ਅੰਗ ਸੰਗ : ਵੱਡੇ ਅਹੁਦੇ ਛੋਟੀਆਂ ਗੱਲਾਂ - ਸ਼ਾਮ ਸਿੰਘ ਅੰਗ ਸੰਗ
ਉੱਚੀਆਂ ਥਾਵਾਂ 'ਤੇ ਪਹੁੰਚ ਕੇ ਨੀਵੀਂਆਂ ਗੱਲਾਂ ਕਰਨੀਆਂ ਠੀਕ ਨਹੀਂ। ਵੱਡਿਆਂ ਅਹੁਦਿਆਂ 'ਤੇ ਪਹੁੰਚਣ ਵਾਲੇ ਛੋਟੀਆਂ ਗੱਲਾਂ ਕਰਨ ਤਾਂ ਉਨ੍ਹਾ ਦੇ ਅੰਦਰਲਾ ਛੋਟਾਪਨ ਛੁਪਿਆ ਨਹੀਂ ਰਹਿੰਦਾ। ਜਦੋਂ ਇਹੋ ਜਹੇ ਵਰਤਾਰੇ ਦਾ ਸਾਹਮਣਾ ਹੁੰਦਾ ਹੈ ਤਾਂ ਉਸਨੂੰ ਪੜ੍ਹਨ ਦੀ ਇੱਛਾ ਵੀ ਜਾਗਦੀ ਹੈ ਅਤੇ ਬਾਰੀਕੀ ਨਾਲ ਜਾਨਣ ਦੀ ਵੀ। ਅਜਿਹਾ ਹੋਣ ਨਾਲ ਹੀ ਉੱਚੀਆਂ ਹਸਤੀਆਂ ਵਲੋਂ ਨੀਵਾਣਾਂ ਵੱਲ ਰੁੜਨ ਤੋਂ ਬਚਿਆ ਜਾ ਸਕਦਾ ਅਤੇ ਜ਼ਿੰਦਗੀ ਦੇ ਰਾਹਾਂ ਉੱਤੇ ਤੁਰਨ ਦਾ ਉੱਚ ਸਲੀਕਾ ਵੀ ਸਿੱਖਿਆ ਜਾ ਸਕਦਾ ਹੈ ਅਤੇ ਅੱਗੇ ਵਧਣ ਦਾ ਵੀ।
ਇਤਿਹਾਸ ਭਰਿਆ ਪਿਆ ਹੈ ਜਿਸ ਵਿਚ ਉਚੇਰੇ ਅਹੁਦਿਆਂ 'ਤੇ ਬੈਠਣ ਵਾਲਿਆਂ ਦੇ ਹੁਕਮਾਂ ਨਾਲ ਮਨੁੱਖਤਾ 'ਤੇ ਕਿੰਨੇ ਜ਼ੁਲਮ ਹੋਏ ਅਤੇ ਕਿੰਨੀ ਹਾਨੀ ਹੋਈ। ਵੱਡੇ ਅਹੁਦੇ ਵਾਲੇ ਛੋਟੇ ਕੰਮ ਕਰਨ ਤਾਂ ਕਿਸੇ ਤਰ੍ਹਾਂ ਵੀ ਹਜ਼ਮ ਨਹੀਂ ਹੁੰਦੇ। ਕੋਈ ਕੇਵਲ ਆਪਣਾ ਧਰਮ ਚਲਾਉਣ ਅਤੇ ਵਧਾਉਣ ਲਈ ਦੂਜਿਆਂ ਦੇ ਧਰਮ ਸਥਾਨ ਢਾਵ੍ਹੇ ਜਾਂ ਕੋਈ ਜਬਰੀ ਧਰਮ ਬਦਲੇ ਤਾਂ ਇਸ ਨੂੰ ਕੋਈ ਵੀ ਨਿਰਪੱਖ ਅੱਖ ਦੇਖ ਨਹੀਂ ਸਕਦੀ ਅਤੇ ਸੰਤੁਲਤ ਮਨ ਸਹਿ ਨਹੀਂ ਸਕਦਾ। ਦੂਰ ਨਾ ਵੀ ਜਾਈਏ ਤਾਂ ਔਰੰਗਜ਼ੇਬ ਦੇ ਜੁਲਮਾਂ ਦੀ ਕਹਾਣੀ ਹੀ ਬਹੁਤ ਦੁਖਦਾਈ ਹੈ ਅਤੇ ਘੱਟ ਅੰਗਰੇਜ਼ਾ ਦੀ ਵੀ ਨਹੀਂ।
