ਐਸ ਵਾਈ ਐਲ ਤੇ ਦੇਸ਼ ਦੀ ਸਰਬ ਉੱਚ ਅਦਾਲਤ ਦਾ ਫੈਸਲਾ ਅਤੇ ਮੁਹਾਲੀ ਦਾ ਹਵਾਈ ਅੱਡਾ - ਬਘੇਲ ਸਿੰਘ ਧਾਲੀਵਾਲ

ਭਾਂਵੇਂ ਪੰਜਾਬ ਦੇ ਜਾਇਆਂ ਨੇ ਦੇਸ਼ ਦੀ ਅਜਾਦੀ ਲਈ ਸਭ ਤੋ ਵੱਧ ਕੁਬਾਨੀਆਂ ਕੀਤੀਆਂ,ਭਾਵੇਂ ਦੇਸ਼ ਦੇ ਅੰਨ ਭੰਡਾਰ ਵਿੱਚ ਸਭ ਤੋ ਵੱਡਾ ਹਿੱਸਾ ਪੰਜਾਬ ਦੇ ਕਿਸਾਨਾਂ ਵੱਲੋਂ ਪਾਇਆ ਜਾਂਦਾ ਹੈ,ਭਾਵੇ ਅੱਜ ਵੀ ਦੇਸ਼ ਦੀ ਰਾਖੀ ਲਈ ਸਰਹੱਦਾਂ ਤੇ ਸਿੱਖ ਫੌਜੀਆਂ ਨੂੰ ਸਭ ਤੋ ਮੂਹਰੇ ਰੱਖਿਆ ਜਾਂਦਾ ਹੈ,ਇਸ ਦੇ ਬਾਵਜੂਦ ਵੀ ਪੰਜਾਬ ਨਾਲ ਵਿਤਕਰਾ ਕੇਂਦਰ ਦੀ ਫਿਤਰਤ ਰਹੀ ਹੈ।ਦੇਸ਼ ਦੀ ਅਜਾਦੀ ਮੌਕੇ ਬੜੇ ਫਰੇਬ ਨਾਲ ਸਿੱਖ ਆਗੂਆਂ ਨੂੰ ਭਰਮਾ ਕੇ ਉਹਨਾਂ ਨੂੰ ਅਪਣਾ ਮੁਲਕ ਬਨਾਉਣ ਤੋ ਰੋਕ ਕੇ ਭਾਰਤ ਨਾਲ ਜੋੜਿਆ ਗਿਆ।ਦੇਸ਼ ਅਜਾਦ ਹੁੰਦਿਆਂ ਹੀ ਵਿਤਕਰਿਆਂ ਦੀ ਦਾਸਤਾਨ ਸ਼ੁਰੂ ਹੋਈ,ਸਗੋਂ ਦੇਸ਼ ਵੰਡ ਦੇ ਨਾਲ ਹੀ ਕਹੀ ਜਾ ਸਕਦੀ ਹੈ ਜਦੋਂ ਪੰਜਾਬ ਦਾ ਸੀਨਾ ਚੀਰ ਕੇ ਅੱਧ ਤੋ ਵੱਧ ਪੰਜਾਬ ਪਾਕਿਸਤਾਨ ਵਾਲੇ ਪਾਸੇ ਕਰ ਦਿੱਤਾ ਗਿਆ ਸੀ,ਏਥੇ ਹੀ ਬੱਸ ਨਹੀ 1966 ਵਿੱਚ ਇੱਕ ਵਾਰ ਫਿਰ ਦੋ ਸੂਬੇ ਹਰਿਆਣਾ ਅਤੇ ਹਿਮਾਚਲ ਸਮੇਤ ਪੰਜਾਬੀ ਬੋਲਦੇ ਬਹੁਤ ਸਾਰੇ ਇਲਾਕੇ ਪੰਜਾਬ ਤੋ ਬਾਹਰ ਰੱਖ ਕੇ ਪੰਜਾਬ ਨੂੰ ਅਸਲੋਂ ਹੀ ਨਕਾਰਾ ਕਰ ਦਿੱਤਾ ਗਿਆ।