ਆਉਣ ਵਾਲਾ ਸਮਾਂ ਔਰਤਾਂ ਲਈ ਭਿਆਨਕ ਹੋਵੇਗਾ! - ਡਾ. ਹਰਸ਼ਿੰਦਰ ਕੌਰ, ਐਮ. ਡੀ.,

ਮਨਿਸਟਰੀ ਆਫ ਸਟੈਟਿਸਟਿਕਸ ਤੇ ਪ੍ਰੋਗਰਾਮ ਇੰਪਲੀਮੈਂਟੇਸ਼ਨ ਦੀ ਨਵੀਂ ਰਿਪੋਰਟ ਜਾਰੀ ਹੋਈ ਹੈ। ਉਸ ਅਨੁਸਾਰ ਨਿਤ ਨਵੇਂ ਨਵਜੰਮੀਆਂ ਬੱਚੀਆਂ ਦੇ ਸੁੱਟੇ ਜਾਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਹ ਗਿਣਤੀ ਦਿਸਣ ਨੂੰ ਭਾਵੇਂ ਘੱਟ ਲੱਗੇ ਪਰ ਅਨੇਕ ਅਜਿਹੇ ਕੇਸ ਮੀਡੀਆ ਦੀ ਨਜ਼ਰੀ ਨਹੀਂ ਆ ਰਹੇ ਜਿਸ ਸਦਕਾ ਕਿਆਸ ਲਾਇਆ ਜਾ ਰਿਹਾ ਹੈ ਕਿ ਆਉਣ ਵਾਲਾ ਸਮਾਂ ਭਿਆਨਕ ਹੋਣ ਵਾਲਾ ਹੈ। ਹੁਣ ਤੱਕ ਦੀਆਂ ਸੁੱਟੀਆਂ ਜਾਂ ਮਾਰੀਆਂ ਜਾ ਚੁੱਕੀਆਂ ਨਵਜੰਮੀਆਂ ਬੱਚੀਆਂ ਸਦਕਾ ਜੋ ਗਿਦਤੀ ਘਟਦੀ ਰਹੀ ਹੈ, ਉਸ ਅਨੁਸਾਰ :-
ਸੰਨ 1971 ਵਿੱਚ-961 ਬੱਚੀਆਂ ਪ੍ਰਤੀ 1000 ਮੁੰਡੇ
ਸੰਨ 2011 ਵਿੱਚ-939 ਬੱਚੀਆਂ ਪ੍ਰਤੀ 1000 ਮੁੰਡੇ
    ਲਗਾਤਾਰ ਮਾਰੀਆਂ ਜਾ ਰਹੀਆਂ ਬੱਚੀਆਂ ਸਦਕਾ ਇਹ ਗਿਣਤੀ ਸੰਨ 2021 ਵਿਚ 904 ਪ੍ਰਤੀ ਹਜ਼ਾਰ ਮੁੰਡੇ ਰਹਿ ਜਾਣ ਵਾਲੀ ਹੈ। ਪਰ ਜੇ ਵੇਲੇ ਸਿਰ ਲੋਕਾਂ ਨੂੰ ਨਾ ਜਗਾਇਆ ਗਿਆ ਤਾਂ ਸੰਨ 2031 ਵਿਚ ਇਹ ਗਿਣਤੀ 898 ਹੀ ਰਹਿ ਜਾਵੇਗੀ।
