ਪੰਜਾਬ ਕੌਣ ਵੇਖੇ - ਮਨਿੰਦਰ ਸਿੰਘ "ਮਨੀ"
ਨਸ਼ਿਆਂ ਚ ਅੱਜ ਖੁਰਦਾ ਪੰਜਾਬ ਕੌਣ ਵੇਖੇ।
ਮਾਵਾਂ ਦੀਆਂ ਅੱਖਾਂ ਵਿੱਚ ਸੈਲਾਬ ਕੌਣ ਵੇਖੇ॥
ਭੁੱਖਮਰੀ, ਤੰਗ ਹਾਲੀ ਚ ਜੀ ਰਿਹਾ ਬਸ਼ਰ।
ਕਿਨ੍ਹੇ, ਕਿੰਜ ਕੀ ਲੁੱਟਿਆ ਹਿਸਾਬ ਕੌਣ ਵੇਖੇ॥
ਪੁਰਾਣਾ ਚਲਨ ਬਲਾਤਕਾਰੀ ਨੂੰ ਪੂਜਣਾ।
ਵਾਸਨਾ ਦੀ ਅੱਗ ਅੱਗੇ ਹਿਜਾਬ ਕੌਣ ਵੇਖੇ॥
ਮਜ਼੍ਹਬ ਭੁੱਲ ਜਾਂਦੇ ਨੇ ਲੋਕੀਂ ਮੈਖ਼ਾਨੇ ਅੰਦਰ।
ਫੇਰ ਗੁਰੂਆਂ, ਫ਼ਕੀਰਾਂ ਦਾ ਤਾਬ ਕੌਣ ਵੇਖੇ॥
ਮੁੜ ਆਉਣ ਬੱਚੇ, ਬੁੱਢੇ ਮਾਪੇ ਤਰਲੇ ਲੈਂਦੇ।
ਬੇਗਾਨੇ ਮੁਲਕੋਂ ਜਾਣ ਦਾ ਖ਼ਾਬ ਕੌਣ ਵੇਖੇ॥
ਲੋਕੀ ਕਰ ਚੋਰੀ ਵਿਆਹ ਪਰਦੇਸੀ ਹੋ ਜਾਂਦੇ |
ਪਿੱਛੇ ਰੋਂਦੇ ਧੀਆਂ ਪੁੱਤਾ ਦੇ ਅਜ਼ਾਬ ਕੌਣ ਵੇਖੇ ||
ਹੱਥੀਂ ਬੰਦੂਕਾਂ, ਚਾਕੂ, ਛੁਰੀਆਂ ਚੁੱਕੀ ਫਿਰਦੇ ਨੇ।
ਸ਼ੈਤਾਨ ਤੋਂ ਬੰਦਾ ਬਣਾਉਂਦੀ ਕਿਤਾਬ ਕੌਣ ਵੇਖੇ॥
ਚਿਹਰੇ ਉੱਤੇ ਚਿਹਰੇ ਲਗਾ ਘੁੰਮੇ ਦੁਨੀਆਂ |
ਡਰੇ ਸਾਰੇ, ਦੂਜੇ ਦਾ ਹਟਾ ਨਕਾਬ ਕੌਣ ਵੇਖੇ |
ਲਿਖਣ ਵਾਲੇ ਲਿਖ ਲਿਖ ਵਰਕੇ ਭਰਦੇ ਨੇ |
ਸੱਚ ਲਿਖਿਆ ਜਾਂ ਨਹੀਂ ਕਿਤਾਬ ਕੌਣ ਵੇਖੇ ||
ਲਹਿੰਦੇ ਚੜ ਦੇ ਪਾਸੇ ਵੈਰੀ ਹੋਏ ਫਿਰਦੇ ਨੇ।
ਸਮੇਂ ਦੀ ਮਾਰ ਦਾ ਮਾਰਾ ਪੰਜਾਬ ਕੌਣ ਵੇਖੇ॥
ਮਨਿੰਦਰ ਸਿੰਘ "ਮਨੀ"
ਮੌਲਿਕ ਰਚਨਾ
9216210601