ਪ੍ਰੇਰਨਾਦਾਇਕ ਲੇਖ : ਸਾਡੀਆਂ ਅਸੰਤੁਸ਼ਟੀਆਂ - ਗੁਰਸ਼ਰਨ ਸਿੰਘ ਕੁਮਾਰ
ਅੱਜ ਕੱਲ੍ਹ ਸਾਡੇ ਕੋਲ ਜ਼ਿੰਦਗੀ ਦੀਆਂ ਬਹੁਤ ਸੁੱਖ ਸਹੂਲਤਾਂ ਹਨ। ਸਾਡੇ ਰਹਿਣ ਲਈ ਪੱਕੇ ਅਤੇ ਸੁੰਦਰ ਮਕਾਨ ਹਨ। ਘਰ ਵਿਚ ਬਿਜਲੀ ਪਾਣੀ ਦੀ ਸਹੂਲਤ ਹੈ। ਸਰਦੀਆਂ ਵਿਚ ਕਮਰੇ ਗਰਮ ਕਰਨ ਲਈ ਹੀਟਰ ਹਨ ਅਤੇ ਗਰਮੀਆਂ ਵਿਚ ਠੰਢਕ ਪਹੁੰਚਾਉਣ ਲਈ ਪੱਖੇ, ਕੂਲਰ ਅਤੇ ਏਅਰ ਕੰਡੀਸ਼ਨਰ ਹਨ। ਕਿਧਰੇ ਆਉਣ ਜਾਣ ਲਈ ਆਪਣੀ ਕਾਰ ਜਾਂ ਸਕੂਟਰ ਹੈ। ਘਰ ਵਿਚ ਮਨੋਰੰਜਨ ਲਈ ਟੈਲੀਵਿਜ਼ਨ, ਕੰਪਿਊਟਰ ਅਤੇ ਇੰਟਰਨੈੱਟ ਜਹੀਆਂ ਮਹਿੰਗੀਆਂ ਵਸਤੂਆਂ ਅਤੇ ਸਹੂਲਤਾਂ ਹਨ। ਰਸੋਈ ਦੇ ਕੰਮ ਲਈ ਸਾਡੇ ਕੋਲ ਕੁੱਕਰ, ਫ਼ਰਿਜ, ਗੈਸ ਅਤੇ ਮਾਈਕਰਵੇਵ ਓਵਨ ਹਨ। ਬਰਤਨ ਸਾਫ ਕਰਨ ਲਈ ਡਿਸ਼ ਵਾਸ਼ਰ ਹਨ।ਜੇ ਅਚਾਨਕ ਕੋਈ ਮਹਿਮਾਨ ਆ ਜਾਏ ਤਾਂ ਫਰਿਜ ਵਿਚ ਖਾਣ ਲਈ ਬਣੀਆਂ ਹੋਈਆਂ ਸਬਜੀਆਂ ੳਤੇ ਗੁੱਝਾ ਹੋਇਆ ਆਟਾ ਹਰ ਸਮੇਂ ਤਿਆਰ ਮਿਲ ਜਾਂਦਾ ਹੈ। ਹੁਣ ਤਾਂ ਬਜ਼ਾਰ ਵਿਚ ਆਟਾ ਗੁੰਨਣ ਵਾਲੀਆਂ ਅਤੇ ਰੋਟੀਆਂ ਪਕਾਉਣ ਵਾਲੀਆਂ ਮਸ਼ੀਨਾਂ ਵੀ ਆ ਗਈਆਂ ਹਨ ਜਿਨਾਂ ਨਾਲ ਸਾਡੀ ਸਰੀਰਕ ਮੁਸ਼ੱਕਤ ਘਟ ਗਈ ਹੈ ਅਤੇ ਜ਼ਿੰਦਗੀ ਸੁਖਾਲੀ ਹੋ ਗਈ ਹੈ। ਸਾਡੇ ਕੋਲ ਕੱਪੜੇ ਧੋਣ ਲਈ ਆਟੋਮੈਟਿਕ ਮਸ਼ੀਨਾ ਹਨ। ਇਸ ਦੇ ਬਾਵਜੂਦ ਵੀ ਘਰ ਵਿਚ ਸਫ਼ਾਈਆਂ ਅਤੇ ਭਾਂਡਿਆਂ ਲਈ ਮਾਈਆਂ ਲੱਗੀਆਂ ਹੋਈਆਂ ਹਨ। ਇਨਾਂ ਸਾਰੀਆਂ ਸੁੱਖ ਸਹੂਲਤਾਂ ਦੇ ਬਾਵਜ਼ੂਦ ਵੀ ਸਾਡੀ ਜ਼ਿੰਦਗੀ ਕੋਈ ਸੌਖੀ ਨਹੀਂ ਹੋਈ। ਅਸੀਂ ਸੁਖੀ ਨਹੀਂ ਹਾਂ। ਅਸੀਂ ਹਰ ਸਮੇਂ ਤਣਾਅ ਵਿਚ ਹੀ ਰਹਿੰਦੇ ਹਾਂ। ਸਾਡੇ ਮਨ ਵਿਚ ਸ਼ਾਂਤੀ ਨਹੀਂ। ਦੁਨੀਆਂ ਦੇ ਇਸ ਭੀੜ ਭਰੇ ਮੇਲੇ ਵਿਚ ਵੀ ਅਸੀਂ ਆਪਣੇ ਆਪ ਨੂੰ ਬਿਲਕੁਲ ਇਕੱਲਾ ਮਹਿਸੂਸ ਕਰਦੇ ਹਾਂ। ਸਾਡਾ ਕਿਸੇ ਕੰਮ ਵਿਚ ਵੀ ਜੀਅ ਨਹੀਂ ਲੱਗਦਾ। ਸਾਡੀ ਬਿਰਤੀ ਉੱਖੜੀ ਉੱਖੜੀ ਰਹਿੰਦੀ ਹੈ। ਦੂਜੇ ਨਾਲ ਵਰਤਣ ਸਮੇਂ ਵੀ ਸਾਨੂੰ ਲੱਗਦਾ ਹੈ ਕਿ ਉਹ ਸਾਡੀ ਅਣਖ 'ਤੇ ਹਮਲਾ ਕਰ ਕੇ ਸਾਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਲਈ ਕਈ ਵਾਰੀ ਅਸੀਂ ਦੂਜੇ ਦੇ ਬੋਲਣ ਤੋਂ ਪਹਿਲਾਂ ਹੀ ਉਸ ਨਾਲ ਉੱਚੀ ਅਵਾਜ਼ ਵਿਚ ਚੀਕ ਕੇ ਬੋਲਦੇ ਹਾਂ। ਇਸ ਨਾਲ ਕਲੇਸ਼ ਪੈਦਾ ਹੁੰਦਾ ਹੈ। ਆਪਸੀ ਦੂਰੀਆਂ ਵਧਦੀਆਂ ਹਨ।
