ਦਿਲ ਫ਼ਰਦ-ਏ-ਜਮਾ-ਓ-ਖ਼ਰਚ ਜ਼ਬਾਂਹ-ਏ-ਲਾਲ ਹੈ - ਸਵਰਾਜਬੀਰ
ਇਹ 1993 ਦਸੰਬਰ ਦੀ ਸ਼ਾਮ ਸੀ। ਸ਼ਿਮਲੇ ਦਾ ਇੰਡੀਅਨ ਇੰਸਟੀਚਿਊਟ ਆਫ਼ ਅਡਵਾਂਸਡ ਸਟੱਡੀਜ਼। ਪੰਜਾਬੀ, ਹਿੰਦੀ, ਉਰਦੂ ਤੇ ਅੰਗਰੇਜ਼ੀ ਦੇ ਕਵੀ ਆਪਣੀਆਂ ਕਵਿਤਾਵਾਂ ਸੁਣਾ ਰਹੇ ਸਨ। ਪੰਜਾਬੀ ਲੇਖਕ ਜੋਗਿੰਦਰ ਕੈਰੋਂ, ਪ੍ਰੇਮ ਗੋਰਖੀ, ਅਮਰਜੀਤ ਕੌਂਕੇ, ਦਰਸ਼ਨ ਬੁੱਟਰ ਵੀ ਉੱਥੇ ਸਨ। ਕਵਿਤਾ ਸੁਣਾਉਣ ਵਾਲਿਆਂ ਵਿਚ ਮਸ਼ਹੂਰ ਮਾਰਕਸਵਾਦੀ ਚਿੰਤਕ ਪ੍ਰੋਫ਼ੈਸਰ ਰਣਧੀਰ ਸਿੰਘ ਵੀ ਸਨ। ਉਨ੍ਹਾਂ ਨੇ ਆਪਣੀਆਂ ਪੰਜਾਬੀ ਵਿਚ ਲਿਖੀਆਂ ਕਵਿਤਾਵਾਂ ਸੁਣਾਈਆਂ ਤੇ ਮੈਂ ਨਾਲ ਨਾਲ ਉਨ੍ਹਾਂ ਦਾ ਅੰਗਰੇਜ਼ੀ ਵਿਚ ਅਨੁਵਾਦ ਕੀਤਾ।
ਅਗਲੇ ਦਿਨ ਮੈਂ ਪ੍ਰੋ. ਰਣਧੀਰ ਸਿੰਘ ਕੋਲ ਬੈਠਾ ਹਿੰਦੋਸਤਾਨ ਦੀ ਜਮਹੂਰੀਅਤ ਵਿਚਲੀਆਂ ਖ਼ਾਮੀਆਂ ਬਾਰੇ ਵਧ-ਚੜ੍ਹ ਕੇ ਬੋਲ ਰਿਹਾ ਸਾਂ। ਰਣਧੀਰ ਸਿੰਘ ਹੋਰਾਂ ਮੈਨੂੰ ਡਾਂਟਿਆ ਕਿ ਮੈਂ ਬੇਸਿਰ-ਪੈਰ ਦੀਆਂ ਗੱਲਾਂ ਕਰ ਰਿਹਾ ਸਾਂ, ਉਨ੍ਹਾਂ ਕਿਹਾ- ''ਕਾਕਾ, ਜੇ ਜਮਹੂਰੀਅਤ ਨਾ ਹੁੰਦੀ ਤਾਂ ਮੈਂ ਯੂਨੀਵਰਸਿਟੀ ਵਿਚ ਪ੍ਰੋਫ਼ੈਸਰ ਨਾ ਹੁੰਦਾ। ਅੱਜ ਇਸ ਇੰਸਟੀਚਿਊਟ ਦਾ ਫੈਲੋ ਨਾ ਹੁੰਦਾ। ਤੇ ਤੂੰ ਨਾ ਤਾਂ ਜਿਹੜੀ ਨੌਕਰੀ ਤੂੰ (ਮੈਂ ਅਸਾਮ-ਮੇਘਾਲਿਆ ਕਾਡਰ ਵਿਚ ਪੁਲੀਸ ਅਫ਼ਸਰ ਸਾਂ) ਕਰ ਰਿਹਾ ਏਂ, ਉਹ ਕਰਦਾ ਹੁੰਦਾ ਤੇ ਨਾ ਹੀ ਏਥੇ ਬੈਠਾ ਏਦਾਂ ਬੋਲ ਰਿਹਾ ਹੁੰਦਾ।'' ਰਣਧੀਰ ਸਿੰਘ ਹੋਰਾਂ ਨੇ ਹਮੇਸ਼ਾ ਜਮਹੂਰੀਅਤ ਦੀ ਜ਼ਰੂਰਤ, ਲੋਕਾਂ ਦੀ ਜ਼ਿੰਦਗੀ ਵਿਚ ਇਹਦੀ ਭੂਮਿਕਾ, ਇਸ ਨੂੰ ਬਚਾਉਣ ਤੇ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ। ਆਪਣੀਆਂ ਲਿਖ਼ਤਾਂ ਵਿਚ ਉਨ੍ਹਾਂ ਕਿਹਾ ਕਿ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਜਿਹੜਾ ਸਬਕ ਸਾਨੂੰ ਸਿੱਖਣਾ ਚਾਹੀਦਾ ਹੈ, ਉਹ ਜਮਹੂਰੀਅਤ ਦੀ ਪ੍ਰਾਥਮਿਕਤਾ ਤੇ ਸਜੀਵਤਾ ਬਣਾਈ ਰੱਖਣ ਦਾ ਹੈ।
