ਰੁੱਖਾਂ ਨਾਲ ਹੀ ਹੈ ਜ਼ਿੰਦਗੀ - ਗੁਰਚਰਨ ਸਿੰਘ ਨੂਰਪੁਰ
ਆਦਿ ਜੁਗਾਦ ਤੋਂ ਰੁੱਖ ਸਾਡੇ ਦੁੱਖ ਸੁੱਖ ਦੇ ਸਾਥੀ ਰਹੇ ਹਨ। ਰੁੱਖ ਨਾ ਹੁੰਦੇ ਤਾਂ ਇਹ ਸਾਰੀ ਧਰਤੀ ਵਿਰਾਨ ਹੋਣੀ ਸੀ। ਰੁੱਖ, ਧਰਤੀ 'ਤੇ ਰਹਿਣ ਵਾਲੇ ਜੀਵਾਂ ਦੇ ਪਾਲਣਹਾਰ ਹਨ। ਰੁੱਖ ਵਰਖਾ ਲਿਆਉਂਦੇ ਹਨ ਅਤੇ ਵਰਖਾ ਧਰਤੀ ਉਪਰਲੇ ਜੀਵਨ ਨੂੰ ਰਵਾਨੀ ਬਖਸ਼ਦੀ ਹੈ।
ਰੁੱਖ ਹੀ ਸਨ ਜਿਨ੍ਹਾਂ ਨੇ ਆਦਿ ਕਾਲ ਦੇ ਨੰਗ ਧੜੰਗੇ ਸਾਡੇ ਵੱਡੇ-ਵਡੇਰਿਆਂ ਨੂੰ ਸ਼ਰਨ ਦਿੱਤੀ। ਓਟ ਆਸਰਾ ਦਿੱਤਾ। ਮਨੁੱਖੀ ਸੱਭਿਅਤਾ ਨੂੰ ਅੱਜ ਦੇ ਦੌਰ ਤੱਕ ਲੈ ਕੇ ਆਉਣ ਵਿਚ ਰੁੱਖ ਨੇ ਸਭ ਤੋਂ ਵੱਡੀ ਭੂਮਿਕਾ ਨਿਭਾਈ। ਕਹੀਆਂ, ਰੰਬੇ, ਦਾਤਰ, ਦਾਤਰੀਆਂ, ਭਾਲੇ, ਕੁਹਾੜੇ, ਬਣਾਉਣ ਲਈ ਰੁੱਖ ਦਸਤੇ ਬਣੇ। ਚਕਲਾ, ਵੇਲਣਾ, ਚਾਉਂਟੇ, ਨੇਹੀਆਂ, ਘੋਟਣਾ, ਮਧਾਣੀਆਂ ਤੇ ਕੜਛੀਆਂ ਦੇ ਰੂਪ ਵਿਚ ਰੁੱਖਾਂ ਨੇ ਸਾਡੇ ਘਰਾਂ ਨੂੰ ਸੋਹਝ ਅਤੇ ਸੁਹੱਪਣ ਬਖਸ਼ਿਆ। ਖੂਹ ਦਾ ਚੱਕ, ਕਾਂਝਣ, ਗਾਂਧੀ, ਹਲ, ਪੰਜਾਲੀ, ਜੰਦਰਾ ਵਰਗੇ ਸੰਦ ਬਣਾਉਣ ਲਈ ਰੁੱਖਾਂ ਨੇ ਸਦੀਆਂ ਤੱਕ ਮਹੱਤਵਪੂਰਨ ਭੂਮਿਕਾ ਨਿਭਾਈ। ਚਰਖਾ, ਅਟੇਰਨਾ, ਖੱਡੀ, ਸੰਦੂਖ ਬਣ ਰੁੱਖਾਂ ਨੇ ਸਾਡੀ ਜ਼ਿੰਦਗੀ ਨੂੰ ਕਲਾਤਮਿਕ ਬਣਾਇਆ। ਪੱਖੇ, ਪੱਖੀਆਂ, ਮੇਜ਼, ਕੁਰਸੀ, ਮੰਜਾ, ਪੀਹੜਾ ਅਤੇ ਪੰਘੂੜੇ ਤੋਂ ਲੈ ਕੇ ਬੰਦੇ ਨੂੰ ਸ਼ਮਸ਼ਾਨ ਘਾਟ ਤੱਕ ਲੈ ਕੇ ਜਾਣ ਵਾਲੇ ਫੱਟਿਆਂ ਦੇ ਰੂਪ ਵਿਚ ਰੁੱਖ ਮਨੁੱਖ ਦੇ ਨਾਲ ਨਾਲ ਰਹੇ। ਇੱਥੋਂ ਤੱਕ ਕਿ ਹਰ ਬੰਦੇ ਦੇ ਅੰਤਿਮ ਸਮੇਂ ਇਕ ਰੁੱਖ ਦਾ ਬੰਦੇ ਦੇ ਨਾਲ ਬਲਣਾ ਵੀ ਰੁੱਖਾਂ ਦੇ ਹੀ ਹਿੱਸੇ ਆਇਆ ਹੈ। ਛਣਕਣਾ, ਬੰਸਰੀ, ਤੂੰਬਾ, ਰਬਾਬ, ਢੱਡ, ਸਾਰੰਗੀ, ਢੋਲ, ਨਗਾਰਾ, ਡਮਰੂ, ਅਲਗੋਜ਼ੇ ਬਣ ਕੇ ਰੁੱਖਾਂ ਨੇ ਮਨੁੱਖ ਦੀ ਜ਼ਿੰਦਗੀ 'ਚ ਸੰਗੀਤਕ ਰੰਗ ਭਰੇ। ਗੱਡੇ, ਗਡੀਹਰੇ, ਰੱਥ, ਟਾਂਗੇ ਬਣ ਕੇ ਰੁੱਖਾਂ ਨੇ ਸਾਡੀ ਜ਼ਿੰਦਗੀ ਨੂੰ ਰਵਾਨਗੀ ਦਿੱਤੀ। ਰੁੱਖ ਦਾਤਣ ਬਣੇ, ਦਵਾਈਆਂ ਬਣੇ, ਇਨ੍ਹਾਂ ਸਾਨੂੰ ਮਿੱਠੇ ਫਲ ਦਿੱਤੇ ਅਚਾਰ ਦਿੱਤੇ, ਧੁੱਪਾਂ ਵਿਚ ਇਹ ਸਾਡੇ ਲਈ ਛਾਵਾਂ ਬਣੇ, ਸਿਰਾਂ ਦੀ ਛੱਤ ਬਣੇ ਗੱਲ ਕੀ ਰੁੱਖਾਂ ਨੇ ਹਰ ਦੁੱਖ-ਸੁੱਖ ਵਿਚ ਮਨੁੱਖ ਦਾ ਸਾਥ ਨਿਭਾਇਆ। ਮਨੁੱਖੀ ਸੱਭਿਅਤਾ ਨੂੰ ਚੰਗਾ ਸੋਹਣਾ ਸੁਖਾਲਾ ਬਣਾਉਣ ਲਈ ਰੁੱਖਾਂ ਨੇ ਬੜੀ ਵੱਡੀ ਭੂਮਿਕਾ ਨਿਭਾਈ।
ਮਨੁੱਖ ਦੀ ਜ਼ਿੰਦਗੀ ਵਿਚ ਹੁਣ ਜਦੋਂ ਪਲਾਸਟਿਕ ਦਾ ਪ੍ਰਵੇਸ਼ ਹੋਇਆ ਤਾਂ ਰੁੱਖ 'ਤੇ ਸਾਡੀ ਨਿਰਭਰਤਾ ਘਟ ਗਈ ਹੈ। ਅਸੀਂ ਹੁਣ ਸਮਝਣ ਲੱਗ ਪਏ ਹਾਂ ਕਿ ਕੰਕਰੀਟ ਦੀਆਂ ਬਿਲਡਿੰਗਾਂ ਵਿਚ ਰਹਿੰਦਿਆਂ ਸਾਨੂੰ ਰੁੱਖਾਂ ਦੀ ਲੋੜ ਨਹੀਂ। ਪਰ ਇਹ ਮਨੁੱਖ ਦੀ ਭੁੱਲ ਵੀ ਹੈ ਅਤੇ ਅਕ੍ਰਿਤਘਣਤਾ ਵੀ ਹੈ। ਅੱਜ ਜਦੋਂ ਅਸੀਂ ਅਕਲਾਂ ਸਮਝਾਂ ਅਤੇ ਉੱਚੇ ਅਕਾਦਮਿਕ ਕੱਦਾਂ ਦੇ ਹੰਕਾਰ ਨਾਲ ਭਰ ਗਏ ਹਾਂ ਤੇ ਅੱਜ ਅਸੀਂ ਸਮਝਣ ਲੱਗ ਪਏ ਹਾਂ ਕਿ ਹਰ ਕੰਮ ਨੂੰ ਮਸ਼ੀਨੀ ਤਕਨੀਕ ਅਤੇ ਪਲਾਸਟਿਕ ਦੀ ਵਰਤੋਂ ਨਾਲ ਅਸਾਨੀ ਨਾਲ ਕੀਤਾ ਜਾ ਸਕਦਾ ਹੈ ਅਤੇ ਹੁਣ ਸਾਨੂੰ ਰੁੱਖਾਂ ਦੀ ਲੋੜ ਨਹੀਂ। ਪਰ ਅਸੀਂ ਭੁੱਲ ਗਏ ਕਿ ਰੁੱਖਾਂ ਦੀ ਮਹੱਤਤਾ ਕੇਵਲ ਘਰਾਂ ਦੇ ਅਤੇ ਖੇਤੀ ਦੇ ਸੰਦ ਬਣਨ ਤੱਕ ਹੀ ਸੀਮਤ ਨਹੀਂ। ਬਲਕਿ ਰੁੱਖ ਧਰਤੀ ਦੇ ਫੇਫੜੇ ਹਨ। ਅਸੀਂ ਭੁੱਲ ਗਏ ਹਾਂ ਕਿ ਪਹਾੜਾਂ 'ਤੇ ਜੋ ਬਰਫ ਜੰਮਦੀ ਹੈ ਇਸ ਦੇ ਜੰਮਣ ਵਿਚ ਵੀ ਰੁੱਖਾਂ ਦਾ ਯੋਗਦਾਨ ਹੁੰਦਾ ਹੈ। ਧਰਤੀ ਹੇਠਲਾ ਜੋ ਪਾਣੀ ਹੈ ਉਸ ਦੇ ਤਲ ਨੂੰ ਬਰਕਰਾਰ ਰੱਖਣ ਲਈ ਰੁੱਖ ਬੜੀ ਵੱਡੀ ਭੂਮਿਕਾ ਨਿਭਾਉਂਦੇ ਹਨ। ਦਰਿਆ ਗੰਦੇ ਨਾਲੇ ਨਾ ਬਣਨ ਇਹ ਸਾਰਾ ਸਾਲ ਵਹਿੰਦੇ ਰਹਿਣ ਧਰਤੀ ਤੇ ਜਨਜੀਵਨ ਦੀ ਚਾਲ ਬਣੀ ਰਹੇ, ਇਸ ਵਿਚ ਰੁੱਖਾਂ ਦੀ ਬੜੀ ਵੱਡੀ ਭੂਮਿਕਾ ਹੈ। ਪਰ ਅਸੀਂ ਇਸ ਸਭ ਕੁਝ ਤੋਂ ਉਲਟ ਰੁੱਖਾਂ ਦਾ ਵਢਾਂਗਾ ਕਰਕੇ ਉੱਚੀਆਂ ਵੱਡੀਆਂ ਸੰਗਮਰਮਰੀ ਬਿਲਡਿੰਗਾਂ ਉਸਾਰੀਆਂ। ਦਰਿਆਵਾਂ ਦੇ ਕੰਢਿਆਂ 'ਤੇ ਕੰਕਰੀਟ ਸੁੱਟ-ਸੁੱਟ ਹੋਟਲ ਬਣਾਏ ਡੇਰੇ ਬਣਾਏ ਅਤੇ ਇਨ੍ਹਾਂ ਵਿਚ ਸਜਾਵਟੀ ਬੂਟੇ ਲਾ ਕੇ ਆਪਣੇ-ਆਪ ਨੂੰ ਆਪੇ ਹੀ ਕੁਦਰਤ ਪ੍ਰੇਮੀ ਹੋਣ ਦੇ ਸਰਟੀਫੀਕੇਟ ਦਿੱਤੇ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਅਜਿਹਾ ਕਰਨ ਵਾਲਿਆਂ ਨੂੰ ਕਹੀਏ ਕਿ ਇਹ ਕੁਦਰਤ ਪ੍ਰੇਮ ਨਹੀਂ ਬਲਕਿ ਕੁਦਰਤ ਦੀ ਤੌਹੀਨ ਹੈ। ਅਸੀਂ ਏਨੇ ਅਕਿਰਤਘਣ ਹੋ ਗਏ ਕਿ ਜੋ ਰੁੱਖ ਸਾਡੀ ਹਵਾ ਨੂੰ ਸ਼ੁੱਧ ਕਰਦੇ ਹਨ ਸਾਡੇ ਲਈ ਆਕਸੀਜਨ ਪੈਦਾ ਕਰਦੇ ਹਨ ਉਨ੍ਹਾਂ ਦਾ ਕਤਲੇਆਮ ਕਰਕੇ ਆਪਣੀਆਂ ਪਿੱਠਾਂ ਥਾਪੜੀਆਂ। ਖੇਤਾਂ ਦੇ ਵੱਟਾਂ ਬੰਨਿਆਂ, ਰਾਹਾਂ, ਸੂਇਆਂ, ਆਡਾਂ, ਬੰਬੀਆਂ ਤੋਂ ਰੁੱਖਾਂ ਦੀਆਂ ਝਿੜੀਆਂ ਨੂੰ ਖ਼ਤਮ ਕਰਕੇ ਅਸੀਂ ਖੇਤਾਂ ਨੂੰ ਵੱਡੇ ਸਮਤਲ ਪਲਾਟਾਂ ਦਾ ਰੂਪ ਦਿੱਤਾ। ਜਿਸ ਦੇ ਸਿੱਟੇ ਵਜੋਂ ਸਾਡਾ ਵਾਤਾਵਰਨ ਪਲੀਤ ਹੋਣ ਲੱਗਿਆ। ਰੁੱਖਾਂ ਦਾ ਵੱਡੀ ਪੱਧਰ 'ਤੇ ਕਤਲੇਆਮ ਹੋਣ ਨਾਲ ਸਾਡੇ ਖੇਤਾਂ ਦੇ ਪੰਛੀ ਵੀ ਸਾਡੇ ਨਾਲੋਂ ਰੁੱਸ ਗਏ। ਜਿਸ ਕਰਕੇ ਕੀਟ ਪਤੰਗਾਂ ਦੀ ਭਰਮਾਰ ਹੋ ਗਈ। ਇਸ ਸਥਿਤੀ ਵਿਚ ਬਾਜ਼ਾਰ ਨੇ ਸਾਡੇ ਅੱਗੇ ਕਈ ਤਰ੍ਹਾਂ ਦੀਆਂ ਜ਼ਹਿਰਾਂ ਪੇਸ਼ ਕੀਤੀਆਂ ਹੁਣ ਇਨ੍ਹਾਂ ਦੀ ਖੇਤਾਂ ਵਿਚ ਵਰਤੋਂ ਕਰਕੇ ਅਸੀਂ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਦੁਸ਼ਵਾਰੀਆਂ ਦਾ ਸ਼ਿਕਾਰ ਬਣ ਰਹੇ। ਕੁਦਰਤ ਨਾਲੋਂ ਤੋੜ-ਵਿਛੋੜਾ ਕਰਕੇ ਪੈਦਾ ਕੀਤੇ ਇਸ ਵਿਕਾਸ 'ਤੇ ਬੇਸ਼ੱਕ ਅਸੀਂ ਲੁੱਡੀਆਂ ਪਾਈਏ ਆਪਣੀਆਂ ਪਿੱਠਾਂ ਆਪ ਥਪਥਪਾਈਏ ਪਰ ਹਕੀਕਤ ਵਿਚ ਇਹ ਵਿਕਾਸ ਨਹੀਂ ਵਿਨਾਸ਼ ਹੈ। ਪੰਜਾਬ ਦੇ ਉੱਤਰੀ ਇਲਾਕਿਆਂ ਵਿਚ ਰੁੱਖਾਂ ਦੀ ਤਾਦਾਦ ਕੁਝ ਵੱਧ ਹੈ ਉਸ ਪਾਸੇ ਕੈਂਸਰ ਦਾ ਪ੍ਰਕੋਪ ਘੱਟ ਹੈ ਇਸ ਦੇ ਉਲਟ ਮਾਲਵੇ ਦੇ ਕੁਝ ਜ਼ਿਲ੍ਹਿਆਂ ਜਿੱਥੇ ਰੁੱਖ ਵਿਰਲੇ ਟਾਂਵੇਂ ਹਨ ਉਧਰ ਕੈਂਸਰ ਦਾ ਪ੍ਰਕੋਪ ਤੇਜ਼ੀ ਨਾਲ ਵਧ ਰਿਹਾ ਹੈ। ਅੱਜ ਦੇ ਬੇਢੰਗੇ, ਕੁਚੱਜੇ ਅਤੇ ਬੇਲੋੜੇ ਵਿਕਾਸ ਦੀ ਉਸਾਰੀ ਅਸੀਂ ਲੱਖਾਂ ਰੁੱਖਾਂ ਦਾ ਕਤਲੇਆਮ ਕਰਕੇ ਉਨ੍ਹਾਂ ਦੀਆਂ ਲਾਸ਼ਾਂ 'ਤੇ ਕੀਤੀ ਹੈ। ਅਸੀਂ ਕੁਦਰਤ ਤੋਂ ਦੂਰ ਹੋ ਕੰਕਰੀਟ ਦੇ ਕਮਰਿਆਂ ਵਿਚ ਆਪਣੇ-ਆਪ ਨੂੰ ਬੰਦ ਕਰ ਲਿਆ ਅਤੇ ਅਖੌਤੀ ਵਿਕਾਸ ਦੀਆਂ ਲੁੱਡੀਆਂ ਪਾਉਣ ਲੱਗ ਪਏ। ਹੁਣ ਸਾਨੂੰ ਪਤਾ ਲੱਗਣ ਲੱਗਾ ਹੈ ਕਿ ਇਹ ਸਭ ਕੁਝ ਸਾਡੀ ਜ਼ਿੰਦਗੀ ਲਈ ਵਿਕਾਸ ਘੱਟ ਅਤੇ ਅਜ਼ਾਬ ਵੱਧ ਬਣ ਗਿਆ ਹੈ।
ਬੇਸ਼ੱਕ ਤਕਨੀਕੀ ਵਿਕਾਸ ਨੇ ਸਾਡੀਆਂ ਲੋੜਾਂ ਬਦਲ ਦਿੱਤੀਆਂ ਹਨ ਪਰ ਕੁਦਰਤੀ ਵਿਗਾੜਾਂ ਦੇ ਇਸ ਦੌਰ ਵਿਚ ਰੁੱਖਾਂ ਦੀ ਲੋੜ ਪਹਿਲਾਂ ਨਾਲੋਂ ਵੀ ਕਿਤੇ ਜ਼ਿਆਦਾ ਵਧ ਗਈ ਹੈ। ਇਹ ਗੱਲ ਅੱਜ ਸਾਨੂੰ ਸਮਝਣ ਦੀ ਲੋੜ ਹੈ। ਸਾਨੂੰ ਰੁੱਖਾਂ ਨਾਲ ਸਾਂਝ ਪਾਉਣੀ ਪਵੇਗੀ। ਜੇਕਰ ਅਸੀਂ ਜੀਵਨ ਨੂੰ ਪਿਆਰ ਕਰਦੇ ਹਾਂ ਤਾਂ ਇਸ ਤੋਂ ਪਹਿਲਾਂ ਸਾਨੂੰ ਰੁੱਖਾਂ ਨੂੰ ਪਿਆਰ ਕਰਨਾ ਸਿੱਖਣਾ ਪਵੇਗਾ।
ਜਪਾਨ ਦੇ ਵਿਦਵਾਨ ਸੂਖਮਜੀਵ ਵਿਗਿਆਨੀ ਮਾਸਾਨੋਬੂ ਫੂਕੋਓਕਾ ਦੀ ਕਹੀ ਇਹ ਗੱਲ ਬੜੀ ਅਜੀਬ ਲਗਦੀ ਹੈ ਕਿ ਰੁੱਖਾਂ ਨੂੰ ਲਾਉਣ ਦੀ ਲੋੜ ਨਹੀਂ ਪੈਂਦੀ ਇਹ ਆਪਣੇ ਆਪ ਉਗਦੇ ਹਨ। ਧਰਤੀ ਦੇ ਵੱਖ ਵੱਖ ਖਿੱਤਿਆਂ ਦੇ ਵਿਸ਼ਾਲ ਜੰਗਲ ਜਿਨ੍ਹਾਂ ਨੂੰ ਅੱਜ ਮਨੁੱਖ ਤੇਜ਼ੀ ਨਾਲ ਖ਼ਤਮ ਕਰਦਾ ਜਾ ਰਿਹਾ ਹੈ ਇਨ੍ਹਾਂ ਜੰਗਲਾਂ ਵਿਚ ਕਿਸੇ ਨੇ ਰੁੱਖ ਲਾਏ ਨਹੀਂ ਸਨ ਇਹ ਆਪਣੇ ਆਪ ਉੱਗੇ ਸਨ। ਕੁਦਰਤ ਰੁੱਖਾਂ ਦੇ ਬੀਜਾਂ ਨੂੰ ਇਕ ਥਾਂ ਤੋਂ ਦੂਜੀਆਂ ਥਾਵਾਂ ਤੇ ਆਪ ਲੈ ਕੇ ਜਾਂਦੀ ਹੈ ਹਵਾ ਹਨੇਰੀ, ਵਰਖਾ ਅਤੇ ਪੰਛੀਆਂ ਦੇ ਆਹਾਰ ਰਾਹੀਂ ਬੀਜ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਹਨ, ਉਗਦੇ ਹਨ ਅਤੇ ਬਿਰਖ ਬਣਦੇ ਹਨ। ਪਰ ਹੁਣ ਅਸੀਂ ਰੁੱਖਾਂ ਦਾ ਕਤਲੇਆਮ ਹੀ ਇੰਨੀ ਵੱਡੀ ਪੱਧਰ ਤੇ ਕਰ ਦਿੱਤਾ ਕਿ ਰੁੱਖਾਂ ਨੂੰ ਲਾਉਣਾ ਜ਼ਰੂਰੀ ਹੋ ਗਿਆ ਹੈ। ਰੁੱਖ ਲਾਏ ਜਾਣੇ ਚਾਹੀਦੇ ਹਨ ਪਰ ਇਸ ਤੋਂ ਜ਼ਰੂਰ ਇਹ ਹੈ ਰੁੱਖਾਂ ਨੂੰ ਪਾਲਿਆ ਸੰਭਾਲਿਆ ਵੀ ਜਾਵੇ। ਹੁਣ ਕੇਵਲ ਕੱਟ-ਵੱਡ ਕੇ ਹੀ ਰੁੱਖਾਂ ਦਾ ਖ਼ਾਤਮਾ ਨਹੀਂ ਕੀਤਾ ਜਾਂਦਾ ਬਲਕਿ ਹਰ ਛੇ ਮਹੀਨੇ ਬਾਅਦ ਖੇਤਾਂ ਵਿਚ ਲਗਦੀਆਂ ਅੱਗਾਂ ਵੱਡੀ ਪੱਧਰ 'ਤੇ ਰੁੱਖਾਂ ਦੀ ਮੌਤ ਦਾ ਕਾਰਨ ਬਣਦੀਆਂ ਹਨ। ਸਾਡੀ ਮਨੋਬਿਰਤੀ ਇਹ ਹੈ ਕਿ ਹਰ ਛੇ ਮਹੀਨੇ ਬਾਅਦ ਨਾੜ ਨੂੰ ਅੱਗ ਲਾ ਕੇ ਮਾਣ ਨਾਲ ਇਸ ਦੀਆਂ ਖਬਰਾਂ ਵੀ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਕਰਵਾਈਆਂ ਜਾਂਦੀਆਂ ਹਨ। ਮਿੱਥੀਆਂ ਤਰੀਕਾਂ ਤੋਂ ਪਹਿਲਾਂ ਝੋਨਾ ਲਾਉਣ ਵਿਚ ਵੀ ਮਾਣ ਮਹਿਸੂਸ ਕੀਤਾ ਜਾਂਦਾ ਹੈ। ਬਿਨਾਂ ਇਹ ਸੋਚ ਵਿਚਾਰ ਕੀਤਿਆਂ ਕਿ ਜਿਸ ਪਾਣੀ ਦੀ ਅਸੀਂ ਬਰਬਾਦੀ ਕਰਨੀ ਹੈ ਉਹ ਪਾਣੀ ਕਿਸ ਦਾ ਹੈ? ਉਹ ਕਿਸੇ ਸਰਕਾਰ ਦਾ ਪਾਣੀ ਨਹੀਂ ਹੈ ਉਹ ਸਾਡਾ ਪਾਣੀ ਹੈ। ਇਸ ਧਰਤੀ ਦੇ ਲੋਕਾਂ ਦਾ ਪਾਣੀ ਹੈ। ਇਹ ਵਾਤਾਵਰਨ ਜਿਸ ਨੂੰ ਅਸੀਂ ਬਚਾਉਣਾ ਹੈ ਨਿੱਕੇ ਨਿੱਕੇ ਮਾਸੂਮਾਂ ਦੇ ਸਾਹ ਲੈਣ ਲਈ ਹਵਾਵਾਂ ਨੂੰ ਸ਼ੁੱਧ ਰੱਖਣਾ ਹੈ ਇਹ ਕੋਈ ਸਰਕਾਰੀ ਹਵਾ ਨਹੀਂ ਬਲਕਿ ਸਾਡੇ ਪਿੰਡ ਦੀ ਹਵਾ ਹੈ ਸਾਡਾ ਆਲਾ-ਦੁਆਲਾ ਹੈ ਅਤੇ ਇਸ ਨੂੰ ਤੰਦਰੁਸਤ ਰੱਖਣਾ ਸਾਡਾ ਫਰਜ਼ ਹੈ। ਜੇਕਰ ਆਲਾ ਦੁਆਲਾ ਬਿਮਾਰ ਹੋ ਜਾਵੇਗਾ ਤਾਂ ਇਸ ਵਿਚ ਅਸੀਂ ਅਤੇ ਸਾਡੇ ਬੱਚੇ ਵੀ ਬਿਮਾਰੀਆਂ ਦਾ ਸ਼ਿਕਾਰ ਬਣਦੇ ਰਹਿਣਗੇ। ਹਾਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਅਜਿਹੇ ਕੰਮਾਂ ਲਈ ਕਿਸਾਨਾਂ ਦੀ ਆਰਥਿਕ ਮਦਦ ਕਰਨ। ਪਰ ਜਿੱਥੇ ਅਸੀਂ ਸੜਕਾਂ ਕੰਢੇ ਵਿਸ਼ਾਲ ਲੰਗਰ ਲਾ ਕੇ ਲੋਕਾਂ ਨੂੰ ਰੱਸੇ ਸੁੱਟ-ਸੁੱਟ ਕੇ ਰੋਕਦੇ ਹਾਂ ਹੱਥ ਜੋੜ-ਜੋੜ ਕੇ ਚਾਹ ਪਕੌੜਿਆਂ, ਜਲੇਬੀਆਂ ਦੇ ਲੰਗਰ ਛਕਣ ਦੀਆਂ ਅਰਜੋਈਆਂ ਕਰਦੇ ਹਾਂ, ਉੱਥੇ ਸਾਡੇ ਵੱਟਾਂ-ਬੰਨ੍ਹਿਆਂ 'ਤੇ ਲੱਗੇ ਰੁੱਖ ਨੂੰ ਬਚਾਉਣ ਵਿਚ ਸਾਡੀ ਕੋਈ ਦਿਲਚਸਪੀ ਨਹੀਂ ਰਹੀ। ਜੇਕਰ ਅਸੀਂ ਰੁੱਖ ਲਗਾਉਂਦੇ ਹਾਂ ਅਤੇ ਆਲੇ-ਦੁਆਲੇ ਲੱਗੇ ਰੁੱਖਾਂ ਨੂੰ ਬਚਾਉਂਦੇ ਹਾਂ ਤਾਂ ਇਹ ਮਨੁੱਖਤਾ ਲਈ ਕਿਤੇ ਵੱਧ ਪੁੰਨ ਦਾ ਕੰਮ ਹੈ। ਪੰਜਾਬ ਦੇ ਬਹੁਤ ਸਾਰੇ ਪਿੰਡਾਂ ਵਿਚ ਡੇਰਿਆਂ, ਮਜ਼ਾਰਾਂ 'ਤੇ ਮੇਲੇ ਕਰਵਾ ਕੇ ਲੱਖਾਂ ਰੁਪਏ ਖ਼ਰਚ ਕੀਤੇ ਜਾਂਦੇ ਹਨ ਜੇਕਰ ਇਨ੍ਹਾਂ ਹੀ ਪੈਸਿਆਂ ਦੀ ਬੱਚਤ ਕਰਕੇ ਹਰ ਪਿੰਡ ਲਈ ਅਸੀਂ ਅਜਿਹੇ ਉਪਕਰਨ ਲੈ ਲਈਏ ਜੋ ਝੋਨੇ ਦੀ ਪਰਾਲੀ ਦਾ ਨਿਬੇੜਾ ਕਰ ਦੇਣ ਤਾਂ ਇਸ ਨਾਲ ਪੰਜਾਬ ਕਈ ਅਲਾਮਤਾਂ ਤੋਂ ਬਚ ਸਕਦਾ ਹੈ। ਰੁੱਖਾਂ ਨੂੰ ਵੱਢ ਕੇ, ਧਰਤੀ ਦੀ ਹਿੱਕ ਨੂੰ ਲੂਹ ਕੇ ਅਸੀਂ ਜਿਹੜੇ ਥੋੜ੍ਹੇ ਪੈਸਿਆਂ ਦੀ ਬੱਚਤ ਕਰਦੇ ਹਾਂ ਉਸ ਦਾ ਖਮਿਆਜ਼ਾ ਸਾਨੂੰ ਦਵਾਈਆਂ ਦੇ ਰੂਪ ਵਿਚ ਹਜ਼ਾਰਾਂ ਰੁਪਏ ਦੇ ਕੇ ਭੁਗਤਣਾ ਪੈ ਰਿਹਾ ਹੈ। ਇਸੇ ਹਵਾ, ਪਾਣੀ ਅਤੇ ਮਿੱਟੀ ਦਾ ਸਤਿਕਾਰ ਕਰਨ ਦੀ ਤਾਗੀਦ ਸਾਨੂੰ ਸਾਡੇ ਗੁਰੂ ਬਾਬੇ ਨਾਨਕ ਨੇ ਵੀ ਕੀਤੀ ਸੀ। ਸਾਨੂੰ ਗੁਰੂ ਦੇ ਕਹੇ ਸ਼ਬਦਾਂ ਦੀ ਅਵੱਗਿਆ ਨਹੀਂ ਕਰਨੀ ਚਾਹੀਦੀ। ਪਰ ਹਕੀਕਤ ਇੱਥੇ ਤਾਂ ਹੋਰ ਦੀ ਹੋਰ ਬਣੀ ਹੋਈ ਹੈ। ਇੱਥੇ ਜਿੱਥੇ-ਜਿੱਥੇ ਗੁਰੂ ਸਾਹਿਬਾਨ ਦੇ ਸਥਾਨ ਹਨ, ਜਿੱਥੇ ਜੰਗਲ ਸਨ, ਬੀੜਾਂ ਸਨ, ਝਿੜੀਆਂ ਸਨ, ਉਨ੍ਹਾਂ ਨੂੰ ਉਖਾੜ ਕੇ ਚਿੱਟੀਆਂ ਉੱਚੀਆਂ ਧੁੱਪ ਵਿਚ ਲਿਸ਼ਕਦੀਆਂ ਬਿਲਡਿੰਗਾਂ ਉਸਾਰ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿਚ ਗੁਰੂ ਸ਼ਬਦ ਨੂੰ ਅਸੀਂ ਮੱਥੇ ਤਾਂ ਟੇਕਦੇ ਹਾਂ ਪਰ ਗੁਰੂ ਦੇ ਕਹੇ ਨੂੰ ਮੰਨਣ ਲਈ ਤਿਆਰ ਨਹੀਂ।
ਕੁਦਰਤੀ ਅਤੇ ਧਰਤੀ ਦੇ ਵਿਗਿਆਨ ਦੀ ਸਮਝ ਰੱਖਣ ਵਾਲੇ ਇਹ ਜਾਣਦੇ ਹਨ ਕਿ ਕੁਦਰਤ ਦੇ ਕੰਮ ਵਿਚ ਕੀਤੀ ਹੱਦੋਂ ਵੱਧ ਦਖ਼ਲਅੰਦਾਜ਼ੀ ਮਨੁੱਖ ਨੂੰ ਬੜੀ ਮਹਿੰਗੀ ਪੈਂਦੀ ਹੈ। ਸਾਡੇ ਦੇਸ਼ ਨੂੰ ਚਲਾਉਣ ਵਾਲੀ ਵਿਵਸਥਾ ਵਾਤਾਵਰਨ ਪ੍ਰਤੀ ਸੰਵੇਦਨਹੀਣ ਹੋਈ ਨਜ਼ਰ ਆਉਂਦੀ ਹੈ। ਸਾਡੇ ਦੇਸ਼ ਵਿਚ ਪਾਣੀ ਦੇ ਸੰਕਟ ਦੀ ਸ਼ੁਰੂਆਤ ਹੋ ਚੁੱਕੀ ਹੈ। ਪਰ ਇਸ ਸੰਕਟ ਪ੍ਰਤੀ ਸਾਡੀ ਨੀਂਦ ਅਜੇ ਵੀ ਬਰਕਰਾਰ ਹੈ। ਅਸੀਂ ਸੁੱਤੇ ਹੋਏ ਹਾਂ। ਜੇਕਰ ਸਾਨੂੰ ਕੋਈ ਇਸ ਪ੍ਰਤੀ ਜਗਾਉਣ ਦੀ ਵੀ ਕੋਸ਼ਿਸ਼ ਕਰਦਾ ਹੈ ਤਾਂ ਅਸੀਂ ਉਸ ਨਾਲ ਵੀ ਦੁਰਵਿਵਹਾਰ ਕਰਨ 'ਤੇ ਉਤਰ ਆਉਂਦੇ ਹਾਂ। ਸਾਨੂੰ ਸੋਚਣ ਦੀ ਲੋੜ ਹੈ, ਜਿਸ ਪਾਣੀ ਨੂੰ ਅਸੀਂ ਬਚਾਉਣਾ ਹੈ ਉਹ ਕਿਸ ਦਾ ਹੈ? ਆਓ, ਵਾਤਾਵਰਨ ਨੂੰ ਚੰਗਾ ਬਣਾਉਣ ਲਈ ਰੁੱਖ ਲਾਈਏ, ਰੁੱਖ ਪਾਲੀਏ ਅਤੇ ਰੁੱਖਾਂ ਦੇ ਵਢਾਂਗੇ ਦਾ ਵਿਰੋਧ ਕਰੀਏ।
- ਜੀਰਾ, ਮੋ: - 98550-51099