ਜੇ ਅਸੀਂ ਅੱਜ ਤੋਂ 70/80 ਸਾਲ ਪਿੱਛੇ ਵੱਲ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਉਸ ਸਮੇਂ ਅੱਜ ਵਾਲੀਆਂ ਇਹ ਸਾਰੀਆਂ ਸੁੱਖ ਸਹੂਲਤਾਂ ਨਹੀਂ ਸਨ। ਕੱਚੇ ਅਤੇ ਤੰਗ ਮਕਾਨ ਸਨ। ਬਿਜਲੀ ਦੀ ਸਹੂਲਤ ਬਹੁਤ ਘੱਟ ਸੀ। ਘਰਾਂ ਵਿਚ ਰਾਤ ਨੂੰ ਮਿੱਟੀ ਦੇ ਤੇਲ ਵਾਲੇ ਲੈਂਪ ਨੂੰ ਬਾਲ ਕੇ ਗੁਜ਼ਾਰਾ ਕਰਨਾ ਪੈਂਦਾ ਸੀ। ਅੱਜ ਦੀ ਤਰ੍ਹਾਂ ਘਰਾਂ ਵਿਚ ਪਾਣੀ ਦੇ ਨਲਕੇ ਨਹੀਂ ਸਨ। ਪਾਣੀ ਚਾਰ ਪੰਜ ਮੀਲ ਦੂਰੋਂ ਖੂਹ ਤੋਂ ਸਿਰ ਤੇ ਚੁੱਕ ਕੇ ਲਿਆਉਣਾ ਪੈਂਦਾ ਸੀ॥ ਸਾਰੇ ਕੰਮ ਹੱਥੀਂ ਹੀ ਕਰਨੇ ਪੈਂਦੇ ਸਨ। ਮਾਂਵਾਂ ਆਪਣੇ ਪੰਜ ਛੇ ਬੱਚਿਆਂ ਨੂੰ ਅਸਾਨੀ ਨਾਲ ਪਾਲ ਲੈਂਦੀਆਂ ਸਨ। ਅੱਜ ਕੱਲ੍ਹ ਦੀਆਂ ਮਾਵਾਂ ਨੁੰ ਇਕ ਜਾਂ ਦੋ ਬੱਚਿਆਂ ਨੂੰ ਪਾਲਣਾ ਵੀ ਬਹੁਤ ਕਠਿਨ ਹੋ ਗਿਆ ਹੈ। ਕਈ ਔਰਤਾਂ ਤਾਂ ਬੱਚੇ ਚਾਹੁੰਦੀਆਂ ਹੀ ਨਹੀਂ। ਉਨ੍ਹਾਂ ਦੀ ਜ਼ਿੰਦਗੀ ਪ੍ਰਤੀ ਇਹ ਇਕ ਨਾਂਹ ਪੱਖੀ ਸੋਚ ਹੈ ।ਪਹਿਲੇ ਸਮੇਂ ਸਾਂਝੇ ਪਰਿਵਾਰ ਸਨ ਅਤੇ ਆਪਸ ਵਿਚ ਇਤਫ਼ਾਕ ਸੀ। ਅੱਜ ਕੱਲ੍ਹ ਤਾਂ ਸਭ ਲੋਕ ਖ਼ੁਸ਼ਕ ਹੋ ਗਏ ਹਨ। ਨਿੱਜੀ ਹਉਮੇ ਪ੍ਰਧਾਨ ਹੈ। ਪਹਿਲਾਂ ਪਰਿਵਾਰ ਵਿਚ ਇਕ ਜੀਅ ਕਮਾਉਂਦਾ ਸੀ ਅਤੇ ਸਾਰਾ ਟੱਬਰ ਖਾਂਦਾ ਸੀ। ਘਰ ਵਿਚ ਬਰਕਤ ਸੀ ਅਤੇ ਮਨ ਦੀ ਸ਼ਾਂਤੀ ਸੀ। ਹੁਣ ਸਾਰਾ ਟੱਬਰ ਕਮਾਉਂਦਾ ਹੈ ਤਾਂ ਵੀ ਖ਼ਰਚੇ ਦੀ ਪੂਰੀ ਨਹੀਂ ਪੈਂਦੀ। ਇਸ ਲਈ ਹਰ ਸਮੇਂ ਮਨ ਤੇ ਬੋਝ ਰਹਿੰਦਾ ਹੈ। ਇਸ ਨਾਲ ਘਰੇਲੂ ਕਲੇਸ਼ ਵਧਦਾ ਹੈ। ਹਰ ਕੋਈ ਦੂਸਰੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦਾ ਹੈ। ਅਸੀਂ ਦੂਜਿਆਂ ਕੋਲੋਂ ਬਹੁਤ ਜ਼ਿਆਦਾ ਉਮੀਦਾਂ ਰੱਖ ਲੈਂਦੇ ਹਾਂ ਜੋ ਪੂਰੀਆਂ ਨਹੀਂ ਹੁੰਦੀਆਂ। ਇਸ ਲਈ ਤਣਾਅ ਵਿਚ ਆ ਜਾਂਦੇ ਹਾਂ।
ਮੱਧਿਅਮ ਸ਼ਰੇਣੀ ਤੋਂ ਥੱਲੇ ਦੇ ਲੋਕ, ਜਿੰਨ੍ਹਾਂ ਕੋਲ ਹਾਲੀ ਇਹ ਅਧੁਨਿਕ ਸੁੱਖ ਸਹੂਲਤਾਂ ਨਹੀਂ ਪਹੁੰਚੀਆਂ, ਉਹ ਗ਼ਰੀਬੀ ਦੇ ਖ਼ਿਲਾਫ਼ ਸਖਤ ਜੰਗ ਲੜ੍ਹ ਰਹੇ ਹਨ। ਉਨ੍ਹਾਂ ਨੂੰ ਭਾਰੀ ਮੁਸ਼ੱਕਤ ਕਰਨੀ ਪੈਂਦੀ ਹੈ। ਇਸ ਲਈ ਉਨ੍ਹਾਂ ਦਾ ਤਣਾਅ ਤਾਂ ਸਮਝ ਵਿਚ ਆਉਂਦਾ ਹੈ, ਪਰ ਜਿੰਨ੍ਹਾਂ ਕੋਲ ਇਹ ਸਭ ਸਹੂਲਤਾਂ ਹਨ ਫਿਰ ਵੀ ਉਹ ਤਣਾਅ ਵਿਚ ਰਹਿੰਦੇ ਹਨ। ਇਸ ਦਾ ਮਤਲਬ ਇਹ ਹੈ ਕਿ ਸੁੱਖਾਂ ਦੇ ਇਹ ਸਭ ਸਮਾਨ ਸਾਡੀ ਸਰੀਰਕ ਮੁਸ਼ੱਕਤ ਘਟਾਉਣ ਵਿਚ ਤਾਂ ਕਾਮਯਾਬ ਹੋਏ ਹਨ ਪਰ ਇਹ ਸਭ ਸਮਾਨ ਸਾਡੀ ਮਾਨਸਿਕ ਸ਼ਾਂਤੀ ਪੈਦਾ ਕਰਨ ਵਿਚ ਸਹਾਈ ਨਹੀਂ ਹੋਏ।
ਸ਼ਾਡੇ ਮਾਨਸਿਕ ਤਣਾਅ ਦੇ ਐਨੇ ਕਾਰਨ ਹਨ ਜਿਨਾਂ ਨੂੰ ਇਕ ਥਾਂ ਲਿਖ ਕੇ ਬਿਆਨ ਨਹੀਂ ਕੀਤਾ ਜਾ ਸਕਦਾ। ਮਾਨਸਿਕ ਤਣਾਅ, ਮਾਨਸਿਕ ਅਸੰਤੁਸ਼ਟੀ ਕਾਰਨ ਪੈਦਾ ਹੁੰਦਾ ਹੈ।ਇਸ ਦਾ ਮਤਲਬ ਹੈ ਕਿ ਜੋ ਸਾਨੂੰ ਜ਼ਿੰਦਗੀ ਵਿਚ ਮਿਲਿਆ ਹੈ ਜਾਂ ਸਾਡੇ ਆਲੇ ਦੁਆਲੇ ਵਾਪਰ ਰਿਹਾ ਹੈ, ਅਸੀਂ ਉਸ ਤੋਂ ਸੰਤੁਸ਼ਟ ਨਹੀਂ। ਇਹ ਸਭ ਕੁਝ ਠੀਕ ਨਹੀਂ। ਸਾਡੀ ਇੱਛਾ ਮੁਤਾਬਿਕ ਕੁਝ ਹੋਰ ਹੋਣਾ ਚਾਹੀਦਾ ਹੈ ਪਰ ਉਹ ਹੋ ਨਹੀਂ ਰਿਹਾ। ਇਸ ਕਾਰਨ ਅਸੀਂ ਅਸੰਤੁਸ਼ਟ ਹਾਂ। ਵਿਦਵਾਨਾ ਨੇ ਮਨੁੱਖੀ ਅਸੰਤੁਸ਼ਟੀਆਂ ਨੁੰ ਤਿੰਨ ਸ਼ਰੇਣੀਆਂ ਵਿਚ ਵੰਡਿਆ ਹੈ। ਪਹਿਲੀ ਸ਼੍ਰੇਣੀ ਹੈ ਪਰਿਵਾਰਿਕ ਅਸੰਤੁਸ਼ਟੀ। ਪਰਿਵਾਰ ਵਿਚ ਕਈ ਵਾਰੀ ਬੱਚਾ ਸੋਚਦਾ ਹੈ ਕਿ ਮੈਂ ਗ਼ਲਤ ਘਰ ਵਿਚ ਜਨਮ ਲੈ ਲਿਆ ਹੈ। ਮੇਰੇ ਮਾਂ-ਪਿਓ ਠੀਕ ਨਹੀਂ। ਮੇਰਾ ਭਰਾ ਠੀਕ ਨਹੀਂ ਜਾਂ ਮੇਰੀ ਭੈਣ ਠੀਕ ਨਹੀਂ। ਮਾਂ-ਪਿਓ ਵੀ ਕਈ ਵਾਰੀ ਸੋਚਦੇ ਹਨ ਕਿ ਸਾਡੀ ਅੋਲਾਦ ਠੀਕ ਨਹੀਂ। ਉਸ ਵਿਚ ਚੰਗੀਆਂ ਆਦਤਾਂ ਨਹੀਂ। ਬੱਚੇ ਸਾਡੀ ਮਰਜ਼ੀ ਨਾਲ ਨਹੀਂ ਚੱਲਦੇ। ਇਹ ਸਭ ਰਿਸ਼ਤੇ ਸਾਨੂੰ ਕੁਦਰਤ ਦੁਆਰਾ ਮਿਲੇ ਹਨ । ਇੰਨ੍ਹਾਂ ਨੂੰ ਬਦਲਣਾ ਸਾਡੇ ਵੱਸ ਵਿਚ ਨਹੀਂ। ਜਦ ਬੱਚੇ ਵੱਡੇ ਹੋ ਜਾਂਦੇ ਹਨ ਤਾਂ ਉਹ ਆਪਣੇ ਪੈਰਾਂ ਤੇ ਖੜ੍ਹੇ ਹੋ ਕੇ ਆਪਣਾ ਅਲੱਗ ਪਰਿਵਾਰ ਵਸਾ ਕੇ ਜ਼ਿੰਦਗੀਂ ਨੂੰ ਆਪਣੇ ਹਿਸਾਬ ਸਿਰ ਚਲਾਉਣ ਦੀ ਕੋਸ਼ਿਸ਼ ਕਰ ਸਕਦੇ ਹਨ ਪਰ ਅਸੰਤੁਸ਼ਟੀ ਅਤੇ ਤਣਾਅ ਫਿਰ ਵੀ ਪਿੱਛਾ ਨਹੀਂ ਛੱਡਦੇ। ਕੁਝ ਹੋਰ ਰਿਸ਼ਤੇ ਹਨ ਜੋ ਸਾਨੂੰ ਇਸ ਧਰਤੀ ਤੇ ਜਨਮ ਲੈਣ ਤੋਂ ਬਾਅਦ ਮਿਲਦੇ ਹਨ, ਜਿੰਨਾ ਨੂੰ ਅਸੀਂ ਆਪਣੇ ਬਣਾਏ ਹੋਏ ਰਿਸ਼ਤੇ ਕਹਿ ਸਕਦੇ ਹਾਂ ਜਿਵੇਂ ਦੋਸਤਾਂ ਮਿੱਤਰਾਂ ਦਾ ਦਾਇਰਾ ਜਾਂ ਵਿਆਹ ਦਾ ਬੰਧਨ ਆਦਿ। ਕਈ ਵਾਰੀ ਪਤੀ ਪਤਨੀ ਵਿਚ ਆਪਸੀ ਤਾਲ ਮੇਲ ਸੋਹਣਾ ਨਹੀਂ ਰਹਿੰਦਾ॥ ਪਤੀ ਕਹਿੰਦਾ ਹੈ ਮੇਰੀ ਪਤਨੀ ਠੀਕ ਨਹੀਂ। ਉਹ ਮੇਰੀ ਮਰਜ਼ੀ ਅਨੁਸਾਰ ਨਹੀਂ ਚੱਲਦੀ। ਪਤਨੀ ਕਹਿੰਦੀ ਹੈ ਕਿ ਮੇਰਾ ਪਤੀ ਠੀਕ ਨਹੀਂ। ਉਹ ਲਈ-ਲੱਗ ਹੈ। ਮੇਰੀ ਕੋਈ ਗੱਲ ਹੀ ਨਹੀਂ ਮੰਨਦਾ। । ਘਰ ਵਿਚ ਕਲੇਸ਼ ਰਹਿਣ ਲੱਗ ਪੈਂਦਾ ਹੈ। ਗੱਲ ਤਲਾਕ ਤੱਕ ਪਹੁੰਚ ਜਾਂਦੀ ਹੈ। ਤਲਾਕ ਮਨਜ਼ੂਰ ਹੋਵੇ ਜਾਂ ਨਾ, ਇਹ ਅਸੰਤੁਸ਼ਟੀ ਸਾਰੀ ਉਮਰ ਦਾ ਸੰਤਾਪ ਬਣ ਕੇ ਮਰੇ ਹੋਏ ਸੱਪ ਦੀ ਤਰ੍ਹਾਂ ਗਲ ਵਿਚ ਪਈ ਹੀ ਰਹਿੰਦੀ ਹੈ।
ਦੂਜੀ ਅਸੰਤੁਸ਼ਟੀ ਹੈ ਵਿਉਹਾਰਕ ਅਸੰਤੁਸ਼ਟੀ। ਇਸ ਵਿਚ ਸਾਡੀ ਜ਼ਿੰਦਗੀ ਦੀਆਂ ਕੁਝ ਮੁਢਲੀਆਂ ਜ਼ਰੂਰਤਾਂ ਹਨ ਕੁਝ ਸਾਡੀਆਂ ਆਕਾਂਸ਼ਾਵਾਂ ਹਨ ਜੋ ਪੂਰੀਆਂ ਨਹੀਂ ਹੁੰਦੀਆਂ। ਇਸ ਲਈ ਅਸੀਂ ਹਰ ਸਮੇਂ ਦੁਖੀ ਹੀ ਰਹਿੰਦੇ ਹਾਂ। ਅਸੀਂ ਹਮੇਸ਼ਾਂ ਸੋਚਦੇ ਹਾਂ ਕਿ ਅਸੀਂ ਬਹੁਤ ਸਿਆਣੇ ਹਾਂ। ਸਾਡੇ ਵਿਚ ਬਹੁਤ ਹੁਨਰ ਹੈ। ਸਾਡੀ ਲਿਆਕਤ ਮੁਤਾਬਿਕ ਸਾਡੀ ਪਰਾਪਤੀ ਬਹੁਤ ਘੱਟ ਹੈ। ਕਈ ਲੋਕ ਸੋਚਦੇ ਹਨ ਕਿ ਮੈਂ ਦਿਮਾਗ ਦਾ ਬਹੁਤ ਤੇਜ਼ ਹਾਂ ਪਰ ਮੈਨੂੰ ਲੋਕਾਂ ਦੀ ਤਰ੍ਹਾਂ ਮੌਕਾ ਹੀ ਨਹੀਂ ਮਿਲਿਆਂ ਇਸ ਲਈ ਮੈਂ ਜ਼ਿਆਦਾ ਪੜ੍ਹ ਨਹੀਂ ਸਕਿਆ। ਮੇਰੀ ਕੋਈ ਸਿਫ਼ਾਰਸ਼ ਨਹੀਂ, ਇਸ ਲਈ ਮੈਨੂੰ ਕੋਈ ਚੰਗੀ ਨੌਕਰੀ ਨਹੀਂ ਮਿਲੀ ਜਾਂ ਨੌਕਰੀ ਵਿਚ ਕੋਈ ਉੱਚਾ ਅਹੁਦਾ ਨਹੀਂ ਮਿਲਿਆ। ਮੇਰੀ ਕੋਈ ਕਦਰ ਹੀ ਨਹੀਂ ਕਰਦਾ। ਇਹ ਸਾਡੀਆਂ ਇੱਛਾਵਾਂ ਅਤੇ ਆਕਾਂਸ਼ਾਵਾਂ ਹਨ। ਇਹ ਸਾਡੀਆਂ ਮੁੱਢਲੀਆਂ ਜ਼ਰੁਰਤਾਂ ਨਹੀਂ। ਅਸੀਂ ਆਸ ਪਾਸ ਦੇ ਖ਼ੁਸ਼ਹਾਲ ਲੋਕਾਂ ਦੀ ਜ਼ਿੰਦਗੀ ਦੇਖ ਕੇ ਆਪਣੀਆਂ ਆਕਾਂਸ਼ਾਵਾਂ ਵਧਾ ਲੈਂਦੇ ਹਾਂ। ਅਸੀਂ ਸੋਚਦੇ ਹਾਂ ਸਾਡੇ ਕੋਲ ਦੂਜਿਆਂ ਨਾਲੋਂ ਧਨ ਅਤੇ ਸਾਧਨ ਘੱਟ ਹਨ। ਇਸ ਲਈ ਸਾਡੀਆਂ ਮੁਢਲੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ। ਜੇ ਸਾਡੀਆਂ ਇਹ ਜ਼ਰੂਰਤਾਂ ਪੂਰੀਆਂ ਹੋ ਵੀ ਜਾਣ ਤਾਂ ਵੀ ਸਾਡਾ ਮੁਕਾਬਲਾ ਤਾਂ ਸਾਡੇ ਗੁਆਂਢੀਆਂ ਅਤੇ ਹੋਰ ਵੱਡੇ ਲੋਕਾਂ ਨਾਲ ਹੈ॥ ਇਹ ਮੁਕਾਬਲਾ ਸਾਡੀ ਸ਼ਾਂਤੀ ਭੰਗ ਕਰਦਾ ਹੈ। ਸਾਡੇ ਮਨ ਵਿਚ ਚੀਸ ਜਿਹੀ ਪੈਦਾ ਹੁੰਦੀ ਹੈ ਕਿ ਸਾਡਾ ਮਕਾਨ ਛੋਟਾ ਹੈ, ਸਾਡੀ ਕਾਰ ਛੋਟੀ ਅਤੇ ਪੁਰਾਣੇ ਮਾਡਲ ਦੀ ਹੈ। ਸਾਡੇ ਕੋਲ ਕੀਮਤੀ ਕੱਪੜੇ ਵੀ ਨਹੀਂ ਅਤੇ ਘਰ ਦਾ ਫਰਨੀਚਰ ਵੀ ਪੁਰਾਣਾ ਹੈ। ਗੁਆਂਢੀਆਂ ਦੇ ਜਾਣਨ ਵਾਲੇ ਬਹੁਤ ਹਨ। ਉਹ ਉਨ੍ਹਾਂ ਨੂੰ ਕੀਮਤੀ ਤੋਹਫ਼ੇ ਦੇ ਦੇ ਕੇ ਉਨ੍ਹਾਂ ਦਾ ਘਰ ਭਰ ਦਿੰਦੇ ਹਨ। ਸਾਨੂੰ ਕੋਈ ਪੁੱਛਦਾ ਹੀ ਨਹੀਂ। ਸਾਡੀ ਜਾਣ ਪਹਿਚਾਣ ਦਾ ਦਾਇਰਾ ਬਹੁਤ ਘੱਟ ਹੈ। ਸਾਡੀਆਂ ਰਾਜਨੀਤਕ ਬਾਹਵਾਂ ਲੰਮੀਆਂ ਨਹੀਂ॥ ਸਾਡਾ ਵਪਾਰ ਅੰਬਾਨੀ ਅਤੇ ਅਡਾਨੀ ਜਿਹੇ ਧੰਨਾਢ ਲੋਕਾਂ ਜਿੰਨਾ ਕਿਉਂ ਨਹੀਂ? ਕਿਸੇ ਦਫਤਰ ਦਾ ਕਲਰਕ ਵੀ ਇਹ ਹੀ ਸੋਚਦਾ ਹੈ ਕਿ ਜੇ ਮੈਂ ਇਸ ਦਫ਼ਤਰ ਦਾ ਸਭ ਤੋਂ ਵੱਡਾ ਅਫ਼ਸਰ ਹੁੰਦਾ ਤਾਂ ਮੈਂ ਦਫ਼ਤਰ ਦਾ ਕਇਆ ਕਲਪ ਕਰ ਦਿੰਦਾ। ਮੇਰੀ ਤਾਂ ਕਿਸਮਤ ਹੀ ਮਾੜੀ ਹੈ। ਮੈਨੂੰ ਮੌਕਾ ਹੀ ਨਹੀਂ ਮਿਲਿਆ॥ ਇਸੇ ਤਰ੍ਹਾਂ ਕੁਝ ਹੋਰ ਲੋਕ ਸੋਚਦੇ ਹਨ ਕਿ ਜੇ ਉਨ੍ਹਾਂ ਨੂੰ ਮੌਕਾ ਮਿਲੇ ਤਾਂ ਉਹ ਦੇਸ਼ ਦੇ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠ ਕੇ ਦੇਸ਼ ਨੂੰ ਸਭ ਤੋਂ ਚੰਗਾ ਚਲਾ ਸਕਦੇ ਹਨ। ਸਾਡੀ ਹੋਰਹੋਰ ਅਤੇ ਹੋਰ ਪ੍ਰਾਪਤ ਕਰਨ ਦੀ ਲਾਲਸਾ ਕਦੀ ਖਤਮ ਨਹੀਂ ਹੁੰਦੀ। ਇਸ ਲਾਲਸਾ ਕਾਰਨ ਹੀ ਅਸੀਂ ਸਦਾ ਪ੍ਰੇਸ਼ਾਨ ਅਤੇ ਦੁਖੀ ਰਹਿੰਦੇ ਹਾਂ। ਇਹ ਸਾਡੀਆਂ ਆਪਣੀਆਂ ਸਹੇੜੀਆਂ ਹੋਈਆਂ ਪ੍ਰੇਸ਼ਾਨੀਆਂ ਹਨ, ਜੋ ਜ਼ਿੰਦਗੀ ਭਰ ਸਾਡਾ ਪਿੱਛਾ ਨਹੀਂ ਛੱਡਦੀਆਂ। ਇਹ ਸਾਨੂੰ ਸਾਰੀ ਉਮਰ ਕੱਠਪੁਤਲੀ ਦੀ ਤਰ੍ਹਾਂ ਨਚਾਈ ਰੱਖਦੀਆਂ ਹਨ। ਇਸ ਤੋਂ ਇਲਾਵਾ ਜ਼ਿੰਦਗੀ ਦੀਆਂ ਕਈ ਅਣਸੁਖਾਵੀਆਂ ਘਟਨਾਵਾਂ ਵੀ ਸਾਨੂੰ ਦੁਖੀ ਕਰਦੀਆਂ ਰਹਿੰਦੀਆਂ ਹਨ ਜਿਵੇਂ-ਕੋਈ ਵੱਡਾ ਨੁਕਸਾਨ, ਕੋਈ ਲੜਾਈ ਝਗੜਾ ਅਤੇ ਕੋਰਟ ਕਚੈਹਰੀਆਂ ਦੇ ਚੱਕਰ, ਕੋਈ ਬੀਮਾਰੀ ਜਾਂ ਕੋਈ ਐਕਸੀਡੈਂਟ ਅਤੇ ਕਿਸੇ ਮਿੱਤਰ ਜਾਂ ਰਿਸ਼ਤੇਦਾਰ ਦੀ ਅਚਾਨਕ ਮੌਤ ਆਦਿ। ਮਨੁੱਖ ਇਨਾਂ ਗੱਲਾਂ ਤੋਂ ਬਚ ਨਹੀਂ ਸਕਦਾ। ਇਸ ਲਈ ਦੁਖੀ ਰਹਿੰਦਾ ਹੈ।
ਇਕ ਤੀਜੀ ਸ਼੍ਰੇਣੀ ਹੈ ਅਸੰਤੁਸ਼ਟ ਮਨੁੱਖਾਂ ਦੀ ਜੋ ਇਹ ਤਾਂ ਸੋਚਦੇ ਹਨ ਕਿ ਉਨ੍ਹਾਂ ਦਾ ਪਰਿਵਾਰ ਠੀਕ ਹੈ ਅਤੇ ਧਨ ਤੇ ਬਾਕੀ ਸਹੁਲਤਾਂ ਦੀ ਵੀ ਕੋਈ ਕਮੀ ਨਹੀਂ। ਆਪਣੀਆਂ ਪ੍ਰਾਤੀਆਂ ਤੇ ਵੀ ਉਨ੍ਹਾਂ ਨੂੰ ਸਬਰ ਹੈ। ਇਥੋਂ ਤੱਕ ਤਾਂ ਸਭ ਕੁਝ ਹੀ ਠੀਕ ਹੈ ਪਰ ਉਹ ਆਪ ਹੀ ਠੀਕ ਨਹੀਂ। ਅਜਿਹਾ ਬੰਦਾ ਸੋਚਦਾ ਹੈ ਕਿ ਮੇਰੇ ਵਿਚ ਹੀ ਕੁਝ ਕਮੀਆਂ ਹਨ। ਮੈਨੂੰ ਪ੍ਰਮਾਤਮਾਂ ਦੀ ਪ੍ਰਾਪਤੀ ਕਿਉਂ ਨਹੀਂ ਹੁੰਦੀ? ਮੈਂ ਸਾਰੀ ਰਾਤ ਸਮਾਧੀ ਲਾ ਕੇ ਬੈਠਦਾ ਹਾਂ, ਫਿਰ ਵੀ ਮੇਰਾ ਧਿਆਨ ਕਿਉਂ ਨਹੀਂ ਜੁੜਦਾ? ਮਨ ਇੱਧਰ ਉੱਧਰ ਕਿਉਂ ਭਟਕਦਾ ਰਹਿੰਦਾ ਹੈ? ਜ਼ਿੰਦਗੀ ਵਿਚ ਸਭ ਸੁੱਖ ਅਰਾਮ ਮਿਲਣ ਦੇ ਬਾਵਜ਼ੂਦ ਵੀ ਉਹ ਸੰਤੁਸ਼ਟ ਨਹੀਂ। ਉਹ ਇਸ ਧਰਤੀ ਦੇ ਸੁਹੱਪਣ ਵਲੋਂ ਅੱਖਾਂ ਮੀਟ ਕੇ ਕਿਸੇ ਅਦ੍ਰਿਸ਼ ਸਵਰਗ ਦੀ ਪ੍ਰਾਪਤੀ ਲਈ ਜ਼ਿੰਦਗੀ ਗੁਜ਼ਾਰ ਰਹੇ ਹਨ। ਉਨ੍ਹਾਂ ਲਈ ਇਹ ਦੁਨਿਆਵੀ ਸੁੱਖ ਸਹੂਲਤਾਂ ਅਤੇ ਰਿਸ਼ਤੇ ਸਭ ਸਿਫ਼ਰ ਹਨ। ਇਸੇ ਸੋਚ ਕਾਰਨ ਹੀ ਉਨ੍ਹਾਂ ਦੇ ਮਨ ਦੀ ਸ਼ਾਂਤੀ ਭੰਗ ਹੋ ਰਹੀ ਹੈ।
ਮਨੁੱਖੀ ਜ਼ਿੰਦਗੀ ਵਿਚ ਦੁੱਖ-ਸੁੱਖ, ਘਟਨਾਵਾਂ-ਦੁਰਘਟਨਾਵਾਂ, ਥੁੜਾਂ ਅਤੇ ਕਮੀਆਂ, ਮਾਨ-ਅਪਮਾਨ ਅਤੇ ਤਣਾਅ ਆਦਿ ਅਟੁੱਟ ਅੰਗ ਹਨ। ਇਨਾਂ ਤੋਂ ਬਚਿਆ ਨਹੀਂ ਜਾ ਸਕਦਾ। ਸਾਨੂੰ ਇਨਾਂ ਨਾਲ ਹੀ ਜ਼ਿੰਦਗੀ ਬਸਰ ਕਰਨੀ ਪੈਣੀ ਹੈ। ਫਿਰ ਵੀ ਅਸੀ ਆਪਣੀ ਬੋਲ-ਬਾਣੀ ਅਤੇ ਵਿਉਹਾਰ ਨੂੰ ਕੁਝ ਹੱਦ ਤੱਕ ਬਦਲ ਕੇ ਆਪਣੇ ਦਾਮਨ ਨੂੰ ਕੰਡਿਆਂ ਤੋਂ ਬਚਾ ਕੇ ਜ਼ਿੰਦਗੀ ਦੇ ਸਫ਼ਰ ਨੂੰ ਕੁਝ ਸੁਖਾਵਾਂ ਬਣਾ ਸਕਦੇ ਹਾਂ। ਇਹ ਯਾਦ ਰੱਖੋ ਕਿ ਆਪਣੀ ਜ਼ਿੰਦਗੀ ਨੂੰ ਤੁਸੀਂ ਖ਼ੁਦ ਹੀ ਬਦਲ ਸਕਦੇ ਹੋ। ਕੋਈ ਦੂਜਾ ਵਿਅਕਤੀ ਤੁਹਾਡੇ ਲਈ ਇਹ ਕੰਮ ਨਹੀਂ ਕਰ ਸਕਦਾ। ਖ਼ੁਦ ਨੂੰ ਬਦਲਣ ਲਈ ਪਹਿਲਾਂ ਤੁਹਾਨੂੰ ਆਪਣੇ ਮਨ ਨੂੰ ਸਮਝਾਉਣਾ ਪਵੇਗਾ। ਫਿਰ ਹੀ ਤੁਹਾਡੀ ਜ਼ਿੰਦਗੀ ਵਿਚ ਚੰਗਾ ਬਦਲਾਅ ਆ ਸਕੇਗਾ।
ਜ਼ਿੰਦਗੀ ਨੂੰ ਸਹਿਜ ਅਤੇ ਸਰਲ ਬਣਾਉਣ ਲਈ ਤੁਹਾਨੂੰ ਪਹਿਲਾਂ ਆਪਣੇ ਆਪ ਇਮਾਨਦਾਰ ਹੋਣਾ ਪਵੇਗਾ। ਦੂਸਰੇ ਨਾਲ ਤੁਹਾਡਾ ਵਿਉਹਾਰ ਦਿਖਾਵੇ ਦਾ ਨਹੀਂ ਹੋਣਾ ਚਾਹੀਦਾ। ਕਈ ਲੋਕ ਦੂਸਰੇ ਦੇ ਸਾਹਮਣੇ ਤਾਂ ਉਸ ਨਾਲ ਬਹੁਤ ਸਲੀਕੇ ਨਾਲ ਪੇਸ਼ ਆਉਂਦੇ ਹਨ। ਉਸ ਨੂੰ ਬਹੁਤ ਜੀ ਜੀ ਕਰਦੇ ਹਨ ਅਤੇ ਗੱਲ ਬਾਤ ਵਿਚ ਵੀ ਪੂਰੀ ਮਿੱਠਾਸ ਰੱਖਦੇ ਹਨ ਪਰ ਉਸ ਦੀ ਪਿੱਠ ਪਿੱਛੇ ਉਸ ਦੀ ਬਦਖੋਈ ਕਰਦੇ ਹਨ। ਉਸ ਨੂੰ ਬਹੁਤ ਹੀ ਭੈੜਾ ਅਤੇ ਘਟੀਆ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਸ ਦਾ ਨਾਮ ਵੀ ਵਿਗਾੜ ਕੇ ਹੀ ਲੈਂਦੇ ਹਨ। ਇਸ ਨਾਲ ਦੂਜੇ ਦਾ ਤਾਂ ਸ਼ਾਇਦ ਕੁਝ ਨਹੀਂ ਘਟਦਾ ਪਰ ਬੋਲਣ ਵਾਲੇ ਦਾ ਸੁਣਨ ਵਾਲੇ ਤੇ ਬਹੁਤ ਘਟੀਆ ਅਸਰ ਪੈਂਦਾ ਹੈ। ਉਸ ਨੂੰ ਪਤਾ ਲੱਗਦਾ ਹੈ ਕਿ ਉਹ ਖ਼ੁਦ ਕਿੰਨਾ ਘਟੀਆ ਬੰਦਾ ਹੈ ਜੋ ਦੂਜੇ ਦੀਆਂ ਚੁਗਲੀਆਂ ਕਰਦਾ ਹੈ। ਆਪਣੇ ਅਜਿਹੇ ਘਟੀਆਪਨ ਨੂੰ ਦੂਰ ਕਰੋ। ਅਪਣੇ ਮਨ ਅਤੇ ਵਿਉਹਾਰ ਵਿਚ ਇਕੋ ਜਿਹੇ ਰਹੋ। ਦੋਗੱਲੀ ਨੀਤੀ ਛੱਡੋ। ਆਪਣੇ ਵੀਚਾਰ ਹਮੇਸ਼ਾਂ ਉੱਚੇ ਅਤੇ ਸੁੱਚੇ ਰੱਖੋ। ਇਸ ਨਾਲ ਲੋਕਾਂ ਤੇ ਤੁਹਾਡਾ ਪ੍ਰਭਾਵ ਚੰਗਾ ਪਵੇਗਾ ਅਤੇ ਤੁਹਾਡੀ ਸ਼ਖਸੀਅਤ ਦਿਲਕਸ਼ ਬਣੇਗੀ। ਦੂਸਰੇ ਨਾਲ ਉਸ ਤਰ੍ਹਾਂ ਦਾ ਵਿਉਹਾਰ ਕਰੋ ਜਿਸ ਤਰ੍ਹਾਂ ਦਾ ਤੁਸੀਂ ਉਸ ਕੋਲੋਂ ਆਪਣੇ ਲਈ ਚਾਹੁੰਦੇ ਹੋ। ਜੇ ਤੁਸੀਂ ਚਾਹੁੰਦੇ ਹੋ ਕੇ ਲੋਕ ਤੁਹਾਡੀ ਇੱਜ਼ਤ ਕਰਨ, ਉਹ ਤਹਾਡੀ ਮਦਦ ਕਰਨ ਤਾਂ ਇਸ ਕੰਮ ਵਿਚ ਪਹਿਲ ਤੁਹਾਨੂੰ ਆਪ ਹੀ ਕਰਨੀ ਪਵੇਗੀ। ਤੁਸੀਂ ਖ਼ੁਦ ਲੋਕਾਂ ਦੀ ਇੱਜ਼ਤ ਕਰਨਾ ਸਿੱਖੋ। ਉਨ੍ਹਾਂ ਦਾ ਦਰਦ ਨੂੰ ਸਮਝੋ। ਉਨ੍ਹਾਂ ਦੀਆਂ ਮਜਬੂਰੀਆਂ ਅਤੇ ਜ਼ਰੂਰਤਾਂ ਨੂੰ ਸਮਝੋ। ਉਨ੍ਹਾਂ ਦੀ ਮਦਦ ਕਰੋ। ਫਿਰ ਦੂਜੇ ਲੋਕ ਵੀ ਤੁਹਾਡੇ ਨਾਲ ਚੰਗੀ ਤਰ੍ਹਾਂ ਵਰਤਣਗੇ। ਉਹ ਤੁਹਾਨੂੰ ਆਪਣਾ ਸ਼ੁਭਚਿੰਤਕ ਸਮਝਣਗੇ ਅਤੇ ਆਪ ਵੀ ਤੁਹਾਡੇ ਸ਼ੁੱਭਚਿੰਤਕ ਬਣਨਗੇ॥ ਤੁਹਾਡੇ ਦੁੱਖ ਸੁੱਖ ਵਿਚ ਸ਼ਰੀਕ ਹੋਣਗੇ। ਤੁਹਾਡੀ ਔਖੀ ਘੜੀ ਵਿਚ ਤੁਹਾਡੇ ਨਾਲ ਖੜ੍ਹਣਗੇ। ਇਹ ਸਭ ਕੁਝ ਤੁਹਾਨੂੰ ਠੰਢਕ ਪਹੁੰਚਾਏਗਾ। ਤੁਹਾਡੀਆਂ ਕਈ ਮੁਸ਼ਕਲਾਂ ਉਨ੍ਹਾਂ ਦੇ ਸਹਿਯੋਗ ਨਾਲ ਹੱਲ ਹੋ ਜਾਣਗੀਆਂ ਜੋ ਇਕੱਲਿਆਂ ਤੁਹਾਡੇ ਲਈ ਮੁਸੀਬਤ ਖੜ੍ਹੀਆਂ ਕਰ ਰਹੀਆ ਸਨ। ਤੁਹਾਡੀ ਜ਼ਿੰਦਗੀ ਦਾ ਸਫ਼ਰ ਸੌਖਾ ਹੋ ਜਾਵੇਗਾ। ਜਦ ਕਿਸੇ ਤੋਂ ਵਿੱਛੜੋ ਤਾਂ ਇਸ ਤਰ੍ਹਾਂ ਵਿੱਛੜੋ ਜਿਵੇਂ ਤੁਸੀਂ ਉਸ ਨੂੰ ਆਖਰੀ ਵਾਰ ਮਿਲ ਰਹੇ ਹੋ। ਆਪਣੇ ਚੰਗੇ ਵਿਉਹਾਰ ਅਤੇ ਮਿਠੀ ਜੁਬਾਨ ਨਾਲ ਉਸ ਤੇ ਐਸਾ ਪ੍ਰਭਾਵ ਛੱਡੋ ਕਿ ਉਹ ਜ਼ਿੰਦਗੀ ਭਰ ਤੁਹਾਡੇ ਗੁਣ ਗਾਉਂਦਾ ਰਹੇ। ਇਸ ਤਰ੍ਹਾਂ ਹੋਲੀ ਹੋਲੀ ਤੁਸੀਂ ਆਪਣੇ ਆਪ ਨੂੰ ਕਾਫੀ ਹੱਦ ਤੱਕ ਬਦਲ ਲਵੋਗੇ। ਦੂਜਿਆਂ ਨਾਲ ਤੁਹਾਡਾ ਮਿਤੱਰਤਾ ਭਰਿਆ ਰਿਸ਼ਤਾ ਕਾਇਮ ਹੋਵੇਗਾ। ਤੁਹਾਡੇ ਚੰਗੇ ਸੁਭਅ ਕਾਰਨ ਹਰ ਕੋਈ ਤੁਹਾਡੇ ਵੱਲ ਆਕਰਸ਼ਿਤ ਹੋਵੇਗਾ।ਕਿਸੇ ਦਾ ਦਿਲ ਜਿੱਤਣ ਲਈ ਸੋਹਣੇ ਮੁੱਖੜੇ ਨਾਲੋਂ ਸਾਊ ਸੁਭਾਅ ਦੀ ਜ਼ਰੂਰਤ ਹੁੰਦੀ ਹੈ।
