ਵਾਪਸੀ ਕੁੰਜੀ ਦਾ ਭੇਤ - ਰਵੇਲ ਸਿੰਘ ਇਟਲੀ

 ਕਿੰਪਿਊਟਰ ਨਾਲ ਸਾਂਝ ਪਾਇਆਂ ਨੂੰ ਮੈਨੂੰ ਹੁਣ ਕਾਫੀ ਸਮਾ ਹੋ ਚੁਕਾ ਹੈ। ਮੈਂ ਕਾਫੀ ਸਮੇਂ ਤੋਂ ਆਪਣੇ  ਸੋਨੇ ਚਾਂਦੀ ਦੇ ਗਹਿਣੇ,ਕੜੇ ਛਾਪਾਂ ਛੱਲੇ, ਮੁੰਦਰੀਆਂ, ਚੇਨੀਆਂ ਆਦ ਵੀ ਪਾਉਣੇ ਛਡ ਦਿੱਤੇ ਹਨ।ਹੁਣ ਇਹ ਕੰਪਿਊਟਰ ਹੀ ਮੇਰੇ ਲਈ ਸੱਭ ਤੋਂ ਕੀਮਤੀ ਗਹਿਣਾ ਅਤੇ ਪੱਕਾ ਸਾਥੀ ਬਣ ਗਿਆ ਹੈ।।ਮੈਂ ਦੇਸ਼ ਵਿਦੇਸ਼ ਜਿੱਥੇ  ਵੀ ਗਿਆ ਹਾਂ ਕੰਪਿਊਟਰ ਦਾ ਛੋਟਾ ਰੂਪ,( ਲੈਪ ਟਾਪ) ਆਪਣੇ ਨਾਲ ਲੈ ਕੇ ਜਾਣਾ ਨਹੀਂ ਭੁੱਲਦਾ।
 ਪਹਿਲਾਂ ਪਹਿਲਾਂ ਤਾਂ ਅਸੀਂ ਦੋਵੇਂ ਹੀ ਇਕ ਦੂਜੇ ਤੋਂ ਪੂਰੀ ਤਰ੍ਹਾਂ ਅਣਜਾਣ ਸਾਂ।ਪਰ ਹੌਲੀ ਹੌਲੀ ਸਮੇਂ ਦੇ ਨਾਲ ਨਾਲ ਸਾਡੀ ਆਪਸੀ ਨੇੜਤਾ ਵਧਦੀ ਗਈ।ਹੁਣ ਕੰਪਿਊਟਰ ਵਾਲਾ ਗੁਗਲ ਬਾਬਾ ਹਰ ਭਾਸ਼ਾ ਵਿੱਚ ਬੋਲਣ ਜਾਂ ਲਿਖਣ ਤੇ ਸਪਸ਼ਟ ਰੂਪ ਵਿੱਚ ਮਨ ਚਾਹੀਆਂ  ਜਾਣਕਾਰੀਆਂ ਦੇਣ ਲਈ ਲੈ ਕੇ ਛਿਣ ਪਲ਼ ਵਿੱਚ ਹੀ ਹਾਜ਼ਰ ਹੋ ਜਾਂਦਾ ਹੈ। ਮੈਂ ਜਦੋਂ ਇਸ ਦੇ ਹੋਰ ਅੰਦਰ ਜਾ ਕੇ ਇਸ ਨੂੰ ਸਮਝਣ ਦਾ ਯਤਨ ਕੀਤਾ ਹੌਲੀ ਹੌਲੀ ਹੋਰ ਅੱਗੇ ਜਾਣ ਦੀ ਤਾਂਘ ਵੀ ਵਧਦੀ ਗਈ।ਅਤੇ ਕਈ ਖਾਸ ਕੋਡਾਂ ਦੇ ਲਾਏ ਜਾਣ ਤੇ ਇਹ ਮਨ ਚਾਹੇ ਹੁਕਮ ਦੀ ਪਾਲਣਾ ਕਰਨ ਲੱਗ ਜਾਂਦਾ ਹੈ।
 ਕਦੇ ਕਦੇ ਮੈਨੂੰ ਇਸ ਨੂੰ ਵੇਖ ਕੇ ਅਲਾ ਦੀਨ ਦੇ ਕਾਲਪਨਿਕ ਜਾਦੂਈ ਚਿਰਾਗ ਦੀ ਕਹਾਣੀ ਵੀ ਯਾਦ ਆ ਜਾਂਦੀ ਹੈ ਕਿ ਜਦੋਂ ਉਸ ਨੂੰ ਹੱਥ ਦੀ ਤਲੀ ਤੇ ਰਗੜਿਆਂ ਇਸ ਵਿੱਚੋਂ ਕੋਈ ਜਿੰਨ ਹਾਜ਼ਰ ਆਕੇ ਪੁੱਛਦਾ ਹੈ, ਮੇਰੇ ਆਕਾ ਹੁਕਮ ਕਰੋ, ਤੇ “ਖੁਲ ਜਾ ਸਿਮਮ ਸਿਮ” ਵਰਗੇ ਕਈ ਹੋਰ ਕੋਡ ਵਰਡਾਂ ਦੀਆਂ ਗੱਲਾਂ ਚੇਤੇ ਵੀ ਅੳਦੀਆਂ ਹਨ। ਹੁਣ ਮੈਂ ਸੋਚਦਾ ਹਾਂ ਕਿ ਮੀਡਿਆ ਦੇ ਇਸ ਯੁੱਗ ਨੂੰ ਚਮਤਕਾਰਾਂ ਦਾ ਯੁੱਗ ਕਿਹਾ ਜਾਵੇ ਤਾਂ ਕੋਈ ਅਤਿ ਕਥਨੀ ਨਹੀਂ ਹੋਵੇਗੀ।ਹੁਣ ਮੇਰੇ ਲਈ ਪੰਜਾਬੀ ਵਿੱਚ ਟਾਈਪ ਕਰਕੇ ਕਿਸੇ ਵੈਬ ਸਾਈਟ ਤੇ ਛਪਣ ਲਈ ਭੇਜਣ ਲਈ ਇਸ ਦੀ ਵਰਤੋਂ ਕਰਨ ਦਾ ਢੰਗ ਵੀ ਸਮਝਣਾ ਤੇ ਸਿਖਣਾ ਵੀ ਜ਼ਰੂਰੀ ਸੀ।ਜੋ ਕਦੇ ਕੀੜੀ ਦੀ ਚਾਲ ਕਦੇ ਕੱਛੂ ਦੀ ਕਦੇ ਖਰਗੋਸ਼ ਦੀ ਚਾਲ ਚਲਦੇ ਅਤੇ ਕਈ ਵਾਰ ਹਿਰਨਾਂ ਵਾਂਗ ਕੀ ਬੋਰਡ ਤੇ ਉੰਗਲਾਂ ਦੀਆਂ ਚੁੰਗੀਆਂ ਭਰਦੇ ਨਿੱਤ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੀ ਗਿਆ,ਜੋ ਅਜੇ ਵੀ ਬਦਸਤੂਰ ਜਾਰੀ ਹੈ।
  ਮੈਨੂੰ ਯਾਦ ਹੈ ਜਦੋਂ ਸੱਭ ਤੋਂ ਪਹਿਲਾਂ ਮੈਂ ਮੀਡੀਆ ਪੰਜਾਬ ਜਰਮਨੀ ਦੇ ਪੰਜਾਬੀ ਫੋਂਟ’ ਅਮ੍ਰਿਤ’ ਫੋਂਟ ਅਤੇ ਗੁਰੂ ਗ੍ਰੰਥ ਸਾਹਿਬ, ਨਿੱਤਨੇਮ ਦੀਆਂ ਬਾਣੀਆਂ, ਇਥੇ ਰਹਿ ਰਹੇ ਮੇਰੇ ਇਕ ਸੁਹਿਰਦ ਅਜ਼ੀਜ਼ ਮਿੱਤਰ ਸਵਰਨ ਜੀਤ ਘੋਤੜਾ ਜੀ ਇਟਲੀ ਵਾਲੇ ਨੇ ਮੇਰੇ ਲੈਪ ਟਾਪ ਵਿੱਚ ਡਾਉਨਲੋਡ ਕਰ ਦਿਤੇ ਸਨ।ਜਿਸ ਤੇ ਮੈਂ ਹੌਲੀ ਹੌਲੀ ਟਾਈਪ ਕਰਨਾ ਸ਼ੁਰੂ ਕੀਤਾ ਅਤੇ ਟਾਈਪ ਕਰਕੇ ਭੇਜੀ ਮੇਰੀ ਕੋਈ ਰਚਨਾ ਪਲੇਠੀ ਰਚਨਾ ਮੀਡੀਆ ਪੰਜਾਬ ਜਰਮਨੀ ਤੇ ਜਿਸ ਦਿਨ  ਛਪੀ ਸੀ ਤਾਂ ਉਸ ਨੂੰ  ਵੇਖ ਕੇ ਮੈਨੂੰ ਇਵੇਂ ਲੱਗਾ ਸੀ ਜਿਵੇਂ ਉਸ ਦਿਨ ਮੇਰੀ ਕੋਈ ਵੱਡੀ ਲਾਟਰੀ ਨਿਕਲ ਆਈ ਹੋਵੇ।
 ਮੇਰੀ ਇਸ ਰਚਨਾ ਨੂੰ ਆਪ ਟਾਈਪ ਕੀਤੀ ਹੋਈ, ਮੇਰੇ ਘਰ ਤੋਂ ਥੋੜ੍ਹੀ ਹੀ ਦੂਰ ਤੇ ਵੈਸਟਰਨ ਯੂਨੀਅਨ ਏਜੰਸੀ ਚਲਾਉਣ ਵਾਲੇ ਇਕ ਬਹੁਤ ਹੀ ਸੁਹਿਰਦ ਸ਼ਖਸ ਮਿਸਟਰ ਸਚਦੇਵਾ ਨੇ ਉਸ ਦੀ ਆਪਣੀ ਮੇਲ ਤੋਂ ਕੀਤੀ ਸੀ।ਫਿਰ ਬਾਅਦ ਵਿੱਚ ਉਸ ਨੇ ਮੇਰੀ ਮੇਲ ਆਈ.ਡੀ.ਵੀ ਅਤੇ ਮੇਰੀ ਫੋਟੋ ਵੀ ਬਣਾ ਦਿੱਤੀ।ਬਸ ਫਿਰ ਇਸ ਤੋਂ ਅੱਗੇ ਫਿਰ ਚੱਲ ਸੁ ਚੱਲ, ਨਿੱਤ ਨਵਾਂ ਕੁਝ ਸਿੱਖਣਾ,ਨਵੇਂ ਨਵੇਂ ਪੰਜਾਬੀ ਫੋਂਟਾਂ ਵਿੱਚ ਲਿਖਣਾ,ਅਤੇ ਅੱਗੇ ਕੁਝ ਹੋਰ ਸਿੱਖਣ ਦੀ ਭਾਵਣਾ ਨਿੱਤ ਨਵੀਆਂ ਅੰਗੜਾਈਆਂ ਲੈਂਦੀ ਰਹੀ, ਫਿਰ ਕਈ ਵੈਬ ਸਾਈਟਾਂ ਨੇ ਆਪਣੇ ਆਪਣੋ ਵਖੋ ਵੱਖ ਪੰਜਾਬੀ  ਯੂਨੀਕੋਡ ਤਿਆਰ ਕਰਕੇ ਪੰਜਾਬੀ ਯੂਨੀ ਕੋਡਾਂ ਦੀਆਂ ਨਵੇਂ ਨਵੇਂ ਕੀ ਬੋਰਡ ਬੜੀ ਮੇਹਣਤ ਨਾਲ ਤਿਆਰ ਕੀਤੇ ਪੰਜਾਬੀ ਲੇਖਕਾਂ ਦੇ ਇਸ ਕੰਮ ਨੂੰ ਹੋਰ ਸੁਖਾਲਾ ਕਰਨ ਦੇ ਯਤਨ ਕਰਦੇ ਵੇਖਦਾ ਤਾਂ ਮੈਂ  ਉਨ੍ਹਾਂ ਨੂੰ ਜਾਨਣ ਤੇ ਸਮਝਣ ਦਾ ਯਤਨ ਕਰਦਾ ਰਹਿੰਦਾ ।
 ਫਿਰ ਮੈਂ  ਅਨਮੋਲ ਯੂਨੀ ਕੋਡ ਜੋ ਬਹੁਤਾ ਰੋਮਨ ਕੀ ਬੋਰਡ ਅਨੁਸਾਰ ਹੀ ਹੈ, ਡਾਉਣ ਲੋਡ ਕਰਕੇ ਹੌਲੀ ਹੌਲੀ ਇਸ ਅਨੁਸਾਰ ਟਾਈਪ ਕਰਨਾ ਸਿੱਖ ਲਿਆ।ਇਸ ਕੰਮ ਵਿੱਚ ਆਸਟਰੀਆ ਵਿਚ ਰਹਿ ਰਹੇ ਪੰਜਾਬੀ ਜੱਟ ਸਾਈਟ ਵਾਲੇ ਕੰਪਿਊਟਰ ਟੈਕਨੀਕ ਦੇ ਮਾਹਿਰ ਨੌਜਵਾਨ ਹਰਦੀਪ ਸਿੰਘ ਮਾਨ ਅਤੇ ਸੀ.ਡੀ. ਕੰਬੋਜ, ਸਕੇਪ ਪੰਜਾਬ ਫਗਵਾੜਾ ਪੰਜਾਬ ਦੇ ਸੰਪਾਦਕ ਸ. ਪਰਵਿੰਦਰ ਜੀਤ ਸਿੰਘ, 5 ਆਬੀ ਵੈਬਸਾਈਟ ਯੂ.ਕੇ ਦੇ ਸੰਚਾਲਕ ਸ.ਬਲਦੇਵ ਸਿੰਘ ਕੰਦੋਲਾ,ਲਿਖਾਰੀ ਵੈਬਸਾਈਟ ਦੇ ਸ. ਹਰਜੀਤ ਸਿੰਘ ਰਾਏ ਜੋ ਕਿਸੇ ਕਾਰਣ ਕਰਕੇ ਇਸ ਵੈਬ ਸਾਈਟ ਨੂੰ ਹੁਣ ਕਾਫੀ ਸਮੇਂ ਤੋਂ ਬੰਦ ਕਰ ਚੁਕੇ ਹਨ ਉਨ੍ਹਾਂ ਨਾਲ ਕੰਮ ਕਰਦੇ ਅਵਤਾਰ ਗਿੱਲ ਜੀ ਜੋ ਹੁਣ ਅਲਬਰਟਾ ਕੈਨੇਡਾ ਵਿਖੇ ਸਰੋਕਾਰ @2015 ਵੈਬਸਾਈ  ਬੜੀ ਸਫਲਤਾ ਪੂਰਵਕ ਚਲਾ  ਰਹੇ ਹਨ, ਉਨ੍ਹਾਂ ਵੱਲੋਂ ਬਣਾਈ ਗਏ ਸੂਰਜ ਯੂਨੀ ਕੋਡ ਅਤੇ ਹੋਰ ਵੀ ਕੰਪਿਊਟਰ ਮਾਹਿਰਾਂ ਨੇ ਪੰਜਾਬੀ ਯੂਨੀ ਕੋਡਾਂ ਤਿਆਰ ਕਰਕੇ  ਪੰਜਾਬੀ ਮਾਂ ਬੋਲੀ ਨੂੰ ਸਮੇਂ ਦੇ ਨਾਲ ਚਲਣ ਲਈ, ਇਸ ਨੂੰ ਹੋਰ ਸੁਖਾਲਾ ਤੇ ਸਰਲ ਕਰਨ ਦੇ ਕੰਮ ਵਿੱਚ ਆਪਣਾ ਬਣਦਾ ਯੋਗ ਦਾਨ ਕਿਸੇ ਨਾ ਕਿਸੇ ਰੂਪ ਵਿਚ ਪਾ ਰਹੇ ਹਨ, ਉਨ੍ਹਾਂ ਸਭਨਾਂ ਦਾ ਧਨਵਾਦ ਕਰਨਾ ਵੀ ਜ਼ਰੂਰੀ ਸਮਝਦਾ ਹਾਂ।
