣੀ ਦਾ ਪ੍ਰਦੂਸ਼ਿਤ ਹੋਣਾ ਖ਼ਤਰੇ ਦੀ ਘੰਟੀ ਵਜਾ ਰਹੇ ਹਨ।
ਮੋਗਾ, ਜਲੰਧਰ, ਬਰਨਾਲਾ, ਮੋਹਾਲੀ ਵਰਗੇ ਸ਼ਹਿਰਾਂ ਵਿਚ ਪ੍ਰਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਵੱਡੀ ਪੱਧਰ ਉੱਤੇ ਸਾਹਮਣੇ ਆ ਰਹੀਆਂ ਹਨ। ਹੁਸ਼ਿਆਰਪੁਰ, ਨਵਾਂ ਸ਼ਹਿਰ ਵਿਚ ਧਰਤੀ ਹੇਠਲੇ ਪਾਣੀ ਵਿਚ ਸੀਲੀਨੀਅਮ ਦਾ ਵਾਧਾ ਦਿਸਣ ਲੱਗ ਪਿਆ ਹੈ ਜਦਕਿ ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ ਤੇ ਰੋਪੜ ਵਿਚ ਆਰਸੈਨਿਕ ਦਾ ਵਾਧਾ ਹੋਇਆ ਹੈ। ਬਠਿੰਡਾ, ਫਿਰੋਜ਼ਪੁਰ, ਮਾਨਸਾ ਤੇ ਪਟਿਆਲਾ ਵਿਚ ਫਲੋਰਾਈਡ ਦੀ ਮਾਤਰਾ ਵੱਧ ਹੋ ਚੁੱਕੀ ਹੈ। ਗੁਰਦਾਸਪੁਰ, ਨਵਾਂ ਸ਼ਹਿਰ, ਹੁਸ਼ਿਆਰਪੁਰ, ਪਟਿਆਲਾ, ਰੋਪੜ ਤੇ ਮੋਗਾ ਵਿਚ ਜ਼ਮੀਨ ਹੇਠਲੇ ਪਾਣੀ ਵਿਚ ਐਲਮੀਨੀਅਮ ਵੱਧ ਚੁੱਕਿਆ ਹੈ। ਫਿਰੋਜ਼ਪੁਰ, ਮੋਗਾ, ਬਰਨਾਲਾ, ਬਠਿੰਡਾ ਤੇ ਸੰਗਰੂਰ ਵਿਚ ਯੂਰੇਨੀਅਮ ਦਾ ਵਾਧਾ ਦਿੱਸਣ ਲੱਗ ਪਿਆ ਹੈ। ਆਈ.ਸੀ.ਐਮ.ਆਰ. ਵੱਲੋਂ ਕੀਤੀ ਖੋਜ ਰਾਹੀਂ ਇਹ ਸਭ ਸਾਬਤ ਹੋਇਆ ਹੈ ਜਿਸ ਨਾਲ ਪੰਜਾਬ ਵਿਚ ਕੈਂਸਰ ਦੇ ਮਰੀਜ਼ਾਂ ਦਾ ਵਾਧਾ ਹੋ ਕੇ 30.5 ਪ੍ਰਤੀ ਲੱਖ ਪਹੁੰਚ ਗਿਆ ਹੈ ਜਦਕਿ ਬਠਿੰਡਾ ਤੇ ਮੁਕਤਸਰ ਵਿਚ ਇਹ ਅੰਕੜਾ 75 ਪ੍ਰਤੀ ਲੱਖ ਹੈ।
ਇਹ ਸਭ ਕੁੱਝ ਜਾਣ ਕੇ ਕੀ ਹਾਲੇ ਵੀ ਕੋਈ ਜਾਗਣਾ ਚਾਹੇਗਾ?
ਪਾਣੀ ਦੀ ਘਾਟ ਦਾ ਖ਼ਤਰਾ ਸਾਡੇ ਸਿਰ ਉੱਤੇ ਮੰਡਰਾ ਰਿਹਾ ਹੈ ਤੇ ਸਾਨੂੰ ਅਗਾਊਂ ਆਉਣ ਵਾਲੀ ਦਰਦਨਾਕ ਮੌਤ ਦਾ ਸੁਣੇਹਾ ਦੇ ਰਿਹਾ ਹੈ। ਦੂਜੇ ਪਾਸੇ ਪ੍ਰਦੂਸ਼ਿਤ ਧਰਤੀ ਹੇਠਲਾ ਪਾਣੀ ਸਾਡੀਆਂ ਪੁਸ਼ਤਾਂ ਨੂੰ ਨੇਸਤਾ ਨਾਬੂਦ ਕਰਨ ਨੂੰ ਤਿਆਰ ਬੈਠਾ ਹੈ!
ਕੀ ਅਸੀਂ ਪੰਜਾਬ ਨੂੰ ਮੋਇੰਜੋਦੜੋ ਵਿਚ ਤਬਦੀਲ ਹੋਣ ਦੀ ਉਡੀਕ ਕਰ ਰਹੇ ਹਾਂ?
ਕਦੋਂ ਸਮਝਾਂਗੇ ਕਿ ਕਣਕ-ਚੌਲ ਦੇ ਚੱਕਰ ਨਾਲ ਧਰਤੀ ਹੇਠੋਂ ਪਾਣੀ ਖ਼ਤਮ ਕਰਨ ਦੀ ਥਾਂ ਇਜ਼ਰਾਈਲ ਵਾਂਗ ਸਪਰਿੰਕਲਰ ਸਿਸਟਮ ਵਰਤ ਕੇ ਆਉਣ ਵਾਲੀ ਪੁਸ਼ਤ ਬਚਾ ਲਈਏ? ਆਖ਼ਰ ਕਦੇ ਤਾਂ ਧਰਤੀ ਵਿਚ ਜ਼ਹਿਰ ਰਲਾਉਣ ਤੋਂ ਹਟਾਂਗੇ ਤੇ ਜ਼ਹਿਰੀਲੇ ਕੀਟਨਾਸ਼ਕਾਂ ਦੀ ਵਰਤੋਂ ਛੱਡਾਂਗੇ।
ਹਾਲੇ ਵੀ ਵੇਲਾ ਹੈ! ਮੀਂਹ ਦਾ ਪਾਣੀ ਸਾਂਭ ਕੇ 'ਰੇਨ ਵਾਟਰ ਹਾਰਵੈਸਟਿੰਗ' ਕਰ ਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਵਧਾ ਲਈਏ ਪਰ ਉਸ ਤੋਂ ਪਹਿਲਾਂ ਧਰਤੀ ਉੱਪਰ ਛਿੜਕਾਏ ਜਾ ਰਹੇ ਕੀਟਨਾਸ਼ਕਾਂ ਨੂੰ ਹਰ ਹਾਲ ਬੰਦ ਕਰਨਾ ਪੈਣਾ ਹੈ ਤਾਂ ਜੋ ਜ਼ਹਿਰੀ ਪਾਣੀ ਪੀ ਕੇ ਮਰਨ ਤੇ ਪੰਜਾਬੀਆਂ ਦਾ ਨਾਮੋ ਨਿਸ਼ਾਨ ਮਿਟ ਜਾਣ ਤੋਂ ਬਚਾਓ ਹੋ ਸਕੇ।
ਤਾਜ਼ੀਆਂ ਖ਼ਬਰਾਂ ਅਨੁਸਾਰ ਨੇਪਾਲ ਨੇ ਤਾਂ ਭਾਰਤ ਵੱਲੋਂ ਭੇਜੀਆਂ ਫਲ ਸਬਜੀਆਂ ਲੈਣੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਵਿਚਲੇ ਜ਼ਹਿਰ ਨੇ ਉਨ੍ਹਾਂ ਨੂੰ ਮਨੁੱਖੀ ਵਰਤੋਂ ਜੋਗਾ ਛੱਡਿਆ ਨਹੀਂ। ਇਨ੍ਹਾਂ ਨੂੰ ਖਾ ਕੇ ਅਸੀਂ ਕਿੰਨੀ ਦੇਰ ਹੋਰ ਜੀਅ ਸਕਾਂਗੇ, ਕਿਆਸ ਲਾਉਣਾ ਔਖਾ ਨਹੀਂ।
ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ,
ਲੋਅਰ ਮਾਲ ਪਟਿਆਲਾ।
ਫੋਨ ਨੰ: 0175-2216783