    ਇਸਦਾ ਮਤਲਬ ਹੈ ਕੁੱਲ ਨੌਜਵਾਨਾਂ ਦੀ ਗਿਣਤੀ ਵਿਚ ਵੀ ਘਾਟਾ! ਪਹਿਲਾਂ ਮੁੰਡਿਆਂ ਦੇ ਲਾਲਚ ਸਦਕਾ ਲੋਕ ਦੋ ਤਾਂ ਤਿੰਨ ਮੁੰਡੇ ਵੀ ਜੰਮਣ ਲੱਗ ਪਏ ਸਨ। ਇਸ ਲਈ ਸੰਨ 1971 ਵਿਚ ਜਿਹੜੀ ਨੌਜਵਾਨਾਂ ਦੀ ਗਿਣਤੀ 30.6 ਫੀਸਦੀ ਸੀ, ਉਹ ਸੰਨ 2011 ਤੱਕ ਪਹੁੰਚਦਿਆਂ 34.8 ਫੀਸਦੀ ਹੋ ਗਈ ਸੀ। ਹੁਣ ਲੋਕ 'ਇੱਕੋ ਮੁੰਡਾ' ਆਧਾਰ ਬਣਾ ਰਹੇ ਹਨ ਤੇ ਇਸੇ ਲਈ ਅੰਕੜੇ ਫਿਰ ਵਿਗੜਨ ਲੱਗ ਪਏ ਹਨ।
    ਸਰਕਾਰੀ ਅੰਕੜਿਆਂ ਮੁਤਾਬਕ ਜੇ ਇਹੀ ਹਾਲ ਰਿਹਾ ਤਾਂ ਸੰਨ 2031 ਤੱਕ ਪਹੁੰਚਦਿਆਂ ਨੌਜਵਾਨਾਂ ਦੀ ਗਿਣਤੀ ਘੱਟ ਕੇ 31.8 ਫੀਸਦੀ ਰਹਿ ਜਾਣ ਵਾਲੀ ਹੈ। ਇਨ੍ਹਾਂ ਨੌਜਵਾਨਾਂ ਵਿਚ ਕੁੜੀਆਂ ਦੀ ਘਾਟ ਬਹੁਤ ਚੁੱਭਣ ਵਾਲੀ ਹੋਵੇਗੀ।
    ਇਸ ਦੇ ਅਨੇਕ ਨੁਕਸਾਨ ਸਾਹਮਣੇ ਆਉਣਗੇ ਜੋ ਸੰਭਾਲਣੇ ਔਖੇ ਹੋ ਜਾਣੇ ਹਨ।
    ਜਿੱਥੇ ਕਿਤੇ ਵੀ ਦੁਨੀਆ ਵਿਚ ਔਰਤਾਂ ਦੀ ਗਿਣਤੀ ਵਿਚ ਘਾਟ ਆਈ ਹੈ, ਉੱਥੇ ਔਰਤਾਂ ਪ੍ਰਤੀ ਹੁੰਦਾ ਜੁਰਮ ਕਈ ਗੁਣਾਂ ਵਧਿਆ ਹੋਇਆ ਲੱਭਿਆ ਹੈ।
    ਕਾਮ ਵਾਸਨਾ ਨੂੰ ਤ੍ਰਿਪਤ ਕਰਨ ਲਈ ਔਰਤ ਜਾਂ ਨਾਬਾਲਗ ਬੱਚੀ ਨੂੰ ਸ਼ਿਕਾਰ ਬਣਾਉਣ ਦਾ ਕੰਮ ਅੱਜ ਵੀ ਜਾਰੀ ਹੈ। ਮਨੁੱਖੀ ਤਸਕਰੀ ਅਧੀਨ ਢੇਰਾਂ ਦੀਆਂ ਢੇਰ ਨਾਬਾਲਗ ਬੱਚੀਆਂ ਚੁੱਕੀਆਂ ਜਾ ਰਹੀਆਂ ਹਨ ਤੇ ਦੇਹ ਵਪਾਰ ਵਿਚ ਧੱਕੀਆਂ ਜਾ ਰਹੀਆਂ ਹਨ।