 ਏਨਾ ਕੁੱਝ ਕਰਨ ਦੇ ਬਾਵਜੂਦ ਅਜੇ ਵੀ ਕਈ ਐਸੇ ਨੁਕਤੇ ਮੇਰੇ ਸਾਮ੍ਹਣੇ ਆ ਜਾਂਦੇ ਸਨ, ਜੋ ਖਾਸ ਕਰਕੇ ਟਾਈਪ ਕਰਦੇ ਸਮੇਂ ਖਿਆਲ ਰੱਖਣ ਲਈ ਮੇਰੇ ਲਈ ਬਹੁਤ ਜ਼ਰੂਰੀ ਹੁੰਦੇ ਹਨ। ਜਿਨ੍ਹਾਂ ਵਿੱਚੋਂ ਇਕ ਅਹਿਮ ਨੁਕਤੇ ,ਵਾਪਸੀ ਕੁੰਜੀ’ ਵੱਲ ਮੇਰਾ ਧਿਆਨ ਬੜੀ ਦੇਰ ਬਾਅਦ ਗਿਆ। ਜਿਸ ਨੂੰ 5 ਆਬੀ ਵੈਬਸਾਈਟ ਦੀ ਰੂਹੇ ਰਵਾਂ ਸ. ਬਲਦੇਵ ਸਿੰਘ ਕੰਦੋਲਾ ਯੂ.ਕੇ ਵਾਲਿਆਂ ਨੇ ਦਿਵਾਇਆ। ਪਰ ਇਸ ਦੇ ਬਾਵਜੂਦ  ਇਹ ਵਾਪਸੀ ਕੁੰਜੀ ਦਾ ਭੇਤ ਕੀ ਹੈ, ਇਸ ਨੂੰ ਕਿਵੇਂ ਤੇ ਕਦੋਂ ਵਰਤੀ ਜਾਂਦੀ ਹੈ,ਕਿੱਥੇ ਵਰਤਨੀ ਚਾਹੀਦੀ ਹੈ,ਮੈਨੂੰ ਕੋਈ ਸਮਝ ਨਹੀਂ ਆ ਰਿਹਾ ਸੀ।ਮੈਨੂੰ ਵਾਪਸੀ ਕੁੰਜੀ ਦੇ ਭੇਤ ਜਾਨਣ ਲਈ ਮੇਰੇ ਅੰਦਰ ਬੜੇ ਬੜੇ ਖਿਆਲ ਉੱਸਲ ਵੱਟੇ ਭੰਨਦੇ ਰਹਿੰਦੇ ਸਨ।
 ਕਦੇ ਕਦੇ ਸੁਣੀਆਂ ਸੁਣਾਈਆਂ ਬਾਲ ਕਹਾਣੀਆਂ ਵਿੱਚ ਜਿੰਨਾਂ ਪਰੀਆਂ ਦੀ ਕਹਾਣੀਆਂ ਵਿੱਚ ਕਿਸੇ ਖਾਸ ਥਾਂ ਪਹੁੰਚਣ ਲਈ ਕਈ ਦਰਵਾਜ਼ੇ ਖੋਲ੍ਹਣ ਦੇ ਰਹੱਸ ਮਈ ਢੰਗਾਂ ਨਾਲ ਖੁਲ੍ਹਣ ਤੇ ਅੱਗੇ ਜਾਣ ਦੀਆਂ ਕਹਾਣੀਆਂ ਯਾਦ ਆਂਉਂਦੀਆਂ ਸਨ।ਕਦੇ ਮੇਰਾ ਖਿਆਲ ਮੇਰੇ ਸ਼ਹਿਰ ਦੀ ਕਿਸੇ ਚਾਬੀਆਂ ਲਾਉਣ ਵਾਲੀਆਂ ਤੇ ਜੰਗਾਲੇ ਜਿੰਦਰੇ ਠੀਕ ਕਰਨ ਲਈ ਕੁੰਜੀਆਂ ਲਾਉਣ ਵਾਲੀਆਂ ਦੁਕਾਨਾਂ ਵੱਲ ਚਲਾ ਜਾਂਦਾ, ਤੇ ਕਦੇ ਰੋਪੜੀ ਤਾਲਾ ਜੋ ਕਿਤੇ ਅੜ ਜਾਏ ਤਾਂ ਉਹ ਬੜੀ ਸਿਰ ਖਪਾਈ ਕਰਨ ਦੇ ਬਾਵਜੂਦ  ਖੁਲ੍ਹਣ ਦਾ ਨਾਂ ਨਹੀਂ ਲੈਂਦਾ, ਉਸ ਵੱਲ ਚਲਾ ਜਾਂਦਾ, ਜਾਂ ਕਦੀ ਕਦੀ ਚਾਬੀ ਵਾਲੇ ਖਿਡਾਉਣਿਆਂ ਵੱਲ ਵੀ ਚਲਾ ਜਾਂਦਾ, ਤੇ ਇਹ ਅੜਾਉਣੀ ਦਾ ਹੱਲ ਮੇਰੇ ਲਈ ਪੈਰ ਪੈਰ ਹੋਰ ਵੀ ਔਖਾ ਹੋਈ ਜਾਂਦਾ।
