ਇਹ ਨੇ ਦੇਸ਼ ਦੇ ਕਾਨੂੰਨ ਘਾੜੇ : 43 ਪ੍ਰਤੀਸ਼ਤ ਵਿਰੁਧ ਅਪ੍ਰਾਧਕ ਮਾਮਲੇ - ਜਸਵੰਤ ਸਿੰਘ 'ਅਜੀਤ'
ਐਸੋਸੀਏਸ਼ਨ ਆਫ ਡੈਮੋਕਰੇਟਿਕ ਰਿਫਾਰਮਜ਼ (ਏਡੀਆਰ) ਵਲੋਂ ਜਾਰੀ ਇੱਕ ਰਿਪੋਰਟ ਵਿੱਚ ਦਿੱਤੇ ਗਏ ਅੰਕੜਿਆਂ ਅਨੁਸਾਰ ਇਸ ਵਾਰ ਲੋਕਸਭਾ ਲਈ ਚੁਣੇ ਗਏ ਸਾਂਸਦ ਵਿਚੋਂ 43 ਪ੍ਰਤੀਸ਼ਤ ਅਜਿਹੇ ਹਨ, ਜਿਨ੍ਹਾਂ ਵਿਰੁਧ ਕਈ-ਕਈ ਅਪ੍ਰਾਧਕ ਮਾਮਲੇ ਦਰਜ ਹਨ। ਰਿਪੋਰਟ ਵਿੱਚ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਇਹ ਗਿਣਤੀ 2014 ਵਿੱਚ ਚੁਣੇ ਗਏ ਅਜਿਹੇ ਸਾਂਸਦਾਂ ਨਾਲੋਂ 26 ਪ੍ਰਤੀਸ਼ਤ ਵੱਧ ਹੈ। ਮਤਲਬ ਇਹ ਕਿ ਦੇਸ਼ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ, ਭਾਵੇਂ ਉਸਦਾ ਖੇਤ੍ਰ ਕੋਈ ਵੀ ਹੋਵੇ। ਰਿਪੋਰਟ ਵਿੱਚ ਇਹ ਵੀ ਦਸਿਆ ਗਿਆ ਹੈ ਕਿ ਇਸ ਵਾਰ ਲੋਕਸਭਾ ਚੋਣਾਂ ਜਿਤਣ ਵਾਲੇ 539 ਲੋਕਸਭਾ ਮੈਂਬਰਾਂ ਵਿਚੋਂ ਜਿਨ੍ਹਾਂ 233 ਮੈਂਬਰਾਂ ਵਿਰੁਧ ਅਪ੍ਰਾਧਕ ਮਾਮਲੇ ਦਰਜ ਹਨ, ਉਨ੍ਹਾਂ ਵਿਚੋਂ ਸਭ ਤੋਂ ਵਧ ਸਾਂਸਦ ਭਾਜਪਾ ਦੇ ਹਨ, ਜਿਨ੍ਹਾਂ ਦੀ ਗਿਣਤੀ 116 ਹੈ। ਇਸਤੋਂ ਬਾਅਦ ਕਾਂਗ੍ਰਸ ਦੇ ਅਜਿਹੇ ਸਾਂਸਦਾਂ ਦੀ ਗਿਣਤੀ 29, ਜਨਤਾ ਦਲ ਯੂਨਾਇਟਿਡ ਦੇ ਸਾਂਸਦਾਂ ਦੀ ਗਿਣਤੀ 13, ਡੀਐਮਕੇ ਦੇ ਸਾਂਸਦਾਂ ਦੀ ਗਿਣਤੀ 10 ਅਤੇ ਤ੍ਰਿਣਮੂਲ ਕਾਂਗ੍ਰਸ ਦੇ ਸਾਂਸਦਾਂ ਦੀ ਗਿਣਤੀ 9 ਹੈ।