ਅੱਜ ਵੀ ਦੇਸ਼ ਵਿਚ ਜਮਹੂਰੀਅਤ ਹੈ ਅਤੇ ਇਸ ਦਾ ਸਬੂਤ ਇਹ ਹੈ ਕਿ ਮੈਂ ਇਹ ਲੇਖ ਲਿਖ ਰਿਹਾ ਹਾਂ ਪਰ ਲੇਖ ਲਿਖਦਿਆਂ ਮੈਂ ਜਾਣਦਾ ਹਾਂ ਕਿ ਮੈਨੂੰ ਕੁਝ ਸੀਮਾਵਾਂ ਵਿਚ ਰਹਿਣਾ ਪੈਣਾ ਹੈ, ਮੇਰੇ ਜ਼ਿਹਨ ਵਿਚ ਅਣਜਾਣ ਭੈਅ ਮੰਡਰਾਅ ਰਿਹਾ ਹੈ, ਮੈਂ ਇਹ ਵੀ ਜਾਣਦਾ ਕਿ ਅੱਜ ਤੋਂ ਵੀਹ ਸਾਲ ਬਾਅਦ ਹਿੰਦੋਸਤਾਨ ਦੀ ਕਿਸੇ ਯੂਨੀਵਰਸਿਟੀ ਵਿਚ ਕੋਈ 'ਰਣਧੀਰ ਸਿੰਘ' ਨਹੀਂ ਹੋਵੇਗਾ। ਤੁਸੀਂ ਜਾਣਦੇ ਹੋ, ਮੈਂ ਕਿਸ ਕਾਨੂੰਨ ਤੇ ਕਿਸ ਭੈਅ ਦੀ ਗੱਲ ਕਰ ਰਿਹਾ ਹਾਂ।
ਜੰਮੂ ਕਸ਼ਮੀਰ ਵਿਚ ਕੀ ਹੋਇਆ ਹੈ? ਮੈਂ ਸੂਬੇ ਦੇ ਇਤਿਹਾਸ ਬਾਰੇ ਚੰਗੀ ਤਰ੍ਹਾਂ ਵਾਕਿਫ਼ ਨਹੀਂ। ਬਹੁਤੀ ਵਾਰ ਅਸੀਂ ਪੰਜਾਬੀ ਇਸ ਅਭਿਮਾਨ ਨਾਲ ਹੀ ਭਰੇ ਰਹਿੰਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਨੇ ਇਸ ਭੂਗੋਲਿਕ ਖ਼ਿੱਤੇ ਨੂੰ ਜਿੱਤ ਕੇ ਲਾਹੌਰ ਦਰਬਾਰ ਦਾ ਹਿੱਸਾ ਬਣਾ ਲਿਆ, ਉਸ ਦੀਆਂ ਜਿੱਤਾਂ ਨੂੰ ਪੰਜਾਬੀ ਕੌਮ ਇਤਿਹਾਸ ਦੇ ਸੁਨਹਿਰੇ ਬਾਬ ਵਜੋਂ ਯਾਦ ਕਰਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਸ ਰਾਜ ਵਿਚ ਬਹੁਤ ਹਾਂ-ਪੱਖੀ ਤੇ ਸਾਕਾਰਾਤਮਕ ਪਹਿਲੂ ਸਨ। ਉਹਨੇ ਪੰਜਾਬੀਆਂ ਨੂੰ ਪਹਿਲੀ ਵਾਰ ਆਪਣੀ ਹੋਣੀ ਦੇ ਮਾਲਕ ਬਣਾਇਆ ਤੇ ਕੌਮ ਵਜੋਂ ਮਾਣ-ਸਨਮਾਨ ਤੇ ਆਪਣੇ ਵਿਲੱਖਣ ਵਜੂਦ ਦਾ ਅਹਿਸਾਸ ਕਰਾਇਆ। ਏਦਾਂ ਸੋਚਦੇ ਅਸੀਂ ਇਹ ਗੱਲ ਕਦੀ ਵਿਚਾਰਦੇ ਕਿ ਕਸ਼ਮੀਰ ਦੇ ਲੋਕ ਉਸ ਰਾਜ ਬਾਰੇ ਕਿਵੇਂ ਸੋਚਦੇ ਸਨ, ਕਸ਼ਮੀਰੀਆਂ ਵਾਸਤੇ ਪੰਜਾਬੀਆਂ ਜਾਂ ਖ਼ਾਲਸਾ ਫ਼ੌਜ ਦੀ ਜਿੱਤ ਦੇ ਮਾਅਨੇ ਕੀ ਸਨ?