    ਨਾਬਾਲਗ ਬੱਚੀਆਂ ਨੂੰ ਸੌਖਾ ਸ਼ਿਕਾਰ ਸਮਝ ਕੇ ਜੋ ਸਮੂਹਕ ਬਲਾਤਕਾਰ ਅੱਜ ਦੇ ਦਿਨ ਹੋ ਰਹੇ ਹਨ, ਇਹ ਜਿਸਮਾਨੀ ਭੁੱਖ ਦਾ ਹੀ ਨਤੀਜਾ ਹਨ।
    ਨੂੰਹਾਂ ਦੀ ਖ਼ਰੀਦੋ-ਫ਼ਰੋਖਤ ਵੀ ਕਿਸੇ ਤੋਂ ਲੁਕੀ ਨਹੀਂ ਹੈ। ਇਸ ਦੇ ਨਤੀਜੇ ਭਿਆਨਕ ਹੋਣ ਵਾਲੇ ਹਨ। ਸਿਰਫ਼ ਇਕ ਹੀ ਔਰਤ ਘਰ ਵਿਚ ਦੋ-ਦੋ ਭਰਾਵਾਂ ਨਾਲ ਵੰਡੀ ਜਾ ਰਹੀ ਹੈ। ਕਈ ਥਾਈਂ ਇੱਕੋ ਔਰਤ ਵੱਖੋ-ਵੱਖਰੇ ਘਰਾਂ ਵਿਚ ਅੱਗੋਂ ਵੇਚੀ ਜਾ ਰਹੀ ਹੈ। ਉਸ ਕੋਲੋਂ ਮਸ਼ੀਨ ਵਾਂਗ ਸਿਰਫ਼ ਮੁੰਡੇ ਦਾ ਜਨਮ ਕਰਵਾਇਆ ਜਾਂਦਾ ਹੈ ਤੇ ਫੇਰ ਅਗਾਂਹ ਵੇਚ ਦਿੱਤੀ ਜਾਂਦੀ ਹੈ। ਇਹੋ ਜਿਹੀਆ 'ਮੌਲਕੀਆਂ' ਦੀ ਗਿਣਤੀ ਵੀ ਵਧਦੀ ਜਾ ਰਹੀ ਹੈ।
    ਜਦੋਂ ਦੂਜੇ ਥਾਵਾਂ ਤੋਂ ਵੱਡੀ ਗਿਣਤੀ ਔਰਤਾਂ ਖ਼ਰੀਦ ਕੇ ਨੂੰਹਾਂ ਬਣਾਈਆਂ ਜਾਣ ਲੱਗ ਜਾਣ ਤਾਂ ਜੀਨ ਆਧਾਰਿਤ ਨੁਕਸ ਤੇ ਰੋਗ ਵੀ ਦਿਸਣ ਲੱਗ ਪੈਂਦੇ ਹਨ।
    ਮਿਸਾਲ ਵਜੋਂ ਅਸਾਮ ਵਿਚ ਸਿਕੱਲ ਸੈੱਲ ਬੀਮਾਰੀ ਕਾਫ਼ੀ ਦਿਸਦੀ ਹੈ ਜਿਵੇਂ ਪੰਜਾਬ ਵਿਚ ਥੈਲਾਸੀਮੀਆ ਬੀਮਾਰੀ ਦੇ ਮਰੀਜ਼ ਕਾਫ਼ੀ ਹਨ। ਜਦੋਂ ਦੋ ਮਾੜੇ ਜੀਨਾਂ ਦਾ ਮੇਲ ਵੱਡੀ ਪੱਧਰ ਉੱਤੇ ਹੋਣ ਲੱਗ ਪਵੇ ਤਾਂ ਵੱਖ ਕਿਸਮ ਦਾ ਮਾੜਾ ਜੀਨ ਸਾਹਮਣੇ ਆ ਸਕਦਾ ਹੈ। ਇਨ੍ਹਾਂ ਦੋਨਾਂ ਬੀਮਾਰੀਆਂ ਵਿਚ ਉਮਰ ਭਰ ਲਹੂ ਚੜ੍ਹਾਉਣਾ ਪੈਂਦਾ ਹੈ।