ਇਹਦੇ ਪਿੱਛੇ ਦਾ ਕਾਰਨ ਵੀ ਭਾਰਤੀ ਹੁਕਮਰਾਨਾਂ ਦੇ ਮਨ ਦਾ ਡਰ ਹੀ ਸੀ ਕਿ ਜੇਕਰ ਪੰਜਾਬ ਤਕੜਾ ਰਹਿ ਗਿਆ ਤਾਂ ਉਹ ਅਪਣੇ ਬਰਾਬਰ ਦੇ ਅਧਿਕਾਰ ਦਵਾਅ ਬਣਾ ਕੇ ਹਾਸਿਲ ਕਰ ਲਵੇਗਾ,ਇੱਥੋ ਤੱਕ ਪੰਜਾਬ ਅਪਣੀ ਅਸਲ ਅਰਥਾਂ ਵਿੱਚ ਅਜਾਦੀ ਹਾਸਲ ਕਰਨ ਲਈ ਵੀ ਸਫਲਤਾ ਪਰਾਪਤ ਕਰ ਸਕਦਾ ਹੈ,ਇਸ ਲਈ ਪੰਜਾਬ ਨੂੰ ਵਾਰ ਵਾਰ ਵੱਢਿਆ ਟੁੱਕਿਆ ਅਤੇ ਕੁੱਟਿਆ ਮਾਰਿਆ ਜਾਂਦਾ ਰਿਹਾ ਹੈ।ਜੂਨ ਅਤੇ ਨਵੰਬਰ 1984  ਦੇ ਜਖਮ ਦੱਸਦੇ ਹਨ ਕਿ ਭਾਰਤੀ ਹੁਕਮਰਾਨ ਪੰਜਾਬ ਖਾਸ ਕਰ ਸਿੱਖਾਂ ਨਾਲ ਕਿੰਨੀ ਨਫਰਤ ਕਰਦੇ ਹਨ।ਪੰਜਾਬ ਦੇ ਪਾਣੀ ਹੋਕੇ ਹਰਿਆਣੇ,ਦਿੱਲੀ ਅਤੇ ਰਾਜਿਸਥਾਨ ਨੂੰ ਦੇ ਦਿੱਤੇ ਗਏ,ਪੰਜਾਬ ਨੂੰ ਧਰਤੀ ਹੇਠਲਾ ਪਾਣੀ ਕੱਢਣ ਲਈ ਕਿਰਾਏ ਦੇ ਰਿਊਬਵੈਲ ਮੱਥੇ ਮਾਰੇ ਗਏ,ਏਸੇ ਤਰਾਂ ਪੰਜਾਬ ਦੇ ਪਾਣੀਆਂ ਤੋ ਤਿਆਰ ਹੁੰਦੀ ਸਸਤੀ ਬਿਜਲੀ ਖੋਹਕੇ ਦਿੱਲੀ ਅਤੇ ਹਿਮਾਚਲ ਨੂੰ ਦੇ ਦਿੱਤੀ,ਜਦੋ ਕਿ ਪੰਜਾਬ ਨੂੰ ਮੁੱਲ ਦੇ ਕੋਇਲੇ ਨਾਲ ਚੱਲਣ ਵਾਲੇ ਥਰਮਲਾਂ ਸਹਾਰੇ ਛੱਡ ਦਿੱਤਾ।ਇੱਥੇ ਵੀ ਵਿਚਾਰਨ ਵਾਲੀ ਗੱਲ ਇਹ ਹੈ ਕਿ ਇੱਥੇ ਸਿਰਫ ਪੰਜਾਬ ਬਿਜਲੀ ਪਾਣੀ ਖੋਹੇ ਹੀ ਨਹੀ ਗਏ,ਸਗੋ ਪੰਜਾਬ ਨੂੰ ਹਰ ਪੱਖ ਤੋ ਕਮਜੋਰ ਕਰਨ ਲਈ ਕੇਂਦਰ ਨੇ ਬਹੁਤ ਚਲਾਕੀ ਅਤੇ ਧੱਕੇ ਨਾਲ ਅਪਣੇ ਮੁਥਾਜ ਬਣਾ ਲਿਆ।ਅੱਜ ਹਾਲਾਤ ਇਹ ਹਨ ਕਿ ਕੇਂਦਰ ਜਦੋ ਮਰਜੀ ਚਾਹੇ ਪੰਜਾਬ ਦਾ ਕੋਇਲਾ ਬੰਦ ਕਰਵਾ ਕੇ ਪੰਜਾਬ ਦੀ ਬਿਜਲੀ ਗੁੱਲ ਕਰ ਸਕਦਾ ਹੈ।ਉੱਧਰ ਜੇਕਰ ਗੱਲ ਟਿਊਬਵੈਲਾਂ ਦੀ ਕੀਤੀ ਜਾਵੇ ਤਾਂ ਇੱਥੇ ਵੀ ਪੰਜਾਬ ਨੂੰ ਬਹੁਤ ਬੁਰੀ ਤਰਾਂ ਨਪੀੜਿਆ ਗਿਆ ਹੈ।ਝੋਨੇ ਵਰਗੀ ਫਸਲ ਦਾ ਪੰਜਾਬ ਵਿੱਚ ਆਉਣਾ ਕੋਈ ਇਤਫਾਕ ਨਹੀ ਸਗੋਂ ਇਹ ਫਸਲ ਜਾਣ ਬੁੱਝ ਕੇ ਪੰਜਾਬ ਵਿੱਚ ਭੇਜੀ ਗਈ ਤਾਂ ਕਿ ਧਰਤੀ ਹੇਠਲੇ ਪਾਣੀਆਂ ਨੂੰ ਖਤਮ ਕਰਕੇ ਪਹਿਲਾਂ ਹੀ ਅੰਗਹੀਣਤਾ ਦਾ ਦਰਦ ਝੱਲਦੇ ਪੰਜਾਬ ਨੂੰ ਬਿਲਕੁਲ ਹੀ ਬਰਬਾਦ ਕੀਤਾ ਜਾ ਸਕੇ।ਅੱਜ ਪੰਜਾਬ ਦੇ ਪਾਉਣ ਪਾਣੀ ਦੂਸ਼ਿਤ ਹੋਣ ਅਤੇ ਪਾਣੀ ਦੇ ਖਤਮ ਹੋਣ ਦੇ ਖਤਰੇ ਲਈ ਕੇਂਦਰ ਦੀਆਂ ਪੰਜਾਬ ਪ੍ਰਤੀ ਦੁਸ਼ਮਣੀ ਵਾਲੀਆਂ ਨੀਤੀਆਂ ਜੁੰਮੇਵਾਰ ਹਨ।ਐਨੇ ਵਿਤਕਰਿਆਂ ਦੇ ਬਾਵਜੂਦ ਵੀ ਪੰਜਾਬ ਨੇ ਕਦੇ ਕੋਈ ਪ੍ਰਵਾਹ ਨਹੀ ਸੀ ਕੀਤੀ,ਪ੍ਰੰਤੂ ਹੁਣ ਜਦੋਂ ਪਿਛਲੇ ਪੰਜ ਸਾਲਾਂ ਤੋ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਮੋਦੀ ਸਰਕਾਰ ਆਈ ਹੈ ਤਾਂ ਇਸ ਵਿਤਕਰੇ ਨੇ ਬਹੁਤ ਵਿਰਾਟ ਰੂਪ ਧਾਰਨ ਕਰ ਲਿਆ ਹੈ।ਜਿੰਨੀ ਕੱਟੜਵਾਦ ਦੀ ਹਨੇਰੀ  ਭਾਰਤੀ ਜਨਤਾ ਪਾਰਟੀ ਦੇ ਰਾਜ ਵਿੱਚ ਚੱਲ ਰਹੀ ਹੈ,ਇਹ ਪਹਿਲਾਂ ਕਦੇ ਨਹੀ ਦੇਖੀ ਗਈ।ਅੱਜ ਦੇਸ਼ ਦੇ ਹਾਲਾਤ ਇਹ ਬਣੇ ਹੋਏ ਹਨ ਕਿ ਸਮੁੱਚੀਆਂ ਘੱਟ ਗਿਣਤੀਆਂ ਭਾਰਤੀ ਜਨਤਾ ਪਾਰਟੀ ਦੇ ਕੱਟੜਵਾਦ ਦੀ ਦਹਿਸਤ ਦੇ ਛਾਏ ਹੇਠ ਜੀਅ ਰਹੇ ਹਨ।ਹਰ ਪਾਸੇ ਦਹਿਸਤ ਦਾ ਮਹੌਲ ਹੈ।ਫਿਰਕੂ ਗੁੰਡਾਗਰਦੀ ਸਾਰੇ ਹੱਦਾਂਬੰਨੇ ਤੋੜਦੀ ਜਾਪਦੀ ਹੈ।ਦਲਿਤਾਂ ਮੁਸਲਮਾਨਾਂ ਅਤੇ ਸਿੱਖਾਂ ਤੇ ਨਸਲੀ ਹਮਲਿਆਂ ਵਿੱਚ ਆਏ ਦਿਨ ਵਾਧਾ ਹੋ ਰਿਹਾ ਹੈ।ਘੱਟ ਗਿਣਤੀਆਂ ਦੇ ਜਿਉਣ ਦੇ ਹੱਕ ਇੱਕ ਇੱਕ ਕਰਕੇ ਖੋਹੇ ਜਾ ਰਹੇ ਹਨ।ਦੇਸ਼ ਦੀ ਸਰਬ ਉੱਚ ਅਦਾਲਤ ਵੱਲੋਂ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ਤੇ ਦਿੱਤਾ ਗਿਆ ਫੈਸਲਾ ਵੀ ਪੰਜਾਬ ਲਈ ਡਾਹਢੀ ਫਿਕਰਮੰਦੀ ਵਾਲਾ ਹੈ।ਸਰਬ ਉੱਚ ਅਦਾਲਤ ਨੇ ਕੇਂਦਰ ਨੂੰ ਹੁਕਮ ਕੀਤਾ ਹੈ ਕਿ ਕੇਂਦਰ ਪੰਜਾਬ ਅਤੇ ਹਰਿਆਣਾ ਨਾਲ ਬੈਠਕ ਕਰ ਕੇ ਸਤਲੁਜ ਯਮੁਨਾ ਨਹਿਰ ਦੇ ਫੈਸਲੇ ਨੂੰ ਲਾਗੂ ਕਰੇ।ਅਦਾਲਤ ਨੇ ਅਪਣੇ ਅਦੇਸ਼ ਵਿੱਚ ਇਹ ਵੀ ਕਿਹਾ ਹੈ ਕਿ ਜੇਕਰ ਕੇਂਦਰ ਕਿਸੇ ਨਤੀਜੇ ਤੇ ਨਹੀ ਪਹੁੰਚਦਾ ਤਾਂ ਅਦਾਲਤ ਇਸ ਤੇ ਅੰਤਮ ਫੈਸਲਾ ਦੇਵੇਗੀ।,ਜਿੱਥੇ ਦੇਸ਼ ਦਾ ਇੱਕੋ ਕਨੂੰਨ ਬਹੁ ਗਿਣਤੀ ਲਈ ਹੋਰ ਅਤੇ ਘੱਟ ਗਿਣਤੀਆਂ ਲਈ ਹੋਰ ਪਹੁੰਚ ਅਪਣਾਉਂਦਾ ਹੋਵੇ,ਓਥੇ ਇਨਸਾਫ ਦੀ ਕੋਈ ਬਹੁਤੀ ਆਸ ਨਹੀ ਕੀਤੀ ਜਾ ਸਕਦੀ।ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੰਜਾਬ ਨਾਲ ਆਏ ਦਿਨ ਨਵਾਂ ਵਿਤਕਰਾ ਸਾਹਮਣੇ ਆ ਜਾਂਦਾ ਹੈ,ਪ੍ਰੰਤੂ ਪੰਜਾਬ ਦੇ ਕਾਂਗਰਸੀ ਅਤੇ ਅਕਾਲੀ ਬਿਨਾ ਸਿਆਸੀ ਬਿਆਨਵਾਜੀ ਤੋ ਹੋਰ ਕੋਈ ਵੀ ਪੁਖਤਾ ਕਾਰਵਾਈ ਅਮਲ ਵਿੱਚ ਲੈ ਕੇ ਆਉਣ ਤੋ ਪਤਾ ਨਹੀ ਕਿਉਂ ਡਰਦੇ ਰਹਿੰਦੇ ਹਨ।