  ਕਈ ਵਾਰ ਗੱਲ ਭਾਵੇਂ ਛੋਟੀ ਹੀ ਹੋਵੇ ਪਰ ਸਮਝਣ ਵਿੱਚ ਸਮਾ ਲੱਗ ਜਾਂਦਾ ਹੈ ਉਹੀ ਗੱਲ ਮੇਰੇ ਨਾਲ ਹੋਈ।ਇਸੇ ਲੇਖ ਲਿਖਦਿਆਂ ਮੈਨੂ ਇਕ ਵਾਰ ਦੀ ਇਸੇ ਤਰ੍ਹਾਂ ਦੀ ਹੋਈ ਬੀਤੀ ਗੱਲ ਚੇਤੇ ਆ ਗਈ,ਜਦੋਂ ਮੈਂ ਚੱਕ ਬੰਦੀ ਮਹਿਕਮੇ ਵਿੱਚ ਕੰਮ ਕਰਦਾ ਸਾਂ ਤਾਂ ਮੇਰੇ ਨਾਲ ਇੱਕ ਪੰਡਤ ਰਲਾ ਰਾਮ ਨਾਂ ਦਾ ਪਟਵਾਰੀ ਵੀ ਕੰਮ ਕਰਦਾ ਸੀ। ਜੋ ਮੈਥੋਂ ਬਹੁਤ ਸੀਨੀਅਰ ਪਟਵਾਰੀ ਸੀ ਅਤੇ ਆਪਣੇ ਕੰਮ ਦਾ ਪੂਰੀ ਤਰ੍ਹਾਂ ਜਾਣੂ ਅਤੇ  ਫੁਰਤੀਲਾ ਵੀ ਸੀ।ਉਸ ਨੇ ਮੈਨੂੰ ਇਕ ਵਾਰ ਦੀ ਗੱਲ ਸੁਣਾਈ ਕਿ ਉਹ ਜਦੋਂ ਨਵਾਂ ਨਵਾਂ ਪਟਵਾਰੀ ਲੱਗਿਆ ਤੇ ਨੌਕਰੀ ਛਡ ਕੇ ਘਰ ਚਲਾ ਗਿਆ।ਉਸ ਦੇ ਪਿਉ ਨੇ ਜਦ ਨੌਕਰੀ ਛਡ ਕੇ ਘਰ ਆਉਣ ਦਾ ਕਾਰਣ ਪੁੱਛਿਆ ਤਾਂ ਉਹ ਕਹਿਣ ਲੱਗਾ,ਮੈਨੂੰ ਰੀਕਰਡ ਦੇ ਛੋਟੇ ਛੋਟੇ ਖਾਨਿਆਂ ਵਿੱਚ ਲਿਖਣਾ ਨਹੀਂ ਆਉਂਦਾ।ਉਸ ਦਾ ਪਿਉ ਜੋ ਸੇਵਾ ਮੁਕਤ ਪਟਵਾਰੀ ਸੀ।ਉਸ ਨੇ ਉਸ ਨੂੰ ਕੁਝ ਦਿਨ ਘਰ ਰੱਖ ਕੇ ਇਨ੍ਹਾਂ ਖਾਨਿਆਂ ਵਿੱਚ ਲਿਖਣ ਦਾ ਅਭਿਆਸ ਕਰਾਇਆ ਤੇ ਮਿਲ ਮਿਲਾ ਕੇ ਉਸ ਦੀ ਛੁੱਟੀ ਮਨਜ਼ੂਰ ਕਰਵਾ ਕੇ ਉਸ ਨੂੰ ਫਿਰ ਨੌਕਰੀ ਤੇ ਭੇਜ ਦਿੱਤਾ।
ਇਸੇ ਤਰ੍ਹਾਂ ਹੀ ਮੇਰੇ ਇਸ ਵਾਪਸੀ ਕੁੰਜੀ ਦੇ ਭੇਦ ਨੂੰ ਦੱਸ ਲਈ ਕਈ ਸੁਹਿਰਦ ਲੇਖਕਾਂ ਨੇ ਮੈਨੂੰ ਸੇਧ ਦੇਣ ਦੀ ਕੋਸ਼ਸ ਕੀਤੀ ਜਦੋਂ ਸਰੋਕਾਰ ਵੈਬ ਸਾਈਟ ਤੇ ਇਕ ਲੇਖਕ ਕਿਰਪਾਲ ਸਿੰਘ ਪੰਨੂੰ ਜੀ ਦੇ ਲਿਖੇ ਲੇਖ” ਬਾਹੋਂ ਪਕੜ ਉਠਾਲਿਆ” ਪੜ੍ਹਿਆ ਅਤੇ  ਇਸ ਦੇ ਪ੍ਰਤੀ ਭਾਵ ਵਜੋਂ ਕੁਝ ਅੱਖਰ ਮੈਂ ਉਨ੍ਹਾਂ ਨੂੰ ਲਿਖ ਕੇ ਭੇਜੇ,ਜਿਸ ਦੇ ਉੱਤਰ ਵਜੋਂ ਉਨ੍ਹਾਂ ਨੇ ਆਪਣੀ ਜਾਣਕਾਰੀ ਦੇਣ ਦੇ ਨਾਲ ਮੇਰੇ ਲਿਖੇ ਪੱਤਰ ਵਿੱਚ ਟਾਈਪ ਕਰਨ ਕਈ ਨੁਕਤੇ ਦੱਸਦੇ ਹੋਏ, ਮੈਨੂੰ ਸਮਝਾੳਣ ਦਾ ਯਤਨ ਕੀਤਾ।
