ਅਨੁਰਾਗ ਸਿੰਘ ਦੀ ਚੁਣੌਤੀ ਪ੍ਰਵਾਨ

ਪਿਛਲੇ ਮਹੀਨੇ ਮੇਰੇ ਵੱਲੋਂ ਲਿਖੇ ਗਏ ਲੇਖ, “ਅਨੁਰਾਗ ਸਿੰਘ ਦੇ ਕੌਤਕ” ਵਿੱਚ ਉਠਾਏ ਗਏ ਮੁੱਖ ਸਵਾਲ ਕਿ, “ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅਖੌਤੀ ਦਸਮ ਗ੍ਰੰਥ ਦੀ ਡਿਜੀਟਾਈਜ਼ ਕਾਪੀ ਪਿਛਲੇ 18 ਮਹੀਨਿਆਂ ਵਿਚ ਹੱਥ ਲਿਖਤ ਬੀੜ (Hard copy) ਕਿਵੇਂ ਬਣ ਗਈ?” ਦੇ ਜਵਾਬ ਵਿਚ 1 ਮਈ ਨੂੰ ਅਨੁਰਾਗ ਸਿੰਘ ਲਿਖਦਾ ਹੈ, “ਪਹਿਚਾਨੋ ਤੋ ਜਾਣੇ। ਕੀ ਤੁਸੀਂ ਵੀ ਉਹੀ ਸੋਚਦੇ ਹੋ ਜੋ ਮੈਂ ਸੋਚ ਰਿਹਾ ਹਾਂ। ਇਤਨੀ ਹਉਮੇ ਵਾਲਾ ਲੇਖਕ ਨਾ ਕੋਈ ਹੋਇਆ ਅਤੇ ਨਾ ਹੀ ਹੋਵੇਗਾ। ਟੋਬੇ ਦਾ ਗਵਾਹ ਡੱਡੂ। ਜਨਾਬ ਸਰਬਜੀਤ ਸਿੰਘ ਸੈਕਰੋਮੈਂਟੋ ਆਪਣਾ ਨਾਮ ਅੰਗਰੇਜ਼ੀ ਵਿੱਚ ਸਰਬਜੀਤ ਪਰ ਗੁਰਮੁਖੀ ਵਿੱਚ ਸਰਵਜੀਤ ਲਿੱਖ ਕੇ ਵਕਾਲਤ ਪ੍ਰੋਫੈਸਰ ਹਰਭਜਨ ਸਿੰਘ ਦੀ ਕਰ ਰਿਹਾ ਹੈ। ਕਾਮਰੇਡ ਪੂਰੇਵਾਲ ਦਾ ਸਾਥੀ ਉਸ ਦੀ ਤੱਕਲੀਫ ਬਾਰੇ ਗੱਲ ਕਰ ਰਿਹਾ ਹੈ, ਜਿਸ ਕੌਲ ਆਪਣੀ ਰੁਸਵਾਈ ਲਈ ਕੋਈ ਉਤਰ ਨਹੀਂ। ਭੈੜੇ ਭੈੜੇ ਯਾਰ ਬੀਬੀ ਫੱਤੋ ਦੇ।...ਪੁੱਠੀ ਮੱਤ, ਪੇਟੀ ਬੰਦ ਦਿਮਾਗ, ਉਧਾਰੀ ਕਲਮ, ਕਾਮਰੇਡੀ ਸੋਚ, ਸੱਚ ਦੇਖਣ ਨਹੀਂ ਦੇਂਦੀ। ਕਾਮਰੇਡ ਪੂਰੇਵਾਲ ਦੀ ਅਖੌਤੀ ਨਾਨਕਸ਼ਾਹੀ ਜੰਤਰੀ ਨੂੰ ਤੁਰੰਤ ਲਾਗੂ ਕਰਵਾਉਣ ਵਾਲੇ ਕਿਵੇਂ ਉਹ ਤੱਥ ਪੇਸ਼ ਕਰ ਰਹੇ ਹਨ ਜਿਨ੍ਹਾਂ ਦਾ ਜ਼ਿਕਰ ਅਖ਼ਬਾਰਾਂ ਵਿੱਚ ਹੋ ਰਿਹਾ ਹੈ। ਪੁਰਾਣੇ ਰਿਸ਼ਤੇ ਅਤੇ ਲੈਣ-ਦੇਣ ਇਸ ਤਰ੍ਹਾਂ ਸਾਬਤ ਹੁੰਦੇ ਹਨ ਅਤੇ ਕਾਨੂੰਨੀ ਭਾਸ਼ਾ ਵਿੱਚ ਇਸ ਨੂੰ quid-pro-quo ਕਹਿੰਦੇ ਹਨ। ਇਸ ਲਈ ਹੋਰ ਲਿੱਖਤੀ ਸਬੂਤ ਅਦਾਲਤ ਵਿੱਚ ਪੇਸ਼ ਕਰਨ ਦੀ ਲੋੜ ਨਹੀਂ ਹੁੰਦੀ”।
ਇਹ ਹੈ ਮੇਰੇ ਸਵਾਲ ਦਾ ਲਿਖਤੀ ਜਵਾਬ, ਡਾ, ਪ੍ਰੋ: ਇਤਿਹਾਸਕਾਰ (?) ਅਸਲ ਵਿੱਚ ਬੈਂਕ ਦੇ ਸਾਬਕਾ ਕਰਮਚਾਰੀ, ਅਨੁਰਾਗ ਸਿੰਘ  ਦਾ, ਜੋ ਹਰ ਕਿਸੇ ਦੀ ਸ਼ਾਨ ਦੇ ਖਿਲਾਫ਼ ਲਿਖਣਾ ਆਪਣਾ ਬੁਨਿਆਦੀ ਹੱਕ ਸਮਝਦਾ ਹੈ।
ਨਵੰਬਰ 2006 ਈ: ਦੀ ਗੱਲ ਹੈ, ਅਖੌਤੀ ਦਸਮ ਗ੍ਰੰਥ ਬਾਰੇ ਜਵੱਦੀ ਟਕਸਾਲ ਵਿਖੇ (10 ਨਵੰਬਰ) ਨੂੰ ਸੈਮੀਨਾਰ ਹੋਇਆ ਸੀ। ਜਿਸ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਸਮੇਤ ਯੂਨੀਵਰਸਿਟੀਆਂ ਦੇ ਵਿਦਵਾਨਾਂ ਨੇ ਆਪਣੇ ਪੇਪਰ ਪੜ੍ਹੇ ਸਨ। ਇਸੇ ਸੈਮੀਨਾਰ ਵਿੱਚ ਅਨੁਰਾਗ ਸਿੰਘ ਨੇ ਅਖੌਤੀ ਗ੍ਰੰਥ ਦੀ ਅਸਲੀਅਤ ਸੰਗਤਾਂ ਸਾਹਮਣੇ ਲਿਆਉਣ ਵਾਲਿਆਂ ਨੂੰ ਕਤਲ ਕਰਨ ਦੀ ਧਮਕੀ ਦਿੱਤੀ ਸੀ, ਨਾਲ ਹੀ  ਇਸ ਨੇ ਅਖੌਤੀ ਗ੍ਰੰਥ ਨੂੰ ਅਧੂਰਾ ਵੀ ਸਾਬਿਤ ਕੀਤਾ ਸੀ। ਅਨੁਰਾਗ ਸਿੰਘ ਸਮੇਤ ਹੋਰ ਵੀ ਕਈ ਬੁਲਾਰਿਆਂ ਦੇ ਵਿਚਾਰ ਸੁਣ ਕੇ ਅਸੀਂ ਕੱਲੇ-ਕੱਲੇ ਨੂੰ ਸਵਾਲ ਕੀਤੇ ਸਨ। ਕਿਸੇ ਨੇ ਵੀ ਸਾਡੇ ਪੱਤਰ ਦਾ ਜਵਾਬ ਦੇਣ ਦੀ ਲੋੜ ਨਹੀਂ ਸਮਝੀ। ਸਿਰਫ ਡਾ ਹਰਭਜਨ ਸਿੰਘ (ਦੇਹਰਾਦੂਨ) ਨੇ ਜਵਾਬ ਦਿੱਤਾ ਸੀ। ਪਰ ਉਹ ਵੀ ਸਾਡੇ ਵੱਲੋਂ, ਉਸ ਵੱਲੋਂ ਪੜ੍ਹੇ ਗਏ ਪੇਪਰ ਸਬੰਧੀ ਉਠਾਏ ਗਏ ਸਵਾਲਾਂ ਦਾ ਜਵਾਬ ਨਹੀਂ ਸੀ ਦੇ ਸਕਿਆ, ਸਾਡੀ ਲਿਖਤ ਵਿਚ ਵਿਆਕਰਣ ਦੀਆਂ ਗਲਤੀਆਂ ਕੱਢਣ ਅਤੇ ਆਪਣੀ ਵਿਦਿਅਕ ਯੋਗਤਾ ਦਾ ਰੋਹਬ ਪਾਉਣ ਦਾ ਅਸਫਲ ਯਤਨ ਕੀਤਾ ਸੀ। ( ਦੋ ਪੱਤਰ ਉਸ ਨੇ ਆਪਣੀ ਕਿਤਾਬ  ਵੀ ਸ਼ਾਮਿਲ ਕੀਤੇ ਹਨ) ਪਰ ਜਦੋਂ ਅਸੀਂ ਤੀਜਾ ਪੱਤਰ, ਉਸੇ ਭਾਸ਼ਾ ਵਿੱਚ ਲਿਖਿਆ, ਜਿਹੜੀ ਭਾਸ਼ਾ ਡਾ ਹਰਭਜਨ ਸਿੰਘ ਨੇ ਸਾਡੇ ਲਈ ਵਰਤੀ ਸੀ ਤਾਂ ਉਹ ਵੀ ਦੜ ਵੱਟ ਗਿਆ। ਉਸ ਤੋਂ ਪਿਛੋਂ ਵੀ ਅਖੌਤੀ ਦਸਮ ਗ੍ਰੰਥ ਬਾਰੇ ਸੈਮੀਨਾਰ ਨੂੰ ਸੁਣ ਜਾਂ ਲਿਖਤ ਨੂੰ ਪੜ੍ਹ ਕੇ ਪੱਤਰ ਲਿਖਦੇ ਰਹੇ ਹਾਂ, ਪਰ ਕਿਸੇ ਨੇ ਵੀ ਸਵਾਲ ਦਾ ਜਵਾਬ ਦੇਣ ਦੀ ਹਿੰਮਤ ਨਹੀਂ ਕੀਤੀ। ਹਾਂ, ਕਦੇ-ਕਦੇ ਕਾਗਜ ਜਰੂਰ ਕਾਲੇ ਕਰਦੇ ਰਹਿੰਦੇ ਹਨ।
15 ਜੁਲਾਈ 2017 ਈ: ਨੂੰ ਸਿਆਟਲ ਦੀਆ ਸੰਗਤਾਂ ਨੇ ਇਕ ਸੈਮੀਨਾਰ ਆਯੋਜਿਤ ਕੀਤਾ ਸੀ, ਜਿਸ ਦਾ ਮੁੱਖ ਵਿਸ਼ਾ ਨਾਨਕਸ਼ਾਹੀ ਕੈਲੰਡਰ ਸੀ। ਇਸ ਸੈਮੀਨਾਰ ਵਿੱਚ, ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਵੱਲੋਂ ਰੱਖੇ ਗਏ ਇਕ ਲੱਖ ਰੁਪਏ ਦੇ ਇਨਾਮ ਮੁਕਾਬਲੇ, ਸ. ਪਾਲ ਸਿੰਘ ਪੁਰੇਵਾਲ ਨੇ 5 ਲੱਖ ਰੁਪਏ ਦਾ ਇਨਾਮ ਰੱਖ ਦਿੱਤਾ। ਪਰ ਅਚਾਨਕ ਹੀ ਸਮਾਗਮ ਦੇ ਪ੍ਰਬੰਧਕਾਂ ਨੇ, 5 ਲੱਖ ਡਾਲਰ ਦੇ ਇਨਾਮ ਦਾ ਐਲਾਨ ਕਰ ਦਿੱਤਾ। ਜਿਉਂ ਹੀ ਇਸ ਦੀ ਖ਼ਬਰ ਫੈਲੀ, ਅਨੁਰਾਗ ਸਿੰਘ ਨੇ ਧੜਾ-ਧੜ ਪੋਸਟਾਂ ਪਾਉਣੀਆਂ ਆਰੰਭ ਕਰ ਦਿੱਤੀਆਂ। ਇਸ ਵੱਲੋਂ ਉਠਾਏ ਗਏ ਸਾਰੇ ਸਵਾਲਾਂ ਦਾ ਜਵਾਬ ਮੈਂ ਨਾਲ ਦੀ  ਦਿੰਦਾ ਰਿਹਾ। ਇਹ 5 ਲੱਖ ਡਾਲਰ ਨੂੰ ਭਾਰਤੀ ਕਰੰਸੀ ਵਿੱਚ ਬਦਲੀ ਕਰਨ ਲਈ ਗੁਣਾ-ਘਟਾਓ ਤਾਂ ਕਰਦੇ ਰਹੇ, ਪਰ ਪ੍ਰਬੰਧਕਾਂ ਦੀ ਸ਼ਰਤ ਪ੍ਰਵਾਨ ਕਰਨ ਦਾ ਹੌਸਲਾ ਨਹੀਂ ਕਰ ਸਕੇ। (ਸਿਆਟਲ ਨਿਵਾਸੀ ਸਤਪਾਲ ਸਿੰਘ ਪੁਰੇਵਾਲ ਦੀ, ਅਨੁਰਾਗ ਸਿੰਘ ਨਾਲ ਫੂਨ ਤੇ ਵੀ ਗੱਲਬਾਤ ਹੋਈ ਸੀ) ਪ੍ਰਬੰਧਕਾਂ ਵੱਲੋਂ 5 ਲੱਖ ਡਾਲਰ ਦਾ ਇਨਾਮ ਤਿੰਨ ਮਹੀਨਿਆਂ ਵਾਸਤੇ ਰੱਖਿਆ ਗਿਆ ਸੀ। ਇਹ ਸਮਾਂ ਪੂਰਾ ਹੋਣ ਤੋਂ ਕਈ ਦਿਨ ਪਹਿਲਾ, ਮੈਂ ਇਕ ਪੱਤਰ ਲਿਖ ਕੇ ਇਨ੍ਹਾਂ ਨੂੰ ਯਾਦ ਵੀ ਕਰਵਾ ਦਿੱਤਾ ਸੀ ਕਿ ਇਹ 5 ਲੱਖ ਡਾਲਰ ਨੂੰ ਪ੍ਰਵਾਨ ਕਰਨ ਦੀ ਸਮਾਂ ਸੀਮਾ 15 ਅਕਤੂਬਰ ਨੂੰ ਖਤਮ ਹੋ ਰਹੀ ਹੈ। ਪਰ ਇਨ੍ਹਾਂ ਨੇ ਚੁੱਪ ਰਹਿਣ ਵਿਚ ਹੀ ਭਲਾਈ ਸਮਝੀ।
ਜੁਲਾਈ 2017 ਤੋਂ ਆਰੰਭ ਹੋ ਕੇ ਅਨੁਰਾਗ ਸਿੰਘ ਦੀਆਂ ਲੱਗ ਭੱਗ 50 ਪੋਸਟਾਂ ਦਾ ਜਵਾਬ ਮੈਂ 15 ਪੋਸਟਾਂ ਵਿੱਚ ਦਿੱਤਾ। ਇਸ ਦੇ ਹਰ ਸਵਾਲ ਦਾ ਜਵਾਬ ਤੱਥਾਂ ਅਧਾਰਿਤ ਦੇ ਕੇ ਇਸ  ਨੂੰ ਮੋੜਵੇ ਸਵਾਲ ਵੀ ਕੀਤੇ ਪਰ ਇਸ ਨੇ ਮੇਰੇ ਇਕ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ। ਸਗੋਂ ਮੇਰੇ ਤੇ ਪਾਬੰਦੀ ਲਾ ਦਿੱਤੀ ਕਿ ਮੈਂ ਇਸ ਦੀਆਂ ਪੋਸਟਾਂ ਵੇਖ/ਪੜ੍ਹ ਹੀ ਨਾ ਸਕਾ। ਪਰ ਸਾਂਝੇ ਸੱਜਣਾਂ ਰਾਹੀ ਇਸ ਦੀਆਂ ਕੈਲੰਡਰ ਸਬੰਧੀ ਪੋਸਟਾਂ ਮੇਰੇ ਤਾਈ ਪੁੱਜਦੀਆਂ ਰਹੀਆਂ, ਮੈਂ ਇਸ ਦੇ ਸਵਾਲਾਂ ਦਾ ਜਵਾਬ ਦਿੰਦਾ ਰਿਹਾ। ਕਦੇ ਕਦਾਈਂ ਅਖੌਤੀ ਦਸਮ ਗ੍ਰੰਥ ਬਾਰੇ ਵੀ ਇਸ ਦੀਆਂ ਪੋਸਟਾਂ ਮੇਰੇ ਤਾਈ ਪੁਜ ਜਾਂਦੀਆਂ, ਮੈਂ ਉਨ੍ਹਾਂ ਤੇ ਵੀ ਟਿੱਪਣੀਆਂ ਕਰਦਾ ਰਿਹਾ। ਜਵਾਬ ਇਸ ਨੇ ਉਨ੍ਹਾਂ ਦਾ ਵੀ ਨਹੀਂ ਦਿੱਤਾ। ਇਸ ਦੀ ਨੀਤੀ ਹੈ ਕਿ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦੇਣਾ, ਸਗੋਂ ਹਰ ਵਾਰ 5-7 ਨਵੇਂ ਸਵਾਲ ਕਰ ਦੇਣੇ। ਮੇਰੇ ਪਿਛਲੇ ਸਵਾਲ, “ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅਖੌਤੀ ਦਸਮ ਗ੍ਰੰਥ ਦੀ ਡਿਜੀਟਾਈਜ਼ ਕਾਪੀ ਪਿਛਲੇ 18 ਮਹੀਨਿਆਂ ਵਿਚ ਹੱਥ ਲਿਖਤ ਬੀੜ (Hard copy) ਕਿਵੇਂ ਬਣ ਗਈ?” ਦੇ ਜਵਾਬ ਵਿੱਚ ਵੀ ਇਸ ਨੇ 5 ਸਵਾਲ ਕੀਤੇ ਹਨ। ਅਤੇ ਨਾਲ ਹੀ ਇਹ ਵੀ ਲਿਖਿਆ ਹੈ, “ਅਟੱਕਲਬਾਜੀਆਂ ਅਤੇ ਯੱਕੜਬਾਜੀਆਂ ਕਰਕੇ ਹੀ ਇਸ ਨੂੰ ਬਲੈਕ ਕੀਤਾ ਸੀ। ਜੇ ਹਿੰਮਤ ਹੈ ਤਾਂ ਹਿਦੋਸਤਾਨ ਦੀ ਕਿਸੇ ਵੀ ਵਿੱਦਿਅਕ ਸੰਸਥਾ ਵਿੱਚ ਸਮਾਂ,ਤਾਰੀਖ਼ ਅਤੇ ਸਥਾਨ ਨਿਸ਼ਚਿਤ ਕਰ ਲਵੇ ਅਤੇ ਆਪਣੇ ਗੁਰੂ ਕਾਮਰੇਡ ਪੂਰੇਵਾਲ ਅਤੇ ਡਾਕਟਰ ਹਰਭਜਨ ਸਿੰਘ ਨੂੰ ਨਾਲ ਲਿਆਉਣ ਦੀ ਖੇਚਲ ਵੀ ਕਰ ਲਵੇ। ਬਾਕੀ ਸੱਭ ਲੋਕ ਦੇਖਣਗੇ ਅਕਾਲ ਪੁਰਖ ਦਾ ਕੌਤਕ”।
ਮੈਂ, ਸਰਵਜੀਤ ਸਿੰਘ ਸੈਕਰਾਮੈਂਟੋ,  ਅਨੁਰਾਗ ਸਿੰਘ ਦੀ ਇਸ ਦੀ ਚੁਣੌਤੀ ਨੂੰ ਪ੍ਰਵਾਨ ਕਰਦਾ ਹਾਂ।
