ਮਨੁਖਾ ਫਰਜ਼ ਨਿਭਾਣਾ ਧਰਮ ਹੈ ਤਾਂ ਫਿਰ ਇਨਾਮ ਕਾਹਦਾ? - ਜਸਵੰਤ ਸਿੰਘ 'ਅਜੀਤ'

ਸੜਕ ਦੁਰਘਟਨਾਵਾਂ ਦਾ ਸ਼ਿਕਾਰ ਹੋਏ ਜ਼ਖਮੀਆਂ ਦੀ ਮਦਦ ਕਰਨ ਵਾਲੇ ਕਿਸੇ ਕਾਨੂੰਨੀ ਪਚੜੇ ਵਿੱਚ ਨਾ ਫਸ ਸਕਣ ਇਸ ਗਲ ਨੂੰ ਮਹਿਸੂਸ ਕਰਦਿਆਂ ਕਾਫੀ ਸਮਾਂ ਪਹਿਲਾਂ ਹੀ ਦੇਸ਼ ਦੀ ਸਰਵੁੱਚ ਅਦਾਲਤ, ਸੁਪ੍ਰੀਮ ਕੋਰਟ ਨੇ ਇਹ ਫੈਸਲਾ ਦੇ ਦਿੱਤਾ ਸੀ ਕਿ ਜੋ ਲੋਕੀ ਮਨੁਖੀ ਕਦਰਾਂ-ਕੀਮਤਾਂ ਦਾ ਸਨਮਾਨ ਕਰਦਿਆਂ, ਸੜਕ ਦੁਰਘਟਨਾ ਦਾ ਸ਼ਿਕਾਰ ਹੋਏ ਕਿਸੇ ਵਿਅਕਤੀ ਨੂੰ ਹਸਪਤਾਲ ਪਹੰਚਾਂਦੇ ਹਨ, ਤਾਂ ਕੇਵਲ ਨਾਂ-ਪਤਾ ਹੀ ਪੁਛ, ਉਨ੍ਹਾਂ ਨੂੰ ਜਾਣ ਦਿੱਤਾ ਜਾਇਆ ਕਰੇ। ਅਦਾਲਤ ਨੇ ਇਹ ਵੀ ਕਿਹਾ ਕਿ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਣ ਵਾਲਿਆਂ ਪਾਸੋਂ ਹਸਪਤਾਲ ਕੋਈ ਫੀਸ ਨਹੀਂ ਲਏਗਾ ਅਤੇ ਨਾ ਹੀ ਉਨ੍ਹਾਂ ਨੂੰ ਬਿਨਾ ਕਾਰਣ ਰੋਕਿਆ ਜਾਇਗਾ। ਮਦਦ ਕਰਨ ਵਾਲੇ ਦੀ ਕੋਈ ਅਪਰਾਧਕ ਜ਼ਿਮੇਂਦਾਰੀ ਨਹੀਂ ਹੋਵੇਗੀ। ਦਿੱਲੀ ਸਰਕਾਰ ਵਲੋਂ ਬੀਤੇ ਵਰ੍ਹੇ ਸ਼ੁਰੂ ਕੀਤੀ ਗਈ ਇਸ ਯੋਜਨਾ ਦੇ ਅਧੀਨ ਜ਼ਖਮੀਆਂ ਦੀ ਸਹਾਇਤਾ ਕਰਨ ਵਾਲਿਆਂ ਨੂੰ ਸਰਕਾਰ ਵਲੋਂ ਦੋ ਹਜ਼ਾਰ ਰੁਪਏ ਦੇ ਨਕਦ ਇਨਾਮ ਦੇ ਨਾਲ ਹੀ ਇੱਕ ਪ੍ਰਸ਼ੰਸਾ ਪਤ੍ਰ ਵੀ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਸੀ। ਪਰ ਲੋਕੀ ਇਹ ਆਖ, ਇਨਾਮ ਲੈਣ ਤੋਂ ਇਨਕਾਰ ਕਰ ਦਿੰਦੇ ਹਨ ਕਿ ਕਿਸੇ ਦੀ ਮਦਦ ਕਰਨਾ ਉਨ੍ਹਾਂ ਲਈ ਧਰਮ ਦਾ ਕੰਮ ਹੈ। ਧਰਮ ਦੇ ਕੰਮ ਲਈ ਇਨਾਮ ਕਾਹਦਾ?