    ਜੇ ਜੀਨ ਦੀ ਤਬਦੀਲੀ ਹੋ ਜਾਏ ਤਾਂ ਸੰਭਵ ਹੈ ਕੋਈ ਹੋਰ ਮਾੜਾ ਜੀਨ ਅਗਲੀ ਪੁਸ਼ਤ ਦੀ ਉਮਰ ਹੀ ਛੋਟੀ ਕਰ ਦੇਵੇ।
    ਦੂਜੀ ਗੱਲ, ਜਿਸ ਦੇ ਅਗਾਊਂ ਖ਼ਤਰਿਆਂ ਬਾਰੇ ਪਹਿਲਾਂ ਹੀ ਚੇਤੰਨ ਕੀਤਾ ਜਾ ਚੁੱਕਿਆ ਹੈ, ਉਹ ਹੈ ਜੀਨ ਦੀ ਤਬਦੀਲੀ।
    ਜਦੋਂ ਨੂੰਹ ਹੋਰ ਥਾਂ ਤੋਂ ਹੋਵੇ ਤਾਂ ਪਹਿਲੀ ਪੁਸ਼ਤ ਵਿਚ 50 ਫੀਸਦੀ ਜੀਨ ਤਬਦੀਲ ਹੋ ਜਾਂਦਾ ਹੈ। ਜੇ ਦੂਜੀ ਪੁਸ਼ਤ ਵੀ ਇੰਜ ਹੀ ਚੱਲੇ ਤਾਂ 75 ਫੀਸਦੀ ਜੀਨ ਤਬਦੀਲ ਹੋ ਜਾਂਦਾ ਹੈ ਤੇ ਤੀਜੀ ਪੁਸ਼ਤ ਤੱਕ 89 ਫੀਸਦੀ ਤੋਂ ਵੱਧ ਜੀਨ ਬਦਲ ਜਾਂਦਾ ਹੈ ਅਤੇ ਪਹਿਲੀ ਪੁਸ਼ਤ ਦਾ ਬੀਜ ਨਾਸ ਹੋ ਜਾਂਦਾ ਹੈ।
    ਜੀਨ ਆਧਾਰਿਤ ਰੋਗ ਜਾਂ ਤਬਦੀਲੀਆਂ ਕਿਸੇ ਵੀ ਕੌਮ ਦਾ ਬੀਜ ਸਦੀਵੀ ਨਾਸ ਕਰਨ ਲਈ ਬਥੇਰੇ ਹੁੰਦੇ ਹਨ।
ਸਿਰਫ਼ ਇੱਕ ਗੱਲ ਬਾਰੇ ਇਨ੍ਹਾਂ ਜਾਰੀ ਕੀੇਤੇ ਸਰਕਾਰੀ ਅੰਕੜਿਆਂ ਦੇ ਅਖ਼ੀਰ ਵਿਚ ਖ਼ੁਸ਼ੀ ਜ਼ਾਹਰ ਕੀਤੀ ਗਈ ਹੈ ਕਿ ਕੁੜੀਆਂ ਦੀ ਗਿਣਤੀ ਘੱਟ ਜਾਣ ਨਾਲ ਸ਼ਾਇਦ ਬਾਲ ਵਿਆਹ ਹੋਣੇ ਬੰਦ ਹੋ ਜਾਣਗੇ ਜੋ ਅੱਜ ਦੇ ਦਿਨ 18 ਵਰ੍ਹੇ ਪੂਰੇ ਹੋਣ ਤੋਂ ਪਹਿਲਾਂ ਅਨੇਕ ਬੱਚੀਆਂ ਦੇ ਹੋ ਰਹੇ ਹਨ।