ਇਹਦੇ ਵਿੱਚ ਕੋਈ ਸ਼ੱਕ ਨਹੀ ਕਿ ਪੰਜਾਬ ਦੀ ਤਰਾਸਦੀ ਲਈ ਪੰਜਾਬ ਦੇ ਕਾਂਗਰਸੀ ਅਤੇ ਅਕਾਲੀ ਬਰਾਬਰ ਦੇ ਜੁੰਮੇਵਾਰ ਹਨ,ਜਿਹੜੇ ਅਪਣੇ ਨਿੱਜੀ ਮੁਫਾਦਾਂ ਖਾਤਰ ਕੇਂਦਰ ਦੇ ਹਰ ਮਾਰੂ ਫੈਸਲੇ ਨੂੰ ਵੀ ਅੱਖਾਂ ਬੰਦ ਕਰਕੇ ਮਨਜੂਰ ਕਰਦੇ ਆ ਰਹੇ ਹਨ।ਜਦੋ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੀ ਤਾਂ ਲੋਕਾਂ ਨੂੰ ਕੈਪਟਨ ਤੋ ਬਹੁਤ ਆਸਾਂ ਸਨ,ਖਾਸ ਕਰਕੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਤਾਂ ਲੋਕਾਂ ਤਾਂ ਮੰਨਣਾ ਸੀ ਕਿ ਕੈਪਟਨ ਕਦੇ ਵੀ ਪੰਜਾਬ ਦਾ ਇੱਕ ਬੂੰਦ ਪਾਣੀ ਵੀ ਨਹੀ ਜਣ ਦੇਣਗੇ,ਪ੍ਰੰਤੂ ਸਰਕਾਰ ਦਾ ਜੋ ਕੰਮ ਕਰਨ ਦੇ ਰੰਗ ਢੰਗ ਰਹੇ ਹਨ,ਉਸ ਤੋ ਜਾਪਦਾ ਹੈ ਕਿ ਪੰਜਾਬ ਦਾ ਕੋਈ ਵੀ ਵਾਲੀ ਨਹੀ ਹੈ।ਹਣ ਇੱਕ ਹੋਰ ਧੱਕਾ ਮੁਹਾਲੀ ਦੇ ਹਵਾਈ ਅੱਡੇ ਦਾ ਸਾਹਮਣੇ ਆਇਆ ਹੈ।ਮੋਹਾਲੀ ਦਾ ਹਵਾਈ ਅੱਡਾ ਪੰਜਾਬ ਦੀ ਤਿੰਨ ਸੌ ਏਕੜ ਜਮੀਨ ਤੇ ਬਨਣ ਦੇ ਬਾਵਜੂਦ ਵੀ ਪੰਜਾਬ ਤੋ ਖੋਹਣ ਦੀ ਤਿਆਰੀ ਲੱਗਭੱਗ ਮੁਕੰਮਲ ਹੀ ਸਮਝੀ ਜਾ ਸਕਦੀ ਹੈ।