ਇਸਤਰ੍ਹਾਂ ਦਿੱਲੀ ਦੇ ਲੋਕਾਂ ਨੇ ਸਾਬਤ ਕਰ ਦਿੱਤਾ ਕਿ ਉਹ ਸੱਚੇ ਦਿਲਵਾਲੇ ਹਨ। ਉਹ ਲੋਕੀ ਨਾ ਕੇਵਲ ਸੜਕ ਦੁਰਘਟਾਨਾਵਾਂ ਵਿੱਚ ਜ਼ਖਮੀ ਹੋਣ ਵਾਲਿਆਂ ਦੀ ਮਦੱਦ ਕਰਨ ਲਈ ਅੱਗੇ ਆਉਂਦੇ ਹਨ, ਸਗੋਂ ਬਦਲੇ ਵਿੱਚ ਕੋਈ ਮਦੱਦ ਲੈਣਾ ਵੀ ਨਹੀਂ ਚਾਹੁੰਦੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਸਿਆ ਕਿ ਬੀਤੇ ਇੱਕ ਸਾਲ ਦੇ ਦੌਰਾਨ ਲਗਭਗ ਢਾਈ ਹਜ਼ਾਰ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਦੋਂ ਲੋਕਾਂ ਨੇ ਸੜਕ ਦੁਰਘਟਨਾਵਾਂ ਦੇ ਸ਼ਿਕਾਰ ਜ਼ਖਮੀਆਂ ਦੀ ਮਦੱਦ ਕੀਤੀ ਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ। ਪ੍ਰੰਤੂ ਇਨ੍ਹਾਂ ਵਿਚੋਂ ਕੇਵਲ ਸੌ-ਕੁ ਲੋਕਾਂ ਨੇ ਹੀ ਇਨਾਮ ਦੀ ਰਕਮ ਲਈ। ਬਾਕੀ ਸਾਰਿਆਂ ਨੇ ਇਨਾਮ ਲੈਣ ਤੋਂ ਇਨਕਾਰ ਕਰ ਦਿੱਤਾ। ਕੇਜਰੀਵਾਲ ਨੇ ਦਸਿਆ ਕਿ ਇਹ ਅੰਕੜੇ ਉਨ੍ਹਾਂ ਨੇ ਦਿੱਲੀ ਦੇ ਸਾਰੇ ਵੱਡੇ-ਛੋਟੇ ਹਸਪਤਾਲਾਂ ਦੇ ਅਧਿਕਾਰੀਆਂ ਨਾਲ ਹੋਈਆਂ ਬੈਠਕਾਂ ਵਿੱਚ ਇਕੱਠੇ ਕੀਤੇ ਹਨ।


ਕੌਮੀ ਖਿਡਾਰਨ : ਦਿਹਾੜੀਦਾਰ ਮਜ਼ਦੂਰ : ਉਤਰਾਖੰਡ ਕ੍ਰਿਕਟ ਟੀਮ ਦੇ ਨਾਲ ਕੌਮੀ ਮੁਕਾਬਲਿਆਂ ਵਿੱਚ ਹਿਸਾ ਲੈ ਚੁਕੀ ਰਾਮ ਨਗਰ ਦੀ 25 ਵਰ੍ਹਿਆਂ ਦੀ ਜਾਨਕੀ ਮਹਿਰਾ ਸਰਕਾਰ ਵਲੋਂ ਨਜ਼ਰ-ਅੰਦਾਜ਼ ਕਰ ਦਿੱਤੇ ਜਾਣ ਦੇ ਚਲਦਿਆਂ, ਅਜ-ਕਲ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਨ ਤੇ ਮਜਬੂਰ ਹੋ ਰਹੀ ਹੈ। ਕਿਹਾ ਜਾਂਦਾ ਹੈ ਕਿ ਗਰੀਬੀ ਨੇ ਪਹਿਲਾਂ ਉਸਦਾ ਖੇਡਾਂ ਨਾਲੋਂ ਨਾਤਾ ਤੁੜਵਾਇਆ, ਫਿਰ ਪੜ੍ਹਾਈ ਵੀ ਛੁਡਵਾ ਦਿੱਤੀ। ਇਹ ਉਭਰਦੀ ਆਲ-ਰਾਉਂਡਰ ਮੁਟਿਆਰ ਹੁਣ ਆਪਣੀ ਮੂਕ ਗੁੰਗੀ ਮਾਂ ਅਤੇ ਪਰਿਵਾਰ ਦੇ ਚਾਰ ਜੀਆਂ ਦੇ ਪਾਲਣ-ਪੋਸ਼ਣ ਦੀ ਜ਼ਿਮੇਂਦਾਰੀ ਨਿਭਾਣ ਲਈ ਰੋਜ਼ 8 ਤੋਂ 10 ਘੰਟੇ ਤਕ ਹੋਟਲਾਂ ਵਿੱਚ ਮਜ਼ਦੂਰੀ ਕਰਨ ਤੇ ਮਜਬੂਰ ਹੋ ਰਹੀ ਹੈ। ਵਧੀਆ ਬੱਲੇ-ਬਾਜ਼ੀ ਅਤੇ ਗੇਂਦਬਾਜ਼ੀ ਦੇ ਦਮ ਪੁਰ ਉਹ ਸੰਨ 2010, 2011 ਅਤੇ 2012 ਵਿੱਚ ਉਤਰਾਖੰਡ ਟੀਮ ਦਾ ਹਿਸਾ ਬਣ, ਰਾਸ਼ਟਰੀ ਮੁਕਾਬਲਿਆਂ ਵਿੱਚ ਨਿਤਰੀ ਸੀ। ਇਸ ਦੌਰਾਨ ਉਸਦੀ ਟੀਮ ਨੇ ਦਿੱਲੀ ਵਰਗੀ ਮਜ਼ਬੂਤ ਟੀਮ ਤਕ ਨੂੰ ਵੀ ਵੱਡੇ ਫਰਕ ਨਾਲ ਹਰਾਇਆ ਸੀ। ਉਸਨੇ ਦਸਿਆ ਕਿ ਪੜ੍ਹਾਈ ਦੇ ਦੌਰਾਨ ਅਧਿਆਪਕ ਸ਼ੈਲੇਂਦਰ ਕੁਮਾਰ ਦੇ ਸਹਿਯੋਗ ਸਦਕਾ ਉਹ ਤਿੰਨ ਵਾਰ ਕੌਮੀ ਮੁਕਾਬਲਿਆਂ ਵਿੱਚ ਹਿਸਾ ਲੈ ਸਕੀ ਸੀ। ਪ੍ਰੰਤੂ ਪਰਿਵਾਰ ਦੀ ਆਰਥਕ ਹਾਲਤ ਠੀਕ ਨਾ ਹੋਣ ਕਾਰਣ ਉਸਦੀ ਕ੍ਰਿਕਟ ਅਤੇ ਪੜ੍ਹਾਈ ਦੋਵੇਂ ਹੀ ਛੁੱਟ ਗਈਆਂ। ਜਾਨਕੀ ਦੇ ਕੋਚ ਸ਼ੈਲੇਂਦਰ ਅਨੁਸਾਰ ਸੰਨ 2012 ਦੌਰਾਨ ਜੰਮੂ ਵਿੱਚ ਆਯੋਜਿਤ ਅੰਤਰ-ਰਾਜੀ ਸਕੂਲ ਟੂਰਨਾਮੈਂਟ ਵਿੱਚ ਜਾਨਕੀ ਨੇ ਛਤੀਸਗੜ੍ਹ ਦੇ ਵਿਰੁਧ ਮੈਚ ਵਿੱਚ ਯਾਦਗਾਰੀ ਪਾਰੀ ਖੇਡੀ ਅਤੇ 4 ਵਿਕਟਾਂ ਲੈਣ ਦੇ ਨਾਲ ਹੀ 25 ਦੌੜਾਂ ਵੀ ਬਣਾਈਆਂ ਸਨ ਅਤੇ ਉਸਦੀ ਵੱਡੀ ਭੈਣ ਅਨੀਤਾ ਨੇ ਨੈਨੀਤਾਲ ਟੀਮ ਨਾਲ ਖੇਡਦਿਆਂ ਸਟੇਟ ਮੁਕਾਬਲੇ ਵਿੱਚ ਅਲਮੋੜਾ ਦੀ ਟੀਮ ਨੂੰ ਭਾਰੀ ਫਰਕ ਨਾਲ ਹਰਾਇਆ ਸੀ। ਜਾਨਕੀ ਮਹਿਰਾ ਨੇ ਇਹ ਵੀ ਦਸਿਆ ਕਿ ਸੰਨ 2012 ਵਿੱਚ ਇੰਟਰ ਪਾਸ ਕਰਨ ਤੋਂ ਬਾਅਦ ਕਾਲਜ ਵਿੱਚ ਦਾਖਲਾ ਲੈਣ ਲਈ ਉਸ ਕੋਲ ਪੈਸੇ ਨਹੀਂ ਸਨ। ਜਦੋਂ ਉਸਨੇ ਕੁਝ ਲੋਕਾਂ ਕੋਲੋਂ ਮਦਦ ਲਈ ਪੈਸਿਆਂ ਦੀ ਮੰਗ ਕੀਤੀ ਤਾਂ ਉਨ੍ਹਾਂ ਇਹ ਆਖ ਕੇ ਮਦਦ ਕਰਨ ਤੋਂ ਮਨ੍ਹਾ ਕਰ ਦਿਤਾ ਕਿ ਤੂੰ ਇਹ ਪੈਸੇ ਵਾਪਸ ਕਿਵੇਂ ਕਰੇਂਗੀ?


ਇਸਰੋ ਦੇ ਵਿਗਿਆਨਕਾਂ ਦਾ ਸ਼ਿਕਵਾ : ਖਬਰਾਂ ਅਨੁਸਾਰ ਇਸਰੋ ਦੇ ਵਿਗਿਆਨਕਾਂ ਨੇ ਚੰਦਰਯਾਨ-2 ਤੋਂ ਠੀਕ ਪਹਿਲਾਂ ਅਪਣੀਆਂ ਤਨਖਾਹਾਂ ਵਿੱਚ ਕਟੌਤੀ ਕਰ ਦਿਤੇ ਜਾਣ ਤੋਂ ਨਰਾਜ਼ ਹੋ, ਇੱਕ ਚਿੱਠੀ ਲਿਖੀ ਹੈ। ਦਸਿਆ ਗਿਆ ਹੈ ਕਿ ਇਸਰੋ ਵਿਗਿਆਨਕਾਂ ਦੇ ਸੰਗਠਨ, 'ਸਪੇਸ ਇੰਨਜੀਨੀਅਰਸ ਐਸੋਸੀਏਸ਼ਨ' (ਐਸਈਏ) ਨੇ ਇਸ ਸੰਬੰਧ ਵਿੱਚ ਇਸਰੋ ਦੇ ਪ੍ਰਮੁਖ ਡਾ. ਕੇ. ਸ਼ਿਵਨ ਨੂੰ ਲਿਖੇ ਪਤ੍ਰ ਵਿੱਚ ਮੰਗ ਕੀਤੀ ਹੈ ਕਿ ਉਹ ਤਨਖਾਹਾਂ ਵਿੱਚ ਕਟੌਤੀ ਕਰਨ ਵਾਲੇ ਕੇਂਦਰ ਸਰਕਾਰ ਦੇ ਆਦੇਸ਼ ਨੂੰ ਰੱਦ ਕਰਵਾਉਣ ਵਿੱਚ ਸਹਿਯੋਗ ਕਰਨ। ਐਸਈਏ ਨੇ ਦਸਿਆ ਕਿ ਵਿਗਿਆਨਕਾਂ ਕੋਲ ਤਨਖਾਹ ਤੋਂ ਇਲਾਵਾ ਕਮਾਈ ਦਾ ਕੋਈ ਹੋਰ ਸਾਧਨ ਨਹੀਂ ਹੈ। ਇਸਲਈ ਉਨ੍ਹਾਂ ਦੀਆਂ ਤਨਖਾਹਾਂ ਵਿੱਚ ਕੀਤੀ ਗਈ ਕਟੌਤੀ ਨੂੰ ਰੱਦ ਕੀਤਾ ਜਾਏ। ਦਸਿਆ ਜਾਂਦਾ ਹੈ ਕਿ ਕੇਂਦਰ ਸਰਕਾਰ ਨੇ 12, ਜੂਨ, 2019 ਨੂੰ ਜਾਰੀ ਕੀਤੇ ਇੱਕ ਆਦੇਸ਼ ਰਾਹੀਂ ਇਸਰੋ ਵਿਗਿਆਨਕਾਂ ਅਤੇ ਇੰਜੀਨੀਅਰਾਂ ਨੂੰ ਸਾਲ 1996 ਤੋਂ ਦੋ ਵਾਧੂ ਤਨਖਾਹ ਵਾਧੇ ਦੇ ਰੂਪ ਵਿੱਚ ਮਿਲ ਰਹੀ ਪ੍ਰੋਤਸਾਹਨ ਅਨੁਦਾਨ ਰਾਸ਼ੀ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਦਸਿਆ ਗਿਆ ਹੈ ਕਿ ਇਹ ਐਲਾਨ ਉਸ ਸਮੇਂ ਕੀਤਾ ਗਿਆ, ਜਦੋਂ ਚੰਦਰਯਾਨ-2 ਪੁਰ ਵਿਗਿਆਨਕਾਂ ਦੀ ਪ੍ਰਾਪਤੀ ਪੁਰ ਸਾਰੇ ਦੇਸ਼ ਵਲੋਂ ਮਾਣ ਮਹਿਸੂਸ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਦੇ ਆਦੇਸ਼ ਵਿੱਚ ਕਿਹਾ ਗਿਆ ਹੈ ਕਿ 1 ਜੁਲਾਈ 2019 ਤੋਂ ਇਹ ਪ੍ਰੋਤਸਾਹਨ ਰਾਸ਼ੀ ਨਹੀਂ ਮਿਲੇਗੀ। ਇਸਰੋ ਵਿੱਚ ਇਸ ਸਮੇਂ ਲਗਭਗ 16 ਹਜ਼ਾਰ ਵਿਗਿਆਨਕ ਅਤੇ ਇੰਜੀਨੀਅਰ ਹਨ। ਇਸ ਸਰਕਾਰੀ ਆਦੇਸ਼ ਨਾਲ ਇਸਰੋ ਦੇ ਲਗਭਗ 85 ਤੋਂ 90 ਪ੍ਰਤੀਸ਼ਤ ਵਿਗਿਆਨਕਾਂ ਅਤੇ ਇੰਜੀਨੀਅਰਾਂ ਨੂੰ ਆਪਣੀ ਤਨਖਾਹ ਵਿੱਚ 8 ਤੋਂ 10 ਹਜ਼ਾਰ ਰੁਪਏ ਦਾ ਨੁਕਸਾਨ ਹੋਵੇਗਾ। ਕਿਉਂਕਿ ਬਹੁਤੇ ਵਿਗਿਆਨਕ ਇਨ੍ਹਾਂ ਹੀ ਸ਼੍ਰੇਣੀਆਂ ਵਿੱਚ ਆਉਂਦੇ ਹਨ।


...ਅਤੇ ਅੰਤ ਵਿੱਚ : ਇੱਕ ਸਰਵੇਖਣ ਅਨੁਸਾਰ ਨੋਟ-ਬੰਦੀ ਤੋਂ ਬਾਅਦ ਅਲੀਗੜ੍ਹ ਵਿੱਚ ਘਰੇਲੂ ਲਾਕਰ ਅਤੇ ਤਿਜੋਰੀਆਂ ਬਣਾਉਣ ਵਾਲੀਆਂ ਕੰਪਨੀਆਂ ਦੀ ਵਿਕਰੀ ਵਿੱਚ ਤਿੰਨ ਗੁਣਾਂ ਵਾਧਾ ਹੋ ਗਿਆ ਹੋਇਆ ਹੈ। ਇਸਤ੍ਰੀਆਂ ਬੈਂਕਾਂ ਦੀ ਬਜਾਏ ਘਰ ਦੇ ਹੀ ਲਾਕਰ ਵਿੱਚ ਹੀ ਆਪਣੇ ਗਹਿਣੇ ਆਦਿ ਰਖਣ ਨੂੰ ਬਹੁਤਾ ਪਸੰਦ ਕਰ ਰਹੀਆਂ ਹਨ। ਦਸਿਆ ਗਿਆ ਹੈ ਕਿ ਬੈਂਕਾਂ ਦੀ ਤਰਜ਼ 'ਤੇ ਹੀ ਅਲੀਗੜ੍ਹ ਵਿੱਚ ਛੋਟੀਆਂ ਅਤੇ ਘਰੇਲੂ ਤਜੋਰੀਆਂ ਬਣਾਈਆਂ ਜਾਂਦੀਆਂ ਹਨ। ਕਿਹਾ ਜਾਂਦਾ ਹੈ ਕਿ ਲਗਭਗ ਢਾਈ ਸਾਲ ਪਹਿਲਾਂ ਦੇਸ਼ ਵਿੱਚ ਨੋਟ-ਬੰਦੀ ਤੋਂ ਬਾਅਦ ਘਰਾਂ ਵਿੱਚ ਵਰਤੀਆਂ ਜਾਣ ਵਾਲੀਆਂ ਛੋਟੀਆਂ ਤਜੋਰੀਆਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚ ਖਾਸ ਗਲ ਇਹ ਹੈ ਕਿ ਦੀਵਾਰਾਂ ਵਿੱਚ ਫਿਟ ਹੋ ਸਕਣ ਵਾਲੀਆਂ ਤਿਜੋਰੀਆਂ ਦੀ ਮੰਗ ਸਭ ਤੋਂ ਵੱਧ ਵਧੀ ਹੈ। ਇਸਦਾ ਕਾਰਣ ਇਹ ਹੈ ਕਿ ਵਜ਼ਨ ਵਿੱਚ ਕਾਫੀ ਭਾਰੀ ਹੋਣ ਦੇ ਬਾਵਜੂਦ ਇਹ ਛੋਟੀਆਂ ਤਿਜੋਰੀਆਂ ਦੀਵਾਰ ਵਿੱਚ ਫਿਟ ਹੋਣ ਤੋਂ ਬਾਅਦ ਨਜ਼ਰ ਹੀ ਨਹੀਂ ਆਉਂਦੀਆਂ। ਇਹ ਵੀ ਦਸਿਆ ਜਾ ਰਿਹਾ ਹੈ ਕਿ ਇਸਤ੍ਰੀਆਂ ਆਪਣੇ ਗਹਿਣੇ ਅਤੇ ਹੋਰ ਜ਼ਰੂਰੀ ਦਸਤਾਵੇਜ਼ ਤੇ ਕੀਮਤੀ ਸਾਮਾਨ ਨੂੰ ਆਪਣੇ ਕੋਲ ਹੀ ਸੁਰਖਿਅਤ ਰਖਣ ਵਾਸਤੇ ਘਰਾਂ ਵਿੱਚ ਲਾਕਰ ਲਗਵਾ ਰਹੀਆਂ ਹਨ।                               

Mobile : +91 95 82 71 98 90
E-Mail :  jaswantsinghajit@gmail.com

Address : Jaswant Singh Ajit, Senior Journalist
51, Sheetal Apartment, Plot no. 12, Sector 14, Rohini DELHI-110085