ਦੇਸ਼ਾਂ 'ਚੋਂ ਤਾਕਤਵਰ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਚ ਅਹੁਦੇ 'ਤੇ ਪਹੁੰਚ ਕੇ ਵੀ ਉਹ ਜ਼ਾਬਤਾ ਨਹੀਂ ਅਪਣਾਇਆ ਜਿਹੜਾ ਉਸ ਲਈ ਲੋੜੀਂਦਾ ਵੀ ਹੈ ਅਤੇ ਲਾਜ਼ਮੀ ਵੀ। ਉਸ ਦੇ ਬੋਲੇ ਹਰ ਸ਼ਬਦ ਨੂੰ ਲੈ ਕੇ ਦੁਨੀਆਂ ਨੋਟਿਸ ਲੈਂਦੀ ਹੈ ਕਿ ਉਹ ਮਨ ਦੀ ਕਿਸ ਨੁੱਕਰ 'ਚੋਂ ਬੋਲ ਕੇ ਕੀ ਅਤੇ ਕਿਉਂ ਕਹਿ ਰਿਹਾ। ਪਿਛਲੇ ਦਿਨੀਂ ਉਸ ਨੇ ਅਜਿਹਾ ਬਿਆਨ ਦਾਗ ਦਿੱਤਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਨੂੰ ਇਹ ਕਹਿ ਦਿੱਤਾ ਕਿ ਕਸ਼ਮੀਰ ਮਸਲੇ ਬਾਰੇ ਵਿਚੋਲਗੀ ਕਰੇ। ਇਹ ਪਤਾ ਨਹੀਂ ਕਿ ਉਸਨੂੰ ਇਹ ਕਹਿਣ ਦੀ ਲੋੜ ਕਿਉਂ ਪੈ ਗਈ, ਪਰ ਛੇਤੀ ਹੀ ਭਾਰਤ ਨੇ ਇਸ ਬਿਆਨ ਨੂੰ ਝੁਠਲਾ ਦਿੱਤਾ। ਹੋ ਗਈ ਨਾ ਉੱਚੇ ਅਹੁਦੇ ਦੀ ਕਿਰਕਿਰੀ।
ਭਾਰਤ ਦੇ ਹਾਕਮ ਤੇ ਨੇਤਾ ਵੀ ਕਈ ਵਾਰ ਏਨਾ ਗਲਤ ਬੋਲਦੇ ਹਨ ਕਿ ਉਨ੍ਹਾਂ ਦੀ ਕਹੀ ਗੱਲ ਮੰਨੀ ਹੀ ਨਹੀਂ ਜਾ ਸਕਦੀ। ਕੋਈ ਤਾਂ ਸੈਕੜੇ ਸਾਲਾਂ ਦੇ ਫਰਕ ਨਾਲ ਇਸ ਧਰਤੀ 'ਤੇ ਵਿਚਰੇ ਮਹਾਂਪੁਰਸ਼ਾਂ ਦੀ ਮੁਲਾਕਾਤ ਕਰਵਾਉਣ ਵਿਚ ਕੋਈ ਝਿਜਕ ਮਹਿਸੂਸ ਨਹੀਂ ਕਰਦਾ ਜਿਸ ਨੂੰ ਤੱਥ ਤੇ ਸਬੂਤ ਪ੍ਰਵਾਨ ਕਰਨ ਵਾਸਤੇ ਤਿਆਰ ਨਹੀਂ। ਅਜਿਹੀ ਮੁਲਾਕਾਤ ਇਤਿਹਾਸ ਬਾਰੇ ਇਤਿਹਾਸਕ ਗਲਤੀ ਹੈ ਜਿਹੜੀ ਕਿਸੇ ਤਰ੍ਹਾਂ ਵੀ ਮੁਆਫ ਨਹੀਂ ਕੀਤੀ ਜਾ ਸਕਦੀ। ਇਤਿਹਾਸ ਤਾਂ ਇਤਿਹਾਸ ਹੈ ਜਿਸ ਨੂੰ ਬਦਲਿਆ ਨਹੀਂ ਜਾ ਸਕਦਾ। ਇਤਿਹਾਸ ਦਾ ਅੰਤ ਕਹਿਣ ਵਾਲੇ ਦਾ ਅੰਤ ਤਾਂ ਹੋਣਾ ਹੀ ਹੋਣਾ ਹੈ ਪਰ ਇਤਿਹਾਸ ਦਾ ਅੰਤ ਨਹੀਂ ਹੋ ਸਕਦਾ।
