ਇਨਸਾਨੀਅਤ ਪ੍ਰਤੀ ਦੋਹੇ - ਜਸਵੀਰ ਸ਼ਰਮਾਂ ਦੱਦਾਹੂਰ

ਬੰਦੇ ਨੂੰ ਹੀ ਸਮਝ ਲੈ ਬੰਦਾ, ਓਹ ਭੋਲੇ ਇਨਸਾਨ।
ਲੁਕਾਈ ਕਰੂ ਯਾਦ ਹਮੇਸ਼ਾਂ,ਜੇ ਬਣ ਜਾਏਂ ਪੁਰਸ਼ ਮਹਾਨ।।


ਬਾਣੀ ਦੇ ਵਿੱਚ ਹੈ ਲਿਖਿਆ, ਖੋਲ੍ਹ ਇਹਦਾ ਵਿਸਥਾਰ।
ਪੜ੍ਹਕੇ ਮਨ ਦੇ ਨਾਲ ਜੇ,ਦਿਲ ਵਿੱਚ ਕਰੇਂ ਵਿਚਾਰ।।


ਵਿੱਚ ਬਾਣੀ ਦੇ ਤਾਕਤ ਐਨੀ, ਸ਼ੈਤਾਨ ਨੂੰ ਪਾਵੇ ਰਾਹ।
ਖੁੰਝੇ ਹੋਏ ਇਨਸਾਨ ਨੂੰ, ਮੰਜ਼ਿਲ ਦੇਵੇ ਵਿਖਾ।।


ਗਣਕਾ ਸਦਨਾ ਕੌਡੇ ਸੱਜਣ,ਕਬੂਲੀ ਜਦ ਗੁਰਬਾਣੀ।
ਬਾਕੀ ਰਹਿੰਦੀ ਜ਼ਿੰਦਗੀ ਉਨ੍ਹਾਂ, ਨਾਲ ਖ਼ੁਸ਼ੀ ਦੇ ਮਾਣੀ।।


ਹੈਵਾਨ ਸ਼ੈਤਾਨੋਂ ਪਾਰਸ ਬਣਗੇ, ਹੋਰ ਵੀ ਕਈ ਸੀ ਬੰਦੇ।
ਬਾਣੀ ਦਾ ਲਿਆ ਓਟ ਆਸਰਾ, ਛੱਡ ਦੁਨਿਆਵੀ ਧੰਦੇ।।


ਚਾਨਣ ਮੁਨਾਰਾ ਮਾਨਵਤਾ ਲਈ, ਹੈ ਗੁਰੂਆਂ ਦੀ ਬਾਣੀ।
ਇਕੱਲੀ ਪੜ੍ਹਕੇ ਨਹੀਓਂ ਸਰਨਾ,ਮਨ ਵਿੱਚ ਪਊ ਵਸਾਣੀ।।


ਲੜ ਲੱਗੋ ਗੁਰਬਾਣੀ ਦੇ,ਸੰਤ ਮਹਾਤਮਾ ਕਹਿੰਦੇ।
ਲੋਹਿਓਂ ਪਾਰਸ ਬਣ ਜਾਂਦੇ,ਜੋ ਕਰ ਇਤਬਾਰ ਨੇ ਲੈਂਦੇ।।


ਮੁਨਾਖਿਆਂ ਨੂੰ ਵਿਖਾ ਦਿੰਦੀ,ਇਹ ਗੁਰਬਾਣੀ ਰਾਹ।
ਗੁੰਗਿਆਂ ਕੋਲੋਂ ਗੁਰੂਆਂ ਦੀ ਬਾਣੀ, ਸਲੋਕ ਹੈ ਦਿੰਦੀ ਪੜ੍ਹਾ।।


ਸੱਚੇ ਦਿਲੋਂ ਜੋ ਸਜਦਾ ਕਰਦੇ, ਲੈਣ ਸਦੀਵੀ ਸੁੱਖ।
ਖੁਸ਼ੀਆਂ ਦੇ ਵਿੱਚ ਬੀਤੇ ਜ਼ਿੰਦਗੀ, ਕਦੇ ਨਾ ਆਵੇ ਦੁੱਖ।।


ਦੱਦਾਹੂਰੀਆ ਜੇ ਲੜ ਲੱਗਜੇਂ,ਘਾਟ ਨਾ ਰਹਿਣੀ ਕੋਈ।
ਨਿੱਤਨੇਮੋਂ ਜੇ ਕਦੇ ਨਾ ਖੁੰਝੇਂ, ਦਰਗਾਹ ਮਿਲੂਗੀ ਢੋਈ।।


ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691 49556