    ਇਹ ਵਿਚਾਰ ਸਹੀ ਨਹੀਂ ਜਾਪਦੇ। ਰਤਾ ਧਿਆਨ ਕਰੀਏ। ਉੱਤਰਾਖੰਡ ਦੇ ਉੱਤਰਾਕਾਸ਼ੀ ਜ਼ਿਲ੍ਹੇ ਵਿਚਲੇ 132 ਪਿੰਡਾਂ ਵਿਚ ਪਿਛਲੇ ਤਿੰਨ ਮਹੀਨਿਆਂ ਤੋਂ ਇੱਕ ਵੀ ਕੁੜੀ ਪੈਦਾ ਨਹੀਂ ਹੋਈ। ਇਸ ਦੌਰਾਨ 216 ਬੱਚੇ ਪੈਦਾ ਹੋਏ ਹਨ। ਯਾਨੀ ਇਨ੍ਹਾਂ 216 ਮੁੰਡਿਆਂ ਲਈ ਇਕ ਵੀ ਕੁੜੀ ਨਹੀਂ ਹੋਵੇਗੀ। ਇਸ ਕਤਲੇਆਮ ਦੇ ਕਾਰਨ ਲੱਭਣ ਲਈ ਮੈਜਿਸਟ੍ਰੇਟ ਅਸ਼ੀਸ਼ ਚੌਹਾਨ ਨੇ ਕਿਹਾ ਹੈ ਕਿ ਖੋਜ ਹੋਣੀ ਚਾਹੀਦੀ ਹੈ, ਕਿਉਂ ਲੋਕ ਧੀਆਂ ਨੂੰ ਕੁੱਖ ਵਿਚ ਮਾਰ ਰਹੇ ਹਨ!
    ਇਸ ਤਸਵੀਰ ਨੂੰ ਸਾਹਮਣੇ ਰੱਖ ਕੇ ਹੁਣ ਇਹ ਸੋਚੀਏ ਕਿ ਅਖ਼ੀਰ ਕਿਸੇ ਘਰ ਗ਼ਲਤੀ ਨਾਲ ਵੀ ਇੱਕ ਧੀ ਜੇ ਪੈਦਾ ਹੋ ਗਈ ਤਾਂ ਕੀ 216 ਮੁੰਡਿਆਂ ਵਾਲੇ ਟੱਬਰਾਂ ਵਿੱਚੋਂ ਰਸੂਖਵਾਨ ਟੱਬਰ ਉਸ ਕੁੜੀ ਨੂੰ ਆਪਣੇ ਮੁੰਡੇ ਲਈ ਛੇਤੀ ਤੋਂ ਛੇਤੀ ਵਿਆਹ ਕੇ ਨਹੀਂ ਲਿਆਉਣਾ ਚਾਹੁਣਗੇ? ਇੰਜ ਕੀ ਬਾਲ ਵਿਆਹ ਉੱਤੇ ਰੋਕ ਲੱਗੇਗੀ ਕਿ ਸਗੋਂ ਵਾਧਾ ਹੋ ਜਾਵੇਗਾ?
    ਇਹ ਵੀ ਕੋਈ ਵੱਡੀ ਗੱਲ ਨਹੀਂ ਕਿ ਕਾਮ ਵਾਸਨਾ ਨੂੰ ਤ੍ਰਿਪਤ ਕਰਨ ਲਈ ਏਨੀ ਵੱਡੀ ਗਿਣਤੀ ਵਿੱਚੋਂ ਕੋਈ ਜਣਾ ਉਸ ਦਾ ਛੋਟੀ ਹੁੰਦਿਆਂ ਹੀ ਜਿਸਮਾਨੀ ਸ਼ੋਸ਼ਣ ਕਰਨਾ ਚਾਹੇ! ਯਾਨੀ ਮਾਪਿਆਂ ਲਈ ਕੁੜੀ ਦੀ ਰਾਖੀ ਹੀ ਸਭ ਤੋਂ ਵੱਡੀ ਚਿੰਤਾ ਬਣ ਜਾਏਗੀ।
    ਅਜਿਹੇ ਮਾਹੌਲ ਵਿਚ ਸੌਖਿਆਂ ਹੀ ਸਮਝ ਆ ਸਕਦੀ ਹੈ ਕਿ ਆਉਣ ਵਾਲਾ ਸਮਾਂ ਔਰਤਾਂ ਲਈ ਕਿੰਨਾ ਭਿਆਨਕ ਸਿੱਧ ਹੋਣ ਵਾਲਾ ਹੈ!
