ਡੂੰਘਾ ਹੋ ਰਿਹਾ ਜਲ ਸੰਕਟ, ਜੰਗਲ ਅਤੇ ਵਰਖਾ - ਵਿਜੈ ਬੰਬੇਲੀ



ਜਲ ਸਾਡੇ ਸਮਾਜ ਦੀ ਸਮਾਜਿਕ, ਸਿਆਸੀ ਅਤੇ ਆਰਥਿਕ ਸ਼ਕਤੀ ਹੈ। ਇਹ ਕੁਦਰਤੀ ਨਿਆਮਤ ਹੈ ਜੋ ਬਣਾਇਆ ਨਹੀਂ ਜਾ ਸਕਦਾ। ਹਾਂ, ਬਚਾਇਆ ਜਾ ਸਕਦਾ ਹੈ, ਇਸ ਦੀ ਮੁੜ-ਭਰਪਾਈ (ਰੀਚਾਰਜ) ਕੀਤੀ ਜਾ ਸਕਦੀ ਹੈ। ਇਸ ਨੂੰ ਸ਼ੁੱਧ ਰੱਖਿਆ ਜਾ ਸਕਦਾ ਹੈ ਅਤੇ ਸੰਜਮੀ ਤੇ ਵਿਗਿਆਨਕ ਵਰਤੋਂ ਕੀਤੀ ਜਾ ਸਕਦੀ ਹੈ। ਪਾਣੀ ਸਾਨੂੰ ਮੁਕੰਮਲ ਚੱਕਰ ਦੇ ਰੂਪ ਵਿਚ ਪ੍ਰਾਪਤ ਹੁੰਦਾ ਹੈ। ਇਸ ਚੱਕਰ ਨੂੰ ਜਾਰੀ/ਘੁੰਮਦਾ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਇਹ ਤਾਂ ਹੀ ਬਰਕਰਾਰ ਰਹਿ ਸਕਦਾ ਹੈ, ਜੇ ਵਾਤਾਵਰਨ ਸਾਵਾਂ ਰਹੇ ਅਤੇ ਕੁਦਰਤੀ ਸੋਮੇ ਵੀ ਕਾਇਮ ਰਹਿਣ।
       ਚੱਕਰ ਤੋਂ ਭਾਵ ਮੌਨਸੂਨ ਜਾਂ ਵਰਖਾ ਹੈ। ਵਰਖਾ ਹੀ ਪਾਣੀ ਦਾ ਮੁੱਢਲਾ ਸੋਮਾ ਹੈ। ਦੂਸਰੇ ਸਾਰੇ ਸੋਮੇ, ਭਾਵ ਬਰਫ਼, ਨਦੀਆਂ, ਚਸ਼ਮੇ, ਝੀਲਾਂ, ਜਲ-ਕੁੰਡ, ਸਮੁੰਦਰ, ਜ਼ਮੀਨਦੋਜ਼ ਪਾਣੀ ਅਤੇ ਹਵਾ-ਨਮੀ ਆਦਿ ਦੂਸਰੇ ਦਰਜੇ ਦੇ ਸੋਮੇ ਹਨ। ਜੇ ਵਰਖਾ ਹੈ ਤਾਂ ਹੀ ਇਨ੍ਹਾਂ ਦੀ ਹੋਂਦ ਹੈ। ਨਦੀਆਂ-ਦਰਿਆ ਦੇ ਉਗਮਣ ਸਥਾਨ ਜਾਂ ਤਾਂ ਗਲੇਸ਼ੀਅਰ (ਬਰਫ਼) ਹਨ ਜਾਂ ਫਿਰ ਜੰਗਲ। ਜੰਗਲਾਂ ਲਈ ਲੋੜੀਂਦਾ ਸੋਮਾ ਮਿੱਟੀ ਤੇ ਪਾਣੀ ਹੈ ਅਤੇ ਬਰਫ਼ ਦਾ ਨਮੀ ਹੈ, ਮੋੜਵੇਂ ਰੂਪ ਵਿਚ ਇਹ ਸਾਨੂੰ ਵਗਦਾ ਪਾਣੀ ਦਿੰਦੇ ਹਨ। ਜਿੱਥੇ ਜ਼ਮੀਨਦੋਜ਼ ਜਲ-ਤੱਗੀ ਨੂੰ ਵਰਖਾ ਹੀ ਜ਼ਰਖੇਜ਼ ਕਰਦੀ ਹੈ, ਉੱਥੇ ਬਨਸਪਤੀ ਖਾਸ ਕਰਕੇ ਜੰਗਲ ਵੀ ਧਰਤੀ ਹੇਠਲੇ ਜਲ-ਸੋਮੇ ਦੀ ਭਰਪਾਈ ਕਰਦੇ ਹਨ।
      ਵਰਖਾ ਕੁਦਰਤੀ ਵਰਤਾਰਾ ਹੈ। ਮਨੁੱਖੀ ਆਪ-ਹੁਦਰੀਆਂ ਕਾਰਨ ਹੁਣ ਇਹ ਸਾਵੀਂ ਨਹੀਂ ਰਹੀ ਸਗੋਂ ਕਿਤੇ ਬਹੁਤ ਘੱਟ ਅਤੇ ਕਿਤੇ ਬਹੁਤ ਵਿਰਾਟ ਬਣ ਗਈ ਹੈ। ਮੌਨਸੂਨ ਜਾਂ ਸਾਵੀਂ ਵਰਖਾ ਲਈ ਕਈ ਕਾਰਕ ਲੋੜੀਂਦੇ ਹਨ ਜਿਨ੍ਹਾਂ ਵਿਚ ਜੰਗਲ, ਜਲ-ਕੁੰਡ, ਨਮ ਧਰਤੀ, ਜੈਵ ਵੰਨ-ਸਵੰਨਤਾ ਆਦਿ ਮੁੱਖ ਹਨ ਪਰ ਜੰਗਲ ਸਭ ਤੋਂ ਅਹਿਮ ਹੈ। ਵਰਖਾ ਦਾ ਜੰਗਲਾਂ ਨਾਲ ਚੋਲੀ-ਦਾਮਨ ਵਾਲਾ ਰਿਸ਼ਤਾ ਹੈ। ਦੱਖਣ ਭਾਰਤ ਦੀਆਂ ਬਹੁਤੀਆਂ ਨਦੀਆਂ ਦੇ ਉਗਮਣ ਸਥਾਨ ਸੰਘਣੇ ਜੰਗਲ ਹੀ ਹਨ। ਜੰਗਲ ਜਲ ਨੂੰ ਸਾਡੇ ਪੀਣ, ਵਰਤਣ ਅਤੇ ਸਿੰਜਾਈ ਲਈ ਰਾਖਵੇਂ ਭੰਡਾਰ ਵਾਂਗ ਆਪਣੀਆਂ ਜੜ੍ਹਾਂ ਰਾਹੀਂ ਸੰਭਾਲ ਲੈਂਦੇ ਹਨ। ਔੜ ਅਤੇ ਹੜ੍ਹ ਦੋਹਾਂ ਹਾਲਾਤ ਵਿਚ ਇਹ ਸਾਡੇ ਲਈ ਵਰਦਾਨ ਹਨ।
      ਮਾਰੂਥਲਾਂ ਦੀ ਨਿੱਕੀ ਤੋਂ ਨਿੱਕੀ ਘਾਹ ਜਾਂ ਕੰਡਿਆਲੀ ਬਨਸਪਤੀ ਵੀ 179 ਤੋਂ 543 ਮਿਲੀਗ੍ਰਾਮ ਨਮੀ ਇਕ ਦਿਨ ਵਿਚ ਛੱਡਦੀ ਹੈ ਜੋ ਥਾਰ ਦੀ ਫਿਜ਼ਾ ਨੂੰ ਸਿੱਲ੍ਹਾ ਕਰਨ ਵਿਚ ਸਿਫ਼ਤੀ ਰੋਲ ਨਿਭਾਉਂਦੀ ਹੈ। ਇਕ ਵਰਗ ਕਿਲੋਮੀਟਰ ਸੰਘਣਾ ਜੰਗਲ ਕਰੀਬ ਕਰੀਬ 50 ਲੱਖ ਲਿਟਰ ਪਾਣੀ ਧਰਤੀ ਵਿਚ ਭੇਜ ਦਿੰਦਾ ਹੈ ਪਰ ਅਸੀਂ ਜੰਗਲਾਂ ਦੀ ਸੁਰੱਖਿਆ ਛਤਰੀ ਨੂੰ ਮਧੋਲ ਕੇ ਰੱਖ ਦਿੱਤਾ ਹੈ। ਸਿੱਟਾ : ਰੁੱਤਾਂ ਤੇ ਵਰਖਾ ਗੜਬੜਾ ਗਈ, ਪਾਣੀ ਪਤਾਲੀਂ ਜਾ ਵੜਿਆ, ਭੌਂ-ਖੋਰ ਅਤੇ ਜ਼ਮੀਨੀ ਖਿਸਕਾਅ ਵਧ ਕੇ ਜਲ ਕੁੰਡ ਗਾਰ ਨਾਲ ਭਰ ਰਹੇ ਹਨ ਤੇ ਨਦੀਆਂ ਦੇ ਸਹਿਜ ਵਹਿਣ ਭਟਕ ਗਏ ਹਨ। ਤਾਪਮਾਨ ਲਗਾਤਾਰ ਵਧਣ ਕਾਰਨ ਗਲੇਸ਼ੀਅਰ, ਨਦੀਆਂ, ਚਸ਼ਮੇ ਸਭ ਸੁੱਕ ਰਹੇ ਹਨ। ਜੇ ਜੰਗਲ ਅਤੇ ਰਵਾਇਤੀ ਦਰੱਖਤ ਆ ਜਾਣ ਤਾਂ ਨਮ ਧਰਤੀ, ਜੈਵ ਵੰਨ-ਸਵੰਨਤਾ ਅਤੇ ਜਲ-ਕੁੰਡ ਵੀ ਮੁੜ ਆਉਣਗੇ। ਮੋੜਵੇਂ ਰੂਪ 'ਚ ਸਾਵੀਂ ਵਰਖਾ ਵੀ।
     ਸੰਸਾਰ ਦੀ ਸਾਲਾਨਾ ਔਸਤ ਵਰਖਾ 800 ਮਿਲੀਮੀਟਰ ਹੈ, ਭਾਰਤ ਦੀ 1200 ਮਿਲੀਮੀਟਰ ਅਤੇ ਇਸਰਾਈਲ ਦੀ ਔਸਤ ਵਰਖਾ ਸਿਰਫ 100 ਮਿਲੀਮੀਟਰ ਹੈ। ਅਸੀਂ ਜਲ ਸੰਕਟ ਦਾ ਸ਼ਿਕਾਰ ਹਾਂ ਪਰ ਇਸਰਾਈਲ ਨੇ ਵਰਖਾ ਵਾਲਾ ਪਾਣੀ ਸਾਂਭ ਸਲੂਟ ਕੇ ਜਲ ਸੰਕਟ ਤੋਂ ਸਦੀਵੀ ਛੁਟਕਾਰਾ ਪਾ ਲਿਆ ਹੈ। ਜੇ ਵਰਖਾ ਸਾਵੀਂ ਰਹੇ ਤਾਂ ਸਾਡੇ ਇੱਥੇ 4000 ਅਰਬ ਘਣ ਮੀਟਰ ਸਾਲਾਨਾ ਮੀਂਹ ਪੈਂਦਾ ਹੈ ਪਰ ਅਸੀਂ ਇਸ ਨੂੰ ਰੋਕ-ਖੜ੍ਹਾ ਕੇ ਸਾਂਭ-ਵਰਤ ਅਤੇ ਗਰਕਾ ਨਹੀਂ ਰਹੇ ਸਗੋਂ ਹੜ੍ਹ-ਨੁਚੜਨ ਦਿੰਦੇ ਹਾਂ। ਸਿੱਟੇ ਵਜੋਂ ਖੁਦ ਹੜ੍ਹ ਜਾਂ ਸੁੱਕ ਰਹੇ ਹਾਂ। ਦੋ ਦਹਾਕੇ ਪਹਿਲਾਂ ਭਾਰਤ ਦੀ ਮੌਜੂਦਾ ਜਲ ਖਪਤ 650 ਅਰਬ ਘਣ ਮੀਟਰ ਸੀ, ਡੈਮਾਂ/ਬੰਨ੍ਹਾਂ ਤੋਂ ਅਸੀਂ 160, ਨਦੀਆਂ ਝੀਲਾਂ ਤੋਂ 100 ਪਰ ਜ਼ਮੀਨਦੋਜ਼ ਪਾਣੀ ਅਸੀਂ 290 ਅਰਬ ਘਣ ਮੀਟਰ ਵਰਤਦੇ ਹਾਂ। ਸਿੱਟੇ ਵਜੋਂ 100 ਅਰਬ ਘਣ ਮੀਟਰ ਦਾ ਘਾਟਾ ਚਲ ਰਿਹਾ ਸੀ ਜੋ ਨਿੱਤ ਦਿਨ ਵਧ ਰਿਹਾ ਹੈ। ਜੇ ਜਲ ਖਪਤ ਦੀ ਦਰ ਇਹੋ ਰਹੀ ਤਾਂ ਭਾਰਤ ਦੀ 2050 ਤੱਕ ਜਲ ਖਪਤ 1650 ਅਰਬ ਘਣ ਮੀਟਰ ਹੋ ਜਾਵੇਗੀ। ਇੰਜ ਕਰੀਬ 1000 ਅਰਬ ਘਣ ਮੀਟਰ ਦੀ ਹੋਰ ਲੋੜ ਪਵੇਗੀ। ਇਹ ਪਾਣੀ ਕਿੱਥੋਂ ਆਵੇਗਾ? ਸਿਰਫ ਵਰਖਾ ਵਾਲਾ ਜਲ ਹੀ ਇਸ ਦਾ ਇਕੋ-ਇਕ ਤੋੜ ਹੈ ਕਿਉਂਕਿ ਨਦੀਆਂ-ਝੀਲਾਂ ਵਿਚ ਪਹਿਲਾਂ ਹੀ 23 ਫੀਸਦੀ ਪਾਣੀ ਰਹਿ ਗਿਆ ਹੈ।
     ਜੇ ਧਰਤੀ ਹੇਠਲਾ 30 ਫ਼ੀਸਦੀ ਪਾਣੀ ਵਰਤੀਏ ਤਾਂ 70 ਫੀਸਦੀ ਰੀਚਾਰਜਿੰਗ ਦੀ ਲੋੜ ਪੈਂਦੀ ਹੈ। 