ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
22 July 2019
ਸਿੱਧੂ ਦੇ ਅਸਤੀਫ਼ੇ ਬਾਅਦ ਪੰਜਾਬ 'ਚ ਫਿਰ ਤੀਜੇ ਬਦਲ ਦੀ ਗੱਲਬਾਤ ਹੋਣ ਲੱਗੀ- ਇਕ ਖ਼ਬਰ
ਚੁੱਕ ਚਾਦਰਾ ਚਰੀ੍ਹ ਵਿਚ ਚਲੀਏ, ਮੱਕੀ ਵਿਚ ਪੱਛ ਲੜਦੇ।
ਬਰਗਾੜੀ ਮੁੱਦੇ 'ਤੇ ਸੁਖਬੀਰ ਮਗਰਮੱਛ ਦੇ ਅੱਥਰੂ ਵਹਾਉਣੇ ਬੰਦ ਕਰੇ- ਕੈਪਟਨ
ਤੇਰੇ ਵਰਗੇ ਨੂੰ, ਗੱਲੀਂ ਰਾਤ ਲੰਘਾਵਾਂ।
ਲੁਧਿਆਣਾ ਸਿਟੀ ਸੈਂਟਰ ਘੁਟਾਲ਼ੇ ਦੀ ਫਾਈਲ ਗੁੰਮ- ਇਕ ਖ਼ਬਰ
ਮਿੱਟੀ ਨਾ ਫ਼ਰੋਲ ਜੋਗੀਆ, ਨਹੀਂ ਲੱਭਣੇ ਲਾਲ ਗੁਆਚੇ।
ਪਾਲ ਸਿੰਘ ਪੁਰੇਵਾਲ ਅੱਜ ਵੀ ਅਕਾਲ ਤਖ਼ਤ ਦੇ ਜਥੇਦਾਰ ਦੇ ਜਵਾਬ ਦੀ ਉਡੀਕ ਵਿਚ- ਇਕ ਖ਼ਬਰ
ਅਜੇ ਤੀਕ ਨਾ ਜਵਾਬ ਤੇਰਾ ਆਇਆ, ਮੈਂ ਡਾਕੀਏ ਨੂੰ ਰੋਜ਼ ਪੁੱਛਦਾ।
ਨਵਜੋਤ ਸਿੱਧੂ ਪੁੱਜਿਆ ਦਿੱਲੀ, ਪ੍ਰਿਅੰਕਾ ਨਾਲ ਮੁਲਾਕਾਤ ਦੇ ਚਰਚੇ- ਇਕ ਖ਼ਬਰ
ਮੇਰੀ ਸੁਣੀਂ ਪੁਕਾਰ ਨਿਮਾਣੇ ਦੀ, ਮੈਂ ਢੱਠਾ ਤੇਰੇ ਦੁਆਰੇ 'ਤੇ।
ਬਾਦਲ ਪਰਵਾਰ ਸਿੱਖਾਂ ਵਿਚ ਆਪਣਾ ਵਜੂਦ ਗੁਆ ਚੁੱਕਿਐ- ਐਡਵੋਕੇਟ ਪੰਨੂੰ
ਤੇਰੀ ਹਰ ਮੱਸਿਆ ਬਦਨਾਮੀ, ਨੀ ਸੋਨੇ ਦੇ ਤਵੀਤ ਵਾਲ਼ੀਏ।
ਅਮਰੀਕਾ ਪੁੱਜਣ 'ਤੇ ਨਹੀਂ ਹੋਇਆ ਇਮਰਾਨ ਖਾਨ ਦਾ ਸਵਾਗਤ- ਇਕ ਖ਼ਬਰ
ਡਰਿਓ ਲੋਕੋ ਡਰਿਓ ਵੇ, ਲੰਬੜਾਂ ਦੀ ਸੇਪ ਨਾ ਕਰਿਓ ਵੇ।