    ਹਾਲੇ ਵੀ ਵੇਲਾ ਹੈ! ਜਾਗ ਜਾਈਏ ਤੇ ਮਾਦਾ ਭਰੂਣ ਹੱਤਿਆ ਵਿਰੁੱਧ ਸਾਰਥਕ ਕਦਮ ਚੁੱਕ ਕੇ ਮਨੁੱਖੀ ਹੋਂਦ ਨੂੰ ਬਚਾ ਲਈਏ।
    50 ਸਾਲਾਂ ਤੋਂ ਪੂਰਾ ਜ਼ੋਰ ਲਾਉਣ ਬਾਅਦ ਤੇ ਜਾਗ੍ਰਿਤੀ ਲਿਆਉਣ ਦੀ ਕੋਸ਼ਿਸ਼ ਕਰਨ ਬਾਅਦ ਵੀ ਨਤੀਜਾ ਜ਼ੀਰੋ ਹੈ। ਇਹ ਕੋਸ਼ਿਸ਼ਾਂ ਮਾੜੇ ਲੋਕਾਂ ਦੀ ਕੁੜੀਆਂ ਪ੍ਰਤੀ ਸੋਚ ਬਦਲ ਹੀ ਨਹੀਂ ਸਕੀਆਂ। ਇਸੇ ਲਈ ਹੁਣ ਠੋਸ ਕਦਮ ਪੁੱਟਣ ਦੀ ਲੋੜ ਹੈ।
    ਹਰ ਮਾਦਾ ਭਰੂਣ ਹੱਤਿਆ ਤੇ ਜੰਮਣ ਬਾਅਦ ਕੁੜੀ ਦਾ ਸੁੱਟਣਾ ਕਤਲ ਗਿਣਿਆ ਜਾਣਾ ਚਾਹੀਦਾ ਹੈ ਤੇ ਮਾਪਿਆਂ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ। ਦਾਜ ਦੇਣ ਤੇ ਲੈਣ ਵਾਲਿਆਂ ਨੂੰ ਵੀ ਉਮਰ ਕੈਦ ਦੀ ਸਜ਼ਾ ਦੇ ਨਾਲੋ-ਨਾਲ ਉਨ੍ਹਾਂ ਦੀ ਜਾਇਦਾਦ ਵੀ ਜ਼ਬਤ ਕਰ ਲੈਣੀ ਚਾਹੀਦੀ ਹੈ। ਸਾਦੇ ਵਿਆਹ ਲਾਜ਼ਮੀ ਕਰ ਦੇਣੇ ਚਾਹੀਦੇ ਹਨ। ਵਿਆਹ ਵਾਸਤੇ 11 ਜਣਿਆਂ ਤੋਂ ਵੱਧ ਲੋਕਾਂ ਦੇ ਜਾਣ ਉੱਤੇ ਪਾਬੰਦੀ ਲੱਗਣੀ ਚਾਹੀਦੀ ਹੈ। ਜੇ ਧਰਤੀ ਉੱਤੇ ਕੁੜੀਆਂ ਦਾ ਮੁਕੰਮਲ ਖ਼ਾਤਮਾ ਨਹੀਂ ਚਾਹੁੰਦੇ ਤਾਂ ਕਾਰਗਰ ਕਦਮ ਪੁੱਟਣ ਦਾ ਵੇਲਾ ਹੁਣੇ ਹੈ।
 
ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ,
ਲੋਅਰ ਮਾਲ ਪਟਿਆਲਾ।
ਫੋਨ ਨੰ: 0175-2216783