ਵਰਤਮਾਨ ਵੱਲ ਮੁੜਦਿਆਂ ਜੋ ਜੰਮੂ ਕਸ਼ਮੀਰ ਨਾਲ ਹੁਣ ਹੋਇਆ ਹੈ, ਦੇ ਕੀ ਮਾਅਨੇ ਹਨ? ਜੰਮੂ ਕਸ਼ਮੀਰ ਦੇ ਲੋਕਾਂ ਨਾਲ ਬੇਇਨਸਾਫ਼ੀਆਂ ਦੀ ਕਹਾਣੀ ਲੰਮੀ ਹੈ। ਇੱਥੇ ਦਲੀਲ ਦਿੱਤੀ ਜਾ ਸਕਦੀ ਹੈ ਕਿ ਹਰ ਖ਼ਿੱਤੇ ਦੇ ਲੋਕਾਂ ਨਾਲ ਬੇਇਨਸਾਫ਼ੀ ਹੁੰਦੀ ਹੈ। ਬਹੁਤੀ ਬੇਇਨਸਾਫ਼ੀ ਉਸ ਖ਼ਿੱਤੇ ਦੇ ਆਪਣੇ ਕੁਲੀਨ, ਜਾਗੀਰਦਾਰੀ, ਸਰਮਾਏਦਾਰੀ ਤੇ ਉੱਚੀਆਂ ਜਾਤਾਂ ਨਾਲ ਸਬੰਧ ਰੱਖਣ ਵਾਲੇ ਲੋਕ ਹੀ ਕਰਦੇ ਹਨ। ਦਲਿਤਾਂ ਤੇ ਔਰਤਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਕੁਝ ਬੇਇਨਸਾਫ਼ੀਆਂ ਉਦੋਂ ਹੁੰਦੀਆਂ ਹਨ ਜਦੋਂ ਲੋਕ ਬਾਹਰਲੇ ਦੇਸ਼ਾਂ ਦੇ ਗ਼ੁਲਾਮ ਹੁੰਦੇ ਤੇ ਬਸਤੀਵਾਦੀ ਹਕੂਮਤਾਂ ਜਬਰ ਕਰਦੀਆਂ ਹਨ। ਪੁਰਾਣੇ ਸਮਿਆਂ ਵਿਚ ਰਾਜੇ, ਰਜਵਾੜੇ, ਜਾਗੀਰਦਾਰ ਤੇ ਉਨ੍ਹਾਂ ਦੇ ਅਹਿਲਕਾਰ ਜ਼ੁਲਮ ਕਰਦੇ ਰਹੇ। ਅਜੋਕੇ ਸਮਿਆਂ ਵਿਚ ਸਰਮਾਏਦਾਰੀ ਨਿਜ਼ਾਮ ਕਾਮਿਆਂ ਤੇ ਮਿਹਨਤਕਸ਼ਾਂ ਉੱਤੇ ਜ਼ੁਲਮ ਕਰਦਾ ਹੈ। ਇਸ ਦੇ ਨਾਲ ਨਾਲ ਆਧੁਨਿਕ ਰਾਜ-ਪ੍ਰਬੰਧਾਂ ਵਿਚ ਵਿਕਸਿਤ ਹੋਇਆ ਕੇਂਦਰੀਵਾਦੀ ਮਾਡਲ ਵੀ ਕਈਆਂ ਕੌਮਾਂ, ਕੌਮੀਅਤਾਂ, ਫ਼ਿਰਕਿਆਂ ਤੇ ਘੱਟਗਿਣਤੀਆਂ ਨੂੰ ਸਮੂਹਿਕ ਜਬਰ ਦਾ ਨਿਸ਼ਾਨਾ ਬਣਾਉਂਦਾ ਹੈ, ਉਨ੍ਹਾਂ ਨੂੰ ਦਬਾਇਆ ਜਾਂਦਾ ਹੈ, ਹੀਣੇ ਬਣਾਇਆ ਜਾਂਦਾ ਹੈ, ਆਪਣੀ ਦੇਸ਼ ਭਗਤੀ ਦੇ ਸਬੂਤ ਦੇਣ ਅਤੇ ਬਹੁਗਿਣਤੀ ਫ਼ਿਰਕੇ ਦੇ ਧਰਮ, ਭਾਸ਼ਾ ਤੇ ਵਿਚਾਰਾਂ ਦਾ ਜਬਰੀ ਸਤਿਕਾਰ ਕਰਨ ਲਈ ਕਿਹਾ ਜਾਂਦਾ ਹੈ, ਭਾਈਚਾਰਕ ਸਾਂਝਾਂ ਮਿਟਾ ਕੇ ਫ਼ਿਰਕੂ, ਖੇਤਰੀ ਤੇ ਭਾਸ਼ਾਈ ਪਾੜੇ ਵਧਾਏ ਜਾਂਦੇ ਹਨ। ਇਸ ਤਰ੍ਹਾਂ ਦਾ ਵਰਤਾਰਾ ਗੁਆਂਢੀ ਦੇਸ਼ ਪਾਕਿਸਤਾਨ ਵਿਚ ਹੋਇਆ, ਉਰਦੂ ਥੋਪਣ ਤੇ ਪੰਜਾਬੀ ਗ਼ਲਬਾ ਬਣਾਈ ਰੱਖਣ ਦੇ ਵਰਤਾਰੇ ਕਾਰਨ ਪੂਰਬੀ ਪਾਕਿਸਤਾਨ ਵਿਚ ਬਗ਼ਾਵਤ ਹੋਈ ਤੇ ਬੰਗਲਾਦੇਸ਼ ਬਣਿਆ। ਹਿੰਦੂ, ਸਿੱਖ, ਅਹਿਮਦੀਆ ਤੇ ਸ਼ੀਆ ਤਬਕਿਆਂ ਦੇ ਲੋਕ ਦਹਿਸ਼ਤਗਰਦੀ ਦਾ ਸ਼ਿਕਾਰ ਹੋਏ। ਸਿੰਧੀ, ਬਲੋਚ ਤੇ ਪਖ਼ਤੂਨ ਵਿਤਕਰਿਆਂ ਦਾ ਸਾਹਮਣਾ ਕਰਦੇ ਆਏ। ਸਾਡੇ ਦੇਸ਼ ਵਿਚ ਵੀ ਇਹ ਵਰਤਾਰਾ ਲਗਾਤਾਰ ਵਰਤਦਾ ਰਿਹਾ। ਦੇਸ਼ ਦੇ ਉੱਤਰ ਪੂਰਬੀ ਰਾਜਾਂ, ਪੰਜਾਬ ਤੇ ਜੰਮੂ ਕਸ਼ਮੀਰ ਨੇ ਵੱਡੇ ਦੁਖਾਂਤ ਭੋਗੇ ਹਨ।
ਪਰ ਕਈ ਦਿਨ, ਮਹੀਨੇ ਤੇ ਵਰ੍ਹੇ ਇਹੋ ਜਿਹੇ ਹੁੰਦੇ ਹਨ ਜਦ ਕਿਸੇ ਖ਼ਿੱਤੇ ਦੇ ਲੋਕਾਂ ਨੂੰ ਸਮੂਹਿਕ ਤੌਰ 'ਤੇ ਬੇਇੱਜ਼ਤ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਵੇਲ਼ੇ ਦੇ ਨਿਜ਼ਾਮ ਦੇ ਸਾਹਮਣੇ ਉਨ੍ਹਾਂ ਦੀ ਕੌਮ, ਭਾਈਚਾਰੇ ਜਾਂ ਫ਼ਿਰਕੇ ਦੀ ਹੈਸੀਅਤ ਤੁੱਛ ਹੈ। ਪੰਜਾਬ ਨੇ ਪਿਛਲੀ ਸਦੀ ਵਿਚ ਕਈ ਅਜਿਹੇ ਦਿਨ, ਮਹੀਨੇ ਤੇ ਸਾਲ ਦੇਖੇ ਹਨ। 13 ਅਪਰੈਲ 1919, ਨਨਕਾਣਾ ਸਾਹਿਬ ਦਾ ਦੁਖਾਂਤ, 1947 ਦੀ ਵੰਡ, 1980ਵਿਆਂ ਦੇ ਦੁਖਾਂਤ ਵਿਚ 5 ਜੂਨ 1984 ਤੇ ਅਕਤੂਬਰ-ਨਵੰਬਰ 'ਚ ਦਿੱਲੀ ਤੇ ਹੋਰ ਸ਼ਹਿਰਾਂ ਵਿਚ ਹੋਏ ਕਤਲੇਆਮ। ਜੰਮੂ ਕਸ਼ਮੀਰ ਵਿਚ ਹੋਏ ਜਬਰ, ਤਸ਼ੱਦਦ ਤੇ ਬੇਇਨਸਾਫ਼ੀਆਂ ਦਾ ਇਤਿਹਾਸ ਕਿਤੇ ਜ਼ਿਆਦਾ ਲੰਮਾ ਹੈ। ਮੈਂ ਉੱਪਰ ਕਿਹਾ ਕਿ ਮੈਂ ਜੰਮੂ ਕਸ਼ਮੀਰ ਦੇ ਇਤਿਹਾਸ ਦਾ ਵਿਦਿਆਰਥੀ ਨਹੀਂ ਪਰ ਨਿਸ਼ਚੇ ਹੀ 5 ਅਗਸਤ 2019 ਅਜਿਹਾ ਦਿਨ ਸੀ ਜਿਸ ਦਿਨ ਕਸ਼ਮੀਰੀਆਂ ਨੂੰ ਇਹ ਅਹਿਸਾਸ ਕਰਾਇਆ ਗਿਆ ਕਿ ਉਨ੍ਹਾਂ ਦੀ ਕਿਸਮਤ ਦਾ ਫ਼ੈਸਲਾ ਉਨ੍ਹਾਂ ਨੂੰ ਪੁੱਛਣ ਤੋਂ ਬਗ਼ੈਰ ਕੀਤਾ ਜਾ ਸਕਦਾ ਹੈ, ਉਨ੍ਹਾਂ ਨੂੰ ਪੁੱਛਣ ਦੀ ਜ਼ਰੂਰਤ ਹੀ ਨਹੀਂ।
