ਸੀ ਬੀ ਆਈ ਦੇ ਫੈਸਲੇ ਦੇ ਸੰਦਰਭ ਚ ਸੰਘਰਸ਼ੀ ਸਿੱਖਾਂ ਦੇ ਧਿਆਨ ਹਿਤ

ਪਿਛਲੇ ਦਿਨਾਂ ਤੋ ਸੀ ਬੀ ਆਈ ਵੱਲੋਂ ਬੇਅਦਬੀ ਮਾਮਲੇ ਸਬੰਧੀ ਚੱਲ ਰਹੇ ਕੇਸ ਨੂੰ ਖਤਮ ਕਰਨ ਲਈ ਅਦਾਲਤ ਵਿੱਚ ਪੇਸ ਕੀਤੀ ਕਲੋਜਰ ਰਿਪੋਰਟ ਅਤੇ ਬੇਅਦਬੀ ਦੇ ਦੋਸ਼ੀ ਡੇਰਾ ਪਰੇਮੀਆਂ ਨੂੰ ਜਮਾਨਤ ਦੇਣ ਦੇ ਮਾਮਲੇ ਤੋ ਬਾਅਦ ਪੈਦਾ ਹੋਏ ਹਾਲਾਤਾਂ ਦੇ ਮੱਦੇਨਜਰ ਨਰੋਲ ਪੰਥਕ ਧਿਰਾਂ ਨੇ ਇਸ ਮਸਲੇ ਤੇ ਸੰਘਰਸ਼ ਲੜਨ ਦਾ ਫੈਸਲਾ ਕੀਤਾ ਹੈ।ਇਸ ਤੇ ਵਿਚਾਰ ਚਰਚਾ ਕੀਤੀ ਜਾਣੀ ਬਣਦੀ ਹੈ।ਬਿਨਾ ਸ਼ੱਕ ਕੇਂਦਰ ਸਰਕਾਰ ਨੇ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਡੇਰੇ ਦੀਆਂ ਵੋਟਾਂ ਭਾਜਪਾ ਦੀ ਝੋਲੀ ਵਿੱਚ ਪਵਾਉਣ ਲਈ ਇੱਕ ਵਾਰ ਫਿਰ ਸਿੱਖਾਂ ਨਾਲ ਜਿਆਦਤੀ ਕਰਨ ਦਾ ਰਾਹ ਚੁਣਿਆ ਹੈ।ਏਥੇ ਇਹ ਕਹਿਣਾ ਕਿ ਅਕਾਲੀ ਦਲ ਨਾਲ ਭਾਜਪਾ ਦੀ ਪੁਰਾਣੀ ਸਾਂਝ ਦੇ ਬਾਵਜੂਦ ਵੀ ਭਾਜਪਾ ਨੇ ਬੇਅਦਬੀ ਦੇ ਕੇਸ ਨੂੰ ਉਸ ਮੌਕੇ ਠੱਪ ਕਰਨ ਦਾ ਮਨ ਬਣਾ ਲਿਆ ਹੈ,ਜਦੋੰ ਪੰਜਾਬ ਸਰਕਾਰ ਦੀ ਬਣਾਈ ਐਸ ਆਈ ਟੀ ਨੇ ਤਕਰੀਬਨ ਸਾਰੀ ਜਾਂਚ ਮੁਕੰਮਲ ਕਰ ਲਈ ਹੈ,ਇਹ ਬਿਲਕੁਲ ਨਿਰਮੂਲ ਹੋਵੇਗਾ,ਕਿਉਕਿ ਬੇਅਦਬੀ ਦੇ ਕੇਸ ਠੱਪ ਕਰਨ ਨਾਲ ਭਾਵੇਂ ਸਮੁੱਚੇ ਸਿੱਖ ਭਾਈਚਾਰੇ ਦੇ ਮਨਾਂ ਨੂੰ ਗਹਿਰੀ ਠੇਸ ਪੁੱਜੀ ਹੈ,ਪਰੰਤੂ ਅਕਾਲੀ ਦਲ ਨਾਲ ਤਾਂ ਕਿਤੇ ਨਾ ਕਿਤੇ ਕੇਂਦਰ ਨੇ ਵਫਾਦਾਰੀ ਪਾਲਣ ਵਾਲੀ ਗੱਲ ਹੀ ਕੀਤੀ ਹੈ,ਕਿਉਂਕਿ ਜੇਕਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਾਲੀ ਜਾਂਚ ਰਿਪੋਰਟ ਅਤੇ ਉਸ ਤੋ ਬਾਅਦ ਕੁੰਬਰ ਵਿਜੇ ਪਰਤਾਪ ਸਿੰਘ ਵਾਲੀ ਐਸ ਆਈ ਟੀ ਦੀ ਜਾਂਚ ਰਿਪੋਰਟ ਵਿੱਚ ਬਾਦਲ ਪਰਿਵਾਰ ਨੂੰ ਕਟਹਿਰੇ ਵਿੱਚ ਖੜਾ ਕੀਤਾ ਗਿਆ ਸੀ,ਜੇ ਉਸ ਤੇ ਕਾਰਵਾਈ ਹੁੰਦੀ ਹੈ ਤਾਂ ਬਾਦਲ ਪਰਿਵਾਰ ਲਈ ਮੁਸੀਬਤਾਂ ਵਧ ਜਾਣੀਆਂ ਸਨ,ਇਸ ਲਈ ਭਾਜਪਾ ਨੇ ਸੀ ਬੀ ਆਈ ਦੁਆਰਾ ਇਹ ਕੇਸ ਨੂ ਖਤਮ ਕਰਨ ਦੀ ਬਿਉਂਤਬੰਦੀ ਕਰਕੇ ਜਿੱਥੇ ਡੇਰਾ ਸਿਰਸਾ ਨੂੰ ਕਲੀਨ ਚਿਟ ਦੇਕੇ ਡੇਰਾ ਪਰੇਮੀਆਂ ਦੀਆਂ ਵੋਟਾਂ ਪੱਕੀਆਂ ਕਰਨ ਲਈ ਜਮੀਨ ਤਿਆਰ ਕੀਤੀ ਹੈ,ਓਥੇ ਬਾਦਲ ਪਰਿਵਾਰ ਨੂੰ ਵੀ ਇਸ ਤੋਂ ਬਹੁਤ ਵੱਡੀ ਰਾਹਤ ਮਿਲਣੀ ਸੁਭਾਵਿਕ ਹੈ।ਭਾਂਵੇਂ ਇਹ ਗੱਲ ਹੁਣ ਚਿੱਟੇ ਦਿਨ ਵਾਂਗ ਸਾਫ ਹੋ ਚੁੱਕੀ ਹੈ ਕਿ ਬਾਦਲ ਪਰਿਵਾਰ ਪੰਥਕ ਮਖੌਟੇ ਵਿੱਚ ਰਹਿ ਕੇ ਪੰਥ ਨਾਲ ਧਰੋਹ ਕਮਾਉਂਦਾ ਆ ਰਿਹਾ ਹੈ,ਪਰੰਤੂ ਉਪਰੋਕਤ ਵਰਤਾਰੇ ਤੋਂ ਇੱਕ ਵਾਰ ਫਿਰ ਇਹ ਸਾਫ ਹੋ ਗਿਆ ਹੈ ਕਿ ਅਕਾਲੀ ਦਲ ਬਾਦਲ ਦਾ ਸਿੱਖ ਸਰੋਕਾਰਾਂ ਨਾਲ ਕੋਈ ਦੂਰ ਦਾ ਵੀ ਵਾਸਤਾ ਨਹੀ ਹੈ।