ਸਭ ਤੋਂ ਵੱਧ ਯੂਪੀ ਦੇ ਸਾਂਸਦ : ਇਸੇ ਸੰਸਥਾ, ਏਡੀਆਰ ਵਲੋਂ ਜਾਰੀ ਰਿਪੋਰਟ ਵਿੱਚ ਇਹ ਵੀ ਦਸਿਆ ਗਿਆ ਹੈ ਕਿ ਦੇਸ਼ ਦੀ ਸੰਸਦ ਵਿੱਚ ਸਭ ਤੋਂ ਵੱਧ ਭਾਈਵਾਲੀ ਰਖਣ ਵਾਲੇ ਰਾਜ, ਉਤਰ-ਪ੍ਰਦੇਸ਼ ਨੇ ਇਸ ਵਾਰ ਪਿਛਲੀਆਂ ਲੋਕ ਸਭਾ ਚੋਣਾਂ ਤੋਂ ਵੀ ਕਿਤੇ ਵੱਧ ਅਪ੍ਰਾਧਕ ਪ੍ਰਵਿਰਤੀ ਵਾਲੇ ਉਮੀਦਵਾਰਾਂ ਨੂੰ ਸੰਸਦ ਵਿੱਚ ਪਹੁੰਚਾਇਆ ਹੈ। ਉਤਰ-ਪ੍ਰਦੇਸ ਵਿਚੋਂ ਜਿੱਤ ਕੇ ਸੰਸਦ ਵਿੱਚ ਪੁਜੇ ਉਮੀਦਵਾਰਾਂ ਵਿਚੋਂ 56 ਪ੍ਰਤੀਸ਼ਤ ਅਜਿਹੇ ਸਾਂਸਦ ਹਨ, ਜਿਨ੍ਹਾਂ ਵਿਰੁਧ ਅਪ੍ਰਾਧਕ ਹੀ ਨਹੀਂ, ਸਗੋਂ ਗੰਭੀਰ ਅਪ੍ਰਾਧਕ ਮਾਮਲੇ ਦਰਜ ਹਨ। ਰਿਪੋਰਟ ਅਨੁਸਾਰ ਪਿਛਲੀ ਵਾਰ ਦੇ ਮੁਕਾਬਲੇ ਅਪ੍ਰਾਧਕ ਪ੍ਰਵਿਰਤੀ ਦੇ ਸਾਂਸਦ ਇਸ ਵਾਰ ਕਿਤੇ ਵੱਧ ਗਿਣਤੀ ਵਿੱਚ ਸੰਸਦ ਵਿੱਚ ਪੁਜੇ ਹਨ। ਰਿਪੋਰਟ ਅਨੁਸਾਰ 44 (56 ਪ੍ਰਤੀਸ਼ਤ) ਸਾਂਸਦਾਂ ਵਲੋਂ ਆਪਣੇ ਪੁਰ ਅਪ੍ਰਾਧਕ ਮਾਮਲੇ ਦਰਜ ਹੋਣ ਦੀ ਗਲ ਸਵੀਕਾਰੀ ਹੈ। ਇਤਨਾ ਹੀ ਨਹੀਂ ਗੰਭੀਰ ਅਪ੍ਰਾਧਕ ਮਾਮਲਿਆਂ ਵਿੱਚ ਲਿਪਤ ਸਾਂਸਦਾਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ। ਅਰਥਾਤ 37 (47 ਪ੍ਰਤੀਸ਼ਤ) ਸਾਂਸਦਾਂ ਨੇ ਆਪਣੇ ਪੁਰ ਗੰਭੀਰ ਅਪ੍ਰਾਧਕ ਮਾਮਲਿਆਂ ਦਾ ਦਰਜ ਹੋਣਾ ਸਵੀਕਾਰਿਆ ਹੈ। ਜਦਕਿ ਪਿਛਲੀ ਵਾਰ (2014 ਵਿੱਚ) ਇਹ ਗਿਣਤੀ ਕੇਵਲ 22 (ਅਰਥਾਤ 28 ਪ੍ਰਤੀਸ਼ਤ) ਹੀ ਸੀ।
ਕਰੋੜਪਤੀ ਵੀ ਘਟ ਨਹੀਂ: ਇਸੇ ਹੀ ਸੰਸਥਾ ਏਡੀਆਰ, ਦੀ ਰਿਪੋਰਟ ਅਨੁਸਾਰ ਨਵੀਂ ਲੋਕਸਭਾ ਵਿੱਚ 475 ਸਾਂਸਦ ਕਰੋੜਪਤੀ ਹਨ। ਇਨ੍ਹਾਂ ਵਿਚੋਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਪੁਤਰ ਨਕੁਲਨਾਥ ਦਾ ਨਾਂ ਸਭ ਤੋਂ ਉਪਰ ਆਉਂਦਾ ਹੈ। ਜਿਨ੍ਹਾਂ ਨੇ ਆਪਣੀ ਜਾਇਦਾਦ 660 ਕਰੋੜ ਰੁਪਏ ਦੀ ਹੋਣਾ ਸਵੀਕਾਰਿਆ ਹੈ। ਰਿਪੋਰਟ ਅਨੁਸਾਰ ਭਾਜਪਾ ਦੇ 301 ਸਾਂਸਦਾਂ ਵਿਚੋਂ 265 (88 ਪ੍ਰਤੀਸ਼ਤ) ਸਾਂਸਦ ਕਰੋੜਪਤੀ ਹਨ। ਰਾਜਗ ਵਿੱਚ ਭਾਜਪਾ ਦੀ ਸਹਿਯੋਗੀ ਸ਼ਿਵਸੇਨਾ ਦੇ ਸਾਰੇ ਹੀ 18 ਸਾਂਸਦਾਂ ਦੀ ਜਾਇਦਾਦ ਇੱਕ ਕਰੋੜ ਤੋਂ ਵੱਧ ਹੈ। ਕਾਂਗ੍ਰਸ ਦੇ 51 ਸਾਂਸਦਾਂ, ਜਿਨ੍ਹਾਂ ਦੇ ਹਲਫਨਾਮਿਆਂ ਦਾ ਅਧਿਅਨ ਕੀਤਾ ਜਾ ਸਕਿਆ, ਉਨ੍ਹਾਂ ਵਿਚੋਂ 43 ਸਾਂਸਦ (ਅਰਥਾਤ 96 ਪ੍ਰਤੀਸ਼ਤ) ਕਰੋੜਪਤੀ ਹਨ। ਇਸੇਤਰ੍ਹਾਂ ਡੀਐਮਕੇ 23 ਸਾਂਸਦਾਂ ਵਿਚੋਂ 22 ਸਾਂਸਦ, ਤ੍ਰਿਣਮੂਲ ਕਾਂਗ੍ਰਸ ਦੇ 22 ਸਾਂਸਦਾਂ ਵਿਚੋਂ 20, ਅਤੇ ਵਾਈਐਸਅਰ ਕਾਂਗ੍ਰਸ ਦੇ 22 ਸਾਂਸਦਾਂ ਵਿਚੋਂ 19 ਸਾਂਸਦ ਕਰੋਪਤੀ ਹਨ।
ਦਿੱਲੀ ਦੀਆਂ ਇਹ ਬਚੀਆਂ ਕਿਥੇ ਨੇ? : ਦਿੱਲੀ ਬਾਲ ਅਧਿਕਾਰ ਸੁਰਖਿਆ ਕਮਿਸ਼ਨ ਵਲੋਂ ਜਾਰੀ ਇੱਕ ਰਿਪੋਰਟ ਅਨੁਸਾਰ ਦਿੱਲੀ ਵਿੱਚ ਲਾਪਤਾ ਹੋਣ ਵਾਲੇ ਬਚਿਆਂ ਦਾ ਪ੍ਰਤੀਸ਼ਤ ਸਾਲ-ਦਰ-ਸਾਲ ਲਗਾਤਾਰ ਵਧਦਾ ਹੀ ਚਲਿਆ ਜਾ ਰਿਹਾ ਹੈ। ਇਨ੍ਹਾਂ ਲਾਪਤਾ ਹੋਣ ਵਾਲੇ ਬਚਿਆਂ ਵਿੱਚ ਲੜਕੀਆਂ ਦੀ ਗਿਣਤੀ ਵਧੇਰੇ ਹੈ। ਸਾਲ 2014 ਤੋਂ 2017 ਤਕ 16504 ਲੜਕੀਆਂ ਦਿੱਲੀ ਤੋਂ ਲਾਪਤਾ ਹੋਈਆਂ, ਇਨ੍ਹਾਂ ਵਿਚੋਂ 3730 ਲੜਕੀਆਂ ਦਾ ਅਜੇ ਤਕ ਕੁਝ ਥਹੁ-ਪਤਾ ਨਹੀਂ ਚਲ ਸਕਿਆ। ਲਾਪਤਾ ਬਚਿਆਂ ਨੂੰ ਲੈ ਕੇ ਇਹ ਰਿਪੋਰਟ 17 ਜੁਲਾਈ ਨੂੰ ਦਿੱਲੀ ਬਾਲ ਅਧਿਕਾਰ ਸੁਰਖਿਆ ਕਮਿਸ਼ਨ ਵਲੋਂ ਦਿੱਲੀ ਸਕਤਰੇਤ ਵਿੱਚ ਪੇਸ਼ ਕੀਤੀ ਗਈ। ਰਿਪੋਰਟ ਵਿੱਚ ਸਾਲ 2008 ਤੋਂ 2017 ਤਕ ਲਾਪਤਾ ਅਤੇ ਬਰਾਮਦ ਹੋਏ ਬਚਿਆਂ ਦਾ ਵੇਰਵਾ ਦਿੱਤਾ ਗਿਆ ਹੋਇਆ ਹੈ। ਇਸ ਰਿਪੋਰਟ ਅਨੁਸਾਰ ਸਾਲ 2014 ਤੋਂ 2017 ਤਕ ਦਿੱਲੀ ਤੋਂ ਸਭ ਤੋਂ ਵੱਧ ਲੜਕੀਆਂ ਲਾਪਤਾ ਹੋਈਆਂ, ਜਿਨ੍ਹਾਂ ਨੂੰ ਲਭਣ ਦਾ ਪ੍ਰਤੀਸ਼ਤ ਬਹੁਤ ਹੀ ਘਟ ਹੈ। ਦਿੱਲੀ ਵਿੱਚ ਇਨ੍ਹਾਂ ਚਾਰ ਸਾਲਾਂ ਵਿੱਚ 16504 ਲੜਕੀਆਂ ਲਾਪਤਾ ਹੋਈਆਂ, ਜਦਕਿ ਲਾਪਤਾ ਹੋਣ ਵਾਲੇ ਲੜਕਿਆਂ ਦੀ ਗਿਣਤੀ 12918 ਹੈ। ਇਨ੍ਹਾਂ ਵਿਚੋਂ 10849 ਲੜਕਿਆਂ ਅਤੇ 12774 ਲੜਕੀਆਂ ਨੂੰ ਲਭ ਲਿਆ ਗਿਆ। 2069 ਲੜਕੇ ਅਤੇ 3730 ਲੜਕੀਆਂ ਅਜੇ ਤਕ ਲਾਪਤਾ ਹਨ। ਇਸ ਰਿਪੋਰਟ ਵਿੱਚ ਇਹ ਵੀ ਦਸਿਆ ਗਿਆ ਹੈ ਕਿ ਸਾਲ 2015 ਤੋਂ 2017 ਦੇ ਵਿੱਚਕਾਰ ਲਾਪਤਾ ਹੋਣ ਵਾਲੇ ਬਚਿਆਂ ਦੀ ਗਿਣਤੀ ਵਿੱਚ ਗਿਰਾਵਟ ਆਈ ਹੈ। ਇਹ ਵੀ ਦਸਿਆ ਗਿਆ ਹੈ ਕਿ ਲਾਪਤਾ ਹੋਣ ਵਾਲੇ ਬਹੁਤੇ ਬੱਚੇ ਉਨ੍ਹਾਂ ਪ੍ਰਵਾਸੀਆਂ ਦੇ ਹਨ, ਜੋ ਦਿਹਾੜੀਦਾਰ ਮਜ਼ਦੂਰਾਂ ਦੇ ਰੂਪ ਵਿੱਚ ਬਾਹਰੋਂ ਕੰਮ ਕਰਨ ਲਈ ਆਉਂਦੇ ਹਨ।
ਦਿੱਲੀ ਦੇ ਮੁਖ ਸਕਤੱਰ ਵਿਜੈ ਕੁਮਾਰ ਦੇਵ ਦਾ ਕਹਿਣਾ ਹੈ ਕਿ ਲਾਪਤਾ ਹੋਏ ਬਚਿਆਂ ਨੂੰ ਲਭਣ ਦਾ ਕੰਮ ਸਰਕਾਰੀ ਅਤੇ ਗੈਰ-ਸਰਕਾਰੀ ਸਾਰੇ ਵਿਭਾਗਾਂ ਨੂੰ ਮਿਲ ਕੇ ਕਰਨਾ ਚਾਹੀਦਾ ਹੈ। ਇਸ ਨਾਲ ਸਫਲਤਾ ਦੀ ਦਰ ਵਧੇਗੀ। ਉਨ੍ਹਾਂ ਅਨੁਸਾਰ ਇਸ ਵਿੱਚ ਪੁਲਿਸ ਦੀ ਭੂਮਿਕਾ ਸਭ ਤੋਂ ਅਹਿਮ (ਖਾਸ) ਹੁੰਦੀ ਹੈ। ਇਸਦੇ ਨਾਲ ਹੀ ਦਿੱਲੀ ਬਾਲ ਅਧਿਕਾਰ ਸੁਰਖਿਆ ਕਮਿਸਨ ਦੇ ਮੁਖੀ, ਰਮੇਸ਼ ਨੇਗੀ ਦਾ ਮਤ ਹੈ ਕਿ ਬਚਿਆਂ ਦਾ ਬਹੁਤਾ ਸਮਾਂ ਸਕੂਲ ਵਿੱਚ ਬੀਤਦਾ ਹੈ। ਇਸਲਈ ਸਕੂਲ ਤੋਂ ਹੀ ਬਚਿਆਂ ਦੀ ਸੁਰਖਿਆ ਅਰੰਭ ਹੁੰਦੀ ਹੈ। ਇਸਦੇ ਲਈ ਪੁਲਿਸ ਹੀ ਨਹੀਂ ਸਮਾਜ ਦੇ ਹਰ ਵਰਗ ਨੂੰ ਸਹਿਯੋਗ ਲਈ ਅਗੇ ਆਉਣਾ ਹੋਵੇਗਾ।
