ਔਰਤਾਂ ਪ੍ਰਤੀ ਮੰਦਭਾਗੀ ਸੋਚ - ਸਵਰਾਜਬੀਰ
ਸਾਡੇ ਦੇਸ਼ ਵਿਚ ਗ਼ੈਰ-ਜ਼ਿੰਮੇਵਾਰ ਸਿਆਸਤਦਾਨਾਂ ਦੀ ਕਮੀ ਨਹੀਂ ਹੈ। ਜੰਮੂ-ਕਸ਼ਮੀਰ ਵਿਚ ਹਾਲਾਤ ਬਹੁਤ ਨਾਜ਼ੁਕ ਹਨ। ਇਸ ਦੇ ਨਾਲ ਨਾਲ ਕੁਝ ਸਿਆਸੀ ਆਗੂਆਂ ਅਤੇ ਹੋਰ ਲੋਕਾਂ ਵੱਲੋਂ ਸੋਸ਼ਲ ਮੀਡੀਆ 'ਤੇ ਕਸ਼ਮੀਰੀ ਔਰਤਾਂ ਬਾਰੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ ਹਨ। ਇਹ ਟਿੱਪਣੀਆਂ ਕਰਨ ਵਾਲੇ ਇਹ ਨਹੀਂ ਸਮਝਦੇ ਕਿ ਇਸ ਤਰ੍ਹਾਂ ਦਾ ਵਿਵਹਾਰ ਸਮੁੱਚੀ ਔਰਤ ਜਾਤ ਦਾ ਅਪਮਾਨ ਹੈ। ਇਸ ਰੁਝਾਨ ਦਾ ਵਿਰੋਧ ਹੋਇਆ ਹੈ। ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਔਰਤਾਂ ਦਾ ਅਪਮਾਨ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਸ਼ਮੀਰ ਦੀਆਂ ਔਰਤਾਂ ਸਾਡੇ ਸਮਾਜ ਦਾ ਹਿੱਸਾ ਹਨ ਅਤੇ ਉਨ੍ਹਾਂ ਦੇ ਗੌਰਵ ਤੇ ਸਨਮਾਨ ਦੀ ਰੱਖਿਆ ਕਰਨੀ ਸਾਡਾ ਧਰਮ ਤੇ ਫ਼ਰਜ਼ ਹੈ। ਸਾਰੀਆਂ ਸਿਆਸੀ ਪਾਰਟੀਆਂ ਅਤੇ ਆਮ ਲੋਕਾਂ ਨੂੰ ਇਸ ਆਵਾਜ਼ ਵਿਚ ਆਵਾਜ਼ ਮਿਲਾਉਣੀ ਚਾਹੀਦੀ ਹੈ।
ਸਦੀਆਂ ਤੋਂ ਹੁੰਦੀਆਂ ਜੰਗਾਂ ਅਤੇ ਲੜਾਈਆਂ ਵਿਚ ਔਰਤ ਨੂੰ ਖ਼ਾਸ ਕਰਕੇ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ। ਵੱਖ ਵੱਖ ਮਰਦ ਪ੍ਰਧਾਨ ਸਮਾਜਾਂ ਵਿਚ ਔਰਤ ਨੂੰ ਦਬਾਉਣ ਲਈ ਕਈ ਤਰੀਕੇ ਵਰਤੇ ਗਏ ਅਤੇ ਵਰਤੇ ਜਾਂਦੇ ਹਨ। ਹਿੰਦੋਸਤਾਨੀ ਬਰੇ-ਸਗੀਰ ਦੇ ਜ਼ਿਆਦਾਤਰ ਸਮਾਜਾਂ ਵਿਚ ਔਰਤ ਸਬੰਧੀ ਸਮਝ ਗੰਭੀਰ ਦੁਫਾੜ ਦਾ ਸ਼ਿਕਾਰ ਰਹੀ ਹੈ। ਇਕ ਪਾਸੇ ਉਸ ਨੂੰ ਦੇਵੀ ਕਹਿ ਕੇ ਸਨਮਾਨਿਆ ਜਾਂਦਾ ਹੈ ਅਤੇ ਦੂਸਰੇ ਪਾਸੇ ਉਸ ਨੂੰ ਪੈਰ ਦੀ ਜੁੱਤੀ ਦਾ ਦਰਜਾ ਦਿੱਤਾ ਜਾਂਦਾ ਹੈ। ਇਹ ਦੁਫਾੜ ਸਮਾਜ ਦੀ ਔਰਤ ਬਾਰੇ ਸੋਚ ਵਿਚਲੇ ਗੰਭੀਰ ਸੰਕਟ ਦੀ ਨਿਸ਼ਾਨਦੇਹੀ ਕਰਦੀ ਹੈ। ਅਸਲੀ ਮਸਲਾ ਔਰਤ ਅਤੇ ਉਸ ਦੀਆਂ ਖਾਹਿਸ਼ਾਂ ਦਾ ਦਮਨ ਕਰਨ ਦਾ ਹੈ। ਉਸ ਨੂੰ ਦੇਵੀ ਦਾ ਦਰਜਾ ਦੇਣ ਪਿੱਛੇ ਵੀ ਮਨਸ਼ਾ ਉਸ ਦੇ ਪੂਰੇ ਤ੍ਰੀਮਤਪਣ ਨੂੰ ਨਕਾਰਨ ਦੀ ਹੈ। ਇਸ ਦਾ ਵਿਕਾਸ ਬਹੁਤ ਜਟਿਲ ਢੰਗ-ਤਰੀਕਿਆਂ ਰਾਹੀਂ ਹੁੰਦਾ ਹੈ। ਔਰਤਾਂ ਦੀਆਂ ਖਾਹਿਸ਼ਾਂ ਤੇ ਉਸ ਦੀ ਸਰੀਰਕਤਾ ਦਾ ਦਮਨ ਹੋਣ ਦੇ ਨਾਲ ਨਾਲ ਨੌਜਵਾਨ ਔਰਤ ਲਈ ਕੁਆਰਾਪਣ ਨਿੱਜੀ ਤੇ ਸਮਾਜਿਕ ਗੁਣ ਬਣ ਜਾਂਦਾ ਹੈ। ਔਰਤ ਦੇ ਕੁਆਰੇਪਣ ਦਾ ਕਿਸੇ ਵੀ ਤਰੀਕੇ ਨਾਲ ਗੁਆਚਣਾ ਉਸ ਦਾ ਨਿੱਜੀ ਦੋਸ਼ ਤੇ ਬੇਇੱਜ਼ਤੀ ਦਾ ਕਾਰਨ ਬਣਦਾ ਹੈ। ਇਸ ਕਾਰਨ ਵੱਖ ਵੱਖ ਸਮਾਜਾਂ ਦੀ ਸਮੂਹਿਕ ਸੋਚ ਵਿਚ ਮਰਦ ਸਮਾਜ ਦੀਆਂ ਔਰਤਾਂ ਦੀ ਇੱਜ਼ਤ ਤੇ ਅਣਖ ਦੇ ਰਖਵਾਲੇ ਬਣ ਕੇ ਉੱਭਰਦੇ ਹਨ।