ਦੁਨੀਆਂ ਦੇ ਵੱਡੇ ਲੋਕਤੰਤਰ ਭਾਰਤ ਵਿਚ ਲੋਕਾਂ ਵਲੋਂ ਚੁਣੇ ਜਾਂਦੇ ਪ੍ਰਤੀਨਿਧ ਕਈ ਵਾਰ ਉਹ ਸਦਾਚਾਰ ਨਹੀਂ ਮੰਨਦੇ ਜਿਹੜਾ ਦੇਸ਼ ਦਾ ਇਤਿਹਾਸ ਵੀ ਅਤੇ ਅਮੀਰ ਸਰਮਾਇਆ ਵੀ। ਜਿਹੜੀ ਸਿਆਸੀ ਪਾਰਟੀ ਦੇ ਵਿਰੋਧ ਵਿਚ ਲੜ ਕੇ ਚੋਣਾਂ ਜਿੱਤੇ ਹੁੰਦੇ ਹਨ ਮੌਕਾ ਦੇਖ ਕੇ ਉਸੇ ਹੀ ਵਿਰੋਧੀ ਪਾਰਟੀ ਵਿਚ ਸ਼ਾਮਲ ਹੋ ਜਾਂਦੇ ਹਨ ਜੋ ਕਿ ਹਲਕੇ ਦੇ ਲੋਕਾਂ ਨਾਲ ਬੇਈਮਾਨੀ ਵਰਗਾ ਧਰੋਹ ਹੁੰਦਾ ਹੈ ਅਤੇ ਉੱਚੇ ਸਦਾਚਾਰ ਨਾਲ ਵੀ ਖਿਲਵਾੜ ਕੀਤਾ ਜਾਂਦਾ ਹੈ। ਇਹੋ ਜਹੇ ਗੈਰ-ਸਦਾਚਾਰੀਆਂ ਨੂੰ ਜਿਤਾਉਣ ਤੋਂ ਬਾਅਦ ਲੋਕ ਨਕਾਰਾ ਹੋ ਜਾਂਦੇ ਹਨ ਕਿਉਂਕਿ ਅਜਿਹੇ ਦਲਬਦਲੂਆਂ ਨੂੰ ਵਾਪਸ ਬੁਲਾਉਣ ਦਾ ਉਨ੍ਹਾਂ ਕੋਲ ਅਧਿਕਾਰ ਹੀ ਨਹੀਂ ਹੁੰਦਾ। ਸਦਾਚਾਰ ਨੂੰ ਵੀ ਪਈ ਵੱਡੀ ਮਾਰ ਦਾ ਵੀ ਕੋਈ ਕੁੱਝ ਨਹੀਂ ਕਰ ਸਕਦਾ। ਇਸ ਬਾਰੇ ਜਾਗਦੇ ਸਿਰਾਂ ਨੂੰ ਗੰਭੀਰਤਾ ਨਾਲ ਸੋਚਣ ਦੀ ਬੇਹੱਦ ਜਰੂਰਤ ਹੈ ਅਤੇ ਕੁੱਝ ਕਰਨ ਦੀ ਵੀ।
ਦੇਸ਼ ਦੇ ਕਾਨੂੰਨ ਘਾੜਿਆਂ ਨੂੰ ਦਲਬਦਲੂਆਂ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਤਾਂ ਜੋ ਸਦਾਚਾਰਕ ਕਦਰਾਂ-ਕੀਮਤਾਂ ਨੂੰ ਹਾਨੀ ਪਹੁੰਚਾ ਰਹੀ ਇਸ ਕਿਰਿਆ ਨੂੰ ਰੋਕਿਆ ਜਾ ਸਕੇ। ਜਨਤਾਂ ਵੀ ਜਾਗੇ ਅਤੇ ਦਲਬਦਲੂਆਂ ਨੂੰ ਅਗਲੀਆਂ ਚੋਣਾਂ ਵਿਚ ਅਜਿਹਾ ਸਬਕ ਸਿਖਾਵੇ ਕਿ ਉਸ ਦੀਆਂ ਦਸ ਪੁਸ਼ਤਾ ਵਿਚੋਂ ਕੋਈ ਚੋਣ ਨਾ ਜਿੱਤ ਸਕੇ। ਮੰਤਰੀ ਪਦ ਦੇ ਲਾਲਚ ਲਈ ਪਾਰਟੀ ਬਦਲੇ ਜਾਂ ਫੇਰ ਪੈਸੇ ਲੈ ਕੇ ਬਦਲੇ ਅਜਿਹੇ ਨੇਤਾਵਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਕਿ ਸਭ ਨੇਤਾ ਡਰ ਕੇ ਅਜਿਹਾ ਕਰਨ ਬਾਰੇ ਸੋਚਣ ਵੀ ਨਾ।
ਕਿਸੇ ਵੀ ਉੱਚੇ ਅਹੁਦੇ 'ਤੇ ਬੈਠੇ ਦੀ ਜੁੰਮੇਵਾਰੀ ਹੁੰਦੀ ਹੈ ਕਿ ਉਹ ਮਿਲੇ ਕੰਮਾਂ ਨੂੰ ਇਮਾਨਦਾਰੀ ਨਾਲ ਨਿਭਾਵੇ ਅਤੇ ਕੋਈ ਅਜਿਹਾ ਕੰਮ ਨਾ ਕਰੇ ਕਿ ਉਸ ਉੱਤੇ ਉਂਗਲਾਂ ਉੱਠਣ। ਵੱਡੇ ਅਹੁਦੇ 'ਤੇ ਬੈਠਿਆਂ ਵੱਡੀਆਂ ਗੱਲਾਂ ਕਰਨੀਆਂ ਹੀ ਸੋਭਦੀਆਂ ਹਨ ਤਾਂ ਕਿ ਅਹੁਦੇ ਦੀ ਮਾਣ-ਮਰਿਯਾਦਾ ਅਤੇ ਵਡਿਆਈ ਬਣੀ ਰਹੇ। ਅਜਿਹੇ ਅਹੁਦੇ 'ਤੇ ਬੈਠ ਕੇ ਛੋਟੀਆਂ ਗੱਲਾਂ ਕਰਨ ਨਾਲ ਅਹੁਦੇ ਦੀ ਮਾਣ-ਮਰਿਯਾਦਾ ਤਾਂ ਜਾਂਦੀ ਹੀ ਰਹਿੰਦੀ ਹੈ ਅਤੇ ਵੱਡੇ ਬੰਦੇ ਦੀ ਹਸਤੀ ਵੀ ਕਿਧਰੇ ਨਹੀਂ ਲੱਭਦੀ। ਕਲਿੰਟਨ-ਲਵਿੰਸਕੀ ਵਾਲੇ ਕਾਂਡ ਨੂੰ ਚੇਤੇ ਕਰ ਲਿਆ ਜਾਵੇ ਤਾਂ ਇਹ ਗੱਲ ਸਾਕਾਰ ਰੂਪ ਵਿਚ ਸਾਹਮਣੇ ਆ ਜਾਵੇਗੀ।
ਜਿਹੜੇ ਅਹੁਦੇ 'ਤੇ ਕੋਈ ਬੈਠਾ ਹੈ ਉਸ ਨੂੰ ਹੀ ਵੱਡਾ ਸਮਝ ਕੇ ਛੋਟੀਆਂ ਗੱਲਾਂ ਕਰਨ ਬਾਰੇ ਸੋਚਿਆ ਤੱਕ ਨਾ ਜਾਵੇ। ਅਜਿਹਾ ਹੋਣ ਨਾਲ ਕੀਤੇ ਜਾਂਦੇ ਕੰਮਾਂ ਵਿਚ ਨਿਖਾਰ ਆਵੇਗਾ ਅਤੇ ਉੱਚਾ ਸੋਚਣ ਵੱਲ ਵਧਣ ਵਿਚ ਸਹਾਇਤਾ ਮਿਲੇਗੀ। ਮੁੱਕਦੀ ਗੱਲ ਤਾਂ ਇਹੀ ਹੈ ਕਿ ਵੱਡੇ ਅਹੁਦਿਆਂ 'ਤੇ ਬੈਠੇ ਲੋਕ ਛੋਟੀਆਂ ਗੱਲਾਂ ਨਾ ਕਰਨ ਸਗੋਂ ਬਰਾਬਰ ਜਾਂ ਨਾਲ ਬੈਠਿਆਂ ਦੀਆਂ ਵੀ ਸਵੀਕਾਰ ਨਾ ਕਰਨ ਅਤੇ ਨਾ ਹੀ ਹੇਠਲਿਆਂ ਨੂੰ ਛੋਟੀਆਂ ਗੱਲਾਂ ਕਰਨ ਦੀ ਆਗਿਆ ਦੇਣ। ਚੰਗਾ ਹੋਵੇ ਜੇ ਵੱਡੇ ਅਹੁਦਿਆਂ ਵਾਲੇ ਛੋਟੀਆਂ ਗੱਲਾਂ ਤੋਂ ਗੁਰੇਜ਼ ਹੀ ਕਰਨ।
ਜੇ ਪੰਛੀਆਂ ਦੇ ਧਰਮ ਹੁੰਦੇ
ਜੇ ਕਿਤੇ ਧਰਤੀ 'ਤੇ ਵਸਦੇ ਮਨੁੱਖਾਂ ਦੇ ਅਧਾਰ 'ਤੇ ਪੰਛੀਆਂ ਦੇ ਵੀ ਧਰਮ ਹੁੰਦੇ ਤਾਂ ਅੰਬਰ ਵੀ ਲੜਾਈ-ਝਗੜਿਆਂ ਦਾ ਮੈਦਾਨ ਬਣ ਜਾਂਦਾ। ਹਰ ਰੋਜ਼ ਕਿੰਨੇ ਪੰਛੀ ਲਹੂ ਨਾਲ ਭਿੱਜੇ ਧਰਤੀ ਉੱਤੇ ਡਿਗਦੇ ਜਿਨ੍ਹਾਂ ਨੂੰ ਕੋਈ ਵੀ ਸੰਭਾਲਣ ਵਾਲਾ ਨਾ ਹੁੰਦਾ। ਚੰਗਾ ਹੈ ਕਿ ਜਾਨਵਰਾਂ ਅਤੇ ਪੰਛੀਆਂ ਦਾ ਕੋਈ ਧਰਮ ਨਹੀਂ ਜਿਸ ਕਰਕੇ ਉਨ੍ਹਾਂ ਵਿਚਕਾਰ ਧਾਰਮਿਕ ਝਗੜੇ ਨਹੀਂ ਹੁੰਦੇ। ਜੇ ਹੋਰ ਗੱਲਾਂ ਕਰਕੇ ਹੋਣ ਵੀ ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ। ਥੋੜ੍ਹੇ ਬਹੁਤੇ ਝਗੜੇ-ਝੇੜੇ ਤਾਂ ਹਰ ਕਿਸਮ ਦੇ ਜੀਵਾਂ ਵਿਚ ਹੁੰਦੇ ਹਨ ਜਿਨ੍ਹਾਂ ਨੂੰ ਰੋਕਣਾ ਆਸਾਨ ਨਹੀਂ।
ਮਨੁੱਖ ਉਨ੍ਹਾਂ ਨੂੰ ਪਿਆਰ ਕਰਨ ਲਈ ਉਨ੍ਹਾਂ ਨੂੰ ਪਿੰਜਰੇ ਵਿਚ ਬੰਦ ਕਰਦਾ ਹੈ, ਜਿਸ ਨੂੰ ਉਹ ਉੱਕਾ ਹੀ ਪਸੰਦ ਨਹੀਂ ਕਰਦੇ।
ਉਹ ਤਾਂ ਕਹਿ ਉੱਠਦੇ ਹਨ ਕਿ :
ਅਸੀਂ ਉਡਦੇ ਪਰਿੰਦੇ