  ਮੈਂ ਬਥੇਰਾ ਆਪਣੇ ਕੰਪਿਊਟਰ ਤੇ ਟਾਈਪ ਕੀਤੇ ਹੋਏ ਨੂੰ ਵਾਰ ਵਾਰ ਵੇਖਦਾ, ਪਰ ਇਹ ਵਾਪਸੀ ਕੁੰਜੀ ਦੀ ਅੜਾਉਣੀ ਮੇਰੇ ਲਈ ਪੈਰ ਪੈਰ ਹੋਰ ਗੁੰਝਲਦਾਰ ਹੋਈ ਜਾਂਦੀ।ਆਖਰ ਇਕ ਦਿਨ ਜਦੋਂ ਇਸ ਨੁਕਤੇ ਤੇ ਡਾ. ਕੰਦੋਲਾ ਜੀ ਵੱਲੋਂ ਮੈਨੂੰ ਸਮਝਾ ਕੇ ਟਾਈਪ ਕਰਨ ਵੇਲੇ ਇਸ ਨੁਕਤੇ ਵੱਲ ਮੇਰਾ ਧਿਆਨ ਦਿਵਾਇਆ ਅਤੇ ਉਨ੍ਹਾਂ ਵੱਲੋਂ ਇਸ ਕੰਮ ਵੱਲ ਮੈਨੂੰ ਉਚੇਚਾ ਧਿਆਨ ਦੇਣ ਲਈ ਵੀ ਕਿਹਾ ਜਾਣ ਤੇ ਇਹ ਵਾਪਸੀ ਕੁੰਜੀ ਦੇ ਨੁਕਤੇ ਦੇ ਭੇਤ ਨੂੰ ਸਮਝਣ ਲਈ ਉਨ੍ਹਾਂ ਨੂੰ ਭੇਜੇ ਗਏ ਆਪਣੇ ਇਕ ਲੇਖ ਨਾਲ ਮੈਂ ਫਿਰ ਮਗਜ਼ ਮਾਰੀ ਕਰਨੀ ਸ਼ੁਰੂ ਕੀਤੀ।
 ਇਸ ਲੇਖ ਨੂੰ ਮੈਂ ਕਈ ਵਾਰ ਟਾਈਪ ਕਰਕੇ ਉਨ੍ਹਾਂ ਨੂੰ ਅਤੇ ਆਪਣੇ ਆਪ ਨੂੰ ਮੇਲ ਕਰ ਕੇ ਤਰੁੱਟੀਆਂ ਠੀਕ ਕਰਨ ਦਾ ਯਤਨ ਕੀਤਾ ਤੇ ਆਖਰ “ਹਿੰਮਤੇ ਮਰਦਾਂ,ਮਦਦੇ ਖੁਦਾ ਵਾਲ਼ੀ ਗੱਲ ਹੋਈ”। ਉਨ੍ਹਾਂ ਦੀ ਸੇਧ ਅਤੇ ਹੌਸਲਾ ਅਫਜ਼ਾਈ ਕਰਕੇ ਵਾਪਸੀ ਕੁੰਜੀ ਵਾਲਾ ਨੁਕਤਾ ਮੇਰੇ ਖਾਨੇ ਵਿੱਚ ਕੁਝ ਨਾ ਕੁਝ ਪੈ ਹੀ ਗਿਆ,ਅਤੇ ਮੇਰੇ ਨਾਲ “ਦੇਰ ਆਏ ਦਰੁਸਤ ਆਏ ਵਾਲ਼ੀ ਗੱਲ” ਵੀ ਸਹੀ ਸਾਬਤ ਹੋਈ।ਦੂਜੇ ਦਿਨ ਮੈਨੂੰ ਵੇਖ ਕੇ ਖੁਸ਼ੀ ਤੇ ਹੈਰਾਣਗੀ ਵੀ ਹੋਈ ਕਿ ਉਨ੍ਹਾਂ ਨੂੰ ਮੇਰੇ ਵੱਲੋਂ ਸੋਧ ਕੇ ਭੇਜਿਆ ਹੋਇਆ ਲੇਖ ਉਨ੍ਹਾਂ ਦੀ ਵੈਬ ਸਾਈਟ ਤੇ ਛਪ ਚੁਕਾ ਸੀ।ਪਰ ਉਨ੍ਹਾਂ ਮੈਨੂੰ ਦੱਸਿਆ ਕਿ ਪੂਰੀ ਗੱਲ ਅਜੇ ਵੀ ਨਹੀਂ ਬਣੀ ਅਤੇ ਹੋਰ ਮੇਹਣਤ ਕਰਨ ਲਈ ਕਿਹਾ।ਹੁਣ ਉਨ੍ਹਾਂ ਦਾ ਧਨਵਾਦ ਕਰਦੇ ਹੋਏ ਇਸ ਨੁਕਤੇ ਨੂੰ ਸਮਝ ਕੇ ਅੱਗੇ ਤੋਂ ਟਾਈਪ ਕਰਨ ਦਾ ਯਤਨ ਕੀਤਾ।ਇਹ ਵਾਪਸੀ ਕੁੰਜੀ ਦੇ ਭੇਤ ਮਿਲ ਜਾਣ ਤੇ ਇਸ ਨੁਕਤੇ ਦੇ ਭੇਤ ਦਾ ਤਾਲਾ ਖੋਲ੍ਹਣਾ ਕਿੰਨਾ ਜ਼ਰੂਰੀ ਸੀ। ਇਹ ਵੀ ਸਮਝ ਹੁਣ ਆ ਗਈ।