ਇਹ ਖੁਲਾਸਾ ਦੇਸ਼ ਦੀ ਸੰਸਦ ਵਿੱਚ ਕੇਂਦਰੀ ਹਵਾਵਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਾਂਗਰਸੀ ਸਾਂਸਦ ਮੁਨੀਸ ਤਿਬਾੜੀ ਵੱਲੋਂ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਰੱਖਣ ਦੀ ਮੰਗ ਤੇ ਇਹ ਕਹਿੰਦਿਆਂ ਕੀਤਾ ਹੈ ਕਿ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਰੱਖਿਆ ਜਾ ਸਕਦਾ ਹੈ,ਪਰ ਇਹਨੂੰ ਮੋਹਾਲੀ ਨਾਲ ਨਹੀ ਜੋੜਿਆ ਜਾ ਸਕਦਾ,ਕਿਉਕਿ ਇਸ ਤੇ ਹਰਿਆਣੇ ਨੂੰ ਇਤਰਾਜ਼ ਹੈ,ਇਸ ਲਈ ਇਸ ਹਵਾਈ ਅੱਡੇ ਨੂੰ ਚੰਡੀਗੜ ਦਾ ਹਵਾਈ ਅੱਡਾ ਹੀ ਸਮਝਿਆ ਜਾਵੇ।ਪੰਜਾਬ ਨਾਲ ਇਹ ਸਰਾਸਰ ਕੀਤੇ ਜਾਣ ਵਾਲੇ ਧੱਕੇ ਲਈ ਮੋਹਰਾ ਫਿਰ ਇੱਕੋ ਇੱਕ ਸਿੱਖ ਮੰਤਰੀ ਨੂੰ ਬਣਾਇਆ ਗਿਆ ਹੈ।ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਹ ਮੰਤਰੀ ਚੋਣ ਸ੍ਰੀ ਅਮ੍ਰਿਤਸਰ ਤੋ ਲੜਦਾ ਹੈ ਤੇ ਭੁਗਤਦਾ ਹਰਿਆਣੇ ਦੇ ਪੱਖ ਵਿੱਚ ਹੈ।ਇਹਦੇ ਵਿੱਲ ਕੋਈ ਬਹੁਤੀ ਹੈਰਾਨੀ ਵਾਲੀ ਗੱਲ ਨਹੀ ਹੈ ਕਿਉਕਿ ਜਦੋ ਬਾਦਲ ਪਰਿਵਾਰ ਸਿੱਖ ਕੌਂਮ ਦੀ ਨੁਮਾਇੰਦਗੀ ਕਰਨ ਦੇ ਬਾਵਜੂਦ ਵੀ ਹੁਣ ਤੱਕ ਪੰਜਾਬ ਦੀ ਬਰਬਾਦੀ ਤੇ ਦਸਤਖਤ ਕਰਨ ਵਾਲਿਆਂ ਵਿੱਚੋਂ ਇੱਕ ਹੋ ਸਕਦਾ ਹੈ,ਫਿਰ ਇਹ ਰਾਸ਼ਟਰੀ ਸਿੱਖ ਤੋ ਤਾਂ ਆਸ ਹੀ ਕੀ ਕੀਤੀ ਜਾ ਸਕਦੀ ਹੈ।