ਜੇਕਰ ਗੱਲ ਭਾਜਪਾ ਅਤੇ ਆਰ ਐਸ ਐਸ ਦੀ ਘੱਟ ਗਿਣਤੀਆਂ ਪ੍ਰਤੀ ਸੋਚ ਦੀ ਕੀਤੀ ਜਾਵੇ ਤਾਂ ਇਹਦੇ ਵਿੱਚ ਕੋਈ ਸ਼ੱਕ ਜਾਂ ਭੁਲੇਖਾ ਨਹੀ ਕਿ ਇਹ ਸਮਾ ਘੱਟ ਗਿਣਤੀਆਂ ਲਈ ਬੜਾ ਨਾਜੁਕ ਹੈ।ਇਹ ਵੀ ਸੱਚ ਹੈ ਕਿ ਜਿਸ ਤਰਾਂ ਦੇਸ਼ ਅੰਦਰ ਮੁਸਲਮਾਨਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ,ਉਹਨਾਂ ਨੂੰ ਫੜਕੇ ਕੁੱਟ ਮਾਰ ਕਰਕੇ ਜਬਰਦਸਤੀ ਜੈ ਸ੍ਰੀ ਰਾਮ ਦੇ ਨਾਹਰੇ ਲਗਵਾਏ ਜਾ ਰਹੇ ਹਨ।ਮਸਜਿਦਾਂ ਤੇ ਰਾਸ਼ਟਰੀ ਝੰਡੇ ਲਹਿਰਾ ਕੇ ਜੈ ਸ੍ਰੀ ਰਾਮ ਦੇ ਨਾਹਰੇ ਲਾਉਂਦੇ ਹਜੂਮ ਦੀ ਮਨਸਾ ਕੀ ਹੈ,ਇਹਦੇ ਬਾਰੇ ਵੀ ਦੱਸਣ ਦੀ ਕੋਈ ਲੋੜ ਨਹੀ ਰਹਿ ਜਾਂਦੀ,ਪ੍ਰੰਤੂ ਸਿੱਖਾਂ ਪ੍ਰਤੀ ਨਜਰੀਆਂ ਭਾਵੇਂ ਮੁਸਲਮ ਭਾਈਚਾਰੇ ਤੋ ਵੱਖਰਾ ਨਹੀ ਹੈ,ਫਿਰ ਵੀ ਸਿੱਖ ਕੌਂਮ ਨੂੰ ਜੜ ਤੋ ਖਤਮ ਕਰਨ ਲਈ ਜਿਆਦਾ ਯਤਨ ਹੋ ਰਹੇ ਹਨ।ਇਸ ਕਰਕੇ ਹੀ ਸਿੱਖ ਕੌਂਮ ਤੇ ਸਿਧਾਂਤਕ ਹਮਲੇ ਕੀਤੇ ਤੇ ਕਰਵਾਏ ਜਾ ਰਹੇ ਹਨ।ਪਿਛਲੇ ਸਾਲਾਂ ਵਿੱਚ ਸੁਰੂ ਹੋਈਆਂ ਬੇਅਦਬੀਆਂ ਵੀ ਨਾਗਪੁਰ ਦੀ ਸੋਚੀ ਸਮਝੀ ਸਾਜਿਸ਼ ਦਾ ਮੁੱਖ ਹਿੱਸਾ ਹਨ। ਸੰਸਥਾ ਦੇ ਨਾਗਪੁਰ ਕੇਂਦਰ ਨੇ ਸਿੱਖਾਂ ਦੇ ਸਮੁੱਚੇ ਗੁਰਦੁਆਰਾ ਪਰਬੰਧ ਨੂੰ ਬੜੀ ਮਜਬੂਤੀ ਨਾਲ ਅਪਣੀ ਪਕੜ ਵਿੱਚ ਕਰਕੇ ਰੱਖਿਆ ਹੋਇਆ ਹੈ।ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰ ਦਖਲ ਅੰਦਾਜੀ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਮਿਹਰਬਾਨੀ ਨਾਲ ਸ਼ੁਰੂ ਹੋਈ ਤੇ ਅੱਜ ਸਮੁੱਚੇ ਗੁਰਦੁਅਰਾ ਪ੍ਰਬੰਧ ਦਾ ਇਹ ਹਾਲ ਹੈ ਕਿ ਦਿੱਲੀ ਗੁਰਦੁਅਰਾ ਮੈਨੇਜਮੈਟ ਕਮੇਟੀ ਤੇ ਸਿੱਧੇ ਰੂਪ ਵਿੱਚ ਭਾਜਪਾ ਦਾ ਕਬਜਾ ਹੋ ਚੁੱਕਾ ਹੈ,ਗੁਰਦੁਅਰਾ ਬੋਰਡ ਸੱਚਖੰਡ ਸ੍ਰੀ ਹਜੂਰ ਸਾਹਿਬ ਬੋਰਡ ਤੇ ਵੀ ਭਾਜਪਾ ਸਿੱਧੇ ਰੂਪ ਚ ਕਾਬਜ ਹੈ ਅਤੇ ਗੁਰਦੁਅਰਾ ਬੋਰਡ ਪਟਨਾ ਸਾਹਿਬ ਤੇ ਟੇਢੇ ਢੰਗ ਨਾਲ ਭਾਜਪਾ ਕਾਬਜ ਹੋ ਚੁੱਕੀ ਹੈ,ਕਿਉਕਿ ਬਾਦਲਕੇ ਅਤੇ ਭਾਜਪਾ ਚ ਕੋਈ ਅੰਤਰ ਨਹੀ ਹੈ।ਕਿਸੇ ਦੂਸਰੇ ਧਰਮ ਵਿੱਚ ਦਖਲਅੰਦਾਜੀ ਕਰਨ ਦਾ ਮਤਲਬ ਸਪੱਸਟ ਹੈ ਕਿ ਆਰ ਐਸ ਐਸ ਵੱਲੋਂ ਸਿੱਖੀ ਸਿਧਾਂਤਾਂ ਦੇ ਹਿੰਦੂਕਰਨ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ,ਉਹ ਵੱਖਰੀ ਗੱਲ ਹੈ ਕਿ ਜਿਸ ਜੁੱਗੋ ਜੁੱਗ ਅਟੱਲ ਗੁਰੂ ਸਿਧਾਂਤ ਚੋ ਸਿੱਖੀ ਦਾ ਜਨਮ ਹੋਇਆ ਹੈ,ਉਹਨੂੰ ਖਤਮ ਕਰਨ ਦੀਆਂ ਸਾਜਿਸ਼ਾਂ ਕਿਤੇ ਚੰਦੂ ਦੇ ਰੂਪ ਚ,ਕਿਤੇ ਗੰਗੂ ਦੇ ਰੂਪ ਵਿੱਚ ਤੇ ਕਿਤੇ ਪਹਾੜੀ ਰਾਜਿਆਂ ਦੇ ਰੂਪ ਵਿੱਚ ਮੁੱਢੋ ਹੁੰਦੀਆਂ ਆ ਰਹੀਆਂ ਹਨ,ਜਿਹੜੀਆਂ ਅੱਜ ਵੀ ਬਦਲੇ ਰੂਪ ਵਿੱਚ ਕਿਤੇ ਇੰਦਰਾ ਗਾਂਧੀ ਦੇ ਰੂਪ ਵਿੱਚ ਤੇ ਕਿਤੇ ਮੋਦੀ ਦੇ ਰੂਪ ਵਿੱਚ ਬਾ-ਦਸਤੂਰ ਜਾਰੀ ਹਨ,ਪਰ ਕਾਮਯਾਬੀ ਨਾ ਹੀ ਪਹਿਲਾਂ ਮਿਲੀ ਸੀ ਤੇ ਨਾ ਹੀ ਹੁਣ ਮਿਲ ਸਕਦੀ ਹੈ।