ਕਲਮ ਤੇ ਕਵਿਤਾ - ਮਲਕੀਅਤ 'ਸੁਹਲ'
''ਕਲਮ ਤੇ ਕਵਿਤਾ'' ਦੀ, ਸਾਂਝ ਹੈ ਪੱਕੀ,
ਤੈਨੂੰ ਕਿਵੇਂ ਸੁਣਾਵਾਂ, ਤੂੰ ਦਸ ਮੇਰੇ ਯਾਰ।
ਕਲਮ ਦੇ ਹੰਝੂ ਮੇਰੀ, ਕਵਿਤਾ 'ਚ ਰੋ ਪਏ,
ਤਾਂ ਦੋਵਾਂ ਦੀ ਲਿਖਦਾ, ਰਿਹਾ ਹਾਂ ਪੁਕਾਰ।
ਜੋ ਵੇਖਣ ਨੂੰ ਲਗਦੀ ਹੈ,ਸੁੱਕੀ ਹੋਈ ਕਾਨੀਂ,
ਪਰ!ਕਵਿਤਾ ਮੇਰੀ ਦਾ,ਬਣ ਗਈ ਸ਼ਿੰਗਾਰ।
ਸਿਆਹੀ ਕਲਮ ਦੀ , ਮੈਂ ਸੁੱਕਣ ਨਾ ਦੇਵਾਂ,
ਮੈਂ ਇਹਦੇ ਜ਼ਜ਼ਬਾਤਾਂ ਦੀ, ਕਰਾਂ ਇੰਤਜ਼ਾਰ।
ਕਵਿਤਾ ਦੇ ਸਿਰ ਉਤੇ, ਕਲਮ ਦੀ ਕਲਗੀ,
ਮੈਂ ਦੋਵਾਂ ਨੂੰ ਕਰਦਾ ਹਾਂ, ਰੱਜ ਕੇ ਪਿਆਰ।
ਜੇ ਕਲਮ ਨਾ ਝਿੱਜਕੇ, ਕਵਿਤਾ ਲਿਖਣ ਤੋਂ,
ਫਿਰ ਕਵਿਤਾ ਦਾ ਕਿਉਂ ਨਾ,ਲਗੇ ਦਰਬਾਰ।
ਕਲਮ ਨੇ ਕਵਿਤਾ ਨੂੰ, ਤੁਰਨਾ ਸਿਖਾਇਆ,
ਇਹ ਜ਼ਿੰਦਗ਼ੀ ਨੂੰ ਕਲਮ ਨੇ,ਦਿਤਾ ਸ਼ਿੰਗਾਰ।
ਦੋਵਾਂ ਦੀ ਜ਼ਿੰਦਗੀ ਚੋਂ, ਬੜਾ ਕੁਝ ਸਿਖਿਆ,
ਆ ਜਾਉ, ਲੱਚਰਤਾ ਨੂੰ ਪਾਈਏ ਫਿਟਕਾਰ।
''ਕਲਮ ਤੇ ਕਵਿਤਾ'' ਦੋ ਸਕੀਆਂ ਨੇ ਭੈਣਾਂ,
ਇਨ੍ਹਾਂ ਦਾ 'ਸੁਹਲ' ਸਿਰ,ਕਰਜ਼ ਬੇ-ਸ਼ੁਮਾਰ।
05 July 2019