ਦੂਜੀ ਗੱਲ ਇਹ ਹੈ ਕੀ ਫੈਸਲੇ ਤਾਂ ਕੇਂਦਰ ਦੇ ਸੋਚੇ ਸਮਝੇ ਹੀ ਹਨ,ਬੱਸ ਸਿੱਖ ਚਿਹਰੇ ਨੂੰ ਤਾਂ ਮੋਹਰੇ ਵਜੋਂ ਬਰਤਣ ਲਈ ਹੀ ਰੱਖਿਆ ਜਾਂਦਾ ਹੈ।ਇਸੇ ਸੰਸਦ ਵਿੱਚ ਬਾਦਲ ਪਰਿਵਾਰ ਦੀ ਬੀਬੀ ਹਰਸਿਮਰਤ ਕੌਰ ਬਾਦਲ ਵੀ ਮੰਤਰੀ ਹੈ,ਪਰ ਉਹਨਾਂ ਦੀ ਕੀ ਮਜ਼ਾਲ ਹੈ ਕਿ ਉਹ ਪੰਜਾਬ ਦੇ ਹਿਤਾਂ ਖਾਤਰ ਜ਼ੁਬਾਨ ਚੋ ਇੱਕ ਸਬਦ ਵੀ ਕੱਢ ਸਕਣ। ਪੰਜਾਬ ਦੀ ਖੁਸ਼ਹਾਲੀ ਹਰ ਫਿਰਕੇ ਲਈ ਹੀ ਲਾਹੇਮੰਦ ਰਹਿਣੀ ਹੈ,ਕਿਉਕਿ ਜੇਕਰ ਪੰਜਾਬ ਆਰਥਿਕ ਤੌਰ ਤੇ ਮਜਬੂਤ ਹੋਵੇਗਾ,ਤਾਂ ਇੱਥੋ ਦਾ ਵਪਾਰੀ ਵਰਗ,ਜਿਹੜਾ ਬਹੁ ਗਿਣਤੀ ਵਿੱਚ ਪੰਜਾਬੀ ਹਿੰਦੂ ਭਾਈਚਾਰੇ ਚੋ ਹੈ,ਉਹ ਵੀ ਤਕੜੇ ਹੋਣਗੇ,ਉਹਨਾਂ ਦੇ ਕਾਰੋਬਾਰ ਤਰੱਕੀ ਫਿਰ ਹੀ ਕਰ ਸਕਦੇ ਹਨ,ਜਦੋ ਪੰਜਾਬ ਦੇ ਕਿਸਾਨ ਮਜਦੂਰ,ਭਾਵ ਹਰ ਵਰਗ ਖੁਸ਼ਹਾਲ ਹੋਵੇਗਾ,ਇਸ ਲਈ ਪੰਜਾਬ ਦੇ ਹਿਤਾਂ ਦੀ ਰਾਖੀ ਲਈ ਵੀ ਸਭਨਾਂ ਵਰਗਾਂ ਨੂੰ ਇੱਕਜੁੱਟਤਾ ਨਾਲ ਲਾਮਬੰਦ ਹੋਣਾ ਚਾਹੀਦਾ ਹੈ।ਜਿੰਨੀ ਦੇਰ ਪੰਜਾਬ ਦੇ ਲੋਕ ਪੰਜਾਬੀਅਤ ਦੀ ਰਾਖੀ ਲਈ ਇੱਕ ਮੰਚ ਤੇ ਨਹੀ ਆਉਂਦੇ ਅਤੇ ਰੋੜਾਂ ਵਾਂਗੂ ਖਿਲਰਿਆ ਸਿੱਖ ਪੰਥ ਇਕੱਠਾ ਨਹੀ ਹੁੰਦਾ ਓਨੀ ਦੇਰ ਅਜਿਹੇ ਵਰਤਾਰੇ ਲਗਾਤਾਰ ਵਾਪਰਦੇ ਰਹਿਣਗੇ।ਸੋ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਸੁਹਿਰਦਤਾ ਨਾਲ ਸੋਚਣਾ ਹਰ ਪੰਜਾਬੀ ਦਾ ਪਹਿਲਾ ਫਰਜ ਹੈ।

ਬਘੇਲ ਸਿੰਘ ਧਾਲੀਵਾਲ
99142-58142