ਜੇ ਜ਼ਿੰਦਗੀ ਵਿਚ ਤੁਹਾਡੀਆਂ ਮੁਢਲੀਆਂ ਜ਼ਰੂਰਤਾਂ ਪੂਰੀਆਂ ਹੋ ਰਹੀਆਂ ਹਨ ਤਾਂ ਬਹੁਤੀ ਹਾਇ ਤੌਬਾ ਨਾ ਕਰੋ। ਸਹਿਜ ਵਿਚ ਰਹੋ। ਆਪਣੀਆਂ ਫ਼ਾਲਤੂ ਦੀਆਂ ਇੱਛਾਵਾਂ ਅਤੇ ਆਕਾਂਸ਼ਾਵਾਂ ਤੇ ਕਾਬੂ ਰੱਖੋ। ਸਾਰੀਆਂ ਇੱਛਾਵਾਂ ਕਦੀ ਵੀ ਕਿਸੇ ਦੀਆਂ ਪੂਰੀਆਂ ਨਹੀਂ ਹੁੰਦੀਆਂ। ਜ਼ਰੂਰਤ ਤੋਂ ਜ਼ਿਆਦਾ ਕੋਈ ਵੀ ਵਸਤੂ ਸਿਰ ਦਰਦੀ ਦਾ ਕਾਰਨ ਬਣਦੀ ਹੈ। ਜੇ ਭੁੱਖ ਤੋਂ ਬਿਨਾ ਕੁਝ ਖਾਧਾ ਜਾਵੇ ਤਾਂ ਅੰਦਰ ਜਾ ਕੇ ਉਹ ਜ਼ਹਿਰ ਹੀ ਬਣਦਾ ਹੈ, ਭਾਵੇਂ ਉਹ ਅੰਮ੍ਰਿਤ ਹੀ ਕਿਉਂ ਨਾ ਹੋਵੇ। ਮਨ ਦੀ ਸ਼ਾਤੀ ਜਿਹੀ ਕੋਈ ਦਵਾ ਨਹੀਂ। ਇਸ ਲਈ ਜੋ ਕੁਝ ਤੁਹਾਨੂੰ ਪ੍ਰਾਪਤ ਹੈ ਉਸ ਨਾਲ ਗੁਜ਼ਾਰਾ ਕਰਨਾ ਸਿੱਖੋ ਅਤੇ ਖ਼ੁਸ਼ ਰਹੋ। ਜੇ ਫਿਰ ਵੀ ਤੁਹਾਨੂੰ ਲੱਗੇ ਕਿ ਤੁਹਾਡੀਆਂ ਮੁਢਲੀਆਂ ਜ਼ਰੂਰਤਾਂ ਜ਼ਿਆਦਾ ਹਨ ਅਤੇ ਪ੍ਰਾਪਤੀ ਘੱਟ ਹੈ ਤਾਂ ਆਪਣੀ ਯੋਗਤਾ ਵਧਾਓ। ਆਪਣੇ ਕੰਮ ਵਿਚ ਆਪਣਾ ਪੂਰਾ ਦਿਲ, ਦਿਮਾਗ, ਆਤਮਾਂ ਅਤੇ ਤਾਕਤ ਲਾ ਦਿਓ। ਇਹ ਹੀ ਤੁਹਾਡੀ ਸਫ਼ਲਤਾ ਦਾ ਰਾਜ ਹੋਵੇਗਾ। ਤੁਸੀ ਇਮਾਨਦਾਰੀ ਨਾਲ ਜ਼ਿਆਦਾ ਧਨ ਕਮਾ ਸਕੋਗੇ ਅਤੇ ਤੁਹਾਡੀ ਜ਼ਿੰਦਗੀ ਖ਼ੁਸ਼ਹਾਲ ਬਣੇਗੀ। ਜੇ ਤੁਹਾਡੀ ਯੋਗਤਾ ਤੇ ਕੋਈ ਸ਼ੱਕ ਕਰਦਾ ਹੈ ਤਾਂ ਬੁਰਾ ਨਾ ਮਨਾਓ, ਸਗੋਂ ਆਪਣੇ ਆਪ ਤੇ ਫ਼ਖਰ ਕਰੋ। ਲੋਕ ਹਮੇਸ਼ਾਂ ਸੋਨੇ ਦੀ ਸ਼ੁੱਧਤਾ ਤੇ ਹੀ ਸ਼ੱਕ ਕਰਦੇ ਹਨ। ਲੋਹੇ ਦੀ ਸ਼ੁੱਧਤਾ ਤੇ ਕੋਈ ਸ਼ੱਕ ਨਹੀਂ ਕਰਦਾ।
ਮੌਤ ਨੂੰ ਹਮੇਸ਼ਾਂ ਯਾਦ ਰੱਖੋ। ਮੌਤ ਕਦੀ ਵੀ ਅਤੇ ਕਿਸੇ ਤਰ੍ਹਾਂ ਵੀ ਆ ਸਕਦੀ ਹੈ। ਇਸ ਲਈ ਮਾੜੇ ਕੰਮਾ ਤੋਂ ਬਚੋ। ਆਪਣਾ ਜੀਵਨ ਲੋਕ ਸੇਵਾ ਅਤੇ ਚੰਗੇ ਕੰਮਾਂ ਵਿਚ ਲਾਓ। ਇਸ ਨਾਲ ਤੁਸੀਂ ਪਾਪ ਦੇ ਰਸਤੇ ਤੋਂ ਬਚੋਗੇ ਅਤੇ ਇਮਾਨਦਾਰੀ ਦੇ ਰਾਹ ਤੇ ਚੱਲੋਗੇ। ਤੁਹਾਡਾ ਮਾਨਸਿਕ ਤਣਾਅ ਦੂਰ ਹੋਵੇਗਾ ਅਤੇ ਖ਼ੁਸ਼ੀਆਂ ਮਿਲਣਗੀਆਂ।ਇਹ ਯਾਦ ਰੱਖੋ ਕਿ ਇਹ ਜ਼ਰੂਰੀ ਨਹੀਂ ਕਿ ਬਾਦਸ਼ਾਹ ਹਮੇਸ਼ਾਂ ਅੰਦਰੋਂ ਖ਼ੁਸ਼ ਹੀ ਹੋਵੇ ਪਰ ਇਹ ਜ਼ਰੂਰੀ ਹੈ ਕਿ ਅੰਦਰੋਂ ਰਹਿਣ ਵਾਲਾ ਮਨੁੱਖ ਹਮੇਸ਼ਾਂ ਬਾਦਸ਼ਾਹ ਹੀ ਹੁੰਦਾ ਹੈ।
*****
ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-094631-89432
email: gursharan1183@yahoo.in