ਯਾਦ - ਗੁਰਬਾਜ ਸਿੰਘ

ਜਦ ਮੈਂ,

ਕਿਸੇ ਦਾ ਪਹਿਨਿਆ ਸੂਟ,

ਜੁੱਤੀ, ਵਾਲਾਂ ਦਾ ਸਟਾਇਲ,

ਤੁਰਨਾ, ਮੁੜਨਾ, ਜਾਂ ਸਮਾਇਲ,

ਸੋਹਣੇ ਚੇਹਰੇ ਤੇ,

ਜਦ ਝੂਠਾ ਜਿਹਾ ਹੋਣਾ ਕਾਇਲ ।

ਤਾਂ ਤੈਨੂੰ ਜ਼ਰੂਰ ਦੱਸਦਾ ਸੀ,

ਤੇ ਤੂੰ ਈਰਖਾ ਵੱਸ ਗ਼ੁੱਸਾ ਕਰਨਾ,

ਮੇਰੇ ਨਾਲ ਨਾ ਬੋਲਣਾ,

ਤੇ ਕਹਿਣਾ ,,

“ ਜੇ ਤੂੰ ਕਿਸੇ ਦੀ ਤਾਰੀਫ਼ ਕੀਤੀ ਜਾਂ ਦੇਖਿਆ ਵੀ ਤਾਂ,

ਮੈਂ ਤੇਰੀ ਜਾਨ ਲੈ ਲੈਣੀ ਵਾ, ਗੁਰਬਾਜ। ”

ਤਾਂ ਮੈਂ ਬੜਾ ਹੱਸਦਾ ਸੀ ।

ਿਫਰ ਤੇਰਾ ਝੂਠਾ ਚੁੱਪ ਹੋਣਾ,

ਤੇ ਤੈਨੂੰ ਮਨਾਉਣ ਲਈ,

ਮੇਰਾ ਸੌ-ਸੌ ਤਰਲੇ ਪਾਉਣਾ,

ਕਿੰਨਾ ਗੂੜਾ ਪਿਆਰ ਸੀ ਉਂਦੋਂ,

ਰੂਹ ਤੇ ਤੇਰਾ ਹੀ ਅਖਤਿਆਰ ਸੀ ਜਦੋਂ ।

ਪਰ ਅੱਜ,,?

ਅੱਜ ਤੂੰ ਸੱਚੀ ਆਪਣਾ ਵਾਅਦਾ ਪੂਰਾ ਕਰ ਰਹੀ ਹੈਂ,

ਸੱਚਮੁੱਚ ਹੀ ਮੇਰੀ ਜਾਨ ਲੈ ਰਹੀ ਹੈਂ,

ਖਤਮ ਕਰ ਰਹੀ ਹੈਂ, ਮੇਰੇ ਸਾਹ, ਰਾਹ ਤੇ ਰੂਹ,

ਜੋ ਕਦੇ ਤੇਰਾ ਸਰਮਾਇਆ ਸੀ ।

ਸੋਚਿਆ ਸੀ ਕਿ ਮੈਂ ਤਾਂ ਦੁਨਿਆ ਤੇ,

ਬੱਸ ਤੇਰੇ ਲਈ ਹੀ ਆਇਆ ਸੀ,

ਮੇਰੀ ਬੰਦਗੀ ਸੀ ਤੂੰ,

ਤਾਂ ਹੀ ਤਾਂ ਤੂੰ ਮੇਰਾ ਰੱਬ ਕਹਾਇਆ ਸੀ ।

ਚਲੋ ਖ਼ੈਰ,,ਤੂੰ ਜਿੱਥੇ ਵੀ ਰਹੇਂ ਖੁਸ਼ ਰਹੇਂ ਹਮੇਸ਼ਾ,

ਮੈਂ ਤਾਂ ਖਤਮ ਹੋਣ ਲਈ ਹੀ ਆਇਆ ਸੀ ।

ਜੋ ਇਨਸਾਨ ਮੇਰੇ ਤੋਂ ਪਲ ਵੀ ਦੂਰ ਨਾ ਹੁੰਦਾ ਸੀ,

ਕਿੰਨੇ ਮਹੀਨੇ ਬੀਤ ਗਏ ਨੇ,

ਜੋ ਅਜੇ ਤੱਕ ਮੈਨੂੰ ਇੱਕ ਵੀ ਮੈਸਜ ਭੇਜ ਨਾ ਪਾਇਆ ਸੀ ।

ਤੂੰ ਅਕਸਰ ਕਿਹਾ ਕਰਦੀ ਸੀ,

ਕਿ ਮੈੰ ਤੇਰੀ ਸ਼ਕਤੀ ਬਨਣਾ ਚਾਹੁੰਦੀ ਹਾਂ,

ਪਰ ਤੂੰ ਸ਼ਕਤੀ ਤਾਂ ਨਹੀਂ ਬਣ ਪਾਈ,

ਹਾਂ,,ਪਰ,,

ਮੁਕਤੀ ਜ਼ਰੂਰ ਬਣ ਗਈ ਏ,

ਇਸ ਕੁਲੈਹਣੀ ਜ਼ਿੰਦਗੀ ਤੋਂ,

ਜਿਸਦੀ ਕੋਖ ਤੋਂ ਕੋਈ ਖ਼ੁਸ਼ੀ ਜਾਂ,

ਰਿਸ਼ਤਾ ਨਾ ਪੈਦਾ ਹੋਇਆ,

ਜੋ ਬਾਂਝ ਬਣ ਦੁੱਖ ਝੱਲ ਰਹੀ ਹੈ,

ਇਕੱਲਤਾ ਦਾ, ਪੀੜਾਂ ਦਾ,

ਝੋਰਿਆਂ ਦਾ, ਜੁਦਾਈਆਂ ਦਾ ।

ਨਾਲੇ,,ਕੀ ਕਹਾਂ ਤੇਰੇ ਵਾਅਦਿਆਂ ਨੂੰ,

ਜੋ ਕੱਚੇ ਤੰਦ ਵੀ ਨਾ ਬਣ ਪਾਏ ।

ਜੱਗ ਦੇ ਜਾਤੀ ਬੰਧਨਾਂ ਮੂਹਰੇ,

ਪਲ ਭਰ ਵੀ ਨਾ ਤਣ ਪਾਏ ।

ਹੁਣ ਮੈਨੂੰ ,,

ਕੋਈ ਵੀ ਖ਼ੁਸ਼ੀ, ਚੇਹਰਾ ਜਾਂ ਰਿਸ਼ਤਾ,

ਚੰਗਾ ਨਹੀਂ ਲੱਗਦਾ ।

ਹਰ ਪਲ ਦਿਲ ਵਿੱਚ,

ਇੱਕ ਸਿਵਾ ਰਹਿੰਦਾ ਬੱਲਦਾ ।

ਸਿਵਾ, ਜੋ ਕੁਝ ਆਹਾਂ ਤੇ ਸਿਸਕੀਆਂ ਦਾ ਹੈ,

ਕੁਝ ਸੁਪਨਿਆਂ ਤੇ ਕੌਲ-ਕਰਾਰਾਂ ਦਾ ਹੈ,

ਕੁਝ ਖੁਸ਼ੀਆਂ ਤੇ ਪਿਆਰਾਂ ਦਾ ਹੈ ।

ਮੇਰੇ ਕੁਝ ਬੇਮੁਹਾਰੇ ਗੀਤ ਤੇ ਹਰਫ ਬਾਗ਼ੀ ਹੋ,

ਇਸ ਤੇ ਮੋਹ ਦਾ ਤੇਲ ਪਾਉਂਦੇ ਰਹਿੰਦੇ ਨੇ ।

ਚੰਦਰੇ ਸ਼ੀਤ ਨਾ ਹੋਣ ਦੇਵਣ ਇਸ ਸਿਵੇ ਨੂੰ,

ਵਾਂਗ ਜੋਬਨ-ਰੁੱਤ ਜਿਹਾ ਮਚਾਉਂਦੇ ਰਹਿੰਦੇ ਨੇ ।

ਇਹ ਚਾਹੁੰਦੇ ਨੇ ਕਿ ਮੈਂ ਜੋਬਨ ਰੁੱਤੇ ਮਰਾਂ,

ਇਹਨਾਂ ਤੇ ਕੁਝ ਤਾਂ ਅਹਿਸਾਨ ਕਰਾਂ ।

ਤਾਂ ਕਿ ਇਹ ਲੋਕ ਮੂੰਹਾਂ ਤੇ ਚੜ ਜਾਵਨ,

ਤੇ ਮੈਨੂੰ ਜਗ ਤੇ ਅਮਰ ਕਰ ਜਾਵਨ ।

ਫਿਰ ਹਮੇਸ਼ਾ ਤੇਰੀ ਉਡੀਕ ਲਈ,

ਮੇਰੀ ਸਿਵੇ ਦੀ ਖ਼ਾਕ ਹਵਾਵਾਂ ਵਿੱਚ ਘੁਲ ਜਾਵੇ ।

ਜਿਸ ਭੌਂਅ ਤੇ ਤੇਰੀ ਪੈੜ੍ਹ ਬਣੇ ,

ਉਨਾਂ ਰਾਹਾਂ ਦੀ ਮਿੱਟੀ ਵਿੱਚ ਮਿਲ ਜਾਵੇ ।

ਸਦਾ,, ਸਦਾ ਲਈ,,।


-ਗੁਰਬਾਜ ਸਿੰਘ
8837644027