ਸਾਹਿਤ ਤੇ ਚਿੰਤਨ ਪਰੰਪਰਾ - ਸਵਰਾਜਬੀਰ
ਹਰ ਭੂਗੋਲਿਕ ਖ਼ਿੱਤੇ ਵਿਚ ਭਾਸ਼ਾ, ਸਾਹਿਤ ਅਤੇ ਚਿੰਤਨ ਵੱਖ ਵੱਖ ਤਰ੍ਹਾਂ ਨਾਲ ਵਿਗਸਦੇ ਹਨ। ਉਦਾਹਰਣ ਦੇ ਤੌਰ 'ਤੇ ਯੂਨਾਨੀ ਭਾਸ਼ਾ ਵਿਚ ਚਿੰਤਨ ਅਤੇ ਸਾਹਿਤ ਦੀਆਂ ਵੱਖ ਵੱਖ ਵਿਧਾਵਾਂ ਲਗਭਗ ਢਾਈ ਹਜ਼ਾਰ ਸਾਲ ਤੋਂ ਵੱਖ ਵੱਖ ਚੱਲਦੀਆਂ ਹੋਈਆਂ ਮਿਲਦੀਆਂ ਹਨ। ਪੰਜਾਬੀ ਭਾਸ਼ਾ ਵਿਚ ਪ੍ਰਾਪਤ ਸਾਹਿਤ ਨੂੰ ਨਾਥ ਜੋਗੀਆਂ ਤੋਂ ਸ਼ੁਰੂ ਹੁੰਦਾ ਮੰਨਿਆ ਜਾਂਦਾ ਹੈ। ਇਸ ਦੀ ਤਾਈਦ ਕਰਨ ਲਈ ਗੋਰਖ ਨਾਥ, ਭਰਥਰੀ, ਚੌਰੰਗੀ ਨਾਥ, ਚਰਪਟ, ਗੋਪੀ ਚੰਦ ਆਦਿ ਦੇ ਉਦਾਹਰਣ ਦਿੱਤੇ ਜਾਂਦੇ ਹਨ। ਇਨ੍ਹਾਂ ਵਿਚੋਂ ਕੁਝ ਦਾ ਜਨਮ ਪੰਜਾਬ ਦਾ ਦੱਸਿਆ ਜਾਂਦਾ ਹੈ ਤੇ ਕੁਝ ਦਾ ਪੰਜਾਬ ਤੋਂ ਬਾਹਰ ਦਾ। ਭਾਸ਼ਾ ਸ਼ੁੱਧ ਪੰਜਾਬੀ ਨਹੀਂ ਸਗੋਂ ਪੰਜਾਬੀ, ਖੜ੍ਹੀ ਬੋਲੀ, ਬ੍ਰਿਜ ਭਾਸ਼ਾ, ਅਵਧੀ, ਸਾਧ ਭਾਸ਼ਾ ਆਦਿ ਦਾ ਮਿਸ਼ਰਣ ਹੈ। ਪਰ ਨਾਥ-ਸਿੱਧ ਸਾਹਿਤ ਵਿਚ ਪੰਜਾਬੀ ਵਾਕ ਬਣਤਰ ਦੇ ਮੁੱਢਲੇ ਮਾਡਲ ਮਿਲਦੇ ਹਨ ਅਤੇ ਨਾਥ ਜੋਗੀਆਂ ਦੀਆਂ ਕਾਵਿ-ਟੁਕੜੀਆਂ ਇਸ ਰਵਾਇਤ ਦੀ ਬੁਨਿਆਦ ਰੱਖਦੀਆਂ ਹਨ ਕਿ ਪੰਜਾਬੀ ਕਵਿਤਾ ਚਿੰਤਨ ਦਾ ਮਾਧਿਅਮ ਹੋ ਸਕਦੀ ਹੈ। ਏਸੇ ਤਰ੍ਹਾਂ ਸ਼ੇਖ਼ ਫ਼ਰੀਦ ਅਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਗੰਭੀਰ ਚਿੰਤਨ ਕਾਵਿ ਮਾਧਿਅਮ ਰਾਹੀਂ ਪ੍ਰਗਟ ਹੁੰਦਾ ਹੈ।
ਇਹ ਰਵਾਇਤ ਸਮੇਂ ਦੇ ਚੱਲਣ ਨਾਲ ਪੱਕੀ ਹੁੰਦੀ ਹੈ ਅਤੇ ਗੁਰੂ ਕਾਵਿ ਤੇ ਸੂਫ਼ੀਆਂ ਦੀ ਸ਼ਾਇਰੀ ਵਿਚ ਪੰਜਾਬੀ ਚਿੰਤਨ ਦੇ ਨੈਣ-ਨਕਸ਼ ਨਿਖਰਦੇ ਹਨ। ਮੱਧਕਾਲੀਨ ਸਮਿਆਂ ਵਿਚ ਪੰਜਾਬੀ ਵਾਰਤਕ ਦਾ ਆਰੰਭ ਹੁੰਦਾ ਹੈ ਅਤੇ ਇਹ ਸਾਨੂੰ ਜਨਮ ਸਾਖੀਆਂ, ਸੂਫ਼ੀਆਂ ਦੀਆਂ ਗੋਸ਼ਟਾਂ, ਨਿਰਮਲਿਆਂ ਦੀਆਂ ਪਰਚੀਆਂ ਆਦਿ ਦੇ ਰੂਪ ਵਿਚ ਮਿਲਦੀ ਹੈ। ਵੀਹਵੀਂ ਸਦੀ ਤਕ ਵਾਰਤਕ ਗੰਭੀਰ ਚਿੰਤਨ ਦਾ ਮਾਧਿਅਮ ਨਹੀਂ ਬਣਦੀ।
ਪੰਜਾਬ ਵਿਚ ਆਧੁਨਿਕਤਾ ਅਰਥਚਾਰੇ ਜਾਂ ਗਿਆਨ-ਵਿਗਿਆਨ ਦੇ ਖੇਤਰ ਵਿਚ ਆਈਆਂ ਤਬਦੀਲੀਆਂ ਕਾਰਨ ਨਹੀਂ ਆਉਂਦੀ ਸਗੋਂ ਅੰਗਰੇਜ਼ਾਂ ਦੀ ਗੁਲਾਮੀ ਹੇਠਲੇ ਬਸਤੀਵਾਦੀ ਰੂਪ ਰਾਹੀਂ ਆਉਂਦੀ ਹੈ। ਪੰਜਾਬੀ ਲੇਖਕ ਨਾਵਲ, ਨਾਟਕ, ਲੇਖ ਆਦਿ ਵਿਧੀਆਂ ਰਾਹੀਂ ਪੰਜਾਬੀ ਭਾਸ਼ਾ ਵਿਚ ਆਧੁਨਿਕਤਾ ਦਾ ਪਿੜ ਬੰਨ੍ਹਦੇ ਹਨ। ਸਿੰਘ ਸਭਾ ਲਹਿਰ ਦੇ ਅਸਰ ਹੇਠ ਗਿਆਨੀ ਦਿੱਤ ਸਿੰਘ, ਭਾਈ ਵੀਰ ਸਿੰਘ ਅਤੇ ਕੁਝ ਹੋਰ ਚਿੰਤਕ ਚੇਤਨ ਤੌਰ 'ਤੇ ਉਹ ਵਾਰਤਕ ਲਿਖਦੇ ਹਨ ਜਿਸ ਵਿਚ ਧਾਰਮਿਕ ਚਿੰਤਨ ਹਾਵੀ ਰਹਿੰਦਾ ਹੈ। ਵੀਹਵੀਂ ਸਦੀ ਦੇ ਦੂਸਰੇ ਦਹਾਕੇ ਵਿਚ ਗ਼ਦਰ ਪਾਰਟੀ ਵੱਲੋਂ ਚਲਾਏ ਅਖ਼ਬਾਰ ਵਿਚ ਕੁਝ ਵਾਰਤਕ ਲਿਖੀ ਮਿਲਦੀ ਹੈ ਜਿਸ ਦਾ ਜਾਮਾ ਸਿਆਸੀ ਹੈ। ਅਖ਼ਬਾਰਾਂ ਤੇ ਰਸਾਲੇ ਛਪਣੇ ਸ਼ੁਰੂ ਹੋਣ ਦੇ ਨਾਲ ਪੰਜਾਬੀ ਵਾਰਤਕ ਦੇ ਨੈਣ-ਨਕਸ਼ ਹੋਰ ਉੱਘੜਦੇ ਹਨ। ਪਰ ਪੰਜਾਬ ਵਿਚ ਭਗਤ ਸਿੰਘ ਤੋਂ ਬਿਨਾਂ ਡੂੰਘੀ ਸੋਚ ਵਾਲਾ ਚਿੰਤਕ ਵਿਖਾਈ ਨਹੀਂ ਦਿੰਦਾ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਤੇ ਹੋਰ ਗੁਰੂ ਸਾਹਿਬਾਨ ਤੇ ਸੂਫ਼ੀ ਸ਼ਾਇਰਾਂ (ਸੁਲਤਾਨ ਬਾਹੂ, ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ ਆਦਿ) ਤੋਂ ਬਾਅਦ ਪੰਜਾਬੀ ਚਿੰਤਨ ਦੇ ਇਤਿਹਾਸ ਵਿਚ ਡੂੰਘੇ ਖੱਪੇ ਦਿਖਾਈ ਦਿੰਦੇ ਹਨ। ਪੰਜਾਬੀ ਵਿਚ ਚਿੰਤਨ ਪਰੰਪਰਾ ਦੀ ਆਜ਼ਾਦਾਨਾ ਹੋਂਦ ਕਾਇਮ ਨਹੀਂ ਹੁੰਦੀ ਅਤੇ ਇਹ ਜ਼ਿੰਮੇਵਾਰੀ ਪੰਜਾਬੀ ਸਾਹਿਤ ਦੇ ਆਲੋਚਕਾਂ, ਸ਼ਾਇਰਾਂ, ਨਾਵਲਕਾਰਾਂ ਤੇ ਵਾਰਤਕ ਲੇਖਕਾਂ ਦੇ ਹਿੱਸੇ ਆਉਂਦੀ ਹੈ।
ਪਿਛਲੀ ਸਦੀ ਦੇ ਪਹਿਲੇ ਦਹਾਕਿਆਂ ਵਿਚ ਜਦ ਭਾਈ ਵੀਰ ਸਿੰਘ ਸਿੱਖ ਧਰਮ ਨਾਲ ਜੁੜੇ ਸਰੋਕਾਰਾਂ ਨੂੰ ਸਾਹਿਤ ਦੀਆਂ ਵੱਖ ਵੱਖ ਵਿਧੀਆਂ ਰਾਹੀਂ ਪੇਸ਼ ਕਰ ਰਹੇ ਸਨ ਤਾਂ ਉਸ ਸਮੇਂ ਹੀ ਪੂਰਨ ਸਿੰਘ ਤੇ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਪੰਜਾਬੀ ਵਿਚ ਆਧੁਨਿਕ ਸੰਵੇਦਨਾ ਵਾਲੀ ਵਾਰਤਕ ਦੀ ਬੁਨਿਆਦ ਰੱਖੀ। ਪੂਰਨ ਸਿੰਘ ਨੇ ਆਪਣੇ ਲੇਖਾਂ ਵਿਚ ਪੰਜਾਬੀ ਸਭਿਆਚਾਰ ਦਾ ਵੱਖਰਾ ਤੇ ਵਿਸ਼ਾਲ ਸੰਸਾਰ ਪੇਸ਼ ਕੀਤਾ ਅਤੇ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਇਸ ਦਾ ਰਿਸ਼ਤਾ ਭਵਿੱਖਮਈ ਆਧੁਨਿਕਤਾ ਨਾਲ ਗੰਢਿਆ। ਉਨ੍ਹਾਂ ਤੋਂ ਬਾਅਦ ਸੰਤ ਸਿੰਘ ਸੇਖੋਂ ਨੇ ਪੰਜਾਬੀ ਵਿਚ ਮਾਰਕਸਵਾਦ ਨਾਲ ਮੁੱਢਲਾ ਸੰਵਾਦ ਰਚਾਇਆ। ਪ੍ਰੋਫ਼ੈਸਰ ਕਿਸ਼ਨ ਸਿੰਘ ਨੇ ਇਸੇ ਖੇਤਰ ਵਿਚ ਵਡਮੁੱਲਾ ਕੰਮ ਕੀਤਾ। ਪਰ ਆਲੋਚਕ ਸੀਮਤ ਹੱਦ ਤਕ ਹੀ ਚਿੰਤਕ ਹੋ ਸਕਦਾ ਹੈ ਕਿਉਂਕਿ ਉਸ ਦੇ ਸਰੋਕਾਰ ਸਾਹਿਤ ਦੇ ਨਾਲ ਜੁੜੇ ਹੁੰਦੇ ਹਨ। ਵੀਹਵੀਂ ਤੇ ਇੱਕੀਵੀਂ ਸਦੀ ਵਿਚ ਵੀ ਪੰਜਾਬੀ ਵਿਚ ਕੋਈ ਅਜਿਹਾ ਮੌਲਿਕ ਚਿੰਤਕ ਪੈਦਾ ਨਹੀਂ ਹੋਇਆ ਜੋ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਦਾ ਵਿਸ਼ਲੇਸ਼ਣ ਕਰਨ ਦੇ ਨਾਲ ਨਾਲ ਵਿਸ਼ਵ ਚਿੰਤਨ ਨਾਲ ਦੋ-ਚਾਰ ਹੁੰਦਾ ਹੋਇਆ ਮੌਲਿਕ ਚਿੰਤਨ ਵੱਲ ਵਧ ਸਕਦਾ। ਪੰਜਾਬੀ ਦੇ ਜਿਹੜੇ ਦਾਨਿਸ਼ਵਰਾਂ ਨੇ ਇਸ ਖੇਤਰ ਵਿਚ ਮੁੱਢਲੇ ਸੀਰ ਪਾਏ ਹਨ ਉਹ ਕਿਸੇ ਨਾ ਕਿਸੇ ਤਰ੍ਹਾਂ ਪੰਜਾਬੀ ਸਾਹਿਤ ਅਤੇ ਉਸ ਦੀ ਵਿਆਖਿਆ ਨਾਲ ਹੀ ਸਬੰਧਿਤ ਰਹੇ ਹਨ। ਵੱਖ ਵੱਖ ਸਮਿਆਂ ਉੱਤੇ ਸ਼ਾਇਰਾਂ, ਨਾਵਲਕਾਰਾਂ, ਨਾਟਕਕਾਰਾਂ, ਕਹਾਣੀ ਲੇਖਕਾਂ ਅਤੇ ਆਲੋਚਕਾਂ ਨੇ ਆਪਣੀ ਆਪਣੀ ਵਿਧਾ ਵਿਚ ਲਿਖਣ ਦੇ ਨਾਲ ਨਾਲ ਦੁਨੀਆਂ ਦੇ ਵੱਡੇ ਚਿੰਤਕਾਂ ਦੇ ਚਿੰਤਨ ਨਾਲ ਸੰਵਾਦ ਰਚਾਇਆ ਹੈ। ਕਾਰਲ ਮਾਰਕਸ, ਫਰਾਇਡ ਤੋਂ ਸ਼ੁਰੂ ਹੁੰਦਾ ਇਹ ਸਿਲਸਿਲਾ ਹੁਣ ਦੇ ਉੱਤਰ-ਆਧੁਨਿਕ ਚਿੰਤਕਾਂ ਤਕ ਪਹੁੰਚਦਾ ਹੈ।
