ਭਾਰਤੀ ਨਾਰੀ ਸ਼ਕਤੀ ਦੇ ਨੇ ਵੱਖ-ਵੱਖ ਰੂਪ - ਜਸਵੰਤ ਸਿੰਘ 'ਅਜੀਤ'

ਭਾਰਤੀ ਸਮਾਜ ਦੀ ਆਮ ਧਾਰਣਾ ਇਹ ਹੈ ਕਿ ਜੇ ਆਪਣੇ ਪਰਿਵਾਰਕ ਵੰਸ਼ ਨੂੰ ਅਗੇ ਵਧਾਣਾ ਹੈ ਜਾਂ ਉਸਦੀ ਗੱਡੀ ਨੂੰ ਚਲਾਈ ਰਖਣਾ ਹੈ ਤਾਂ ਪਰਿਵਾਰ ਵਿੱਚ ਇੱਕ ਲੜਕੇ (ਮੁੰਡੇ) ਦਾ ਹੋਣਾ ਬਹੁਤ ਜ਼ਰੂਰੀ ਹੈ। ਪ੍ਰੰਤੂ ਬਿਹਾਰ ਦੇ ਚੰਪਾਰਣ ਜ਼ਿਲੇ ਦੇ ਸ਼ਹਿਰ, ਬਗਹਾ ਦੀਆਂ ਬਚੀਆਂ, ਰਾਣੀ (15 ਵਰ੍ਹੇ) ਅਤੇ ਰੇਣੂ (13 ਵਰ੍ਹੇ) ਨੇ ਇਸ ਧਾਰਣਾ ਨੂੰ ਪੂਰੀ ਤਰ੍ਹਾਂ ਬਦਲ ਕੇ ਰਖ ਦਿੱਤਾ ਹੈ। ਦਸਿਆ ਜਾਂਦਾ ਹੈ ਕਿ ਸ਼ਹਿਰ ਬਗਹਾ ਤੋਂ ਲਗਭਗ 22 ਕਿਲੋਮੀਟਰ ਦੂਰ ਚੌਤਰਵਾ ਦੀਆਂ ਇਹ ਦੋਵੇਂ ਸੱਕੀਆਂ ਭੈਣਾ ਬਾਾਈਕ, ਕਾਰ ਅਤੇ ਹੋਰ ਚਾਰ ਪਹੀਆਂ ਗੱਡੀਆਂ ਦੇ ਪੰਚਰ ਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੀਆਂ ਹਨ। ਰਾਣੀ ਦਸਦੀ ਹੈ ਕਿ ਚਾਰ-ਕੁ ਸਾਲ ਪਹਿਲਾਂ ਉਨ੍ਹਾਂ ਦੇ ਪਿਤਾ ਵਿਕਰਮ ਸ਼ਰਮਾ ਅਚਾਨਕ ਪੈਰਾਲਾਇਸਿਸ ਅਟੈਕ ਹੋਣ ਕਾਰਣ ਕੰਮ ਕਰਨ ਤੋਂ ਲਾਚਾਰ ਹੋ ਗਏ ਸਨ। ਉਨ੍ਹਾਂ ਦੇ ਸਰੀਰ ਦੇ ਸੱਜੇ ਪਾਸੇ ਦੇ ਸਾਰੇ ਦੇ ਸਾਰੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਪਿਤਾ ਦੀ ਇਸ ਲਾਚਾਰੀ ਕਾਰਣ ਪਰਿਵਾਰ ਨੂੰ ਬੁਰੀ ਤਰ੍ਹਾਂ ਤੋੜ ਕੇ ਰਖ ਦਿੱਤਾ। ਪਰਿਵਾਰ ਨੂੰ ਦੋ ਵਕਤ ਦੀ ਰੋਟੀ ਦੇ ਵੀ ਲਾਲੇ ਪੈ ਗਏ। ਪਰਿਵਾਰ ਦੀ ਹਾਲਤ ਦਿਨ-ਬ-ਦਿਨ ਬਦ ਤੋਂ ਬਦਤਰ ਹੋਣ ਲਗੀ ਤਾਂ ਦੋਹਾਂ ਬਚੀਆਂ ਨੇ ਘਰ ਦੇ ਹਾਲਾਤ ਨੂੰ ਸੰਭਾਲਣ ਦੀ ਜ਼ਿਮੇਂਦਾਰੀ ਸੰਭਾਲ ਲਈ। ਰਾਣੀ, ਵਿਕਰਮ ਸ਼ਰਮਾ ਦੀ ਵੱਡੀ ਧੀ ਨੇ ਆਪਣੇ ਪਿਤਾ ਦੀ ਪੰਚਰ ਲਾਣ ਦੀ ਦੁਕਾਨ ਸੰਭਾਲਣ ਦੇ ਫੈਸਲਾ ਕਰ ਲਿਆ। ਰਾਣੀ ਨੇ ਦਸਿਆ ਕਿ ਜਦੋਂ ਉਸਨੇ ਦੁਕਾਨ ਖੋਲਣੀ ਸ਼ੁਰੂ ਕੀਤੀ ਤਾਂ ਸ਼ੁਰੂ-ਸ਼ੁਰੂ ਵਿੱਚ ਤਾਂ ਉਸਨੂੰ ਬਹੁਤ ਪ੍ਰੇਸ਼ਾਨੀ ਹੋਈ। ਲੋਕੀ ਉਸ ਪਾਸੋਂ ਪੰਚਰ ਲਗਵਾਉਣ ਲਈ ਆਉਣ ਤੋਂ ਕਤਰਾਂਦੇ ਰਹੇ। ਸ਼ਾਇਦ ਇਸਦਾ ਕਾਰਣ ਉਸਦਾ ਲੜਕੀ ਹੋਣਾ ਸੀ। ਸ਼ੁਰੂ-ਸ਼ੁਰੂ ਵਿੱਚ ਤਾਂ ਉਸਦੇ ਪੰਚਰ ਲਾਉਣ ਦੇ ਕੰਮ ਨੂੰ ਲੈ ਕੇ ਸਮਾਜ ਵਿੱਚ ਕਈ ਤਰ੍ਹਾਂ ਦੀਆਂ ਗਲਾਂ ਵੀ ਹੋਣ ਲਗ ਪਈਆਂ ਸਨ। ਪਰ ਉਹ ਆਪਣੇ ਫੈਸਲੇ ਪੁਰ ਡਟੀ ਰਹੀ। ਆਖਿਰ ਲੋਕਾਂ ਦੀ ਸੋਚ ਬਦਲਣ ਲਗ ਪਈ ਅਤੇ ਅਹਿਸਤਾ-ਆਹਿਸਤਾ ਲੋਕਾਂ ਦਾ ਵਿਸ਼ਵਾਸ ਉਸ ਪੁਰ ਵਧਣ ਲਗਾ। ਉਸਤੋਂ ਬਾਅਦ ਇੱਕ ਤੋਂ ਬਾਅਦ ਕਰਕੇ ਉਸਦੀ ਦੁਕਾਨ ਦੇ ਗਾਹਕ ਵੱਧਣ ਲਗ ਪਏ। ਫਲਸਰੂਪ ਪਰਿਵਾਰ ਦੀ ਗੱਡੀ ਵੀ ਚਲਣ ਲਗੀ। ਰਾਣੀ ਨੇ ਦਸਿਆ ਕਿ ਉਸਦੀ ਛੋਟੀ ਭੈਣ, ਰੇਣੂ ਵੀ ਉਸਦੇ ਨਾਲ ਕੰਮ ਵਿੱਚ ਮਦੱਦ ਕਰਨ ਲਗ ਪਈ। ਉਨ੍ਹਾਂ ਦੇ ਪਿਤਾ ਵਿਕਰਮ ਸ਼ਰਮਾ ਅਨੁਸਾਰ ਜਦੋਂ ਉਨ੍ਹਾਂ ਦੇ ਘਰ ਦੋ ਧੀਆਂ ਦਾ ਹੀ ਜਨਮ ਹੋਇਆ ਤਾਂ, ਰਿਸ਼ਤੇਦਾਰੀ ਵਿੱਚ ਕਈ ਤਰ੍ਹਾਂ ਦੇ ਤਾਅਨੇ ਮਾਰੇ ਜਾਣ ਲਗ ਪਏ। ਲੋਕੀ ਕਹਿੰਦੇ ਕਿ ਵੰਸ਼ ਅਗੇ ਕਿਵੇਂ ਚਲੇਗਾ? ਪ੍ਰੰਤੂ ਅੱਜ ਰਾਣੀ ਅਤੇ ਰੇਣੂ ਨੇ ਸਾਬਤ ਕਰ ਵਿਖਾਇਆ ਹੈ ਕਿ ਧੀਆਂ ਪੁਤਰਾਂ ਤੋਂ ਕਿਸੇ ਵੀ ਤਰ੍ਹਾਂ ਘਟ ਨਹੀਂ, ਸਗੋਂ ਉਨ੍ਹਾਂ ਨਾਲੋਂ ਦੋ ਕਦਮ ਅਗੇ ਹੀ ਹਨ।


