ਅਣਗ਼ੌਲੀ ਹੈ 1919 ਦੀ ਖ਼ੂਨੀ ਵੈਸਾਖੀ ਦੀ ਕਵਿਤਾ - ਡਾ. ਚਰਨਜੀਤ ਸਿੰਘ ਗੁਮਟਾਲਾ

ਕਿਸ਼ਤ 1

-ਡਾ. ਚਰਨਜੀਤ ਸਿੰਘ ਗੁਮਟਾਲਾ,gumtalacs@gmail.com,  1 9375739812 ਡੇਟਨ( ਓਹਾਇਹੋ) ਯੂ ਐਸ ਏ

    13 ਅਪ੍ਰੈਲ 1919 ਦੀ ਖ਼ੂਨੀ ਵੈਸਾਖੀ ਦੀਆਂ ,ਨਾਲ ਸਬੰਧਤ ਘਟਨਾਵਾਂ ਸਬੰਧੀ 100 ਸਾਲ ਬੀਤ ਜਾਣ ਤੋ ਬਾਦ ਵੀ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ 'ਤੇ ਲਗਾਤਾਰ ਸਾਹਿਤ ਰਚਿਆ ਜਾ ਰਿਹਾ ਹੈ।ਭਾਰਤੀਆਂ ਉੱਪਰ ਅੰਗਰੇਜ਼ੀ ਹਕੂਮਤ ਵੱਲੋਂ ਢਾਹੇ ਗਏ ਤਸ਼ਦੱਦ ਤੇ ਕੀਤੀਆਂ ਗਈਆਂ ਜ਼ਾਲਮਾਨਾ ਕਾਰਵਾਈਆਂ ਦੇ ਕਾਲੇ ਪੰਨਿਆਂ ਨਾਲ ਭਾਰਤੀ ਇਤਿਹਾਸ ਭਰਿਆ ਪਿਆ। 1857 ਦੇ ਗ਼ਦਰ ਤੋਂ ਬਾਅਦ, ਗ਼ਦਰ  ਪਾਰਟੀ ਲਹਿਰ ਤੋਂ ਪਿੱਛੋਂ ਅਪ੍ਰੈਲ 1919 ਵਿੱਚ ਉਨ੍ਹਾਂ ਦੁਆਰਾ ਕੀਤੀਆਂ ਗਈਆਂ ਰੌਂਗਟੇ ਖੜੇ ਕਰਨ ਵਾਲੀਆਂ ਜਾਲਮਾਨਾਂ ਕਾਰਵਾਈਆਂ ਸੰਬੰਧੀ ਜਿੱਥੇ ਇਤਿਹਾਸਕਾਂ ਤੇ ਉਸ ਸਮੇਂ ਦੀ ਪ੍ਰੈਸ ਨੇ  ਆਪਣਾ ਬਣਦਾ ਫ਼ਰਜ ਨਿਭਾਇਆ,ਉੱਥੇ ਲੇਖਕਾਂ ਦੇ ਕੋਮਲ ਮਨ ਨੂੰ ਵੀ ਟੁਮਿੰਆ।ਸਿੱਟੇ ਵਜੋਂ 13 ਅਪ੍ਰੈਲ 1919 ਨੂੰ ਜਲ੍ਹਿਆਂ ਵਾਲੇ ਬਾਗ਼ ਵਿੱਚ ਜਨਰਲ ਡਾਇਰ ਵੱਲੋਂ ਨਿਹੱਥੇ ਤੇ ਪੁਰ ਅਮਨ ਢੰਗ ਨਾਲ ਚੱਲ ਰਹੇ ਜਲਸੇ ਵਿੱਚ ਬੇਦੋਸ਼ਿਆਂ ਨੂੰ ਅੰਨ੍ਹੇਵਾਹ ਗੋਲੀਆਂ ਨਾਲ ਸ਼ਹੀਦ ਕਰਨ ਸੰਬੰਧੀ ਸਾਹਿਤ ਵੀ ਰਚਿਆ ਗਿਆ। ਤਕਰੀਬਨ ਸਾਰਾ ਸਾਹਿਤ ਹੀ ਅੰਗਰੇਜ਼ਾਂ ਨੇ ਜ਼ਬਤ ਕਰ ਲਿਆ।ਉਸ ਸਮੇਂ  ਲਾਲਾ ਕਿਸ਼ਨ ਚੰਦ ਜੇਬਾ ਨੇ ਉਰਦੂ ਨਾਟਕ 'ਜ਼ਖਮੀ ਪੰਜਾਬ' ਪ੍ਰਕਸ਼ਿਤ ਹੋਇਆ,ਜਿਸ ਨੂੰ ਵੀ ਸਰਕਾਰ ਨੇ ਜ਼ਬਤ ਕਰ ਲਿਆ ਅਤੇ ਡਰਾਮੈਟਿਕ ਪਰਫਾਰਮਸ ਐਕਟ ਅਧੀਨ ਇਸ ਨੂੰ ਖੇਡਣ ' ਤੇ ਪਾਬੰਦੀ ਲਾ ਦਿੱਤੀ।
    ਇੰਝ ਕਿਹਾ ਜਾ ਸਕਦਾ ਹੈ ਕਿ ਉਹ ਲੇਖਕ ਮਹਾਨ ਸਨ ਜਿਨ੍ਹਾਂ ਨੇ ਗ਼ੁਲਾਮ ਭਾਰਤ ਵਿਚ ਆਪਣੀ ਕਲਮ ਨਿਧੜਕ ਹੋ ਕਿ ਚਲਾਈ ਤੇ ਜ਼ਾਲਮ ਹਕੂਮਤ ਵਲੋਂ ਢਾਹੇ ਕਹਿਰ ਨੂੰ ਇਤਿਹਾਸਕ ਦਸਤਾਵੇਜ਼ ਦਾ ਰੂਪ ਦੇ ਦਿੱਤਾ ।ਇਸ ਘਟਨਾ ਦੇ ਕੁਝ ਹੀ ਸਮਾਂ ਪਿੱਛੋਂ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋ ਗਈ,ਜਿਸ ਨਾਲ ਲੇਖਕਾਂ ਦਾ ਧਿਆ ਉਸ ਪਾਸੇ ਹੋ ਗਿਆ ।ਇਸ ਜ਼ਬਤ ਹੋਇ ਸਾਹਿਤ ਸਬੰਧੀ ਡਾ. ਗੁਰਦੇਵ ਸਿੰਘ ਸਿੱਧੂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਿਤ ਪੁਸਤਕ 'ਸਾਕਾ ਬਾਗ਼-ਏ-ਜਲ੍ਹਿਆਂ'  ਵਿੱਚ  ਇਸ ਕਵਿਤਾ ਦੇ ਮੂਲ ਪਾਠ ਨੂੰ ਛਾਪ ਕੇ ਸ਼ਲਾਘਾਯੋਗ ਕੰਮ ਕੀਤਾ ਹੈ। ਅਜੇ ਵੀ ਬਹੁਤ ਸਾਰਾ ਸਾਹਿਤ ਅਣਗੌਲਿਆ ਹੋ ਸਕਦਾ ਹੈ ,ਜਿਸ ਦੀ ਲੇਖਕਾਂ ਤੀਕ ਪਹੁੰਚ ਨਹੀਂ ਹੋ ਸਕੀ।ਇਸ ਲਈ ਇਸ ਸਬੰਧੀ ਹੋਰ ਖੋਜ ਕਰਨ ਦੀ ਲੋੜ ਹੈ ।ਜਦ ਕਿ ਇਸ ਘਟਨਾ ਦੀ ਪਹਿਲੀ ਸ਼ਤਾਬਦੀ ਮਨਾਈ ਜਾ ਰਹੀ ਤਾਂ ਲੋੜ ਹੈ ਸਮੁਚੇ ਸਾਹਿਤ ਨੂੰ ਇਕ ਜਿਲਦ ਵਿਚ ਵੱਖ ਵੱਖ ਭਾਸ਼ਾਵਾਂ ਵਿਚ ਛਾਪਿਆ ਜਾਵੇ ਤਾਂ ਜੋ ਸਾਰੇ ਦੇਸ਼ ਵਾਸੀਆਂ ਨੂੰ ਇਸ ਬਾਰੇ ਜਾਣਕਾਰੀ ਮਿਲ ਸਕੇ ।ਡਾ. ਗੁਰਦੇਵ ਸਿੰਘ ਸਿੱਧੂ ਨੇ ਜਿਨ੍ਹਾਂ ਕਵੀਆਂ ਬਾਰੇ ਲਿਖਿਆ ਹੈ, ਉਨ੍ਹਾਂ ਦਾ ਵੇਰਵਾ ਸੰਖੇਪ ਵਿਚ ਹੇਠ ਲਿਖੇ ਅਨੁਸਾਰ ਹੈ:

1. ਹਕੀਮ ਅਬਦੁਲ ਕਾਦਰ ਬੇਗ਼: 'ਮਹਿੰਦੀ ਵਾਲੇ ਹੱਥ ਜੋੜਦੀ' ਅਨੁਵਾਦ ਅਧੀਨ ਫ਼ਾਰਸੀ ਅੱਖਰਾਂ ਵਿੱਚ ਦਸੰਬਰ 1921 ਦੌਰਾਨ ਪ੍ਰਕਾਸ਼ਿਤ ਹੋਇਆ ਇੱਕ ਗੀਤ ਮਿਲਦਾ ਹੈ। ਬੋਲੀਆਂ ਦੇ ਰੂਪ ਵਿੱਚ ਰਚੀ ਇਸ ਰਚਨਾ ਵਿੱਚ ਕਵੀ ਨੇ ਕਈ ਵਿਸ਼ਿਆਂ ਨੂੰ ਛੋਹਿਆ ਹੈ। ਇਨ੍ਹਾਂ ਵਿੱਚੋਂ ਜਲ੍ਹਿਆਂ ਵਾਲੇ ਬਾਗ਼ ਦੇ ਹੱਤਿਆ ਕਾਂਡ ਨਾਲ ਸੰਬੰਧਿਤ ਬੋਲੀਆਂ ਇਸ ਸੰਗ੍ਰਹਿ ਵਿੱਚ ਦਰਜ਼ ਕੀਤੀਆਂ ਗਈਆਂ ਹਨ।ਪੁਸਤਕ ਵਿਚ ਸੁਤੇ ਹੋਇ ਭਾਰਤੀਆਂ ਨੂੰ  ਹਲੂੰਣਾ ਦੇਣ ਲਈ ਹੇਠ ਲਿੱਖੀ ਕਵਿਤਾ ਦਿੱਤੀ ਗਈ ਹੈ:
ਅੱਖਾਂ ਜ਼ਰਾ ਖੋਲ੍ਹੋ ਹਿੰਦੀਓ
ਅੱਜ ਤੱਕ ਹੋਸ਼ ਨਾ ਆਈ
ਹੋਸ਼ ਨਾ ਆਈ ਮਾਰਾਂ ਖਾਂਦਿਆਂ ਨੂੰ,
ਤੇ ਅੱਜ ਤੱਕ ਹੋਸ਼ ਨਾ ਆਈ।
ਵਿੱਚ ਖੁਆਬ ਗੂੜੇ ਦੇ
ਖੁਆਬ ਗੂੜੇ ਦੇ ਸੌ ਰਹੇ ਮੁਲਕੀ ਭਾਈ,
ਤੇ ਵਿੱਚ ਖੁਆਬ ਗੂੜੇ ਦੇ।
ਲੀਡਰਾਂ ਨੇ ਝੂਣ ਝੂਣ ਕੇ
ਝੂਣ ਝੂਣ ਕੇ ਹੋਸ਼ ਦਿਲਾਈ,
 ਤੇ ਲੀਡਰਾਂ ਨੇ ਝੂਣ ਝੂਣ ਕੇ।
ਆਖਰਕਾਰ ਡਾਇਰ ਨੇ
ਚੋਭਾਂ ਦੇ ਕੇ ਇਹਨਾਂ ਨੂੰ ਜਗਾਇਆ,
ਤੇ ਆਖਰਕਾਰ ਡਾਇਰ ਨੇ।
ਰੰਨਾਂ ਮੁੰਡੇ ਪਏ ਕੂਕਦੇ
ਐਡਾ ਜ਼ੁਲਮ ਕਮਾ ਨਾ ਤੂੰ ਡਾਇਰਾ,
ਤੇ ਰੰਨਾਂ ਮੁੰਡੇ ਪਏ ਕੂਕਦੇ।
ਚਿੜੀਆਂ ਨੂੰ ਮਾਰਨੇ ਆਇਆ
ਮਾਰਨੇ ਆਇਆ ਮਤਵਾਲਾ,
ਤੇ ਚਿੜੀਆਂ ਨੂੰ ਮਾਰਨੇ ਆਇਆ।
ਭੁੰਨ ਭੁੰਨ ਰੱਖਦਾ ਗਿਆ
ਰੱਖਦਾ ਗਿਆ ਉਹ ਮੂੰਹ ਕਾਲਾ,
ਤੇ ਭੁੰਨ ਭੁੰਨ ਰੱਖਦਾ ਗਿਆ।

