ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

13 August 2019

ਸਿਰਸਾ ਸਾਧ ਦੀ ਪੈਰੋਲ ਲਈ ਹਾਈ ਕੋਰਟ 'ਚ ਰਿੱਟ- ਇਕ ਖ਼ਬਰ
ਤੇਰੇ ਵਿਚ ਸਾਰਾ ਬੰਦਿਆ ਕਸੂਰ ਸੀ, ਬੀਜ ਕੇ ਤੇ ਅੱਕ ਭਾਲ਼ਦਾ ਖ਼ਜੂਰ ਜੀ।

ਬਾਗ਼ੀ ਵਿਧਾਇਕਾਂ ਤੇ ਮੰਤਰੀਆਂ ਵਲੋਂ ਨਵਜੋਤ ਸਿੰਘ ਸਿੱਧੂ ਨਾਲ਼ ਗੁਪਤ ਮੀਟਿੰਗਾਂ- ਇਕ ਖ਼ਬਰ
ਟਿੱਲੇ ਜਾਇ ਕੇ ਜੋਗੀ ਦੇ ਹੱਥ ਜੋੜੇ, ਸਾਨੂੰ ਆਪਣਾ ਕਰੋ ਫ਼ਕੀਰ ਮੀਆਂ।

ਬੇਅਦਬੀ ਮਾਮਲਿਆਂ ਦੀ ਜਾਂਚ ਸੁਖਬੀਰ ਦੇ ਦਬਾਅ ਪਿੱਛੋਂ ਭਾਜਪਾ ਨੇ ਬੰਦ ਕਰਵਾਈ- ਕੈਪਟਨ
ਦਿੱਲੀ ਆਖੇ ਦਿਉਰ ਕੁਆਰੇ ਦਾ, ਮੈਂ ਆਖਾ ਨਾ ਮੋੜਾਂ।

ਜੰਮੂ ਕਸ਼ਮੀਰ ਜਾਵਾਂਗੇ, ਰਾਜਪਾਲ ਦੇ ਜਹਾਜ਼ ਦੀ ਜ਼ਰੂਰਤ ਨਹੀਂ-ਰਾਹੁਲ ਗਾਂਧੀ
ਹੀਰ ਖੇੜਿਆਂ ਨਾਲ਼ ਨਾ ਟੁਰੇ ਮੂਲ਼ੇ, ਪਿਆ ਪਿੰਡ ਦੇ ਵਿਚ ਇਹ ਸ਼ੋਰ ਮੀਆਂ।

ਸੱਤਾਧਾਰੀ ਵੱਡੇ ਲੋਕਾਂ ਦੀ ਥਾਂ ਗ਼ਰੀਬ ਲੋਕਾਂ ਲਈ ਨੀਤੀਆਂ ਘੜਨ- ਇਕ ਪੱਤਰਕਾਰ
ਕਮਾਲ ਕਰਦੇ ਹੋ ਇਹ ਕੀ ਮੰਗਿਆ ਹੈ, ਮਾਸ ਇੱਲਾਂ ਦੇ ਆਲ੍ਹਣੇ 'ਚੋਂ ਭਾਲ਼ਦੇ ਹੋ।

ਪੰਜਾਬ ਵਿਚ ਆਈਲੈਟਸ ਦੀ ਹਨ੍ਹੇਰੀ ਨੇ ਕਾਲਜਾਂ ਵਿਚ ਸੁੰਨ ਵਰਤਾਈ- ਇਕ ਖ਼ਬਰ
ਗੈਬੀ ਤੋਤੇ ਨੇ, ਮੇਰੀ ਗੁੱਤ 'ਤੇ ਆਲ੍ਹਣਾ ਪਾਇਆ।

ਸਰੀ, ਕੈਨੇਡਾ ਵਿਖੇ ਕਾਮਾਗਾਟਾ ਮਾਰੂ ਸੜਕ ਦਾ ਰਸਮੀਂ ਉਦਘਾਟਨ- ਇਕ ਖ਼ਬਰ
ਖਾਤਰ ਦੇਸ਼ ਦੀ ਸੀਸ ਕੁਰਬਾਨ ਕੀਤੇ, ਲੱਥੀ ਆਸ਼ਕਾਂ ਦੀ ਪੁੱਠੀ ਖੱਲ ਵੀਰਾ।

ਜਾਅਲੀ ਪਾਸਪੋਰਟ ਨਾਲ਼ 22 ਸਾਲ ਯੂ.ਕੇ.ਰਿਹਾ ਬੰਦਾ ਚੋਰੀ ਕਰਦਾ ਫੜਿਆ ਗਿਆ-ਇਕ ਖ਼ਬਰ
ਪਹਿਨ ਪਚਰ ਕੇ ਚੜ੍ਹ ਗਈ ਪੀਂਘ 'ਤੇ, ਡਿਗ ਪੀ ਹੁਲਾਰਾ ਖਾ ਕੇ।

ਜਹਾਜ਼ ਵਿਚ ਅੱਖਾਂ ਤੱਤੀਆਂ ਕਰਨ ਵਾਲੇ ਪਤੀ ਦਾ ਪਤਨੀ ਵਲੋਂ ਕੁਟਾਪਾ- ਇਕ ਖ਼ਬਰ
ਕਾਹਦੇ ਪਿੱਛੇ ਹੋ ਗਿਉਂ ਸ਼ੁਦਾਈ ਪਾਗਲਾ, ਸ਼ੈਅ ਹੁੰਦੀ ਹੁਸਨ ਪਰਾਈ ਪਾਗਲਾ।

ਚੰਡੀਗੜ੍ਹ ਦੇ ਇਕ ਹੋਟਲ 'ਚ ਦੋ ਕੇਲਿਆਂ ਦਾ ਬਿੱਲ 442 ਰੁਪਏ- ਇਕ ਖ਼ਬਰ
ਮੇਰੇ ਨਰਮ ਕਾਲ਼ਜੇ ਲੜ ਗਏ, ਕੇਲਿਆਂ ਦਾ ਬਿੱਲ ਵੇਖ ਕੇ।

18 ਸਾਲਾਂ ਤੋਂ ਅਫ਼ਗਾਨਿਸਤਾਨ 'ਚ ਚਲ ਰਹੀ ਲੜਾਈ ਦਾ ਹੱਲ ਚਾਹੁੰਦੈ ਅਮਰੀਕਾ-ਇਕ ਖ਼ਬਰ
ਮੈਂ ਤਾਂ ਮਾਰਿਆ ਵੇਖਦਾ ਮੁਲਕ ਸਾਰਾ, ਵਾਂਗ ਮੋਏ ਕੁੱਤੇ ਧੂਹ ਸੁੱਟਿਆ ਹਾਂ।

ਸਕਾਟਲੈਂਡ 'ਚ ਫਿਰ ਉਠੀ ਯੂ.ਕੇ. ਤੋਂ ਵੱਖ ਹੋਣ ਦੀ ਮੰਗ- ਇਕ ਖ਼ਬਰ
ਬਾਪੂ ਵੇ ਅੱਡ ਹੁੰਨੀ ਆਂ।