ਮਿੱਟੀ ਦੀ ਗਾਗਰ ਜਾਂ ਘੜੇ ਦੀ ਬਣਤਰ ਵਿੱਚ ਨਿਖਾਰ - ਬਲਜਿੰਦਰ ਕੌਰ ਸ਼ੇਰਗਿੱਲ

ਪੁਰਾਤਨ ਸਮੇਂ ਤੋਂ ਹੀ ਸਾਡਾ ਸਬੰਧ ਮਿੱਟੀ ਦੇ ਭਾਂਡਿਆਂ ਨਾਲ ਚੱਲਦਾ ਆ ਰਿਹਾ ਹੈ । ਇਹ ਸਾਡੀ ਸੱਭਿਅਤਾ ਨਾਲ ਵੀ ਜੁੜਿਆ ਹੋਇਆ ਹੈ। ਮਨੁੱਖ ਦਾ ਸਬੰਧ ਵੀ ਮਿੱਟੀ ਨਾਲ ਹੈ । ਉਹ ਇਸ ਮਿੱਟੀ ਵਿੱਚ ਪੈਦਾ ਹੋ ਕਿ  ਅੰਤ ਇਸ ਮਿੱਟੀ ਵਿੱਚ ਹੀ ਰੁਲ ਜਾਂਦਾ ਹੈ ।
         ਗਰਮੀਆਂ ਦੇ ਦਿਨਾਂ ਵਿੱਚ ਸਾਡਾ ਸੰਬੰਧ ਘੜੇ ਨਾਲ ਆ ਜੁੜਦਾ ਹੈ। ਮਿੱਟੀ ਦਾ ਘੜਾ ਅਜੇ ਵੀ ਉਨਾ ਹੀ ਪ੍ਰਚੱਲਿਤ ਹੈ ਜਿੰਨਾ ਕਿ ਸਦੀਆਂ ਜਾਂ ਦਹਾਕੇ ਪਹਿਲਾਂ ਹੋਇਆ ਕਰਦਾ ਸੀ। ਉਸ ਸਮੇਂ ਪਿੱਤਲ, ਤਾਂਬੇ ਅਤੇ ਮਿੱਟੀ ਦੇ ਭਾਂਡੇ ਹੋਇਆ ਕਰਦੇ ਸਨ । ਉਸ ਸਮੇਂ ਜ਼ਿਆਦਾਤਰ ਪਿੰਡਾਂ ਵਿੱਚ ਮਿੱਟੀ ਦੇ ਭਾਂਡਿਆਂ ਦਾ ਇਸਤੇਮਾਲ ਹੁੰਦਾ ਸੀ। ਇਨ੍ਹਾਂ ਵਿੱਚ ਸੁੱਕਾ ਆਟਾ ਰੱਖਣਾ, ਸਾਗ ਬਣਾਉਣਾ, ਲੱਸੀ ਰਿੜਕਣੀ,  ਪਾਣੀ ਲਈ ਘੜਿਆਂ ਵਰਤੋਂ ਕਰਨੀ , ਮਿੱਟੀ ਦੇ ਦੀਵੇ ਆਦਿ ਹੁੰਦੇ ਸਨ।
           ਨਵੇਂ ਜ਼ਮਾਨੇ (ਦੌਰ ) ਦੇ ਬਣੇ ਮਿੱਟੀ ਦੇ ਭਾਂਡੇ ਦੇਖਣ ਵਿੱਚ ਇੰਨੇ ਖੂਬਸੂਰਤ ਹਨ ਕਿ ਹਰ ਇੱਕ ਇਨਸਾਨ  ਉਨ੍ਹਾਂ ਨੂੰ ਦੇਖ ਕੇ ਖਰੀਦੇ ਬਿਨਾਂ ਨਹੀਂ ਰਹਿ ਸਕਦਾ । ਮਿੱਟੀ ਦੇ ਭਾਂਡੇ ਬਣਾਉਣ ਵਾਲੇ ਕਾਰੀਗਰ  ਵੱਲੋਂ ਇੰਨੇ ਸੋਹਣੇ  ਢੰਗ ਨਾਲ ਭਾਂਡਾ ਤਿਆਰ ਕਰ, ਰੰਗਾਂ ਦੀ ਸਜਾਵਟ ਕੀਤੀ ਹੋਈ ਹੈ ਕਿ ਹਰ ਇਨਸਾਨ ਉਸ ਨੂੰ ਆਪਣੇ ਘਰ ਦੀ ਰੌਣਕ ਬਣਾਉਣਾ ਪੰਸਦ ਕਰਦਾ ਹੈ ।ਮਿੱਟੀ ਦੇ ਭਾਂਡਿਆਂ ਉੱਤੇ ਕੀਤੀ ਸਜਾਵਟ ਹੀ ਮਿੱਟੀ ਦੇ ਭਾਂਡਿਆਂ ਨੂੰ ਮੁੜ ਘਰਾਂ ਵਿੱਚ ਵਾਪਸ ਲਿਆ ਰਹੀ ਹੈ।