ਨਾਵਲ ਖੇਤਰ ਵਿਚ ਭਾਈ ਵੀਰ ਸਿੰਘ, ਚਰਨ ਸਿੰਘ ਸ਼ਹੀਦ, ਮਾਸਟਰ ਤਾਰਾ ਸਿੰਘ, ਨਾਨਕ ਸਿੰਘ, ਕਰਤਾਰ ਸਿੰਘ ਦੁੱਗਲ, ਸੁਰਿੰਦਰ ਸਿੰਘ ਨਰੂਲਾ, ਜਸਵੰਤ ਸਿੰਘ ਕੰਵਲ, ਨਰਿੰਦਰਪਾਲ ਸਿੰਘ, ਰਾਮ ਸਰੂਪ ਅਣਖੀ, ਗੁਰਦੇਵ ਸਿੰਘ ਰੁਪਾਣਾ, ਮੋਹਨ ਕਾਹਲੋਂ, ਕਰਮਜੀਤ ਸਿੰਘ ਕੁੱਸਾ, ਸਵਰਨ ਚੰਦਨ ਤੇ ਕੁਝ ਹੋਰ ਵੱਡੇ ਨਾਵਲਕਾਰ ਸਾਹਮਣੇ ਆਏ। ਇਸ ਮਹੀਨੇ ਨਾਵਲਕਾਰ ਜਸਵੰਤ ਸਿੰਘ ਕੰਵਲ ਦੀ ਜਨਮ ਸ਼ਤਾਬਦੀ ਮਨਾਈ ਜਾ ਰਹੀ ਹੈ। ਕੰਵਲ ਪੰਜਾਬ ਦੀਆਂ ਕਈ ਰਾਜਸੀ ਲਹਿਰਾਂ ਨਾਲ ਸਬੰਧਤ ਰਿਹਾ ਹੈ। 1940ਵੀਆਂ ਤੋਂ ਸ਼ੁਰੂ ਕੀਤੇ ਆਪਣੇ ਸਾਹਿਤਕ ਸਫ਼ਰ ਦੌਰਾਨ ਉਸ ਨੇ ਵੱਖ ਵੱਖ ਸਮਿਆਂ ਤੇ ਉੱਭਰੀਆਂ ਸਿਆਸੀ ਲਹਿਰਾਂ ਨਾਲ ਸੰਵਾਦ ਕਰਦਿਆਂ ਹਮੇਸ਼ਾਂ ਪੰਜਾਬ ਦਾ ਪੱਖ ਪੂਰਿਆ ਹੈ। ਸਿਆਸੀ ਧਿਰਾਂ ਦੇ ਚਿੰਤਕਾਂ ਤੇ ਬੁਲਾਰਿਆਂ ਦੇ ਉਸ ਸਬੰਧੀ ਵੱਖ ਵੱਖ ਵਿਚਾਰ ਹਨ। ਕਈ ਉਸ ਦੇ ਉਪਾਸ਼ਕ ਹਨ ਤੇ ਕਈ ਉਸ ਦੇ ਤਿੱਖੇ ਵਿਰੋਧੀ। ਇਸ ਦਾ ਕਾਰਨ ਸ਼ਾਇਦ ਇਹ ਹੈ ਕਿ ਬਾਕੀ ਪੰਜਾਬੀ ਲੇਖਕਾਂ ਵਾਂਗ, ਕੰਵਲ ਆਪਣੀ ਲਿਖਤ ਦੇ ਨਾਲ ਨਾਲ ਚਿੰਤਨ ਤੇ ਸਿਆਸੀ ਲਹਿਰਾਂ ਦੀ ਵਿਚਾਰਧਾਰਾ ਨੂੰ ਆਪਣੇ ਨਾਵਲਾਂ ਤੇ ਕਹਾਣੀਆਂ ਵਿਚ ਜਜ਼ਬ ਕਰਦਿਆਂ, ਉਨ੍ਹਾਂ ਦਾ ਤਰਜ਼ਮਾਨ ਵੀ ਬਣਦਾ ਰਿਹਾ ਤੇ ਪੰਜਾਬੀ ਬੰਦੇ ਦੀ ਗੱਲ ਵੀ ਕਰਦਾ ਰਿਹਾ।
ਪੰਜਾਬ ਲਈ ਇਹ ਗੰਭੀਰ ਮਸਲਾ ਹੈ ਕਿ ਕੋਈ ਚਿੰਤਕ, ਸਮਾਜ-ਵਿਗਿਆਨੀ ਜਾਂ ਮਨੋਵਿਗਿਆਨੀ ਪੰਜਾਬੀ ਭਾਸ਼ਾ ਨੂੰ ਕਿਉਂ ਨਹੀਂ ਅਪਣਾਉਂਦਾ। ਇਸ ਵੇਲੇ ਦੁਨੀਆਂ ਦੀਆਂ ਬਹੁਤ ਸਾਰੀਆਂ ਨਾਮਵਰ ਯੂਨੀਵਰਸਿਟੀਆਂ ਵਿਚ ਚਿੰਤਕ, ਖੋਜੀ, ਆਲੋਚਕ, ਸਮਾਜ ਵਿਗਿਆਨੀ, ਅਰਥ ਸ਼ਾਸ਼ਤਰੀ, ਇਤਿਹਾਸਕਾਰ ਤੇ ਮਨੋਵਿਗਿਆਨੀ ਪੰਜਾਬੀ ਹਨ, ਪਰ ਉਨ੍ਹਾਂ ਦੀ ਲਿਖਤ ਦਾ ਮਾਧਿਅਮ ਅੰਗਰੇਜ਼ੀ ਹੈ ਪੰਜਾਬੀ ਨਹੀਂ। ਅੰਗਰੇਜ਼ੀ ਵਿਚ ਲਿਖਣ ਨਾਲ ਉਹ ਅੰਤਰ-ਰਾਸ਼ਟਰੀ ਪੱਧਰ 'ਤੇ ਸਵੀਕਾਰੇ ਜਾਂਦੇ ਹਨ। ਸ਼ਾਇਦ, ਉਹ ਪੰਜਾਬੀ ਨੂੰ ਅਪਣਾ ਵੀ ਨਹੀਂ ਸਕਦੇ ਕਿਉਂਕਿ ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚ ਪੰਜਾਬੀ ਭਾਸ਼ਾ ਨਾ ਤੇ ਚੜ੍ਹਤ ਵਾਲੀ ਸਥਿਤੀ ਵਿਚ ਹੈ ਅਤੇ ਨਾ ਹੀ ਇਹ ਯਤਨ ਹੋਇਆ ਹੈ ਕਿ ਪੰਜਾਬੀ ਭਾਸ਼ਾ ਗਿਆਨ, ਵਿਗਿਆਨ ਤੇ ਮੌਲਿਕ ਵਿਚਾਰਾਂ ਦੀ ਭਾਸ਼ਾ ਬਣੇ। ਇਸ ਦਾ ਮੁੱਖ ਕਾਰਨ ਇਹ ਹੈ ਕਿ ਪੰਜਾਬ ਵਿਚ ਸੱਤਾ ਵਿਚ ਰਹੀਆਂ ਸਿਆਸੀ ਪਾਰਟੀਆਂ ਦੀ ਪੰਜਾਬੀ ਭਾਸ਼ਾ ਨਾਲ ਕੋਈ ਪ੍ਰਤੀਬੱਧਤਾ ਨਹੀਂ। ਉਨ੍ਹਾਂ ਨੂੰ ਇਸ ਗੱਲ ਦਾ ਕੋਈ ਫ਼ਿਕਰ ਨਹੀਂ ਕਿ ਪੰਜਾਬੀ ਭਾਸ਼ਾ ਵਿਚ ਮੌਲਿਕ ਵਿਚਾਰ ਤੇ ਗਿਆਨ ਕਿਉਂ ਜਨਮ ਤੇ ਪਨਪ ਨਹੀਂ ਰਹੇ। ਪੰਜਾਬ ਦਾ ਇਕ ਵੱਡਾ ਵਰਗ ਹਮੇਸ਼ਾਂ ਹੀ ਪੰਜਾਬੀ ਨਾਲੋਂ ਟੁੱਟਾ ਤੇ ਹਿੰਦੀ ਨਾਲ ਮੋਹ ਪਾਲਦਾ ਰਿਹਾ ਹੈ। ਪਰ ਪੰਜਾਬੀ ਭਾਸ਼ਾ ਦੇ ਆਧਾਰ 'ਤੇ ਸੂਬਾ ਮੰਗਣ ਵਾਲੀ ਪਾਰਟੀ ਨੂੰ ਵੀ ਇਹ ਵਿਸ਼ਵਾਸ ਨਹੀਂ ਕਿ ਪੰਜਾਬੀ ਭਾਸ਼ਾ ਹੀ ਪੰਜਾਬੀ ਬੰਦੇ ਦੀਆਂ ਮਾਨਸਿਕ, ਸਮਾਜਿਕ ਤੇ ਆਰਥਿਕ ਸਮੱਸਿਆਵਾਂ ਦੀ ਤਰਜ਼ਮਾਨੀ ਕਰਨ ਵਾਲੀ ਭਾਸ਼ਾ ਹੈ, ਏਸੇ ਭਾਸ਼ਾ ਰਾਹੀਂ ਪੰਜਾਬੀ ਸਭਿਆਚਾਰ ਤੇ ਏਥੋਂ ਦੇ ਭੋਂਇੰ-ਮੁਖੀ ਬੰਦੇ ਦੇ ਗੌਰਵ ਨੂੰ ਕਾਇਮ ਰੱਖਿਆ ਜਾ ਸਕਦਾ ਹੈ।