 ਜੇ ਕਿਸੇ ਵਿੱਚ ਕੁਝ ਸਿੱਖਣ ਦੀ ਭਾਵਣਾ ਹੋਵੇ ਤਾਂ ਕੇਹੜਾ ਕੰਮ ਹੈ ਜੋ ਕੀਤਾ ਨਹੀਂ ਜਾ ਸਕਦਾ। ਲੋੜ ਤਾਂ ਬਸ ਮੇਹਣਤ,ਉਦਮ,ਹੌਸਲੇ, ਅਤੇ ਸਿਰੜ੍ਹਤਾ ਦੀ ਹੀ ਹੁੰਦੀ ਹੈ। ਇਹ ਵੀ ਸਚਾਈ ਹੈ ਕਿ ਜ਼ਿੰਦਗੀ ਵਿੱਚ ਬੰਦਾ ਸਿੱਖਦਾ ਹੀ ਰਹਿੰਦਾ ਹੈ।ਬੇਸ਼ੱਕ ਸਿੱਖਣ ਨਾਲੋਂ ਸਿਖਾਉਣਾ ਵੀ ਕੋਈ ਸੌਖਾ ਕੰਮ ਨਹੀਂ।ਜਿਵੇਂ ਕੋਈ ਵਸਤੂ ਪਾਉਣ ਲਈ ਖਾਲੀ ਬਰਤਨ ਦੀ ਲੋੜ ਹੈ।ਪਰ ਜੇ ਭਰੇ ਬਰਤਨ ਵਿੱਚ ਕੋਈ ਵਸਤੂ ਪਾਉਣ ਦਾ ਯਤਨ ਕਰੀਏ ਤਾਂ ਉਹ ਵਸਤੂ ਫਾਲਤੂ ਹੋਕੇ, ਵਿਅਰਥ ਹੋ ਕੇ ਬਾਹਰ ਹੀ ਡਿਗ ਜਾਂਦੀ ਹੈ।ਇਵੇਂ ਹੀ ਕਿਸੇ ਤੋਂ ਕੁੱਝ ਸਿੱਖਣ ਲਈ ਆਪਣੀ ਸਿਆਣਪ ਨੂੰ ਜ਼ਰਾ ਜੰਦਰਾ ਲਾਕੇ ਕੁੰਜੀ ਕਿਤੇ ਲਾਂਭੇ ਰੱਖਣ ਦੀ ਲੋੜ ਵੀ ਹੁੰਦੀ ਹੈ।ਪਰ ਇਸ ਵਿੱਚ ਵੀ ਵਾਪਸੀ ਕੁੰਜੀ ਦੀ ਲੋੜ ਵੀ ਜ਼ਰੂਰੀ ਹੁੰਦੀ ਹੈ।
ਇਵੇਂ ਲਗਦਾ ਹੈ ਕਿ ਉਮਰ ਦੇ ਆਖੀਰਲੇ ਪੜਾਂ ਤੀਕ ਪਹੁੰਚ ਕੇ ਵੀ ਕੁਝ ਨਾ ਕੁਝ ਨਵਾਂ ਸਿੱਖਣ ਦੀ ਤਾਂਘ ਪ੍ਰਬਲ ਰਹਿੰਦੀ ਹੈ।ਇਸ ਕੰਮ ਵਿੱਚ ਜਦੋਂ ਮੈਨੂੰ ਕਿਸੇ ਅੜਾਉਣੀ ਜਾਂ ਮੁਸ਼ਕਲ ਨਾਲ ਜੂਝਣਾ ਪੈਂਦਾ ਹੈ ਤਾਂ ਪਤਾ ਨਹੀਂ ਕਿਉਂ ਮੈਨੂੰ ਮੇਰੀ ਉਮਰ ਮੈਨੂੰ ਪਿੱਛੇ ਨੂੰ ਪਰਤਦੀ ਜਾਪਦੀ ਹੈ। ਮੇਰੀ ਹਿੰਮਤ ਹੌਸਲਾ ਹੋਰ ਵਧਦਾ ਹੈ।ਕਿਸੇ ਕੰਮ ਨੂੰ ਅਧਵਾਟੇ ਛੱਡ ਕੇ ਅੱਗੇ ਪਾਉਣ ਲਈ ਮੇਰਾ ਮਨ ਨਹੀਂ ਕਰਦਾ।ਹਾਂ ਕਦੇ ਕਦੇ ਸਮੇਂ ਦੇ ਤਕਾਜ਼ੇ ਨੂੰ ਸਮਝਦਿਆਂ ਕੁੱਝ ਦੇਰੀ ਤਾਂ ਹੋ ਸਕਦੀ ਹੈ,ਪਰ ਆਪਣੇ ਛੋਹੇ ਹੋਏ ਜਾਂ ਆਪਣੇ ਜ਼ਿੰਮੇ ਲੱਗੇ ਕੰਮ ਨੂੰ ਟਾਲ ਦੇਣਾ ਜਾਂ ਟਾਲ ਮਟੋਲ ਕਰਨ ਵਿੱਚ ਮੇਰੀ ਬੇਬਸੀ ਹੁੰਦੀ ਹੈ।
 ਮੇਰੇ ਲਈ ਲਿਖਣਾ ਮੇਰੀ ਮਜਬੂਰੀ ਹੈ, ਪਰ ਸਿੱਖਣਾ ਵੀ ਬੜਾ ਜ਼ਰੂਰੀ ਹੈ। ਜ਼ਿੰਦਗੀ ਦੇ ਸਫਰ ਵਿੱਚ ਇਹ ਦੋਵੇਂ ਪੱਖ ਦੋ ਸਮਾਨੰਤਰ ਰੇਖਾਂਵਾਂ ਵਾਂਗ ਨਾਲੋ ਨਾਲ ਚੱਲ ਰਹੇ ਹਨ।ਕਿਉਂ ਜੋ ਇਹ ਦੋਵੇਂ ਇੱਕ ਦੂਸਰੇ ਬਿਣਾਂ ਅਧੂਰੇ ਵੀ ਹਨ।ਕਈ ਵਾਰ ਬਹੁਤੀਆਂ ਸਲਾਂਹਵਾਂ ਵੀ ਲੈ ਬਹਿੰਦੀਆਂ ਹਨ।ਪਰ ਨਿਰਾ ਪੁਰਾ ਅਪਣੇ ਹੀ ਮਨ ਦੇ ਪਿੱਛੇ ਲੱਗ ਕੇ ਕਿਸੇ ਦੀ ਸੁਣੇ ਬਿਣਾਂ  ਵੀ ਹਨੇਰੇ ਵਿੱਚ ਭਟਕਣ ਵਾਂਗ ਹੀ ਹੁੰਦਾ ਹੈ। ਵੈਸੇ ਜੇ ਵੇਖਿਆ ਜਾਵੇ ਤਾਂ ਇਹ ਜੀਵਣ ਦਾ ਤਾਣਾ ਬਾਣਾ ਵੀ ਤਾਂ ਕਈ ਜੰਦਰਿਆਂ ਤੇ ਉਨ੍ਹਾਂ ਦੀਆਂ ਕੁੰਜੀਆਂ ਖੋਲ੍ਹਨ ਤੇ ਬੰਦ ਕਰਨ ਵਾਂਗ ਹੀ ਹੈ।ਜਿਸ ਦੀ ਹਰ ਕੁੰਜੀ ਨੂੰ ਅੱਗੇ ਤੋਰਦਿਆਂ ਕਈ ਵਾਰ ਵਾਪਸੀ ਕੁੰਜੀ ਦੀ ਲੋੜ ਵੀ ਹੁੰਦੀ ਹੈ। ਜਿਸ ਦੀ ਸਹੀ ਵਰਤੋਂ ਕਰਨ ਲਈ ਕਈ ਵਾਰ ਇਸ ਭੇਤ ਨੂੰ ਜਾਨਣ ਲਈ ਕਿਸੇ ਹੰਡੇ ਵਰਤੇ, ਸੇਧ ਦੇਣ ਵਾਲੀ ਸੁਹਿਰਦ ਸ਼ਖਸੀਅਤ ਦੀ ਅਗਵਾਈ ਲੈਣ ਵਿੱਚ ਆਪਣੀ ਹੇਠੀ ਨਹੀਂ ਸਮਝਣੀ ਚਹੀਦੀ।      
ਜੇ ਮੰਜ਼ਿਲ ਤੇ ਪਹੁੰਚਣਾ, ਤਾਂ ਹਿੰਮਤਾਂ ਨਾ ਹਾਰੋ।
ਉੱਦਮ ਦੇ ਨਾਲ ਦੋਸਤੋ, ਜ਼ਿੰਦਗੀ ਸ਼ਿੰਗਾਰੋ।
ਰਾਹਵਾਂ ਦੇ ਪੱਥਰਾਂ, ਤੇ ਰੋੜਿਆਂ ਨੂੰ ਸਮਝੋ,
ਕਿੱਦਾਂ ਬਣੇ ਨੇ ਇਹ, ਬਸ ਠੋਕਰਾਂ ਨਾ ਮਾਰੋ।
ਕੋਈ ਰਾਹ ਗੁਜ਼ਰ ਮਿਲੇ,ਮਾਣੋ ਪਲ਼ਾਂ ਦੀ ਸਾਂਝ,
ਜੇਕਰ ਸਮਾਂ ਮਿਲੇ ਤਾਂ, ਬਹਿਕੇ ਜ਼ਰਾ ਗੁਜ਼ਾਰੋ।
ਹੈ ਆਦਮੀ ਹੀ ਹੁੰਦਾ, ਹੈ ਆਦਮੀ ਦਾ ਦਾਰੂ,
ਆਪਸ ਦੇ ਵਿਚ ਮਿਲਕੇ,ਇਹ ਔਕੜਾਂ ਵੰਗਾਰੋ।
ਰਸਤੇ ਤੇ ਪਾਉਣ ਵਾਲੇ, ਮਿਲਦੇ ਬੜੇ ਨੇ ਥੋੜੇ,
ਔਝੜ ਬੜੇ ਨੇ ਪਾਉਂਦੇ, ਜਿੱਧਰ ਵੀ ਨਜ਼ਰ ਮਾਰੋ।