ਸਾਡੀ ਗੱਲ ਨਾ ਕਰੋ
ਰੱਖੋ ਪਿੰਜਰੇ ਨੂੰ ਦੂਰ
ਸਾਡੇ ਵੱਲ ਨਾ ਕਰੋ
ਅਸੀਂ ਪੌਣਾਂ ਦੇ ਪ੍ਰਾਹੁਣੇ
ਸਾਡੀ ਮਹਿਕਾਂ ਨੂੰ ਸਲਾਮ
ਥਾਂ ਥਾਂ 'ਤੇ ਉਡਣੇ ਦਾ
ਕਿਉਂ ਧਰੋ ਇਲਜ਼ਾਮ
ਅਸੀਂ ਹਵਾ 'ਤੇ ਸਵਾਰ
ਥਲ ਥਲ ਨਾ ਕਰੋ।
ਪੰਛੀ ਚੰਗੇ ਹਨ ਜਿਹੜੇ ਆਜ਼ਾਦ ਹਨ, ਧਰਮਾਂ ਦੀਆਂ ਵਲਗਣਾਂ ਵਿਚ ਨਹੀਂ। ਜਿਹੜੇ ਉੱਡ ਉੱਡ ਕੇ ਦੇਸਾਂ ਦੀਆਂ ਸਰਹੱਦਾਂ ਤੋਂ ਪਾਰ ਵੀ ਚਲੇ ਜਾਂਦੇ ਹਨ ਅਤੇ ਕਿਸੇ ਦੀ ਪਰਵਾਹ ਵੀ ਨਹੀਂ ਕਰਦੇ। ਜਿੱਥੋਂ ਚਾਹੁੰਦੇ ਹਨ ਉਡਾਣ ਭਰਦੇ ਹਨ ਅਤੇ ਜਿੱਥੇ ਉਤਰਨ ਦੇ ਇੱਛਕ ਹੋਣ ਉੱਥੇ ਹੀ ਡੇਰੇ ਲਾ ਕੇ ਆਨੰਦ ਪ੍ਰਾਪਤ ਕਰਦੇ ਹਨ। ਦੂਰ ਦੁਰਡੇ ਤੋਂ ਪਰਤਦੇ ਸਮੇਂ ਆਪਣੇ ਬੋਟਾਂ ਲਈ ਚੋਗ ਵੀ ਲੈ ਆਉਂਦੇ। ਚੰਗਾ ਹੈ ਹਵਾ 'ਤੇ ਸਵਾਰ ਰਹਿਣ ਵਾਲੇ ਪੰਛੀਉ ਤੁਹਾਡੀ ਆਜ਼ਾਦੀ ਲਈ ਦੁਆ ਵੀ ਹੈ ਇੱਛਾ ਵੀ।
ਲਤੀਫੇ ਦਾ ਚਿਹਰਾ-ਮੋਹਰਾ
ਪੂਜਾ-ਪਾਠ ਖਤਮ ਹੋਏ ਤਾਂ ਪੁਜਾਰੀ ਨੇ ਕਿਹਾ ਕਿ ਜਿਹੜੇ ਸਵਰਗ ਵਿਚ ਜਾਣਾ ਚਾਹੁੰਦੇ ਹਨ ਉਹ ਹੱਥ ਖੜ੍ਹੇ ਕਰੋ। ਸੱਸ, ਸਹੁਰੇ, ਜੇਠ, ਨਣਦ ਨੇ ਹੱਥ ਖੜ੍ਹੇ ਕਰ ਦਿੱਤੇ, ਤਾਂ ਦਫਤਰ ਗਏ ਪਤੀ ਦੀ ਪਤਨੀ ਨੂੰ ਪੁਜਾਰੀ ਨੇ ਪੁੱਛਿਆ ਕਿ ''ਤੂੰ ਸਵਰਗ ਨਹੀਂ ਜਾਣਾ ਚਾਹੁੰਦੀ?'' ਤਾਂ ਉਸ ਦਾ ਉੱਤਰ ਸੀ , ''ਜਦ ਸੱਸ, ਸਹੁਰੇ, ਜੇਠ ਤੇ ਨਣਦ ਨੇ ਸਵਰਗ ਚਲੇ ਜਾਣਾ ਹੈ ਤਾਂ ਮੇਰੇ ਵਾਸਤੇ ਤਾਂ ਆਪਣੇ ਆਪ ਏਥੇ ਹੀ ਸਵਰਗ ਬਣ ਜਾਣਾ ਹੈ''।