ਕਈ ਤਰੀਕਿਆਂ ਨਾਲ ਤਿਆਰ ਕੀਤੇ ਮਿੱਟੀ ਦੇ ਭਾਂਡੇ ਤਾਂ ਅਸੀਂ ਸ਼ੁਰੂ ਤੋਂ ਹੀ ਦੇਖਦੇ ਆ ਰਹੇ ਹਾਂ ਪ੍ਰੰਤੂ ਅੱਜ ਇਨ੍ਹਾਂ ਵਿੱਚ ਮਿੱਟੀ ਤੋਂ ਬਣੀ ਬੋਤਲ ਵੀ ਆ ਚੁੱਕੀ ਹੈ। ਇਸ ਬੋਤਲ ਵਿੱਚ ਪਾਣੀ ਦੀ ਮਾਤਰਾ ਆਮ ਬੋਤਲ ਵਾਗ ਦੋ ਲੀਟਰ ਤੱਕ  ਆ ਜਾਂਦੀ ਹੈ । ਜਿਸ ਨੂੰ ਚੁੱਕ ਕੇ ਅਸੀਂ ਆਸਾਨੀ ਨਾਲ ਕਿਤੇ ਵੀ ਲੋੜ ਵਾਲੀ ਜਗ੍ਹਾ ਉੱਤੇ ਰੱਖ ਸਕਦੇ ਹਾਂ, ਨਜ਼ਦੀਕ ਪਈ ਹੋਣ ਕਾਰਨ ਅਸੀਂ ਇਸ ਦਾ ਇਸਤੇਮਾਲ ਵੀ ਵੱਧ ਤੋਂ ਵੱਧ ਕਰ ਸਕਾਗੇ।
ਵਿਸ਼ਵ ਪੱਧਰ ਉੱਤੇ ਪਾਣੀ ਦੀ ਮਾਤਰਾ  ਇੰਨੀ ਦੂਸ਼ਿਤ ਹੋ ਚੁੱਕੀ ਹੈ ਕਿ ਸਾਨੂੰ ਆਰ ਓ, ਫਿਲਟਰ ਲਗਾਉਣ ਦੀ ਨੌਬਤ ਆ ਚੁੱਕੀ ਹੈ। ਜੇਕਰ ਹਰ ਇਨਸਾਨ ਨੂੰ ਮਿੱਟੀ ਦੇ ਭਾਂਡਿਆਂ ਦਾ ਪਾਣੀ ਪੀਣ ਦੀ ਲੱਤ ਲੱਗ ਜਾਵੇ ਤਾਂ ਅਸੀਂ ਦੂਸ਼ਿਤ ਪਾਣੀ ਦੀ ਮਾਰ ਤੋਂ ਬਚ ਸਕਦੇ ਹਾਂ । ਮਿੱਟੀ ਦੇ ਭਾਂਡੇ ਵਿੱਚ ਪਾਣੀ ਪਾਉਣ ਨਾਲ ਪਾਣੀ ਦੇ ਪ੍ਰਦੂਸ਼ਿਤ ਅੰਦਰਲੇ ਨਾਈਟਰੇਟ ਤੱਤ ਪਾਣੀ ਵਿੱਚ ਖਤਮ ਹੋ ਜਾਂਦੇ ਹਨ। ਉਹ ਪਾਣੀ ਵਿੱਚ ਹੇਠਾਂ ਬੈਠ ਜਾਂਦੇ ਹਨ।  ਜਿਸ ਨਾਲ ਸਾਨੂੰ ਸ਼ੁੱਧ ਪਾਣੀ ਪੀਣ ਨੂੰ ਮਿਲਦਾ ਹੈ। ਇਸ ਤਰ੍ਹਾਂ ਦਾ ਸ਼ੁੱਧ ਪਾਣੀ ਸਾਨੂੰ ਫਰਿਜਾਂ ਤੇ ਮਿਲਰ ਵਾਟਰ ਵਿਚੋਂ  ਵੀ ਨਹੀਂ ਮਿਲਦਾ। ਇਸ ਦੀ ਸੁਗੰਧ ਅਤੇ ਗੁਣਵੱਤਾ ਪਾਣੀ ਪੀਣ ਉੱਤੇ ਹੀ ਜਾਹਿਰ ਹੋ ਜਾਂਦੀ ਹੈ ।