ਸ਼ਬਾਨਾ ਆਜ਼ਮੀ ਦੀ ਟਿਪੱਣੀ ਪੁਰ ਹੰਗਾਮਾ : ਅਦਾਕਾਰਾ ਸ਼ਬਾਨਾ ਆਜ਼ਮੀ ਨੇ ਬੀਤੇ ਦਿਨੀਂ ਬਿਨਾਂ ਕਿਸੇ ਰਾਜਸੀ ਪਾਰਟੀ ਜਾਂ ਰਾਜਸੀ ਵਿਚਾਰਧਾਰਾ ਦਾ ਨਾਂ ਲਏ ਦੇ ਕਿਹਾ ਕਿ ਲੋਕਾਂ ਨੂੰ ਆਪਣੇ ਦਿਲ ਦੀ ਗਲ ਕਹਿਣ ਤੋਂ ਡਰਨਾ ਨਹੀਂ ਚਾਹੀਦਾ। ਜੇ ਅਸੀਂ ਸਮਾਜਕ ਜਾਂ ਰਾਜਨੈਤਿਕ ਹਾਲਾਤ ਦੀਆਂ ਕਮੀਆਂ ਪੁਰ ਧਿਆਨ ਨਹੀਂ ਦੇਵਾਂਗੇ ਤਾਂ ਉਹ ਕਿਵੇਂ ਸੁਧਰਣਗੀਆਂ। ਉਨ੍ਹਾਂ ਹੋਰ ਕਿਹਾ ਕਿ ਅੱਜ ਮਾਹੋਲ ਅਜਿਹਾ ਬਣਾ ਦਿੱਤਾ ਗਿਆ ਹੋਇਆ ਹੈ ਕਿ ਜੇ ਤੁਸੀਂ ਕਿਸੇ ਜਾਂ ਖਾਸ ਕਰਕੇ ਸਰਕਾਰ ਦੀ ਅਲੋਚਨਾ ਕਰਦੇ ਹੋ ਤਾਂ ਤੁਹਾਨੂੰ ਤੁਰੰਤ ਹੀ ਰਾਸ਼ਟਰ-ਵਿਰੋਧੀ ਕਰਾਰ ਦੇ ਦਿਤਾ ਜਾਂਦਾ ਹੈ। ਸਾਨੂੰ ਇਨ੍ਹਾਂ ਹਾਲਾਤ ਤੋਂ ਡਰਨਾ ਨਹੀਂ ਚਾਹੀਦਾ। ਕਿਸੇ ਨੂੰ ਉਨ੍ਹਾਂ ਦੇ ਪ੍ਰਮਾਣ-ਪਤ੍ਰ ਦੀ ਲੋੜ ਨਹੀਂ।
ਆਪਣੀ ਇਸ ਟਿੱਪਣੀ ਨੂੰ ਲੈ ਕੇ ਅਲੋਚਨਾ ਦਾ ਸ਼ਿਕਾਰ ਬਣਾਈ ਜਾ ਰਹੀ ਸ਼ਬਾਨਾ ਆਜ਼ਮੀ ਨੇ ਅਪਣੇ ਅਲੋਚਕਾਂ ਨੂੰ ਜਵਾਬ ਦਿੰਦਿਆਂ ਹੋਇਆਂ ਧਾਰਮਕ ਕਟੜਵਾਦੀਆਂ ਪੁਰ ਨਿਸਾਨਾ ਦਾਗਿਆ। ਉਸਨੇ ਕਿਹਾ ਕਿ ਉਸਨੂੰ ਪਤਾ ਨਹੀਂ ਸੀ ਕਿ ਉਸਦੀ ਇੱਕ ਟਿੱਪਣੀ ਨੂੰ ਲੈ ਕੇ ਇਤਨਾ ਹੰਗਾਮਾਂ ਹੋਵੇਗਾ। ਉਸਨੇ ਕਿਹਾ ਕਿ ਉਸਨੂੰ ਤਾਂ ਇਹ ਵੀ ਪਤਾ ਨਹੀਂ ਸੀ ਕਿ ਉਹ ਦਖਣ-ਪੰਥੀਆਂ ਦੀਆਂ ਨਜ਼ਰਾਂ ਵਿੱਚ ਇਤਨੀ ਮਹਤੱਤਾ ਰਖਦੀ ਹੈ। 


ਪਤਨੀਆਂ ਨੂੰ ਚਾਹੀਦੀ ਹੈ ਪਤੀਆਂ ਦੀ ਤਨਖਾਹ ਦੀ ਜਾਣਕਾਰੀ : ਖਬਰਾਂ ਅਨੁਸਾਰ ਝਾਰਖੰਡ ਵਿੱਚ ਸੂਚਨਾ ਦੇ ਅਧਿਕਾਰ (ਆਰਟੀਆਈ) ਅਧੀਨ ਪਤਨੀਆਂ ਆਪਣੇ ਪਤੀਆਂ ਦੀਆਂ ਪੇ-ਸਲਿਪਾਂ (ਤਨਖਾਹ ਦੀ ਪਰਚੀ) ਦੀ ਮੰਗ ਕਰ ਰਹੀਆਂ ਹਨ। ਪਤਾ ਲਗਾ ਹੈ ਕਿ ਇਸੇ ਅਧਿਕਾਰ ਅਧੀਨ ਹੀ ਉਹ ਦਰਖਾਸਤਾਂ ਦੇ ਕੇ ਪਤੀ ਦੀ ਸਰਵਿਸ-ਬੁਕ ਅਤੇ ਉਸਦੀ ਨੌਕਰੀ ਨਾਲ ਜੁੜੇ ਦਸਤਾਵੇਜ਼ਾਂ ਦੀ ਮੰਗ ਵੀ ਕਰ ਰਹੀਆਂ ਹਨ। ਦਸਿਆ ਜਾਂਦਾ ਹੈ ਕਿ ਇਤਨਾ ਹੀ ਨਹੀਂ, ਉਹ ਆਪਣੇ ਸਸ-ਸਹੁਰੇ ਦੀ ਜਾਇਦਾਦ ਅਤੇ ਆਮਦਨੀ ਦੇ ਵੇਰਵਿਆਂ ਨੂੰ ਜਾਣਨ ਲਈ ਵੀ ਆਰਟੀਆਈ ਦਾ ਸਹਾਰਾ ਲੈ ਰਹੀਆਂ ਹਨ। ਦਸਿਆ ਜਾਂਦਾ ਹੈ ਕਿ ਜਨ ਸੂਚਨਾ ਅਧਿਕਾਰੀਆਂ ਨੇ ਅਜਿਹੇ ਕਈ ਮਾਮਲਿਆਂ ਵਿੱਚ ਮੁਲਾਜ਼ਮਾਂ ਦੀ ਨਿਜੀ ਜਾਣਕਾਰੀ ਜਾਂ ਉਨ੍ਹਾਂ ਦੀ ਸਰਵਿਸ-ਬੁਕ ਦੇਣ ਤੋਂ ਇਨਕਾਰ ਕਰ ਦਿੱਤਾ। ਇਸਤੋਂ ਬਾਅਦ ਦਰਜਨਾਂ ਅਜਿਹੇ ਮਾਮਲੇ ਰਾਜ ਸੂਚਨਾ ਕਮਿਸ਼ਨ ਪਾਸ ਆ ਗਏ। ਕਮਿਸ਼ਨ ਨੇ ਅਜਿਹੇ ਇੱਕ ਮਾਮਲੇ ਵਿੱਚ ਨਿਜੀ ਜਾਣਕਾਰੀ ਉਪਲਬੱਧ ਨਾ ਕਰਵਾਏ ਜਾਣ ਦੀ ਮੂਲ ਭਾਵਨਾ ਨੂੰ ਕਾਇਮ ਰਖਦਿਆਂ, ਪਤਨੀ ਦੇ ਮਾਮਲੇ ਵਿੱਚ ਛੋਟ ਦੇਣ ਲਈ ਕਹਿ ਦਿੱਤਾ। ਹਾਲਾਂਕਿ ਅਜਿਹੇ ਮਾਮਲਿਆਂ ਦੇ ਸੰਬੰਧ ਵਿੱਚ ਰਾਜ ਸਰਕਾਰ ਵਲੋਂ ਕੋਈ ਆਦੇਸ਼ ਜਾਰੀ ਨਹੀਂ ਕੀਤਾ ਗਿਆ। ਮੰਨਿਆ ਜਾਂਦਾ ਹੈ ਕਿ ਅਜਿਹੀ ਜਾਣਕਾਰੀ ਮੰਗੇ ਜਾਣ ਦੇ ਕਈ ਕਾਰਣ ਹੋ ਸਕਦੇ ਹਨ। ਇੱਕ ਤਾਂ ਇਹ ਕਿ ਔਰਤਾਂ ਜਾਂ ਰਿਸ਼ਤੇਦਾਰ ਵੱਖ-ਵੱਖ ਕਾਰਣਾਂ ਕਰ ਕੇ ਪਤੀ ਜਾਂ ਆਪਣੇ ਨਜ਼ਦੀਕੀ ਦੀ ਆਮਦਨੀ ਬਾਰੇ ਜਾਣਨਾ ਚਾਹੁੰਦੇ ਹਨ। ਦੂਸਰਾ, ਪਤੀ ਨਾਲ ਝਗੜਾ ਹੋਣ ਦੀ ਦਸ਼ਾ ਵਿੱਚ ਵੀ ਪਤਨੀ ਆਪਣੇ ਪਤੀ ਦੀ ਸਾਰੀ ਕਮਾਈ ਅਤੇ ਉਸਦੇ ਸ੍ਰੋਤਾਂ ਦੇ ਸੰਬੰਧ ਵਿੱਚ ਜਾਣੂ ਹੋਣਾ ਚਾਹੁੰਦੀ ਹੈ। ਤੀਜਾ, ਜਾਇਦਾਦ ਦੀ ਵੰਡ ਦੇ ਸਮੇਂ ਪਿਤਾ ਦਾ ਝੁਕਾਉ ਕਿਸੇ ਇੱਕ ਭਰਾ ਵਲ ਹੋਣ ਦੇ ਸ਼ਕ ਕਾਰਣ ਵੀ ਲੋਕੀ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹਨ।

ਪਤੀ ਦੇ ਪੈਸੇ ਅਤੇ ਪਤੀ ਦੀ ਹੀ ਸੁਪਾਰੀ : ਖਬਰਾਂ ਅਨੁਸਾਰ ਦਿੱਲੀ ਦੇ ਭਲਸਵਾ ਡੇਰੀ ਇਲਾਕੇ ਦੀ ਇੱਕ ਔਰਤ ਨੇ ਪ੍ਰੇਮੀ ਨਾਲ ਮਿਲਕੇ ਆਪਣੇ ਪਤੀ ਦਾ ਕਤਲ ਕਰਵਾਉਣ ਦੀ ਸਾਜ਼ਿਸ਼ ਰਚੀ ਅਤੇ ਇਸ ਸਾਜ਼ਿਸ਼ ਨੂੰ ਸਿਰੇ ਚਾੜ੍ਹਨ ਲਈ ਉਸਨੇ ਡੇਢ ਲੱਖ ਰੁਪਏ ਵਿੱਚ ਭਾੜੇ ਦੇ ਕਾਤਲਾਂ ਨਾਲ ਪਤੀ ਦਾ ਕਤਲ ਕਰਵਾਣ ਦਾ ਸੌਦਾ ਕਰ ਲਿਆ। ਇਸ ਵਿਚੋਂ 50 ਹਜ਼ਾਰ ਦੀ ਰਕਮ ਪੇਸ਼ਗੀ ਦੇਣ ਲਈ ਉਸਨੇ ਆਪਣੇ ਪਤੀ ਦੀ ਤਿਜੋਰੀ ਵਿਚੋਂ ਹੀ ਚੋਰੀ ਕਰ ਲਈ। ਪੁਲਿਸ ਨੇ ਦੋਸ਼ੀ ਔਰਤ ਅਤੇ ਉਸਦੇ ਪ੍ਰੇਮੀ ਨੂੰ ਗਿਰਫਤਾਰ ਕਰ ਲਿਆ। ਪੁਲਿਸ ਅਨੁਸਾਰ ਇਸ ਔਰਤ ਦਾ ਪਤੀ, ਜੋ 42 ਸਾਲਾਂ ਦਾ ਸੀ, ਭਲਸਵਾ ਡੇਰੀ ਇਲਾਕੇ ਵਿੱਚ ਰਹਿੰਦਾ ਸੀ। ਉਸਦੇ ਪਰਿਵਾਰ ਵਿੱਚ 38 ਵਰ੍ਹਿਆਂ ਦੀ ਪਤਨੀ ਅਤੇ ਤਿੰਨ ਬੱਚੇ ਹਨ। ਪਤੀ ਦੀ ਮੰਗਲ ਬਜ਼ਾਰ ਰੋਡ 'ਤੇ ਫਰਨੀਚਰ ਦੀ ਦੁਕਾਨ ਹੈ, ਉਹ ਆਪਣੀ ਦੁਕਾਨ ਪੁਰ ਬੈਠਾ ਹੋਇਆ ਸੀ ਕਿ ਇਤਨੇ ਵਿੱਚ ਦੋ ਨੌਜਵਾਨਾਂ ਨੇ ਉਸ ਪੁਰ ਅੰਧਾਧੁੰਦ ਗੋਲੀਆਂ ਚਲਾਣੀਆਂ ਸ਼ੁਰੂ ਕਰ ਕੇ ਉਸਦੀ ਹਤਿਆ ਕਰ ਦਿੱਤੀ। ਜਾਂਚ ਦੌਰਾਨ ਪਤਾ ਚਲਿਆ ਕਿ ਕਾਤਲਾਂ ਨੇ ਦੁਕਾਨ ਤੋਂ ਕੁਝ ਵੀ ਨਹੀਂ ਸੀ ਚੁਰਾਇਆ। ਸੀਸੀਟੀਵੀ ਫੁਟੇਜ ਤੋਂ ਕਾਤਲ ਉਸਦੇ ਘਰ ਵਲ ਜਾਂਦੇ ਨਜ਼ਰ ਆਏ। ਇਸਤੇ ਪੁਲਿਸ ਨੇ ਸ਼ਕ ਦੇ ਅਧਾਰ ਤੇ ਉਸਦੀ ਪਤਨੀ ਤੋਂ ਸਖਤੀ ਨਾਲ ਪੁਛ-ਗਿਛ ਕੀਤੀ, ਜਿਸ ਵਿੱਚ ਸਾਰਾ ਸੱਚ ਸਾਹਮਣੇ ਆ ਗਿਆ।

...ਅਤੇ ਅੰਤ ਵਿੱਚ : ਦਿੱਲੀ ਹਾਈਕੋਰਟ ਦੇ ਵਿਦਵਾਨ ਜੱਜਾਂ, ਜਸਟਿਸ ਡੀ ਐਨ ਪਟੇਲ ਅਤੇ ਜਸਟਿਸ ਸੀ ਹਰੀ. ਸ਼ੰਕਰ ਪੁਰ ਅਧਾਰਤ ਬੈਂਚ ਨੇ ਕੇਂਦਰ ਸਰਕਾਰ ਪਾਸੋਂ ਇਹ ਪੁਛਿਆ ਹੈ ਕਿ ਉਹ ਅਦਾਲਤ ਨੂੰ ਇਹ ਦਸੇ ਕਿ ਕੀ ਵਿਆਹ ਹੋਣ ਤੋਂ ਬਾਅਦ ਅੋਰਤਾਂ ਅਤੇ ਮਰਦਾਂ ਵਿੱਚ ਕਿਸ ਚੀਜ਼ ਦੀ ਕਮੀ ਆ ਜਾਂਦੀ ਹੈ, ਜੋ ਉਨ੍ਹਾਂ (ਵਿਆਹਿਆਂ) ਨੂੰ ਸੈਨਾ ਦੇ ਜੱਜ ਐਡਵੋਕੇਟ ਜਨਰਲ (ਜੈਗ) ਅਰਥਾਤ ਕਾਨੂੁੰਨੀ ਸ਼ਾਖਾ ਵਿੱਚ ਨਿਯੁਕਤ ਨਹੀਂ ਕੀਤਾ ਜਾਂਦਾ। ਬੈਂਚ ਨੇ ਇਹ ਜਾਣਕਾਰੀ ਆਪਣੇ ਸਾਹਮਣੇ ਦਾਖਲ ਹੋਈ ਇੱਕ ਜਨਹਿਤ ਅਪੀਲ ਪੁਰ ਸੁਣਵਾਈ ਕਰਦਿਆਂ ਮੰਗੀ। 

Mobile : +91 95 82 71 98 90
E-Mail :  jaswantsinghajit@gmail.com

Address : Jaswant Singh Ajit, Senior Journalist
51, Sheetal Apartment, Plot no. 12, Sector 14, Rohini DELHI-110085