ਵੱਖ ਵੱਖ ਰਿਆਸਤਾਂ ਦੀਆਂ ਜੰਗਾਂ ਵਿਚ ਇਕ ਪਾਸੇ ਤਾਕਤ ਦਾ ਪ੍ਰਗਟਾਓ ਫ਼ੌਜੀ ਸ਼ਕਤੀ ਰਾਹੀਂ ਹੁੰਦਾ ਹੈ ਤੇ ਦੂਸਰੇ ਪਾਸੇ ਔਰਤਾਂ ਨੂੰ ਆਪਣਾ ਨਿਸ਼ਾਨਾ ਬਣਾ ਕੇ। ਸਦੀਆਂ ਤੋਂ ਜੇਤੂ ਹਾਕਮਾਂ, ਧਾੜਵੀਆਂ ਤੇ ਲੁਟੇਰਿਆਂ ਨੇ ਉਨ੍ਹਾਂ ਥਾਵਾਂ, ਜਿੱਥੇ ਉਨ੍ਹਾਂ ਜਿੱਤ ਪ੍ਰਾਪਤ ਕੀਤੀ, ਦੀਆਂ ਔਰਤਾਂ ਨੂੰ ਗ਼ੁਲਾਮ ਬਣਾਇਆ, ਉਨ੍ਹਾਂ ਨਾਲ ਜਬਰ-ਜਨਾਹ ਕੀਤੇ ਅਤੇ ਲੁੱਟ ਕੇ ਉਨ੍ਹਾਂ ਨੂੰ ਆਪਣੇ ਦੇਸ਼ਾਂ ਵਿਚ ਲੈ ਗਏ। ਇਸ ਤਰ੍ਹਾਂ ਹਰ ਸਮਾਜ, ਫ਼ਿਰਕੇ, ਧਰਮ ਜਾਂ ਕੌਮ ਦੇ ਧਾੜਵੀ ਬਿਰਤੀ ਦੇ ਮਰਦ ਉਨ੍ਹਾਂ ਸਮਾਜਾਂ, ਫ਼ਿਰਕਿਆਂ, ਧਰਮਾਂ ਜਾਂ ਕੌਮਾਂ ਦੀਆਂ ਔਰਤਾਂ ਨੂੰ ਜਬਰ-ਜਨਾਹ ਜਾਂ ਮਖ਼ੌਲ ਦਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਜਿਨ੍ਹਾਂ ਨੂੰ ਉਹ ਆਪਣੇ ਦੁਸ਼ਮਣ ਜਾਂ ਵਿਰੋਧੀ ਸਮਝਦੇ ਹਨ। ਔਰਤਾਂ ਦੇ ਸਤ ਤੇ ਇੱਜ਼ਤ ਦੀ ਰਾਖੀ ਸਮਾਜ ਲਈ ਸਮੂਹਿਕ ਵੰਗਾਰ ਬਣ ਜਾਂਦੀ ਹੈ ਕਿਉਂਕਿ ਜੇਤੂ ਹਾਰੇ ਹੋਏ ਸਮਾਜ ਦੀਆਂ ਔਰਤਾਂ ਨੂੰ ਆਪਣੀ ਜਾਇਦਾਦ ਸਮਝਦੇ ਹਨ। ਇਹ ਨਹੀਂ ਕਿ ਮਰਦਾਂ 'ਤੇ ਜ਼ੁਲਮ ਨਹੀਂ ਹੁੰਦਾ ਤੇ ਜ਼ੁਲਮ ਦਾ ਸ਼ਿਕਾਰ ਹੋਏ ਮਰਦ ਜ਼ਾਲਮਾਂ ਦਾ ਸਾਹਮਣਾ ਨਹੀਂ ਕਰਦੇ ਪਰ ਔਰਤਾਂ 'ਤੇ ਹੁੰਦੇ ਜ਼ੁਲਮ ਦੀ ਕਹਾਣੀ ਇਸ ਲਈ ਜ਼ਿਆਦਾ ਦਰਦਨਾਕ ਹੈ ਕਿ ਉਸ ਦੀ ਦੇਹ ਦੀ ਬੇਪਤੀ ਕਰਨ ਨੂੰ ਜਾਬਰ ਆਪਣੀ ਮਰਦਾਨਗੀ ਤੇ ਅੰਤਿਮ ਜਿੱਤ ਦੀ ਨਿਸ਼ਾਨੀ ਸਮਝਦੇ ਹਨ। ਇਹੋ ਜਿਹੇ ਸਮੂਹਿਕ ਦਰਦ ਨੂੰ ਬਿਆਨ ਕਰਦਿਆਂ ਕਵਿੱਤਰੀ ਐਡਰੀਨ ਰਿਚ ਨੇ ਲਿਖਿਆ ਸੀ, ''ਮੈਂ ਯੂਰਪ ਦੀ ਇਕ ਨਦੀ ਹਾਂ ਮੁਰਦਾ ਸਰੀਰਾਂ ਨਾਲ ਭਰੀ ਹੋਈ/ ਮੈਂ ਇਕ ਕਬਰ ਹਾਂ, ਜਿਸ ਵਿਚ ਸੈਅ, ਹਜ਼ਾਰਾਂ ਲਾਸ਼ਾਂ ਨੂੰ ਇਕੱਠਿਆਂ ਦਫ਼ਨਾਇਆ ਗਿਆ/ ਮੈਂ ਉਸ ਲਾਈਨ ਵਿਚ ਖਲੋਤੀ ਹੋਈ ਹਾਂ, ਜਿੱਥੇ ਗੈਸ ਮਾਸਕ ਵੰਡੇ ਜਾ ਰਹੇ ਹਨ/ ਮੈਂ ਇਕ ਔਰਤ ਹਾਂ ਤੇਰੀ ਕਵਿਤਾ ਵਿਚ ਖਲੋਤੀ ਹੋਈ।''
ਹਰ ਸਮਾਜ ਵਿਚ ਔਰਤ ਕਈ ਪੱਧਰਾਂ 'ਤੇ ਜ਼ੁਲਮ ਦਾ ਸ਼ਿਕਾਰ ਹੁੰਦੀ ਹੈ। ਅਮਰੀਕਨ ਸਿਆਹਫਾਮ ਨਾਟਕਕਾਰ ਲੋਰੇਨ ਹੈਂਸਬੈਰੀ ਆਪਣੇ ਨਿੱਜੀ ਦੁੱਖਾਂ ਦੀ ਕਹਾਣੀ ਇਉਂ ਦੱਸਦੀ ਹੈ, ''ਮੈਂ ਇਕ ਔਰਤ ਅਤੇ ਇਕ ਸਿਆਹਫਾਮ ਮਨੁੱਖ ਵਜੋਂ ਜਨਮ ਲਿਆ ਮੈਂ ਖ਼ੁਦ ਉਸ ਜ਼ੁਲਮ ਦਾ ਸ਼ਿਕਾਰ ਹੋਈ ਹਾਂ ਜਿਹੜਾ ਨਸਲੀ ਤੇ ਸਿਆਸੀ ਪਾਗਲਪਣ ਤੋਂ ਉਪਜਿਆ ਸੀ ਤੁਹਾਡੇ ਸਾਰਿਆਂ ਵਾਂਗ ਮੈਂ ਹਜ਼ਾਰਾਂ ਵਾਰ ਲੋਕਾਂ ਨੂੰ ਦੂਸਰੇ ਲੋਕਾਂ ਨਾਲ ਅਣਮਨੁੱਖੀ ਵਿਉਹਾਰ ਕਰਦੇ ਦੇਖਿਆ ਅਤੇ ਇਸ ਗੱਲ ਦੀ ਸਮਝ ਪਈ ਕਿ ਇਸ ਵਰਤਾਰੇ ਦੇ ਕਈ ਕਾਰਨ ਹਨ : ਲਾਲਚ, ਘਿਰਣਾ, ਦੁੱਖ ਪ੍ਰਤੀ ਉਦਾਸੀਨਤਾ, ਰਿਸ਼ਵਤ, ਕਰੂਰਤਾ ਅਤੇ ਸਭ ਤੋਂ ਵੱਡਾ ਕਾਰਨ ਹੈ ਅਗਿਆਨ ਤੇ ਜਹਾਲਤ, ਜੋ ਮੁੱਢ-ਕਦੀਮ ਤੋਂ ਮਨੁੱਖਤਾ ਦੇ ਦੁਸ਼ਮਣ ਰਹੇ ਹਨ। ਇਸ ਤਰ੍ਹਾਂ ਔਰਤਾਂ ਨਾਲ ਹੁੰਦਾ ਕਰੂਰ ਵਰਤਾਰਾ ਅਗਿਆਨ ਤੇ ਜਹਾਲਤ ਤੋਂ ਜਨਮ ਲੈਂਦਾ ਹੈ।