ਅੰਬਰਾਂ ਦੇ ਅੰਬਾਰ ਲੱਗ ਗਏ
ਉਹਨਾਂ ਜ਼ਰਾ ਤਰਸ ਨਾ ਆਵੇ,
ਤੇ ਅੰਬਾਰਾਂ ਦੇ ਅੰਬਾਰ ਲੱਗ ਗਏ।
ਅੱਖਾਂ ਜ਼ਰਾ ਖੋਲੌ ਹਿੰਦੀਓ
ਆਪ ਦੇਸ ਦਾ ਨਾਸ ਕਰਾਇਆ,
ਤੇ ਅੱਖਾਂ ਜ਼ਰਾ ਖੋਲੋ, ਹਿੰਦੀਓ।

2. ਅਮੀਰ ਅਲੀ 'ਅਮਰ': ਅੰਮ੍ਰਿਤਸਰ ਦੇ ਵਸਨੀਕ ਅਮੀਰ ਅਲੀ ਅਮਰ ਦੁਆਰਾ ਜਲ੍ਹਿਆਂ ਵਾਲੇ ਬਾਗ਼ ਦੇ ਹੱਤਿਆਕਾਂਡ ਦੇ ਹਵਾਲੇ ਨਾਲ ਰਚਿਆ 'ਬਾਰਾਂਮਾਹ ਕਿਚਲੂ' ਮਿਲਦਾ ਹੈ। ਫ਼ਰਵਰੀ 1922 ਵਿੱਚ ਫ਼ਾਰਸੀ ਅੱਖਰਾਂ ਵਿੱਚ ਪ੍ਰਕਾਸ਼ਿਤ ਇਸ ਰਚਨਾ ਵਿਚ ਕਵੀ ਨੇ ਇਸ ਘਟਨਾ ਨੂੰ  ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ:

            ਬਾਰਾਂਮਾਹ ਕਿਚਲੂ
    ਚੜ੍ਹਿਆ ਚੇਤ ਚਿਤਾਰਾਂ
    ਹੋਮ ਰੂਲ ਪੁਕਾਰਾਂ
    ਗੁੱਝੀਆਂ ਪੀੜਾਂ ਹਜ਼ਾਰਾਂ
    ਦੱਸਾਂ ਕਿਹੜੀ ਮੈਂ ਫੋਲ---
    ਕਿਚਲੂ ਵੀਰ ਵੇ ਮੇਰੇ ਦੁੱਖੜੇ ਨਾ ਫੋਲ।

    ਵਿਸਾਖ ਵਿਸਾਖੀ ਜੋ ਆਈ
    ਡਾਇਰ ਗੋਲੀ ਚਲਾਈ
    ਸਤਪਾਲ ਤੇਰੀ ਦੁਹਾਈ
    ਲੈ ਚੱਲ ਗਾਂਧੀ ਦੇ ਕੋਲ---
    ਕਿਚਲੂ ਵੀਰ ਵੇ ਮੇਰੇ ਦੁੱਖੜੇ ਨਾ ਫੋਲ।

    ਜੇਠ ਜੁਰਮ ਨਾ ਕੋਈ
    ਮਾਰੇ ਗਏ, ਨੇ ਸੋਈ
    ਡਰਦਾ ਜਾਵੇ ਨਾ ਕੋਈ
    ਜਾਲਮ ਡਾਇਰ ਦੇ ਕੋਲ---
    ਕਿਚਲੂ ਵੀਰ ਵੇ ਮੇਰੇ ਦੁੱਖੜੇ ਨਾ ਫੋਲ।

    ਹਾੜ ਹਰ ਦਮ ਰੋਵਾਂ
    ਮੂੰਹ ਆਸੂੰਆਂ ਥੀਂ ਧੋਵਾਂ
    ਛਾਤੀ ਪਿੱਟਾਂ ਵਾਲ ਖੋਵਾਂ
    ਵੱਜਦੇ ਮਾਰਸ਼ਲ ਦੇ ਢੋਲ---
    ਕਿਚਲੂ ਵੀਰ ਵੇ ਮੇਰੇ ਦੁੱਖੜੇ ਨਾ ਫੋਲ।