ਇਹ ਪੰਜਾਬੀ ਮੂਲ ਦੇ ਚਿੰਤਕਾਂ, ਸਮਾਜ-ਸ਼ਾਸਤਰੀਆਂ, ਅਰਥ ਸ਼ਾਸਤਰੀਆਂ ਤੇ ਇਤਿਹਾਸਕਾਰਾਂ ਲਈ ਵੀ ਸੋਚਣ ਦਾ ਵਿਸ਼ਾ ਹੈ। ਉਹ ਅੰਗਰੇਜ਼ੀ ਵਿਚ ਲਿਖ ਕੇ ਵੱਡਾ ਨਾਂ ਕਮਾ ਸਕਦੇ ਹਨ ਪਰ ਆਪਣੀ ਭਾਸ਼ਾ ਤੋਂ ਬੇਗ਼ਾਨਗੀ ਕਾਰਨ ਉਹ ਮੌਲਿਕਤਾ ਤੋਂ ਦੂਰ ਰਹਿਣਗੇ। ਬੇਗ਼ਾਨੀ ਭਾਸ਼ਾ ਕਦੇ ਵੀ ਮਨੁੱਖੀ ਮਨ ਅਤੇ ਇਤਿਹਾਸਕ, ਸਮਾਜਿਕ ਤੇ ਮਾਨਸਿਕ ਗੁੰਝਲਾਂ ਖੋਲ੍ਹਣ ਦਾ ਮਾਧਿਅਮ ਨਹੀਂ ਬਣ ਸਕਦੀ। ਇਨ੍ਹਾਂ ਵਿਦਵਾਨਾਂ ਵਿਚ ਬਹੁਤ ਸਾਰੇ ਦੁਚਿੱਤੀ ਤੇ ਦੁਬਿਧਾ ਦਾ ਸ਼ਿਕਾਰ ਹੋਣਗੇ। ਪਰ ਫੈਜ਼ ਅਹਿਮਦ ਫੈਜ਼ ਵਾਂਗ ਜਦ ਇਹ ਅਹਿਸਾਸ ਹੋਵੇਗਾ ਕਿ ਲਿਖਣਾ ਤਾਂ ਪੰਜਾਬੀ ਵਿਚ ਚਾਹੀਦਾ ਸੀ, ਓਦੋਂ ਤਕ ਬਹੁਤ ਦੇਰ ਹੋ ਚੁੱਕੀ ਹੋਵੇਗੀ।
ਪੰਜਾਬੀ ਖ਼ਿੱਤੇ ਦੀ ਨੁਹਾਰ ਸਿਰਫ਼ ਪੰਜਾਬੀ ਬੋਲੀ ਰਾਹੀਂ ਹੀ ਸਵਾਰੀ ਜਾ ਸਕਦੀ ਹੈ। ਆਪਣੀ ਭਾਸ਼ਾ ਤੋਂ ਬੇਗ਼ਾਨਗੀ ਸਿਰਫ਼ ਵਿਦਵਾਨਾਂ ਹੀ ਨਹੀਂ ਸਗੋਂ ਅੱਜ ਦੀ ਜਵਾਨ ਪੀੜ੍ਹੀ ਲਈ ਵੀ ਵੱਡੀ ਸਮੱਸਿਆ ਹੈ। ਆਪਣੀ ਭਾਸ਼ਾ ਤੋਂ ਬੇਗ਼ਾਨਾ ਹੋਇਆ ਬੰਦਾ ਆਪਣੇ ਸਭਿਆਚਾਰ ਤੇ ਭੋਂਇੰ ਤੋਂ ਟੁੱਟਦਾ ਹੈ, ਮਾਨਸਿਕ ਵਿਕਾਰਾਂ ਦਾ ਸ਼ਿਕਾਰ ਹੁੰਦਾ ਹੈ। ਏਥੇ ਇਹ ਕਹਿਣਾ ਬਣਦਾ ਹੈ ਕਿ ਭਾਸ਼ਾ ਦੇ ਨਾਲ ਸਰਕਾਰਾਂ ਪੰਜਾਬ ਦੇ ਲੋਕਾਂ ਨੂੰ ਚੰਗਾ ਰਾਜ-ਪ੍ਰਬੰਧ, ਰੁਜ਼ਗਾਰ, ਸਿਹਤ ਤੇ ਸਿੱਖਿਆ ਸੇਵਾਵਾਂ ਤੇ ਹੋਰ ਸਹੂਲਤਾਂ ਦੇਣ ਲਈ ਵੀ ਪ੍ਰਤੀਬੱਧ ਨਹੀਂ। ਰਿਸ਼ਵਤਖ਼ੋਰੀ ਤੇ ਕੁਨਬਾ-ਪਰਵਰੀ ਵਿਚ ਫਸੀ ਹੋਈ ਸਿਆਸੀ ਜਮਾਤ ਕਿਤੇ ਵੀ ਪੰਜਾਬ ਦੇ ਹੱਕ ਵਿਚ ਭੁਗਤਦੀ ਹੋਈ ਦਿਖਾਈ ਨਹੀਂ ਦਿੰਦੀ। ਏਹੀ ਕਾਰਨ ਹੈ ਕਿ ਨੌਜਵਾਨ ਪੀੜ੍ਹੀ ਨਿਰਾਸ਼ ਹੋ ਕੇ ਜਾਂ ਤਾਂ ਵਿਦੇਸ਼ਾਂ ਵੱਲ ਭੱਜ ਰਹੀ ਹੈ, ਨਸ਼ਿਆਂ ਦਾ ਸ਼ਿਕਾਰ ਹੋ ਰਹੀ ਹੈ ਜਾਂ ਗੈਂਗਸਟਰ ਬਣ ਰਹੀ ਹੈ।
ਇਹ ਨਹੀਂ ਅੱਜ ਪੰਜਾਬੀ ਵਿਚ ਚਿੰਤਨ ਬਿਲਕੁਲ ਗ਼ੈਰਹਾਜ਼ਰ ਹੈ। ਕਈ ਵਿਦਵਾਨ ਇਸ ਖੇਤਰ ਵਿਚ ਵਡਮੁੱਲਾ ਯੋਗਦਾਨ ਪਾ ਰਹੇ ਹਨ। ਵਿਚਾਰਾਂ ਦੀ ਕਸਮਕਸ਼ ਕਈ ਮਾਸਿਕ, ਦੋ-ਮਾਸਿਕ, ਤ੍ਰੈ-ਮਾਸਿਕ ਪਰਚਿਆਂ ਤੇ ਪੁਸਤਕ ਲੜੀਆਂ ਰਾਹੀਂ ਪੇਸ਼ ਹੋ ਰਹੀ ਹੈ। ਪੰਜਾਬ ਦੀ ਰਵਾਇਤੀ ਸਿਆਸੀ ਪਾਰਟੀਆਂ ਤੋਂ ਮੁਕਤ ਹੋਣ ਤੇ ਤੀਸਰਾ ਬਦਲ ਤਲਾਸ਼ਣ ਦੀ ਚਾਹਤ ਵੀ ਇਹ ਨਿਸ਼ਾਨਦੇਹੀ ਕਰਦੀ ਹੈ ਕਿ ਪੰਜਾਬ ਵਿਚ ਬੇਚੈਨੀ ਹੈ, ਵਿਚਾਰਾਂ ਦੀ ਹਲਚਲ ਹੈ, ਉਤੇਜਨਾ ਹੈ। ਕਿਤੇ ਨਾ ਕਿਤੇ ਪੰਜਾਬੀ ਆਪਣੇ ਨਾਬਰੀ ਵਾਲੇ ਖਮੀਰ ਨੂੰ ਉਫ਼ਲਦਾ ਵੇਖਣਾ ਚਾਹੁੰਦੇ ਹਨ। ਇਸ ਲਈ ਸਾਨੂੰ ਗੰਭੀਰ ਚਿੰਤਕਾਂ ਦੀ ਜ਼ਰੂਰਤ ਹੈ, ਬੁੱਲ੍ਹੇ ਸ਼ਾਹ ਦੇ ਬੋਲਾਂ ''ਐ ਸ਼ਾਹ ਅਕਲ ਤੂੰ ਆਇਆ ਕਰ/ ਸਾਨੂੰ ਅਦਬ ਅਦਾਬ ਸਿਖਾਇਆ ਕਰ'' ਵਾਲਾ ਚਿੰਤਨ ਹੀ ਪੰਜਾਬ ਦਾ ਅੱਗਾ ਸੁਧਾਰਨ ਵਾਲੀ ਸੇਧ ਦੇ ਸਕਦਾ।