ਜੰਮੂ ਕਸ਼ਮੀਰ ਦੇ ਲੋਕਾਂ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਧਰਮ-ਨਿਰਪੱਖ ਰਾਜ ਵਿਚ ਉਹ ਗ਼ੈਰਤ ਨਾਲ ਜੀਅ ਸਕਣਗੇ। 1950ਵਿਆਂ ਵਿਚ ਹੀ ਬੇਇਨਸਾਫ਼ੀਆਂ ਦਾ ਦੌਰ ਸ਼ੁਰੂ ਹੋ ਗਿਆ ਜੋ ਹੁਣ ਤਕ ਜਾਰੀ ਹੈ। ਸਥਾਪਤੀ ਤੇ ਸਰਕਾਰ ਨੇ ਜੰਮੂ ਕਸ਼ਮੀਰ ਨੂੰ ਗ਼ੈਰਤ ਵਾਲੀ ਥਾਂ ਤਾਂ ਕੀ ਦੇਣੀ ਸੀ ਸਗੋਂ ਉਸ ਨੂੰ ਪੂਰਾ ਰਾਜ/ਪ੍ਰਾਂਤ ਵੀ ਨਹੀਂ ਰਹਿਣ ਦਿੱਤਾ, ਕੇਂਦਰ ਹੇਠ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਹੈ। ਗੋਆ ਦਾ ਸ਼ਹਿਰ, ਰਾਜ ਹੈ ਤੇ ਜੰਮੂ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼।
ਹੁਣ ਉੱਥੇ ਕੀ ਹੋਵੇਗਾ? ਤਰੱਕੀ ਅਤੇ ਜਮਹੂਰੀਅਤ ਨੂੰ ਲੋਕਾਂ ਤਕ ਪਹੁੰਚਾਉਣ ਦੇ ਵਾਅਦੇ ਕੀਤੇ ਜਾ ਰਹੇ ਹਨ। ਤਰੱਕੀ ਕੀ ਹੁੰਦੀ ਹੈ? ਕੁਝ ਵਰ੍ਹੇ ਪਹਿਲਾਂ ਪਾਕਿਸਤਾਨ ਦੇ ਸਿਆਸੀ ਮਸਲਿਆਂ ਦੇ ਮਾਹਿਰ ਹਸਨ ਨਿਸਾਰ ਨੂੰ ਇਹ ਸਵਾਲ ਕੀਤਾ ਗਿਆ ਕਿ ਪਾਕਿਸਤਾਨੀ ਸਿਆਸਤਦਾਨ ਕਸ਼ਮੀਰ ਨੂੰ 'ਆਜ਼ਾਦ' ਕਰਾਉਣ ਤੇ ਆਪਣੇ ਨਾਲ ਮਿਲਾਉਣ ਦੀ ਸਿਆਸਤ ਕਰਦੇ ਆਏ ਹਨ, ਜੇ ਕਾਲਪਨਿਕ ਤੌਰ 'ਤੇ ਮੰਨ ਲਿਆ ਜਾਏ, ਇਕ ਦਿਨ ਉਹ (ਪਾਕਿਸਤਾਨੀ ਹਾਕਮ) ਆਪਣੇ ਮਨਸੂਬਿਆਂ ਵਿਚ ਕਾਮਯਾਬ ਹੋ ਜਾਂਦੇ ਹਨ ਤਾਂ ਉਹ ਕਸ਼ਮੀਰ ਨਾਲ ਕੀ ਕਰਨਗੇ? ਜੋ ਜਵਾਬ ਹਸਨ ਨਿਸਾਰ ਨੇ ਦਿੱਤਾ, ਉਸ ਦਾ ਤੱਤ-ਸਾਰ ਇਹ ਹੈ : ਉਹ (ਪਾਕਿਸਤਾਨੀ ਹਾਕਮ) ਉਸ ਥਾਂ ਨਾਲ ਓਹੀ ਕੁਝ ਕਰਨਗੇ ਜੋ ਉਨ੍ਹਾਂ ਨੇ ਲਾਹੌਰ, ਕਰਾਚੀ, ਇਸਲਾਮਾਬਾਦ ਤੇ ਰਾਵਲਪਿੰਡੀ ਨਾਲ ਕੀਤਾ, ਪਲਾਟ ਕੱਟਣਗੇ, ਕੋਠੀਆਂ ਬਣਨਗੀਆਂ, ਉਨ੍ਹਾਂ ਸਿਆਸਤਦਾਨਾਂ ਦੀਆਂ ਜਾਂ ਉਨ੍ਹਾਂ ਦੇ ਚਹੇਤਿਆਂ ਦੀਆਂ ਸਨਅਤਾਂ ਲੱਗਣਗੀਆਂ, ਉਹ ਥਾਂ ਵੀ ਏਦਾਂ ਹੀ ਬਰਬਾਦ ਹੋਵੇਗੀ ਤੇ ਲੁੱਟੀ ਜਾਵੇਗੀ ਜਿਵੇਂ ਬਾਕੀ ਦੇ ਸ਼ਹਿਰ ਬਰਬਾਦ ਕੀਤੇ ਗਏ ਹਨ। ਹੁਣ ਜਿਸ ਤਰੱਕੀ ਤੇ ਕਾਰਪੋਰੇਟ ਸੰਸਾਰ ਨੂੰ ਕਸ਼ਮੀਰ ਵਿਚ ਲੈ ਕੇ ਜਾਣ ਦੇ ਨਜ਼ਾਰੇ ਦਿਖਾਏ ਜਾ ਰਹੇ ਹਨ, ਉਨ੍ਹਾਂ ਵਿਚੋਂ ਹਸਨ ਨਿਸਾਰ ਦੇ ਕਥਨ ਵਿਚਲਾ ਸੱਚ ਝਲਕਦਾ ਹੈ। ਭਾਰਤ ਦੀ ਹਾਕਮ ਜਮਾਤ ਏਦਾਂ ਹੀ ਕਰਨ ਜਾ ਰਹੀ ਹੈ।
ਇਸ ਦੇ ਨਾਲ ਨਾਲ ਭਾਰਤੀ ਰਿਆਸਤ ਦਾ ਕਿਰਦਾਰ ਬਦਲਿਆ ਹੈ। ਗ਼ੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਕਾਨੂੰਨ ਵਿਚ ਕੀਤੀ ਗਈ ਸੋਧ ਅਨੁਸਾਰ ਕਿਸੇ ਵੀ ਨਾਗਰਿਕ ਨੂੰ ਦਹਿਸ਼ਤਗਰਦ ਕਰਾਰ ਦੇ ਕੇ ਜੇਲ੍ਹ ਵਿਚ ਡੱਕਿਆ ਜਾ ਸਕਦਾ ਹੈ। ਘੱਟਗਿਣਤੀ ਦੇ ਲੋਕਾਂ ਨੂੰ ਹਜੂਮੀ ਹਿੰਸਾ ਦਾ ਸ਼ਿਕਾਰ ਤਾਂ ਪਹਿਲਾਂ ਹੀ ਬਣਾਇਆ ਜਾ ਰਿਹਾ ਸੀ, ਹੁਣ ਉਨ੍ਹਾਂ ਤੋਂ ਬਹੁਗਿਣਤੀ ਫ਼ਿਰਕੇ ਦੇ ਧਾਰਮਿਕ ਨਾਅਰੇ ਵੀ ਲਗਵਾਏ ਜਾ ਰਹੇ ਹਨ। ਦੇਸ਼ ਦੀ ਰਿਆਸਤ ਦਾ ਕਿਰਦਾਰ ਜ਼ਿਉਨਵਾਦੀ (ਕੱਟੜ ਯਹੂਦੀਵਾਦ ਦਾ ਸਿਧਾਂਤ ਜਿਸ ਅਨੁਸਾਰ ਇਸਰਾਈਲ ਦੀ ਰਿਆਸਤ ਚੱਲਦੀ ਹੈ) ਤੇਵਰ/ਰੁਖ਼ ਅਖ਼ਤਿਆਰ ਕਰ ਰਿਹਾ ਹੈ। ਇਸਰਾਈਲ ਨਾਲ ਦੋਸਤੀ ਨੂੰ ਦੇਸ਼ ਦਾ ਮਹਿਮਾ-ਗਾਣ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਤੇ ਫ਼ਲਸਤੀਨੀ ਭੁਲਾਏ ਜਾ ਰਹੇ ਹਨ। ਇਹ ਵਰਤਾਰਾ ਫਾਸ਼ੀਵਾਦ ਤੋਂ ਵੱਖਰਾ ਹੈ। ਇਹ ਜਮਹੂਰੀਅਤ ਰਾਹੀਂ ਸੱਤਾ 'ਤੇ ਕਬਜ਼ਾ ਕਰਦਾ ਹੈ ਤੇ ਜਮਹੂਰੀ ਸੰਸਥਾਵਾਂ ਨੂੰ ਵਰਤ ਕੇ ਸਮਾਜਿਕ ਏਕਤਾ ਤੇ ਸਮਤਾ ਦਾ ਘਾਣ ਕਰਦਾ ਹੈ, ਸਮਾਜ ਦਾ ਘਾਣ ਕਰਦਾ ਹੈ, ਸਮਾਜ ਨੂੰ ਆਪਣੇ ਸਾਂਚੇ ਵਿਚ ਢਾਲ ਲੈਂਦਾ ਹੈ। ਏਜ਼ਾਜ਼ ਅਹਿਮਦ ਨੇ ਹੁਣੇ ਛਪੀ ਇੰਟਰਵਿਊ ਵਿਚ ਇਸ ਬਾਰੇ ਇਸ਼ਾਰਾ ਕੀਤਾ ਹੈ। ਇਹ ਵਰਤਾਰਾ ਫਾਸ਼ੀਵਾਦ ਤੋਂ ਕਿਤੇ ਜ਼ਿਆਦਾ ਖ਼ਤਰਨਾਕ ਹੋ ਸਕਦਾ ਹੈ ਕਿਉਂਕਿ ਫਾਸ਼ੀਵਾਦ ਰਾਜ ਵਿਚ ਬੁਨਿਆਦੀ ਤੱਤ ਲੋਕਾਂ ਦੀ ਕਿਰਤ ਨੂੰ ਜੰਗੀ ਸਾਜ਼ੋ-ਸਾਮਾਨ ਦੇ ਉਤਪਾਦਨ ਕਰਨ ਲਈ ਵਰਤਣਾ ਸੀ। ਇਸ ਵਰਤਾਰੇ ਦੇ ਨੈਣ-ਨਕਸ਼ ਵੱਖਰੇ ਹਨ। ਇਸ ਦੀ ਸਭ ਤੋਂ ਵੱਡੀ ਸਫ਼ਲਤਾ ਇਹ ਹੈ ਕਿ ਇਹ ਤਰਕ-ਵਿਤਰਕ ਜਾਂ ਬਹਿਸ ਕਰਨ ਤੇ ਅਸਹਿਮਤੀ ਪ੍ਰਗਟ ਕਰਨ ਦੀ ਗੁੰਜਾਇਸ਼ ਨੂੰ ਖ਼ਤਮ ਕਰ ਦਿੰਦਾ ਹੈ। ਇਕ ਪਾਸੇ ਅੰਧ-ਰਾਸ਼ਟਰਵਾਦ ਹੈ ਜਿਸ ਦੇ ਸਾਹਮਣੇ ਬੋਲਣਾ ਦੇਸ਼-ਧ੍ਰੋਹੀ ਹੋਣ ਦਾ ਖ਼ਤਰਾ ਸਹੇੜਨਾ ਹੈ, ਦੂਸਰੇ ਪਾਸੇ ਧਰਮ 'ਤੇ ਟੇਕ ਰੱਖਣ ਵਾਲੇ ਮੂਲਵਾਦੀ ਤੇ ਦਹਿਸ਼ਤਗਰਦ ਹਨ ਜਿਹੜੇ ਕੋਈ ਗੱਲ ਸੁਣਨ ਲਈ ਤਿਆਰ ਨਹੀਂ, ਆਮ ਆਦਮੀ ਤਾਕਤ ਦੀ ਚੱਕੀ ਦੇ ਇਨ੍ਹਾਂ ਦੋ ਪੁੜਾਂ ਵਿਚਕਾਰ ਪਿਸ ਰਿਹਾ ਹੈ। ਕਸ਼ਮੀਰ ਪਿਸ ਰਿਹਾ ਹੈ, ਕੋਈ ਆਵਾਜ਼ ਨਹੀਂ ਆ ਰਹੀ। ਆਵਾਜ਼ ਨੂੰ ਦਬਾ ਦਿੱਤਾ ਗਿਆ ਹੈ।
ਏਸ ਔਖੀ ਘੜੀ ਵਿਚ ਕਸ਼ਮੀਰੀਆਂ ਦੇ ਨਾਲ ਕੌਣ ਹੈ? ਇਸ ਕਦਮ ਦਾ ਕਾਂਗਰਸ, ਨੈਸ਼ਨਲਿਸਟ ਕਾਂਗਰਸ ਪਾਰਟੀ, ਰਾਸ਼ਟਰੀ ਜਨਤਾ ਦਲ, ਤ੍ਰਿਣਮੂਲ ਕਾਂਗਰਸ, ਡੀਐੱਮਕੇ, ਸਮਾਜਵਾਦੀ ਪਾਰਟੀ ਅਤੇ ਕਮਿਊਨਿਸਟ ਪਾਰਟੀਆਂ ਨੇ ਵਿਰੋਧ ਕੀਤਾ ਪਰ ਕਾਂਗਰਸ ਵਿਚ ਇਸ ਸਬੰਧੀ ਕਾਫ਼ੀ ਅਸਪੱਸ਼ਟਤਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਖੇਤਰੀ ਪਾਰਟੀਆਂ, ਜਿਹੜੀਆਂ ਆਪਣੇ ਆਪ ਨੂੰ ਮਜ਼ਬੂਤ ਸੰਘੀ ਢਾਂਚੇ ਦੀਆਂ ਝੰਡਾ-ਬਰਦਾਰ ਕਹਾਉਂਦੀਆਂ ਹਨ, ਇਸ ਮਾਮਲੇ ਵਿਚ ਭਾਜਪਾ ਦੇ ਪੱਖ ਵਿਚ ਭੁਗਤੀਆਂ। ਇਨ੍ਹਾਂ ਵਿਚ ਬੀਜੂ ਜਨਤਾ ਦਲ, ਵਾਈਐੱਸਆਰ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਅਸਮ ਗਣ ਪਰਿਸ਼ਦ ਅਤੇ ਅੰਨਾਡੀਐੱਮਕੇ ਸ਼ਾਮਲ ਹਨ। ਸਭ ਤੋਂ ਸ਼ਰਮਨਾਕ ਵਰਤਾਰਾ ਜਨਤਾ ਦਲ (ਯੂਨਾਈਟਿਡ) ਦਾ ਰਿਹਾ ਹੈ। ਸਦਨ ਤੋਂ ਵਾਕ-ਆਊਟ ਬਾਅਦ ਇਹ ਦਲ ਹੁਣ ਕੇਂਦਰੀ ਸਰਕਾਰ ਦੀ ਹਮਾਇਤ 'ਤੇ ਆ ਗਿਆ ਹੈ। ਪੰਜਾਬ ਦੀ ਇਤਿਹਾਸਕ ਪਾਰਟੀ ਅਕਾਲੀ ਦਲ ਨੇ ਪੰਜਾਬੀ ਸੂਬੇ ਦੀ ਮੰਗ ਨੂੰ ਲੈ ਕੇ ਵੱਡਾ ਅੰਦੋਲਨ ਕੀਤਾ। ਆਨੰਦਪੁਰ ਸਾਹਿਬ ਦੇ ਮਤੇ ਅਨੁਸਾਰ ਪਾਰਟੀ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਮੁਦਈ ਹੈ। ਦਲ ਨੇ ਪਾਣੀਆਂ ਦੇ ਮੁੱਦੇ 'ਤੇ ਕੇਂਦਰ ਵਿਰੁੱਧ ਮੋਰਚਾ ਲਾਇਆ। ਇਸ ਪਾਰਟੀ ਨੇ ਜੰਮੂ ਕਸ਼ਮੀਰ ਦੇ ਪੁਨਰਗਠਨ ਦੇ ਬਿਲ ਦੌਰਾਨ ਇਸ ਸਬੰਧੀ ਕੋਈ ਅਸਹਿਮਤੀ ਜ਼ਾਹਿਰ ਨਹੀਂ ਕੀਤੀ। ਪੰਜਾਬ ਨਾਲ ਹੋਏ ਵਿਤਕਰੇ ਅਤੇ ਦਹਿਸ਼ਤਗਰਦੀ ਦੇ ਸਮਿਆਂ ਦੌਰਾਨ ਹੋਏ ਤਸ਼ੱਦਦ ਦੀ ਗੱਲ ਤਾਂ ਕੀਤੀ ਗਈ ਪਰ ਜਿਹੜਾ ਅਸਲੀ ਸਵਾਲ ਅਕਾਲੀ ਦਲ ਤੋਂ ਹਮੇਸ਼ਾ ਪੁੱਛਿਆ ਜਾਵੇਗਾ, ਉਹ ਇਹ ਹੈ ਕਿ ਜੇ ਕੌਮੀ ਸੁਰੱਖਿਆ ਦੇ ਨਾਂ 'ਤੇ ਪੰਜਾਬ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਲਿਆ ਜਾਂਦਾ ਤਾਂ ਕੀ ਉਹ ਇਸ ਲਈ ਸਹਿਮਤ ਹੁੰਦੇ? ਇਸ ਤਰ੍ਹਾਂ ਖੇਤਰੀ ਪਾਰਟੀਆਂ ਨੇ ਅਮਲੀ ਰੂਪ ਵਿਚ ਮਜ਼ਬੂਤ ਸੰਘੀ ਢਾਂਚੇ ਦੀ
ਹਮਾਇਤ ਨਹੀਂ ਕੀਤੀ, ਕਸ਼ਮੀਰੀਆਂ ਦੀ ਬਾਂਹ ਨਹੀਂ ਫੜੀ। ਇਨ੍ਹਾਂ ਸਭ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਿਹੜੇ ਲੋਕ ਹੱਕ-
ਸੱਚ ਲਈ ਆਵਾਜ਼ ਬੁਲੰਦ ਨਹੀਂ ਕਰਦੇ, ਇਤਿਹਾਸ ਉਨ੍ਹਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਦਾ।
'ਸਿਰਲੇਖ ਵਾਲੀ ਤੁਕ ਗ਼ਾਲਿਬ ਦੀ ਹੈ ਜਿਸ ਦਾ ਮਤਲਬ ਹੈ : ਦਿਲ ਗੁੰਗੀਆਂ ਜ਼ੁਬਾਨਾਂ (ਜ਼ਬਾਂਹ-ਏ-ਲਾਲ) ਦੇ ਜਮ੍ਹਾ-ਖ਼ਰਚ ਦੀ ਫ਼ਰਦ/ਵਹੀ-ਖਾਤਾ ਹੈ।