ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

30 July 2019

ਮਿਲਾਵਟੀ ਅਤੇ ਗਲਤ ਬਰਾਂਡ ਦੇ ਭੋਜਨ ਨਮੂਨਿਆਂ 'ਚ ਪੰਜਾਬ ਸਭ ਤੋਂ ਅੱਗੇ- ਇਕ ਖ਼ਬਰ
ਬਦਨਾਮ ਭੀ ਹੋਂਗੇ ਤੋ ਕਿਆ ਨਾਮ ਨਾ ਹੋਗਾ।

ਸੰਨ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਹੋਣ 'ਤੇ ਸਰਕਾਰ ਨੂੰ ਵੀ ਸ਼ੱਕ- ਇਕ ਖ਼ਬਰ 
ਕਸਮੇਂ, ਵਾਅਦੇ, ਜੁਮਲੇ, ਸ਼ੁਮਲੇ, ਬਾਤੇਂ ਹੈਂ ਬਾਤੋਂ ਕਾ ਕਿਆ।

ਅਫ਼ਸਰੋ ! ਬਾਜ਼ ਆ ਜਾਉ, ਨਹੀਂ ਤਾਂ ਸਖ਼ਤ ਐਕਸ਼ਨ ਲਵਾਂਗੀ- ਮਨੀਸ਼ਾ ਗੁਲਾਟੀ
ਮੈਨੂੰ ਨਰਮ ਕੁੜੀ ਨਾ ਜਾਣੀ, ਲੜ ਜੂੰ ਭਰਿੰਡ ਬਣ ਕੇ।

ਕੋਠੀ ਦੇ ਬੰਦ ਕਮਰਿਆਂ 'ਚ ਨਵਜੋਤ ਸਿੱਧੂ ਅਗਲੀ ਰਣਨੀਤੀ ਘੜਨ 'ਚ ਰੁਝੇ-ਇਕ ਖ਼ਬਰ
ਕੁੱਲੀ ਨੀਂ ਫ਼ਕੀਰ ਦੀ ਵਿਚੋਂ ਅੱਲਾ ਹੂ ਦਾ ਆਵਾਜ਼ਾ ਆਵੇ।

ਸ਼੍ਰੋਮਣੀ ਕਮੇਟੀ ਵਾਲ਼ੇ ਟਿੱਚ ਜਾਣਦੇ ਹਨ 'ਜਥੇਦਾਰ' ਦੇ 'ਇਲਾਹੀ' ਆਦੇਸ਼ਾਂ ਨੂੰ- ਇਕ ਖ਼ਬਰ
ਸਾਡੀ ਬਿੱਲੀ, ਸਾਨੂੰ ਹੀ ਮਿਆਊਂ?

ਇਮਰਾਨ ਖ਼ਾਨ ਅਮਰੀਕਾ ਨਾਲ਼ ਸਬੰਧਾਂ ਦੇ ਸੁਧਾਰ ਦੇ ਮਕਸਦ ਨਾਲ਼ ਟਰੰਪ ਨਾਲ਼ ਕਰਨਗੇ ਮੁਲਾਕਾਤ- ਇਕ ਖ਼ਬਰ
ਹੋ ਬੂਹੇ ਮੱਲ ਬੈਠੇ, ਭਗਤ ਮਈਆ ਜੀ ਦਰ ਤੇਰੇ 'ਤੇ।

ਟਰੰਪ ਵਲੋਂ ਕਸ਼ਮੀਰ ਮਸਲੇ ਲਈ ਵਿਚੋਲਗੀ ਦੀ ਪੇਸ਼ਕਸ਼-ਇਕ ਖ਼ਬਰ
ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈ।

ਸਿੱਖ ਜਥੇਬੰਦੀਆਂ ਵਲੋਂ ਸਾਂਝਾ ਮੁਹਾਜ਼ ਉਸਾਰਨ ਲਈ ਇਕ ਹੋਰ ਹੰਭਲਾ- ਇਕ ਖ਼ਬਰ
ਝੰਡੇ ਨਿੱਕਲੇ ਕੂਚ ਦਾ ਹੁਕਮ ਹੋਇਆ, ਚੜ੍ਹੇ ਸੂਰਮੇ ਸਿੰਘ ਦਲੇਰ ਮੀਆਂ।

ਪ੍ਰਧਾਨ ਮੰਤਰੀ ਮੋਦੀ ਦੇਸ਼ ਨੂੰ ਦੱਸਣ ਕਿ ਟਰੰਪ ਨਾਲ਼ ਕੀ ਗੱਲ ਹੋਈ ਸੀ?- ਰਾਹੁਲ ਗਾਂਧੀ
ਕਿਹੜੇ ਯਾਰ ਦਾ ਗੁਤਾਵਾ ਕੀਤਾ, ਅੱਖ ਵਿਚ ਕੱਖ ਪੈ ਗਿਆ।

ਦਰਬਾਰਾ ਗੁਰੂ ਅਤੇ ਇਜ਼ਹਾਰ ਆਲਮ ਬਾਰੇ ਅਕਾਲੀ ਦਲ ਆਪਣਾ ਸਟੈਂਡ ਸਪਸ਼ਟ ਕਰੇ-ਆਪ ਪਾਰਟੀ
ਕੱਚੀਆਂ ਕਲੀਆਂ ਦਾ, ਕੌਣ ਭਰੂ ਹਰਜਾਨਾ।

ਬਾਦਲਾਂ ਵਾਂਗ ਹੀ ਨਾਕਾਮ ਰਹੀ ਕੈਪਟਨ ਸਰਕਾਰ- ਹਰਪਾਲ ਚੀਮਾ
ਨੱਥਾ ਸਿੰਘ ਪ੍ਰੇਮ ਸਿੰਘ, ਵੰਨ ਐਂਡ ਦੀ ਸੇਮ ਥਿੰਗ।

ਮੁਲਕ ਵਿਚਲੇ ਕਾਲ਼ੇ ਧਨ ਬਾਰੇ ਕੋਈ ਅੰਦਾਜ਼ਾ ਨਹੀਂ- ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ
ਰੋਟੀ ਮੇਰਾ ਯਾਰ ਖਾ  ਗਿਆ, ਦਾਣੇ ਚੱਬ ਲਾ ਪਤੀਲੇ ਦਿਆ ਢੱਕਣਾ।

ਕਾਂਗਰਸ ਕਿਸੇ ਵੀ ਕੀਮਤ 'ਤੇ ਛੱਡਾਂਗਾ ਨਹੀਂ- ਸਿੱਧੂ
ਭਗਤੀ ਤੇਰੀ ਪੂਰਨਾ, ਕੱਚੇ ਧਾਗੇ ਦਾ ਸੰਗਲ ਬਣ ਜਾਵੇ।

ਸੁਪਰੀਮ ਕੋਰਟ ਵਲੋਂ 34 ਦੋਸ਼ੀਆਂ ਨੂੰ ਬਰੀ ਕਰਨ 'ਤੇ ਸਮੁੱਚਾ ਅਕਾਲੀ ਦਲ ਬਾਦਲ ਚੁੱਪ ਕਿਉਂ?-ਸਰਨਾ
ਕਬਰਾਂ ਨਾ ਪੁੱਟ ਵੇ, ਨਹੀਂ ਲੱਭਣੀ ਪਰਤਾਪੀ।

ਵਿਜੀਲੈਂਸ ਬਿਊਰੋ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਦ੍ਰਿੜ੍ਹ-ਡੀ.ਐੱਸ.ਪੀ.
ਟੁੰਡੀਲਾਟ ਨੇ ਚੁੱਕਿਆ ਆਣ ਬੀੜਾ, ਹਮ ਸਿੰਘ ਸੇ ਜਾਇ ਕੇ ਲੜੇਗਾ ਜੀ।