ਅਡਾਨੀ ਗਰੁੱਪ ਦੇ ਸੋਲਰ ਪ੍ਰਾਜੈਕਟ ਨੂੰ ਛੋਟਾਂ ਦੇ ਗੱਫੇ- ਇਕ ਖ਼ਬਰ
ਮਿੱਤਰਾਂ ਦੇ ਫੁਲਕੇ ਨੂੰ, ਨੀਂ ਮੈਂ ਖੰਡ ਦਾ ਪਲੇਥਣ ਲਾਵਾਂ।
ਮੱਧ ਪ੍ਰਦੇਸ਼ ਆਰ.ਪੀ.ਐਫ. ਦਾ ਇਕ ਡੀ.ਆਈ.ਜੀ. ਜਿਨਸੀ ਛੇੜਛਾੜ ਮਾਮਲੇ 'ਚ ਨਾਮਜ਼ਦ- ਇਕ ਖ਼ਬਰ
ਅੱਖਾਂ ਖੋਲ੍ਹ ਕੇ ਦੇਖ ਲੈ ਫ਼ਕਰਦੀਨਾਂ, ਵਾੜ ਆਪ ਹੀ ਖੇਤ ਨੂੰ ਖਾਂਵਦੀ ਏ।
ਸਰਕਾਰ ਵਲੋਂ ਸੀ.ਬੀ. ਆਈ. ਕਲੋਜ਼ਰ ਰਿਪੋਰਟ ਵਿਰੁੱਧ ਤਿਆਰੀ-ਇਕ ਖ਼ਬਰ
ਦੇਖ ਮੇਰੀ ਚਤੁਰਾਈ, ਮੈਂ ਵੀ ਸੁੱਕੇ ਸੰਘ ਅੜਾਈ, ਰੋਈ ਮੈਂ ਵੀ ਨਹੀਂ।
ਬੈਂਕ 'ਚੋਂ ਏ.ਟੀ.ਐੱਮ. ਹੀ ਪੁੱਟ ਕੇ ਲੈ ਗਏ ਚੋਰ-ਇਕ ਖ਼ਬਰ
ਨਾ ਰਹੇ ਬਾਂਸ, ਨਾ ਵੱਜੇ ਬੰਸਰੀ।
ਜੇ ਅਕਾਲੀ ਦਲ ਸ੍ਰੀ ਗੁਰੂੁ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਲਈ ਗੰਭੀਰ ਹੈ ਤਾਂ ਭਾਜਪਾ ਨਾਲ਼ੋਂ ਨਾਤਾ ਤੋੜੇ-ਤ੍ਰਿਪਤ ਬਾਜਵਾ
ਛੱਡ ਦੇ ਲੜ ਪ੍ਰਦੇਸੀ ਦਾ, ਤੈਨੂੰ ਨਿੱਤ ਦਾ ਰੋਣਾ ਪੈ ਜਾਊਗਾ।
ਅਕਾਲੀ ਦਲ ਵਲੋਂ ਸੀ.ਬੀ.ਆਈ. ਦੀ ਕਲੋਜ਼ਰ ਰਿਪੋਰਟ ਰੱਦ- ਇਕ ਖ਼ਬਰ
ਜੇਠ ਤੋਂ ਡਰ ਕੋਈ ਨਾ, ਮੈਨੂੰ ਤੇਰੇ ਤੋਂ ਖ਼ਤਰਾ ਭਾਰੀ।
ਹੁਣ ਭਾਰਤੀ ਹਵਾਈ ਜਹਾਜ਼ ਪਾਕਿਸਤਾਨ ਉੱਪਰੋਂ ਉਡਾਨ ਭਰ ਸਕਣਗੇ-ਇਕ ਖ਼ਬਰ
ਆ ਵੇ ਨਾਜਰਾ, ਜਾਹ ਵੇ ਨਾਜਰਾ, ਬੋਤਾ ਬੰਨ੍ਹ ਦਰਵਾਜ਼ੇ।