ਬੋਲੋ 'ਜੈ ਸ਼੍ਰੀ ਰਾਮ' ਵਰਨਾ... : ਉਨਾਵ ਜ਼ਿਲੇ ਦੇ ਇੱਕ ਮਦਰਸੇ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਇਕ ਗੁਟ ਨੂੰ ਕਥਤ ਰੂਪ ਵਿੱਚ 'ਜੈ ਸ਼੍ਰੀ ਰਾਮ' ਨਾ ਬੋਲਣ ਤੇ ਮਾਰਿਆ ਕੁਟਿਆ ਗਿਆ। ਮਿਲੀ ਜਾਣਕਾਰੀ ਅਨੁਸਾਰ ਨਾਬਾਲਗ ਪੀੜਤ ਬਚਿਆਂ ਦੇ ਕਪੜੇ ਫਾੜ ਦਿੱਤੇ ਗਏ ਅਤੇ ਉਨ੍ਹਾਂ ਦੀਆਂ ਸਾਈਕਲਾਂ ਵੀ ਤੋੜ ਦਿੱਤੀਆਂ ਗਈਆਂ। ਬੱਚੇ ਦੁਪਹਿਰ ਦੀ ਨਮਾਜ਼ ਤੋਂ ਬਾਅਦ ਕ੍ਰਿਕਟ ਖੇਡਣ ਲਈ ਮੈਦਾਨ ਵਿੱਚ ਗਏ ਸਨ। ਦਸਿਆ ਗਿਆ ਹੈ ਕਿ ਇਹ ਘਟਨਾ ਉਸ ਸਮੇਂ ਹੋਈ ਜਦੋਂ ਚਾਰ ਬੰਦਿਆਂ ਦਾ ਇੱਕ ਗੁਟ ਮੈਦਾਨ ਵਿੱਚ ਆਇਆ ਅਤੇ ਬਚਿਆਂ ਨਾਲ ਕ੍ਰਿਕਟ ਖੇਡਣ ਪੁਰ ਬਹਿਸ ਕਰਨ ਮਗਰੋਂ, ਕਥਤ ਰੂਪ ਵਿੱਚ ਬਚਿਆਂ ਨੂੰ ਮਾਰਨਾ ਕੁਟਣਾ ਸ਼ੁਰੂ ਕਰ ਦਿੱਤਾ। ਇਥੋਂ ਤਕ ਕਿ ਉਨ੍ਹਾਂ ਬਚਿਆਂ ਨੂੰ 'ਜੈ ਸ਼੍ਰੀ ਰਾਮ' ਬੋਲਣ ਤੇ ਵੀ ਮਜਬੂਰ ਕੀਤਾ ਗਿਆ। ਇਸ ਘਟਨਾ ਤੋਂ ਬਾਅਦ ਬੱਚੇ ਜਦੋਂ ਮਦਰਸੇ ਵਾਪਸ ਪੁਜੇ ਤਾਂ ਉਨ੍ਹਾਂ ਨੇ ਇਸ ਘਟਨਾ ਬਾਰੇ ਪ੍ਰਬੰਧਕਾਂ ਨੂੰ ਦਸਿਆ। ਇਸ ਘਟਨਾ ਦਾ ਪਤਾ ਲਗਣ ਤੇ ਪੁਲਿਸ ਉਥੇ ਆ ਗਈ ਤੇ ਉਸਨੇ ਮਾਮਲਾ ਦਰਜ ਕਰ ਲਿਆ।