ਔਰਤ ਆਪਣੇ ਸਮਾਜ ਵਿਚ ਵੀ ਵਿਤਕਰੇ ਦਾ ਸ਼ਿਕਾਰ ਹੁੰਦੀ ਹੈ ਅਤੇ ਦੂਸਰੇ ਸਮਾਜ ਦੇ ਮਰਦ ਵੀ ਉਸੇ ਨੂੰ ਨਿਸ਼ਾਨਾ ਬਣਾਉਂਦੇ ਹਨ। ਪੰਜਾਬ ਦੀ ਵੰਡ ਵਿਚ ਕੀਤੀ ਗਈ ਔਰਤਾਂ ਦੀ ਬੇਪਤੀ ਇਸ ਗੱਲ ਦੀ ਗਵਾਹ ਹੈ ਕਿ ਸਮੂਹਿਕ ਹਿੰਸਾ ਦੀਆਂ ਘਟਨਾਵਾਂ ਦੌਰਾਨ ਔਰਤਾਂ ਨੂੰ ਉਹ ਦੁੱਖ ਕਈ ਪੱਧਰਾਂ 'ਤੇ ਝੱਲਣਾ ਪੈਂਦਾ ਹੈ। ਵੰਡ ਦੇ ਸਮੇਂ ਵਿਚ ਹਜ਼ਾਰਾਂ ਔਰਤਾਂ ਨਾਲ ਜਬਰ-ਜਨਾਹ ਹੋਇਆ ਅਤੇ ਉਧਾਲੇ ਕਰਕੇ ਸੀਨਾ-ਜ਼ੋਰੀ ਨਾਲ ਸ਼ਾਦੀਆਂ ਕੀਤੀਆਂ ਗਈਆਂ। ਇਹੀ ਨਹੀਂ, ਜਦੋਂ ਏਦਾਂ ਦਾ ਵਰਤਾਰਾ ਵਾਪਰਦਾ ਹੈ ਤਾਂ ਮਰਦ ਔਰਤ ਨੂੰ ਆਪਣਾ ਧਰਮ ਤਬਦੀਲ ਕਰਨ ਲਈ ਵੀ ਕਹਿੰਦਾ ਤੇ ਮਜਬੂਰ ਕਰਦਾ ਹੈ। ਇਸ ਤਰ੍ਹਾਂ ਔਰਤ ਨੂੰ ਨਾ ਸਿਰਫ਼ ਉਸ ਦੇ ਘਰ-ਪਰਿਵਾਰ ਤੋਂ ਜ਼ਬਰਦਸਤੀ ਅਲੱਗ ਕੀਤਾ ਜਾਂਦਾ ਹੈ ਸਗੋਂ ਉਸ ਦੀ ਇਨਸਾਨੀਅਤ ਅਤੇ ਧਰਮ ਤੋਂ ਵੀ ਮਹਿਰੂਮ ਕਰ ਦਿੱਤਾ ਜਾਂਦਾ ਹੈ। ਸਮਾਜ ਵਿਗਿਆਨੀਆਂ ਦਾ ਕਹਿਣਾ ਹੈ ਕਿ ਜਬਰੀ ਧਰਮ ਤਬਦੀਲ ਕਰਨ ਲਈ ਮਨਾਉਣਾ ਇਕ ਤਰ੍ਹਾਂ ਦਾ ਮਾਨਸਿਕ ਕਤਲ ਹੈ ਜਿਸ ਨਾਲ ਉਹ ਬੰਦਾ ਜਾਂ ਔਰਤ, ਜਿਸ ਨੂੰ ਏਦਾਂ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ, ਆਪਣਾ ਮਾਣ-ਸਨਮਾਨ ਖੋ ਬੈਠਦਾ ਹੈ। ਇਸ ਤਰ੍ਹਾਂ ਮਰਦਾਂ ਦਾ ਇਹ ਹਉਮੈਂ ਭਰਿਆ ਵਤੀਰਾ ਇਕ ਵੱਡੇ ਵਰਤਾਰੇ ਦਾ ਹਿੱਸਾ ਹੈ ਜਿਸ ਦੀਆਂ ਜੜ੍ਹਾਂ ਸਾਡੇ ਇਤਿਹਾਸ, ਸੱਭਿਆਚਾਰ ਤੇ ਧਾਰਮਿਕ ਅਕੀਦਿਆਂ ਵਿਚ ਪਈਆਂ ਹਨ।
ਕਸ਼ਮੀਰੀ ਔਰਤਾਂ ਪ੍ਰਤੀ ਕੀਤੀਆਂ ਜਾ ਰਹੀਆਂ ਅਪਮਾਨਜਨਕ ਟਿੱਪਣੀਆਂ ਬਿਮਾਰ ਮਾਨਸਿਕਤਾ ਦੀ ਗਵਾਹੀ ਦਿੰਦੀਆਂ ਹਨ। ਜ਼ਰੂਰਤ ਤਾਂ ਇਹ ਸੀ ਕਿ ਇਸ ਮੌਕੇ ਜ਼ਿਆਦਾ ਸੰਵੇਦਨਸ਼ੀਲਤਾ ਦਿਖਾਈ ਜਾਂਦੀ ਅਤੇ ਕਸ਼ਮੀਰ ਦੇ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਕਿ ਬਾਕੀ ਦੇਸ਼ ਦੇ ਲੋਕ ਉਨ੍ਹਾਂ ਦੇ ਨਾਲ ਹਨ ਪਰ ਇਹ ਟਿੱਪਣੀਆਂ ਇਹ ਪ੍ਰਗਟ ਕਰਦੀਆਂ ਹਨ ਕਿ ਰਾਸ਼ਟਰਵਾਦੀ, ਧਾਰਮਿਕ ਤੇ ਖੇਤਰੀ ਜਨੂਨ ਕਿੰਨੀ ਖ਼ਤਰਨਾਕ ਸ਼ਕਲ ਅਖ਼ਤਿਆਰ ਕਰ ਸਕਦਾ ਹੈ। ਇਹੀ ਨਹੀਂ, ਇਹ ਮਾਨਸਿਕਤਾ ਏਨੀ ਵਿਸ਼ੈਲੀ ਹੋ ਗਈ ਹੈ ਕਿ ਅਜਿਹੀਆਂ ਟਿੱਪਣੀਆਂ ਕਰਨ ਵਾਲਿਆਂ ਨੂੰ ਸ਼ਾਬਾਸ਼ੀ ਦਿੱਤੀ ਜਾ ਰਹੀ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਹਰ ਕਿਸਮ ਦਾ ਅਤਿਵਾਦ ਇਹੋ ਜਿਹੀ ਮਾਨਸਿਕਤਾ ਨੂੰ ਹਵਾ ਦਿੰਦਿਆਂ ਧਰਮ, ਫ਼ਿਰਕੇ, ਕੌਮ ਜਾਂ ਰਾਸ਼ਟਰ ਦੀ ਵਿਚਾਰਧਾਰਾ ਦਾ ਸਹਾਰਾ ਲੈਂਦਾ ਹੈ ਜਿਸ ਵਿਚ ਧਾੜਵੀ ਬਿਰਤੀ ਦੇ ਮਰਦ ਆਪਣੀ 'ਮਰਦਾਨਗੀ' ਦਾ ਵਿਖਾਵਾ ਕਰਦੇ ਹਨ। ਕੋਈ ਅਜਿਹੇ 'ਬਹਾਦਰਾਂ' ਨੂੰ ਇਹ ਨਹੀਂ ਪੁੱਛਦਾ ਕਿ ਔਰਤਾਂ ਪ੍ਰਤੀ ਉਨ੍ਹਾਂ ਦੇ ਇਹੋ ਜਿਹੇ ਵਿਚਾਰ ਕਿਸ ਸੱਭਿਅਤਾ ਤੇ ਸੱਭਿਆਚਾਰ ਦੇ ਪ੍ਰਤੀਕ ਹਨ। ਕਿਸੇ ਵੇਲ਼ੇ ਬਹਾਦਰੀ ਦੀ ਨਿਸ਼ਾਨੀ ਇਸ ਗੱਲ ਨੂੰ ਮੰਨਿਆ ਜਾਂਦਾ ਸੀ ਕਿ ਬੱਚਿਆਂ, ਔਰਤਾਂ ਤੇ ਬਜ਼ੁਰਗਾਂ ਨੂੰ ਮਰਦਾਂ ਦੀ ਆਪਸੀ ਲੜਾਈ ਦਾ ਨਿਸ਼ਾਨਾ ਨਹੀਂ ਬਣਾਇਆ ਜਾਵੇਗਾ। ਭਾਵੇਂ ਇਸ ਸੋਚ ਵਿਚ ਵੀ ਔਰਤ ਦੇ ਕਮਜ਼ੋਰ ਹੋਣ ਦੀ ਸੋਚ ਨਿਹਿਤ ਹੈ ਪਰ ਫਿਰ ਵੀ ਇਸ ਸੋਚ ਵਿਚ ਘੱਟੋ ਘੱਟ ਇਹ ਸਮਝ ਤਾਂ ਜ਼ਰੂਰ ਸੀ ਕਿ ਸੱਤਾ ਦੀ ਲੜਾਈ ਵਿਚ ਬੱਚਿਆਂ, ਔਰਤਾਂ ਤੇ ਬਜ਼ੁਰਗਾਂ ਦਾ ਘਾਣ ਨਾ ਹੋਵੇ। ਪਰ ਇਹ ਸੋਚ ਅਮਲ ਵਿਚ ਘੱਟ ਲਿਆਂਦੀ ਜਾਂਦੀ ਹੈ। ਔਰਤ 'ਤੇ ਨਿਸ਼ਾਨਾ ਪਹਿਲਾਂ ਸਾਧਿਆ ਜਾਂਦਾ ਹੈ। ਅਜੋਕੇ ਸਮਿਆਂ ਵਿਚ ਸੋਸ਼ਲ ਮੀਡੀਆ ਨੂੰ ਘਿਰਣਾ ਫੈਲਾਉਣ ਲਈ ਵਰਤਿਆ ਜਾ ਰਿਹਾ ਹੈ। ਇਸ ਸੋਸ਼ਲ ਮੀਡੀਆ 'ਤੇ ਜੇ ਕੋਈ ਲੋਕਾਂ ਦੇ ਹਿੱਤ ਦੀ ਗੱਲ ਕਰਦਾ ਹੈ ਤਾਂ ਉਸ ਨੂੰ ਸਮੂਹਿਕ ਤੌਰ 'ਤੇ ਤੰਗ (ਟਰੋਲ) ਕੀਤਾ ਜਾਂਦਾ ਹੈ ਤੇ ਇਹ ਵੀ ਹੋ ਸਕਦਾ ਹੈ ਕਿ ਸਰਕਾਰੀ ਜਾਂ ਹਜੂਮੀ ਗੁੱਸੇ ਦਾ ਸ਼ਿਕਾਰ ਹੋ ਜਾਵੇ ਪਰ ਘਿਰਣਾ ਫੈਲਾਉਣ ਅਤੇ ਔਰਤਾਂ, ਦਲਿਤਾਂ, ਘੱਟਗਿਣਤੀ ਦੇ ਲੋਕਾਂ ਦੀ ਬੇਇੱਜ਼ਤੀ ਕਰਨ ਵਾਲਿਆਂ ਨੂੰ ਵੱਡੀ ਖੁੱਲ੍ਹ ਮਿਲੀ ਹੋਈ ਹੈ। ਇਹ ਬੇਹੱਦ ਨਾਜ਼ੁਕ ਸਮੇਂ ਹਨ ਅਤੇ ਇਨ੍ਹਾਂ ਸਮਿਆਂ ਵਿਚ ਸਾਡਾ ਫ਼ਰਜ਼ ਬਣਦਾ ਹੈ ਕਿ ਦਬਾਏ ਤੇ ਕੁਚਲੇ ਜਾ ਰਹੇ ਲੋਕਾਂ ਦੇ ਹੱਕ ਵਿਚ ਖੜ੍ਹੇ ਹੋਈਏ।