    ਸਾਵਣ ਸੁੱਕਦੀ ਜਾਵਾਂ
    ਗਮ ਵੀਰਾਂ ਦਾ ਖਾਵਾਂ
    ਰੱਬਾ ਕਿਤ ਵਲ ਜਾਵਾਂ
    ਮਰ ਗਏ ਅਣਭੋਲ---
    ਕਿਚਲੂ ਵੀਰ ਵੇ ਮੇਰੇ ਦੁੱਖੜੇ ਨਾ ਫੋਲ।

    ਭਾਦੋਂ ਭਾਈ ਪਿਆਰੇ
    ਵਿਛੜ ਗਏ ਨੀ ਸਾਰੇ
    ਜਿਹੜੇ ਬੱਚਿਆਂ ਦੇ ਪਿਆਰੇ
    ਦਿੱਤੇ ਕੈਦਾਂ ਵਿੱਚ ਰੋਲ---
    ਕਿਚਲੂ ਵੀਰ ਵੇ ਮੇਰੇ ਦੁੱਖੜੇ ਨਾ ਫੋਲ।

    ਅੱਸੂ ਔਸੀਆਂ ਪਾਵਾਂ
    ਰੱਬਾ ਮੇਲ ਭਰਾਵਾਂ
    ਘਰੀਂ ਖ਼ੁਸ਼ੀਆਂ ਮਨਾਵਾਂ
    ਜੇ ਵੀਰ ਆਵਣ ਕੋਲ---
    ਕਿਚਲੂ ਵੀਰ ਵੇ ਮੇਰੇ ਦੁੱਖੜੇ ਨਾ ਫੋਲ।

    ਕੱਤਕ ਕਹਿਰ ਜੋ ਹੋਏ
    ਸਿਰ ਦੇ ਸਾਂਈਂ ਮੋਏ
    ਡਰਦਾ ਕੋਈ ਭੀ ਨਾ ਰੋਏ
    ਲੱਗੇ ਪਹਿਰੇ ਸੀ ਕੋਲ---
    ਕਿਚਲੂ ਵੀਰ ਵੇ ਮੇਰੇ ਦੁੱਖੜੇ ਨਾ ਫੋਲ।

    ਮੱਘਰ ਮਾਈਆਂ ਦੇ ਜਾਏ
    ਜ਼ਾਲਮ ਮਾਰ ਮੁਕਾਏ
    ਕਾਲੇ ਪਾਣੀ ਪਹੁੰਚਾਏ
    ਦਿੱਤਾ ਜਾਨਾਂ ਨੂੰ ਰੋਲ---
    ਕਿਚਲੂ ਵੀਰ ਵੇ ਮੇਰੇ ਦੁੱਖੜੇ ਨਾ ਫੋਲ।

    ਪੋਹ ਪੀਰ ਮਨਾਵਾਂ
    ਕਦੀ ਕਿਸ਼ਨ ਧਿਆਵਾਂ
    ਕਦੀ ਪਾਂਧਿਆਂ ਦੇ ਜਾਵਾਂ
    ਕੈਂਹਦੀ ਪੱਤਰੀ ਨੂੰ ਫੋਲ---
    ਕਿਚਲੂ ਵੀਰ ਵੇ ਮੇਰੇ ਦੁੱਖੜੇ ਨਾ ਫੋਲ।

    ਮਾਘ ਮੁਲਖੀ ਸਾਈਆਂ
    ਖਲਕਤ ਦੇਵੇ ਦੁਹਾਈਆਂ
    ਡਾਇਰ ਰੰਡੀਆਂ ਬਹਾਈਆਂ
    ਦਿੱਤਾ ਉਮਰਾਂ ਨੂੰ ਰੋਲ---
    ਕਿਚਲੂ ਵੀਰ ਵੇ ਮੇਰੇ ਦੁੱਖੜੇ ਨਾ ਫੋਲ।

    ਫੱਗਣ ਫੁਲ ਗੁਲਜ਼ਾਰਾਂ
    ਬਾਝ ਪਿਆਰਿਆਂ ਯਾਰਾਂ
    'ਅਮਰ' ਆ ਵੇ ਪੁਕਾਰਾਂ
    ਜਾ ਕੇ ਗਾਂਧੀ ਦੇ ਕੋਲ---
    ਕਿਚਲੂ ਵੀਰ ਵੇ ਮੇਰੇ ਦੁੱਖੜੇ ਨਾ ਫੋਲ।
                                (ਚਲਦਾ)