ਪੇਂਡੂ ਨੌਜਵਾਨਾਂ ਵਿੱਚ ਵੱਧੀ ਬੇਰੁਜ਼ਗਾਰੀ : ਕੇਂਦਰ ਸਰਕਾਰ ਵਲੋਂ ਜਾਰੀ ਇੱਕ ਰਿਪੋਰਟ ਵਿੱਚ ਦਿੱਤੇ ਗਏ ਅੰਕੜਿਆਂ ਅਨੁਸਾਰ ਬੀਤੇ ਛੇ ਸਾਲਾਂ ਵਿੱਚ ਪੇਂਡੂ ਖੇਤ੍ਰ ਦੇ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦੀ ਦਰ ਵਿੱਚ ਤਿੰਨ ਗੁਣਾ ਵਾਧਾ ਹੋਇਆ ਹੈ। ਜੇ ਇਸਦੀ ਤੁਲਨਾ 2004-2005 ਦੇ ਵਰ੍ਹੇ ਨਾਲ ਕੀਤੀ ਜਾਏ ਤਾਂ ਇਹ ਵਾਧਾ ਚਾਰ ਗੁਣਾ ਹੈ। ਜਾਣਕਾਰਾਂ ਅਨੁਸਾਰ ਪੇਂਡੂ ਖੇਤ੍ਰਾਂ ਵਿੱਚ ਬੇਰੁਜ਼ਗਾਰੀ ਦੇ ਤੇਜ਼ੀ ਨਾਲ ਵਧਣ ਦੇ ਦੋ ਮੁੱਖ ਕਾਰਣ ਹਨ। ਇੱਕ ਤਾਂ ਇਹ ਕਿ ਸਿਖਿਆ ਦਾ ਪੱਧਰ ਉੱਚਾ ਹੋਣ ਕਾਰਣ ਖੇਤੀ ਕੰਮਾਂ ਵਿੱਚ ਨੌਜਵਾਨਾਂ ਦੀ ਹਿਸੇਦਾਰੀ ਘਟ ਰਹੀ ਹੈ ਅਤੇ ਦੂਸਰਾ, ਇਹ ਹੈ ਕਿ ਖੇਤੀ ਨਾਲ ਜੁੜੇ ਚਲੇ ਆ ਰਹੇ ਛੋਟੇ-ਮੋਟੇ ਕੰਮ ਧੰਦੇ ਬੰਦ ਹੁੰਦੇ ਜਾ ਰਹੇ ਹਨ।
...ਅਤੇ ਅੰਤ ਵਿੱਚ : ਕੇਂਦਰ ਸਰਕਾਰ ਦੀ ਬੇਰੁਜ਼ਗਾਰੀ ਸੰਬੰਧੀ ਰਿਪੋਰਟ ਅਨੁਸਾਰ ਹੀ ਬੀਤੇ ਛੇ ਵਰ੍ਹਿਆਂ ਵਿੱਚ 15 ਤੋਂ 29 ਵਰ੍ਹਿਆਂ ਦੀਆਂ ਸ਼ਹਿਰੀ ਮੁਟਿਆਰਾਂ ਵਿੱਚ ਬੇਰੁਜ਼ਗਾਰੀ ਦੀ ਦਰ ਤੇਜ਼ੀ ਨਾਲ ਵੱਧੀ ਹੈ। 2011-2012 ਦੀ 13.1 ਪ੍ਰਤੀਸ਼ਤ ਦੀ ਦਰ ਵੱਧ ਕੇ ਹੁਣ 27.2 ਪ੍ਰਤੀਸ਼ਤ, ਅਰਥਾਤ ਸਭ ਤੋਂ ਉਚੀ ਦਰ ਤੇ ਆ ਪੁਜੀ ਹੈ। ਇਸੇ ਸਮੇਂ ਦੌਰਾਨ ਪੇਂਡੂ ਮੁਟਿਆਰਾਂ ਵਿੱਚ ਵੀ ਬੇਰੁਜ਼ਗਾਰੀ ਦੀ ਦਰ 4.8 ਪ੍ਰਤੀਸ਼ਤ ਤੋਂ ਵੱਧ ਕੇ 13.6 ਪ੍ਰਤੀਸ਼ਤ ਤਕ ਜਾ ਪੁਜੀ ਹੈ।
Mobile : +91 95 82 71 98 90
E-Mail : jaswantsinghajit@gmail.com
Address : Jaswant Singh Ajit, Senior Journalist
51, Sheetal Apartment, Plot no. 12, Sector 14, Rohini DELHI-110085