ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
09 July 2019
ਚੰਗੇ ਰੁਜ਼ਗ਼ਾਰ ਪੱਖੋਂ ਭਾਰਤ ਦੇ ਹਾਲਾਤ ਪਾਕਿਸਤਾਨ ਨਾਲੋਂ ਵੀ ਮਾੜੇ-ਇਕ ਖ਼ਬਰ
ਸੱਸ ਮੇਰੀ ਦਾ ਐਡਾ ਜੂੜਾ ਵਿਚੋਂ ਕਿਰਦੀ ਰੇਤ, ਸੱਸੇ ਕੰਜਰੀਏ ਸ਼ੀਸ਼ਾ ਲੈ ਕੇ ਦੇਖ।
ਭਾਰਤ ਦੇ 70 ਫ਼ੀਸਦੀ ਲੋਕ ਮੋਟਾਪੇ ਦੇ ਸ਼ਿਕਾਰ- ਇਕ ਖ਼ਬਰ
ਤੇਰੀ ਮੇਰੀ ਨਹੀਂ ਨਿਭਣੀ, ਮੈਂ ਪਤਲੀ ਤੂੰ ਭਾਰਾ।
ਮਹਾਂਰਾਸ਼ਟਰ ਵਿਧਾਨ ਸਭਾ ਚੋਣਾਂ ਬੈਲਟ ਪੇਪਰ ਨਾਲ਼ ਕਰਵਾਈਆਂ ਜਾਣ- ਰਾਜ ਠਾਕਰੇ
ਤੇਰੀਆਂ ਮੈਂ ਲੱਖ ਮੰਨੀਆਂ, ਮੇਰੀ ਇਕ ਤੂੰ ਮੰਨੇ ਤਾਂ ਜਾਣਾ।
ਸਰਕਾਰੀ ਹਸਪਤਾਲਾਂ 'ਚ ਸਿਹਤ ਸਹੂਲਤਾਂ ਦੀ ਘਾਟ ਨਹੀਂ ਆਉਣ ਦਿਤੀ ਜਾਵੇਗੀ- ਬਲਬੀਰ ਸਿੰਘ ਸਿੱਧੂ
ਬਸ਼ਰਤਿ ਕਿ ਮਰੀਜ਼ਾਂ ਦੀਆਂ ਜੇਬਾਂ ਨੋਟਾਂ ਨਾਲ਼ ਭਰੀਆਂ ਹੋਈਆਂ ਹੋਣ।
ਕਰਨਾਟਕ ਦੇ ਬਾਗ਼ੀ ਵਿਧਾਇਕ ਮੁੰਬਈ 'ਚ, ਖ਼ਰੀਦੋ-ਫ਼ਰੋਖ਼ਤ ਦਾ ਦੋਸ਼- ਇਕ ਖ਼ਬਰ
ਨਦੀਓਂ ਪਾਰ ਰਾਂਝਣ ਦਾ ਠਾਣਾ, ਕੀਤੇ ਕੌਲ ਜ਼ਰੂਰੀ ਜਾਣਾ।
ਮਹਿੰਗੀ ਬਿਜਲੀ ਦੇ ਮੁੱਦੇ 'ਤੇ ਬਾਦਲਾਂ ਦੀ ਡਰਾਮੇਬਾਜ਼ੀ ਦੇ ਪਾਜ ਉਧੇੜਾਂਗੇ- ਹਰਪਾਲ ਚੀਮਾ
ਬਈ ਦਾਰੂ ਪੀ ਕੇ ਮਿੱਤਰਾਂ ਨੇ, ਤੇਰੇ ਬੂਹੇ ਅੱਗੇ ਡਾਂਗ ਖੜਕਾਉਣੀ।
ਬੱਚਿਆਂ ਦੇ ਸ਼ੋਸ਼ਣ ਮਾਮਲੇ 'ਚ ਪਾਦਰੀ ਗ੍ਰਿਫ਼ਤਾਰ- ਇਕ ਖ਼ਬਰ
ਵਾਹ ਪਾਦਰੀ ਜੀ ਵਾਹ, ਪੜ੍ਹਨੀਆਂ ਪੋਥੀਆਂ ਤੇ ਕੰਮ ਕਰਨੇ ਆਹ।
ਕੇਜਰੀਵਾਲ ਨੇ ਕਿਹਾ, ਕੇਂਦਰ ਨਾਲ ਸਹਿਯੋਗ ਕਰਾਂਗੇ-ਇਕ ਖ਼ਬਰ
ਵਿਹੜੇ ਖੇੜਿਆਂ ਦੇ ਤਿਲਕਣਬਾਜ਼ੀਆਂ ਨੇ, ਜ਼ਰਾ ਸੋਚ ਕੇ ਪੈਰ ਟਿਕਾਈਂ ਜੋਗੀ।
ਭਾਰਤ ਵਿਚ 30% ਜਾਅਲੀ ਡਰਾਈਵਿੰਗ ਲਾਇਸੰਸ ਲੋਕ ਲਈ ਫਿਰਦੇ ਹਨ- ਟਰਾਂਸਪੋਰਟ ਮੰਤਰੀ
ਜੱਗ ਭਾਵੇਂ ਨਿੰਦਿਆ ਕਰੇ, ਸੱਸ ਪਿੱਟਣੀ ਪੰਜੇਬਾਂ ਪਾ ਕੇ।
ਖੇਤੀ ਬਾਰੇ ਬਣਾਈ ਕੌਮੀ ਕਮੇਟੀ 'ਚੋਂ ਪੰਜਾਬ ਨੂੰ ਬਾਹਰ ਰੱਖਣਾ ਸਰਾਸਰ ਧੱਕਾ- ਭਗਵੰਤ ਮਾਨ
ਰਾਤੀਂ ਧਾੜ ਪਈ, ਲੁੱਟਿਆ ਤਖ਼ਤ ਹਜ਼ਾਰਾ।
ਭਾਰਤ 'ਚ ਅਮੀਰ ਲੋਕਾਂ 'ਤੇ ਲਗਾਇਆ ਗਿਆ ਟੈਕਸ ਦੂਸਰੇ ਦੇਸ਼ਾਂ ਦੇ ਨਾਲ਼ੋਂ ਕਿਤੇ ਘੱਟ- ਸਰਕਾਰ
ਮਿੱਤਰਾਂ ਦੇ ਫੁਲਕੇ ਨੂੰ, ਨੀਂ ਮੈਂ ਖੰਡ ਦਾ ਪਲੇਥਣ ਲਾਵਾਂ।
ਦੋ ਵਿਧਾਨ ਰੱਖਣ ਬਦਲੇ ਅਕਾਲੀ ਦਲ ਦੀ ਮਾਨਤਾ ਰੱਦ ਕਰਵਾ ਕੇ ਹੀ ਰਹਾਂਗੇ- ਬਲਵੰਤ ਸਿੰਘ ਖੇੜਾ
ਸੋਨੇ ਦੇ ਤਵੀਤ ਵਾਲ਼ੀਏ, ਤੇਰੀ ਤੋੜ ਕੇ ਛੱਡਾਂਗੇ ਗਾਨੀ।