ਇਸ ਨੂੰ ਮੇਰਾ ਸਵਾਲ ਹੈ ਕਿ ਕੁਕੜੀ ਦੇ ਆਡਾ ਦੇਣ ਵਾਂਗੂ  ਰੋਜ਼ਾਨਾ ਨਵੀਂ ਪੋਸਟ, ਆਪਣੇ ਘਰੋਂ ਪਾਉਂਦਾ ਹੈ ਤਾਂ ਮੇਰੇ ਸਵਾਲਾਂ ਦੇ ਜਵਾਬ ਘਰ ਬੈਠਾ ਕਿਉਂ ਨਹੀਂ ਦੇ ਸਕਦਾ? ਕੀ ਅਕਾਲ ਪੁਰਖ ਸਿਰਫ “ਹਿਦੋਸਤਾਨ ਦੀ ਕਿਸੇ ਵੀ ਵਿੱਦਿਅਕ ਸੰਸਥਾ” ਵਿਚ ਹੀ ਕੌਤਕ ਵਿਖਾਲ ਸਕਦਾ ਹੈ? ਕੀ ਤੁਹਾਡਾ ਘਰ ਅਕਾਲ ਪੁਰਖ ਦੇ ਅਧਿਕਾਰ ਖੇਤਰ (Jurisdiction) ਤੋਂ ਬਾਹਰ ਹੈ? ਅਨੁਰਾਗ ਸਿੰਘ, ਇਹ ਅਠਾਰਵੀਂ ਸਦੀ ਨਹੀਂ ਹੈ। ਕਿ ਵਿਸਾਖੀ-ਦਿਵਾਲੀ ਨੂੰ ਹੀ ਇਕੱਠ ਹੋਣਾ ਹੈ। ਇੱਕੀਵੀਂ ਸਦੀ ਹੈ ਸਮੇਂ ਦੇ ਹਾਣੀ ਬਣੋ। ਆਪਾਂ, ਆਪੋ ਆਪਣੇ ਘਰ ਬੈਠੇ ਹੀ ਵਿਚਾਰ ਕਰ ਸਕਦੇ ਹਾਂ ਅਤੇ ਦੁਨੀਆਂ ਦੇ ਕੋਨੇ-ਕੋਨੇ ਵਿੱਚ ਬੈਠ ਸਿੱਖ, ਘਰ ਬੈਠੇ ਹੀ ਨਾਲ ਦੀ ਨਾਲ ਹੀ ਪੜ੍ਹ ਸਕਦੇ ਹਨ। ਮੇਰਾ ਸੁਝਾਉ ਹੈ ਕਿ ਪਹਿਲਾ ਕੈਲੰਡਰ ਤੇ ਵਿਚਾਰ ਕਰਦੇ ਹਾਂ ਫੇਰ ਤੁਹਾਡੇ ਬਾਲੇ ਦੀ ਜਨਮ ਪੱਤਰੀ ਵੀ ਬਣਾਵਾਂਗੇ। ਆਓ, ਮੇਰੀ ਵਾਲ ਤੇ ਲਿਖਣ ਦਾ ਸੱਦਾ ਪ੍ਰਵਾਨ ਕਰੋ।
ਅਨੁਰਾਗ ਸਿੰਘ ਜੀ, ਤੁਹਾਡੀ ਨਵੀਂ ਪੋਸਟ, ਜੋ ਅੱਜ ਹੀ ਪ੍ਰਾਪਤ ਹੋਈ ਹੈ, “ਪੁਰਾਤਨ ਹੱਥ ਲਿੱਖਤ ਗੁਰੂ ਗਰੰਥ ਸਾਹਿਬ ਦੀਆਂ ਪੋਥੀਆਂ ਵਿੱਚ ਬਹੁਤ ਸਾਰੇ ਇਤਿਹਾਸਕ ਤੱਥ ਵੀ ਮਿੱਲਦੇ ਹਨ, ਜੋ ਖੋਜ ਕਾਰਜਾਂ ਵਿੱਚ ਸਹਾਈ ਹੁੰਦੇ ਹਨ। ਇਹ ਬੀੜ ਗੁਰੂ ਗੋਬਿੰਦ ਸਿੰਘ ਜੀ ਦੇ ਵੱਕਤ ਦੀ ਤਿਆਰ ਹੋਈ ਹੈ, ਜਿਸ ਵਿੱਚ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦੁਰ ਸਾਹਿਬ ਦੇ ਜੋਤੀ ਜੋਤਿ ਸਾਮਾਵਣ ਦੀਆਂ ਤਿਥਾਂ ਅਤੇ ਅਸਥਾਨ ਦਿੱਤੇ ਗਏ ਹਨ। ਇਸ ਦੇ ਬਾਵਜੂਦ ਸਾਡੇ ਵਿਦਵਾਨ ਜਿਨ੍ਹਾਂ ਨੇ ਅਖੌਤੀ ਨਾਨਕਸ਼ਾਹੀ ਜੰਤਰੀ ਬਣਾਈ ਉਨ੍ਹਾਂ ਨੇ ਇਹ ਤਾਰੀਖ਼ਾਂ ਨੱਜਰ ਅੰਦਾਜ਼ ਕੀਤੀਆਂ”,  ਤੋਂ ਹੀ ਵਿਚਾਰ ਆਰੰਭ ਕਰਦੇ ਹਾਂ।
ਇਸ ਦੇ ਨਾਲ  ਤੁਸੀਂ ਇਕ ਹੱਥ ਲਿਖਤ ਦੀ ਫ਼ੋਟੋ ਵੀ ਭੇਜੀ ਹੈ। ਜਿਸ ਵਿੱਚ “ਚਲਿਤ੍ਰ ਜੋਤੀ ਜੋਤਿ ਸਮਾਵਣ ਕਾਂ” ਦਰਜ ਹੈ। ਜਿਸ ਬਾਰੇ ਤੁਹਾਡਾ ਇਤਰਾਜ਼ ਹੈ ਕਿ ਵਿਦਵਾਨ ਨੇ ਨਾਨਕਸ਼ਾਹੀ ਕੈਲੰਡਰ ਬਣਾਉਣ ਵੇਲੇ ਇਨ੍ਹਾਂ ਤਾਰੀਖ਼ਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਹੈ।






ਅਨੁਰਾਗ ਸਿੰਘ ਜੀ, ਜੇ ਤੁਸੀਂ ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਪੜ੍ਹੀ ਹੋਵੇ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਵਿਚ ਬੜੇ ਹੀ ਸਪੱਸ਼ਟ ਸ਼ਬਦਾਂ ਵਿਚ ਇਹ ਲਿਖਿਆ ਹੋਇਆ ਹੈ, “ਤਿੱਥਾਂ ਨੂੰ ਨਾਨਕਸ਼ਾਹੀ ਕੈਲੰਡਰ ਵਿੱਚ ਬਦਲਣ ਲਈ ਅੰਗਰੇਜੀ ਤਾਰੀਖ਼ਾਂ ਨੂੰ ਨਹੀਂ ਬਲਕਿ ਪ੍ਰਵਿਸ਼ਟਿਆਂ ਨੂੰ ਮੁਖ ਰੱਖਿਆ ਜਾਵੇਗਾ”। ਹੱਥ ਲਿਖਤ ਵਿਚ ਗੁਰੂ ਨਾਨਕ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ, “ਸੰਬਤੁ ੧੫੯੬ ਅਸੂ ਵਦੀ ੧੦ ਸ੍ਰੀ ਬਾਬਾ ਨਾਨਕ ਦੇਵ ਜੀ ਸਮਾਏ”, ਦਰਜ ਹੈ। ਕੈਲੰਡਰ ਕਮੇਟੀ ਵੱਲੋਂ ਬਣਾਏ ਗਏ ਨਿਯਮ ਮੁਤਾਬਕ, ਅੱਸੂ ਵਦੀ ੧੦ ਨੂੰ, 8 ਅੱਸੂ (ਪ੍ਰਵਿਸ਼ਟਾ) ਸੀ, 8 ਅੱਸੂ ਹੀ ਨਾਨਕਸ਼ਾਹੀ ਕੈਲੰਡਰ ਵਿਚ ਦਰਜ ਹੈ। ਸਿੱਖ ਇਤਿਹਾਸ ਨਾਲ ਸਬੰਧਿਤ  ਸਾਰੀਆਂ ਤਾਰੀਖ਼ਾਂ, ਇਸੇ ਨਿਯਮ ਮੁਤਾਬਕ ਹੀ ਨਾਨਕਸ਼ਾਹੀ ਕੈਲੰਡਰ ਵਿੱਚ ਬਦਲੀਆਂ ਗਈਆਂ ਹਨ। ਅਜੇ ਵੀ ਜੇ ਤੁਹਾਡਾ ਕੋਈ ਸ਼ੰਕਾ ਹੈ ਤਾਂ ਆਪਣਾ ਪੱਖ ਸੰਖੇਪ ਅਤੇ ਸਪੱਸ਼ਟ ਸ਼ਬਦਾਂ ਵਿੱਚ ਲਿਖ ਭੇਜਣਾ ਤਾ ਜੋ ਉਸ ਤੇ ਵਿਚਾਰ ਕੀਤੀ ਜਾ ਸਕੇ।






ਇਕ ਹੋਰ ਬੇਨਤੀ, ਜੋ ਪਹਿਲਾ ਵੀ ਇਕ ਤੋਂ ਵੱਧ ਵਾਰ ਕਰ ਚੁੱਕਿਆ ਹਾਂ ਪਰ ਤੁਸੀਂ ਪ੍ਰਵਾਨ ਨਹੀ ਕੀਤੀ। ਉਹ ਇਹ ਕਿ ਤੁਹਾਡੇ ਲਿਖਣ ਮੁਤਾਬਕ, ਨਾਨਕਸ਼ਾਹੀ ਕੈਲੰਡਰ ਦੀਆਂ ਜਿਹੜੀਆਂ ਤਾਰੀਖ਼ਾਂ, 23 ਮਾਰਚ 2003 ਈ: ਨੂੰ ਤੁਹਾਡੇ ਘਰ ਬੈਠ ਕੇ ਨਿਰਧਾਰਤ ਕੀਤੀਆਂ ਗਈਆਂ ਸਨ ਅਤੇ “ਸ਼ੁਧ ਅਤੇ ਅਸ਼ੁੱਧ” ਤਾਰੀਖ਼ਾਂ ਦੀ ਜਿਹੜੀ ਸੂਚੀ ਤੁਸੀਂ 12 ਅਗਸਤ 2009 ਈ: ਨੂੰ ਅਕਾਲ ਤਖਤ ਨੂੰ ਭੇਜੀ ਸੀ, 7 ਪੰਨਿਆਂ ਉਹ ਸੂਚੀ ਜੰਤਕ ਕਰੋ ਤਾਂ ਜੋ ਇਕੱਲੀ-ਇਕੱਲੀ ਤਾਰੀਖ਼ ਤੇ ਵਿਚਾਰ ਕਰਨ ਦੀ ਬਿਜਾਏ, ਸਾਰੀਆਂ ਤਾਰੀਖ਼ਾਂ ਉਪਰ ਤਰਤੀਬ ਵਾਰ ਵਿਚਾਰ ਕਰਕੇ ਕਿਸੇ ਨਤੀਜੇ ਤੇ ਪੁੱਜਿਆ ਜਾ ਸਕੇ। ਤੁਹਾਡੇ ਘਰ ਹੋਈ ਮੀਟਿੰਗ ਵਿੱਚ ਹਾਜ਼ਰ ਸਾਰੇ ਸੱਜਣਾ ਦੇ ਨਾਮ ਵੀ ਭੇਜੇ ਜਾਣ ਤਾਂ ਜੋ ਲੋੜ ਪੈਣ ਤੇ ਉਨ੍ਹਾਂ ਨਾਲ ਵੀ ਸੰਪਰਕ ਕੀਤਾ ਜਾ ਸਕੇ।

ਧੰਨਵਾਦ
ਸਰਵਜੀਤ ਸਿੰਘ ਸੈਕਰਾਮੈਂਟੋ
7/7/2019