ਔਰਤਾਂ ਨੇ ਇਹੋ ਜਿਹੀ ਮਨੋਬਿਰਤੀ ਵਾਲੇ ਮਰਦਾਂ ਵਿਰੁੱਧ ਯੁੱਧ ਕਈ ਪੱਧਰਾਂ 'ਤੇ ਖ਼ੁਦ ਵੀ ਲੜਿਆ ਹੈ, ਉਹ ਭਾਵੇਂ ਔਰਤਾਂ ਦੇ ਆਪਣੇ ਸਮਾਜ, ਫ਼ਿਰਕੇ, ਧਰਮ, ਨਸਲ ਜਾਂ ਜਾਤ ਦੇ ਹੋਣ ਜਾਂ ਕਿਸੇ ਹੋਰ ਫ਼ਿਰਕੇ, ਧਰਮ, ਨਸਲ ਜਾਂ ਜਾਤ ਦੇ। ਇਸ ਦੁਰਭਾਵਨਾ ਵਿਰੁੱਧ ਲਗਾਤਾਰ ਲੜਾਈ ਹੀ ਔਰਤਾਂ ਨੂੰ ਸਮਰੱਥ ਤੇ ਸ਼ਕਤੀਸ਼ਾਲੀ ਬਣਾ ਸਕਦੀ ਹੈ। ਇਸ ਪੰਧ ਉੱਤੇ ਔਰਤਾਂ ਨੇ ਲੰਬਾ ਸਫ਼ਰ ਤੈਅ ਕੀਤਾ ਹੈ, ਉਨ੍ਹਾਂ ਨੇ ਅਮਲੀ ਤੇ ਵਿਚਾਰਧਾਰਕ ਧਰਾਤਲਾਂ 'ਤੇ ਆਪਣੇ ਉੱਤੇ ਹੁੰਦੇ ਦਮਨ ਦਾ ਵਿਰੋਧ ਕੀਤਾ ਹੈ ਅਤੇ ਮਰਦ ਦੀ ਧੌਂਸ ਵਾਲੀ ਬਿਰਤੀ ਤੇ ਸੋਚ ਨੂੰ ਵੰਗਾਰਿਆ ਹੈ ਤੇ ਵੱਡੀਆਂ ਜਿੱਤਾਂ ਪ੍ਰਾਪਤ ਕੀਤੀਆਂ ਹਨ। ਪਰ ਇਹ ਸੋਚ ਸਮਾਜ ਦੀ ਨਸ ਨਸ ਵਿਚ ਸਮਾਈ ਹੋਈ ਹੈ, ਇਹ ਘਰ-ਪਰਿਵਾਰ, ਧਰਮ, ਰਵਾਇਤ ਤੇ ਤਥਾ-ਕਥਿਤ ਮਰਿਆਦਾ ਰਾਹੀਂ ਪ੍ਰਵਾਨਿਤ ਹੁੰਦੀ ਹੈ। ਇਸ ਤਰ੍ਹਾਂ ਇਸ ਲੜਾਈ ਦੀਆਂ ਵਾਟਾਂ ਬਹੁਤ ਲੰਮੀਆਂ ਹਨ ਪਰ ਇਹ ਲੜਾਈ ਲੋਕਾਂ ਨੂੰ ਸਮੂਹਿਕ ਤੌਰ 'ਤੇ ਲੜਨੀ ਪੈਣੀ ਹੈ ਅਤੇ ਔਰਤਾਂ ਦੀ ਭੂਮਿਕਾ ਇਸ ਵਿਚ ਮੋਹਰੀ ਵਾਲੀ ਹੋਣੀ ਹੈ।