ਅਣਹੋਂਦ ਦਾ ਅਹਿਸਾਸ - ਸੁਖਪਾਲ ਸਿੰਘ ਗਿੱਲ
ਕਿਸੇ ਬੰਦੇ ਦੀ ਅਣਹੋਂਦ ਹੀ ਉਸਦੇ ਹੋਣ ਜਾਂ ਨਾ ਹੋਣ ਦਾ ਅਹਿਸਾਸ ਕਰਵਾਉਂਦੀ ਹੈ । ਇਸੇ ਪ੍ਰਸੰਗ ਵਿੱਚ ਪਿੰਡੇ ਤੇ ਹੰਢਾਏ ਆਪਣੇ ਤਜ਼ਰਬੇ ਨਾਲ ਹੀ ਹੋਂਦ ਨੂੰ ਅਣਹੋਂਦ ਵਿੱਚ ਬਦਲਣ ਸਮੇਂ ਸਹੀ ਪਤਾ ਚੱਲਦਾ ਹੈ । ਪਿੱਛਲੇ ਸਾਲ ਮੇਰੇ ਪਿਤਾ ਜੀ ਦੀ ਮੌਤ ਨੇ ਅਣਹੋਂਦ ਦਾ ਅਹਿਸਾਸ ਕਰਵਾਇਆ । ਇੱਕ ਗੱਲ ਹੋਰ ਉਪਜੀ ਕਿ ਜਿਵੇਂ ਫੁੱਲ ਦੀ ਕੀਮਤ ਖੁਸ਼ਬੂ ਲਈ ਹੁੰਦੀ ਹੈ । ਉਸੇ ਤਰਾਂ ਬੰਦੇ ਦੀ ਕੀਮਤ ਵੀ ਉਸਦੀ ਹੋਂਦ ਲਈ ਹੁੰਦੀ ਹੈ । ਅੰਤਮ ਰਸਮਾਂ ਤੋਂ ਬਾਅਦ ਮੈਨੂੰ 45 ਸਾਲਾ ਗੁਜ਼ਰੀ ਜਿੰਦਗੀ ਫੁੱਲਾਂ ਦੀ ਸੇਜ ਹੀ ਲੱਗੀ ।
ਥੋੜ੍ਹੇ ਦਿਨਾਂ ਬਾਅਦ ਇੱਕ ਬੰਦਾ ਮੋਟਰ ਦੀ ਚਾਬੀ ਲੈਣ ਆਇਆ , ਮੈਨੂੰ ਉਸਦਾ ਆਉਣਾ ਅਜ਼ੀਬ ਲੱਗਾ । ਹੋਰ ਵੀ ਅਜੀਬ ਲੱਗਾ ਜਦੋਂ ਉਸ ਨੇ ਮੇਰੇ ਤੋਂ ਮੋਟਰ ਦੀ ਜਾਬੀ ਮੰਗੀ । ਹੋਰ ਵੀ ਜ਼ਿੰਮੇਵਾਰੀ ਮੇਰੇ ਸਿਰ ਤੇ ਰੱਖ ਗਿਆ ਇਹ ਸੁਣਾ ਕੇ ਹੁਣ ਤੂੰ ਹੀ ਘਰ ਦਾ ਮਾਲਕ ਹੈ ।ਇਸ ਤੋਂ ਬਾਅਦ ਇੱਕ ਹੋਰ ਬੰਦਾ ਪੁੱਛਣ ਆਇਆ ਕਿ ਮੈਂ ਤੁਹਾਡੇ ਖੇਤ ਵਿੱਚੋਂ ਆੜ ਕੱਢ ਕੇ ਪਾਣੀ ਦੇਣਾ ਹੈ । ਮੈਂ ਇੱਕ ਦਮ ਫੈਸਲਾ ਤਾਂ ਨਹੀਂ ਲੈ ਸਕਿਆ ਪਰ ਇਹ ਸੋਚ ਕੇ ਪਹਿਲੇ ਵੀ ਇਨਾਂ ਦੇ ਕੰਮ ਚੱਲਦੇ ਸੀ ਹਾਂ ਕਰ ਦਿੱਤੀ । ਇਸ ਵੱਲੋਂ ਇਹ ਵੀ ਕਿਹਾ ਗਿਆ ਕਿ ਤੁਹਾਡੇ ਪਿਤਾ ਜੀ ਨੂੰ ਮੈਂ ਕਦੇ ਨਹੀਂ ਸੀ ਪੁੱਛਿਆ । ਮੈਂ ਇਨਾ ਫੈਸਲਿਆਂ ਤੇ ਆਪਣੇ ਆਪ ਵਿੱਚ ਗੁਵਾਚ ਗਿਆ । ਮੈਨੂੰ ਜ਼ਿੰਮੇਵਾਰੀ ਦੇ ਅਹਿਸਾਸ ਨੇ ਅਣਹੋਂਦ ਦੇ ਅਹਿਸਾਸ ਦੇ ਸਾਹਮਣੇ ਖੜਾ ਕਰ ਦਿੱਤਾ।
ਅਹਿਸਾਸ ਹੋਇਆ ਜੇ ਮੈਂ ਆਪਣੀ ਮਰਜੀ ਦੇ ਹਿਸਾਬ ਨਾਲ ਚੱਲਾਂ , ਤਾਂ ਦੋ ਪਾਸੀ ਫਸਦਾ ਨਜ਼ਰ ਆਇਆ । ਇੱਕ ਪਾਸੇ ਪਿਓ ਦੀ ਦਿਸ਼ਾ ਨੂੰ ਨਕਾਰਨਾ ਦੂਜੇ ਪਾਸੇ ਸਮਾਜਿਕ ਏਕਤਾ ਖਦੇੜਨੀ । ਸੋਚ ਵਿਚਾਰ ਤੋਂ ਬਾਅਦ ਰੀਤ ਅਨੁਸਾਰ ਤੁਰੇ ਆਉਦੇਂ ਪਰਿਵਾਰਕ ਫੈਸਲਿਆਂ ਤੇ ਤੁਰਨ ਦਾ ਫੈਸਲਾ ਕਰ ਲਿਆ । ਨਿੱਤ ਦਿਨ ਨਵੇਂ ਤਜ਼ਰਬੇ ਹੋਂਦ ਵਿੱਚ ਆਉਣ ਲੱਗੇ । ਇਹਨਾਂ ਵਿੱਚੋਂ ਪਿਤਾ ਨਾਲ ਗੁਜ਼ਾਰੇ 45 ਵਰੇ , ਅਣਹੋਂਦ ਦਾ ਇੱਕ ਸਾਲ ਅਤੇ ਪਲ - ਪਲ ਅਹਿਸਾਸ ਜਿੰਦਗੀ ਲਈ ਬਹੁਤ ਕੁਝ ਨਵਾਂ ਸਿਰਜ ਰਿਹਾ ਹੈ ਸੱਚੀ ਸ਼ਰਧਾ ਵੀ ਇਹੀ ਹੈ ਕਿ ਉਹਨਾਂ ਦੇ ਪਾਏ ਪੂਰਨੇ ਚੇਤੇ ਵਿੱਚ ਵਸੇ ਰਹਿਣ ਨਾਲ ਹੀ ਉਹਨਾਂ ਦੀ ਅਣਹੋਂਦ ਨੂੰ ਹੋਂਦ ਵਿੱਚ ਸਮਝਣ ਦਾ ਸਬਕ ਵੀ ਮਿਲਦਾ ਰਹੇਗਾ ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
9878111445