ਇੱਕ ਦੌਰ ਸੀ ਜਦੋਂ ਖੂਹਾ ਤੇ ਪਾਣੀ ਕੱਢ ਗਾਗਰ ਭਰ ਕੇ ਔਰਤਾਂ ਸਿਰ ਉੱਤੇ ਰੱਖ ਘਰ ਵਿੱਚ ਪਾਣੀ ਲਿਜਾਦੀਆ ਸੀ ਭਾਵੇਂ ਉਸ ਸਮੇਂ ਗਾਗਰ ਬਿਲਕੁੱਲ ਹੀ ਸਾਦੀ ਹੁੰਦੀ ਸੀ ਪ੍ਰੰਤੂ ਨਵੇਂ ਦੌਰ ਨੇ ਗਾਗਰ ਵਿੱਚ ਇੰਨੇ ਰੰਗ ਭਰੇ ਹਨ ਕਿ ਅੱਜ ਵੀ ਮੁਟਿਆਰਾਂ ਜਾਂ ਅੌਰਤਾਂ ਇਸਦੀ ਸੁੰਦਰਤਾ ਦੇਖ ਘਰ ਲੈ ਜਾਂਦੀਆਂ ਹਨ । ਭਾਵੇਂ ਇਹ ਗਾਗਰ ਅੱਜ ਸਿਰ ਉੱਤੇਂ ਰੱਖੀ ਦਿਖਾਈ ਨਹੀਂ ਦਿੰਦੀ ਪਰ ਅੱਜ ਵੀ ਇਹ ਘਰਾਂ ਦਾ ਹਿੱਸਾ ਬਣ ਚੁੱਕੀ ਹੈ । ਜਿਵੇਂ ਜਿਵੇਂ ਸਮਾਂ ਬਦਲਿਆ ਉਸੇ ਤਰ੍ਹਾਂ ਤਕਨਾਲੋਜੀ ਨਾਲ ਚੱਲਣ ਦੀ ਆਦਤ ਲੱਗ ਪੈਂਦੀ ਹੈ । ਤਕਨਾਲੋਜੀ ਜਿੰਦਗੀ ਦਾ ਦਸਤੂਰ  ਹੈ ਪਰ ਆਪਣੇ ਅਤੇ ਆਪਣੇ ਆਉਣ ਵਾਲੇ ਭਵਿੱਖ ਲਈ ਸ਼ੁੱਧਤਾ ਹੀ ਵਰਦਾਨ ਸਿੱਧ ਹੋਵੇਗੀ ।" ਸਿਹਤਮੰਦ ਸਰੀਰ ਆਉਣ ਵਾਲੇ ਭਵਿੱਖ ਦੀ ਉਮੀਦ " ਸੋ ਸਾਨੂੰ ਸਾਰਿਆਂ ਨੂੰ ਮਿੱਟੀ ਦੀ ਗਾਗਰ ਦਾ ਪਾਣੀ ਪੀਣ ਦੀ ਆਦਤ ਪਾਉਣੀ ਹੀ ਚਾਹੀਦੀ ਹੈ।
ਘੜੇ ਦਾ ਜ਼ਿਕਰ ਬਹੁਤ ਥਾਂ ਹੁੰਦਾ ਹੈ /ਗੀਤਾਂ ਵਿੱਚ, ਕਹਾਣੀਆਂ  ਵਿੱਚ, ਕਵਿਤਾਵਾਂ  ਵਿੱਚ, ਸਾਡੇ ਸੱਭਿਆਚਾਰ ਵਿੱਚ, ਸੋਹਣੀ ਮਹੀਵਾਲ ਦੀ ਪ੍ਰੀਤ ਕਹਾਣੀ ਵਿੱਚ, ਪਿਆਸਾ ਕਾਂ ਕਹਾਣੀ ਤਾਂ ਸਾਨੂੰ ਸਭ ਨੂੰ ਯਾਦ ਹੀ ਹੋਣੀ ਹੈ , ਜੇਕਰ ਕਾਂ ਨੂੰ ਵੀ ਘੜਾ ਨਾ ਪਿਆ ਮਿਲਦਾ ਤਾਂ ਉਹ (ਕੰਕਰ) ਰੋੜਿਆ ਨੂੰ ਪਾਣੀ ਵਿੱਚ ਸੁੱਟ, ਪਾਣੀ ਉੱਪਰ ਕਿਵੇਂ ਲੈ ਕੇ ਆਉਂਦਾ। ਇਸ ਲਈ ਮਿੱਟੀ ਦੇ ਭਾਡੇ ਮਨੁੱਖ ਤੋਂ ਲੈ ਕੇ ਜਾਨਵਰਾਂ ਤੱਕ ਵੀ ਕੰਮ ਆਉਂਦੇ ਰਹੇ ਹਨ ਅਤੇ ਆਉਂਦੇ ਰਹਿਣਗੇ।

ਬਲਜਿੰਦਰ ਕੌਰ ਸ਼ੇਰਗਿੱਲ
1323/26
phase 11
 ਮੁਹਾਲੀ ( ਪੰਜਾਬ )
9878519278