ਇਹ ਵੀ ਇਤਿਹਾਸ ਦੱਸਦਾ ਹੈ ਕਿ ਜਦੋ ਵੀ ਸਿੱਖ ਦੁਸ਼ਮਣਾਂ ਨੇ ਸਿੱਖੀ ਤੇ ਹਮਲੇ ਕੀਤੇ ਹਨ,ਸਿੱਖਾਂ ਨੇ ਹਮੇਸਾਂ ਮੂੰਹ ਤੋੜ ਜਵਾਬ ਦਿੱਤਾ ਹੈ।ਸਿੱਖੀ ਹਮੇਸਾਂ ਜੇਤੂ ਹੋਕੇ ਹੀ ਨਿਕਲੀ ਹੈ,ਭਾਂਵੇਂ ਚਮਕੌਰ ਦੀ ਕੱਚੀ ਗੜੀ ਹੋਵੇ ਜਾਂ ਕੁੱਪ ਰਹੀੜੇ ਦਾ ਘੱਲੂਘਾਰਾ ਹੋਵੇ,ਸਿੱਖ ਕਦੇ ਨਾ ਹੀ ਖਤਮ ਹੋਏ ਹਨ,ਤੇ ਨਾ ਹੀ ਹਾਰੇ ਹਨ।ਮੌਜੂਦਾ ਦੌਰ ਦੀ ਜਦੋ ਗੱਲ ਕਰਦੇ ਹਾਂ ਤਾਂ ਇਸ ਕਰਕੇ ਵੱਖਰੇ ਹਨ,ਕਿਉਕਿ ਅੱਜ ਸਿੱਖ ਦੁਸ਼ਮਣ ਜਮਾਤ ਨੇ ਸਿੱਖਾ ਦੇ ਆਗੂਆਂ ਨੂੰ ਜੂਠੀ ਬੁਰਕੀ ਸੁੱਟ ਕੇ ਬੁਰੀ ਤਰਾਂ ਧੜੇਬੰਦੀਆਂ ਵਿੱਚ ਵੰਡ ਦਿੱਤਾ ਹੈ,ਜਿਸ ਕਰਕੇ ਸਿੱਖ ਅਪਣੇ ਨਾਲ ਹੁੰਦੀਆਂ ਵਧੀਕੀਆਂ ਦਾ ਇਨਸਾਫ ਲੈਣ ਵਿੱਚ ਪਛੜ ਰਹੇ ਹਨ।ਬੇਅਦਬੀ ਦਾ ਇਨਸਾਫ ਲੈਣ ਲਈ ਲੱਗੇ ਬਰਗਾੜੀ ਮੋਰਚੇ ਦੇ ਫੇਲ ਹੋਣ ਤੋ ਬਾਅਦ ਸਿੱਖ ਅਪਣੇ ਆਪ ਨੂੰ ਲਾਵਾਰਸ ਸਮਝਣ ਲੱਗੇ ਹਨ।ਹੁਣ ਜਦੋ ਸੀ ਬੀ ਆਈ ਦੇ ਫੈਸਲੇ ਦੇ ਵਿਰੋਧ ਵਿੱਚ ਸਿੱਖ ਇੱਕ ਵਾਰ ਫਿਰ ਸੰਘਰਸ਼ ਵਿੱਢਣ ਦੇ ਰੌਅ ਵਿੱਚ ਹਨ ਤਾਂ ਇਹ ਸਵਾਲ ਜਰੂਰ ਉੱਠਦਾ ਹੈ ਕਿ ਕਿਤੇ ਦੁਵਾਰਾ ਫਿਰ ਸਿੱਖ ਜਜ਼ਬਾਤਾਂ ਨਾਲ ਖੇਡਿਆ ਤਾਂ ਨਹੀ ਜਾਵੇਗਾ ? ਇੱਕ ਸਵਾਲ ਉਸ ਸਿੱਖ ਲੀਡਰਸ਼ਿੱਪ ਲਈ ਵੀ ਖੜਾ ਹੈ,ਜਿਹੜੀ ਬਰਗਾੜੀ ਵਿੱਚ ਬੇਅਦਬੀ ਦਾ ਇਨਸਾਫ ਲੈਣ ਲਈ ਮੈਦਾਨ ਵਿੱਚ ਆਈ ਸੀ,ਉਹਨਾਂ ਲਈ ਸੁਆਲ ਇਹ ਹੈ ਕਿ ਸਿੱਖ ਭਾਵਨਾਵਾਂ ਦੇ ਖਿਲਾਫ ਸਰਕਾਰ ਦੇ ਮੁਤਾਬਿਕ ਮੋਰਚਾ ਸਮਾਪਤੀ ਤੋ ਬਾਅਦ ਜਿਸਤਰਾਂ ਤੁਹਾਡੇ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਸਨ,ਕਿ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ ਤੇ ਰਹਿੰਦੀਆਂ ਜਲਦੀ ਪੂਰੀਆਂ ਹੋ ਜਾਣਗੀਆਂ,ਕੀ ਉਹ ਹੁਣ ਕੌਮ ਨੂੰ ਇਸ ਸਬੰਧੀ ਕੋਈ ਸਪੱਸਟੀਕਰਨ ਦੇਣਗੇ ? ਡੇਰਾ ਪਰੇਮੀਆਂ ਨੂੰ ਕਾਂਗਰਸ ਸਰਕਾਰ ਵੱਲੋਂ ਜਮਾਨਤ ਦੇ ਕੇ ਦਿੱਤੀ ਗਈ ਵੱਡੀ ਰਾਹਤ ਅਤੇ ਸੀ ਬੀ ਆਈ ਦੀ ਕਲੋਜਰ ਰਿਪੋਰਟ ਤੋ ਬਾਅਦ ਬਰਗਾੜੀ ਮੋਰਚਾ ਸੰਚਾਲਕ ਵੱਲੋਂ ਧਾਰੀ ਚੁੱਪ ਦੇ ਕੀ ਮਾਇਨੇ ਹੋ ਸਕਦੇ ਹਨ? ਮੌਜੂਦਾ ਦੌਰ ਵਿੱਚ ਪੰਥਕ ਜਜ਼ਬਾ ਰੱਖਦੀ ਉਸ ਪੰਥਕ ਸੋਚ ਨੂੰ ਦਿਲੋਂ ਸਲਾਮ ਕਰਨਾ ਬਣਦਾ ਹੈ,ਜਿਸਨੇ ਅਜਿਹੇ ਹਾਲਾਤਾਂ ਵਿੱਚ ਵੀ ਕੌਮੀ ਜਜ਼ਬਾ ਜਿਉਂਦਾ ਰੱਖਿਆ ਹੋਇਆ ਹੈ। ਕੌਂਮ ਦੇ ਹਾਲਾਤ ਇਸ ਕਦਰ ਗੰਧਲੇ ਹੋ ਚੁੱਕੇ ਹਨ ਕਿ ਕਿਸੇ ਤੋ ਭਰੋਸਾ ਕਰਨ ਦਾ ਮਤਲਬ ਜਾਨ ਜੋਖਮ ਵਿੱਚ ਪਾਉਣ ਬਰਾਬਰ ਹੈ,ਇਸ ਲਈ ਸੰਘਰਸ਼ ਵਿੱਚ ਕੁੱਦਣ ਵਾਲੀਆਂ ਧਿਰਾਂ ਨੂੰ ਪੈਰ ਜਰੂਰ ਫੂਕ ਫੂਕ ਕੇ ਰੱਖਣੇ ਪੈਣਗੇ।

ਬਘੇਲ ਸਿੰਘ ਧਾਲੀਵਾਲ
99142-58142