40 ਫ਼ੀਸਦੀ ਵਰਤੋਂ ਖ਼ਤਰੇ ਦੀ ਨਿਸ਼ਾਨੀ ਅਤੇ 70 ਫ਼ੀਸਦੀ ਦੀ ਵਰਤੋਂ ਦਾ ਮਤਲਬ ਭਿਆਨਕ ਹਾਲਤ ਪਰ ਪੰਜਾਬ ਵਰਗੇ ਸੰਘਣੀ ਖੇਤੀ ਤੇ ਝੋਨਾ, ਅਗੇਤੀ (ਸਿਆਲੂ) ਮੱਕੀ, ਹਾਈਬ੍ਰਿਡ ਬੀਜ ਵਰਤਣ ਵਾਲੇ ਖਿੱਤੇ 146 ਫ਼ੀਸਦੀ ਜ਼ਮੀਨਦੋਜ਼ ਪਾਣੀ ਦੀ ਵਰਤੋਂ ਕਰ ਰਹੇ ਹਨ। ਇੰਜ ਸਿਰਫ ਜਲ ਸੰਕਟ ਹੀ ਨਹੀਂ ਉਪਜੇਗਾ ਸਗੋਂ ਹੇਠਾਂ ਜ਼ਮੀਨ ਖੋਖਲੀ ਹੋ ਜਾਣ ਨਾਲ ਜ਼ਮੀਨ ਧਸਣ ਤੇ ਭੂਚਾਲ ਦੇ ਖ਼ਤਰੇ ਵੀ ਵਧਣਗੇ। ਦੋਸ਼ ਪੂਰਨ ਸਿੰਜਾਈ ਪ੍ਰਬੰਧ ਜ਼ਮੀਨਦੋਜ਼ ਪਾਣੀ ਘਟਾਉਣ ਦਾ ਇਕ ਹੋਰ ਕਾਰਨ ਹਨ। ਖੁੱਲ੍ਹਾ ਪਾਣੀ (ਕੱਚੀਆਂ ਖਾਲਾਂ/ਫਲੱਡ ਇਰੀਗੇਸ਼ਨ) ਲਾਉਣ ਨਾਲ ਖੇਤ ਵਿਚ ਸਿਰਫ਼ 40 ਫ਼ੀਸਦੀ ਪਾਣੀ ਪਹੁੰਚਦਾ ਹੈ, ਇਸ ਵਿਚੋਂ ਵੀ 15 ਫ਼ੀਸਦੀ ਜੀਰ ਜਾਂਦਾ ਹੈ, 20 ਫ਼ੀਸਦੀ ਵਾਸ਼ਪੀਕਰਨ (ਉੱਡਣਾ) ਹੋ ਜਾਂਦਾ ਹੈ, ਪੌਦੇ ਨੂੰ ਤਾਂ ਸਿਰਫ਼ 5 ਫ਼ੀਸਦੀ ਹੀ ਪਹੁੰਚਦਾ ਹੈ। ਸਾਨੂੰ ਆਧੁਨਿਕ ਅਤੇ ਵਿਗਿਆਨਕ ਸਿੰਜਾਈ ਪ੍ਰਣਾਲੀਆਂ ਵਲ ਧਿਆਨ ਦੇਣਾ ਪਵੇਗਾ ਜੋ 40 ਫ਼ੀਸਦੀ ਤੋਂ 80 ਫ਼ੀਸਦੀ ਤੱਕ ਸਿੰਜਾਈ ਪਾਣੀ ਦੀ ਬੱਚਤ ਕਰਦੀਆਂ ਹਨ।
       ਪੰਜਾਬ ਵਿਚ 15 ਲੱਖ ਟਿਊਬਵੈੱਲ ਅਤੇ ਘਰੇਲੂ ਤੇ ਕਾਰਖਾਨੀ ਖਪਤ ਲਈ ਕਰੀਬ 25 ਲੱਖ ਹੋਰ ਛੋਟੇ-ਵੱਡੇ ਬੋਰ ਹਨ ਜੋ ਧੜਾਧੜ ਧਰਤੀ ਹੇਠੋਂ ਪਾਣੀ ਖਿੱਚ ਕੇ ਸਾਡੇ ਵਾਰਸਾਂ ਤੋਂ ਪਾਣੀ ਦਾ ਘੁੱਟ ਖੋਹ ਰਹੇ ਹਨ। ਧਰਤੀ ਹੇਠਲਾ ਪਾਣੀ ਸਭ ਦਾ ਸਾਂਝਾ ਹੈ। ਕਿਸੇ ਨੂੰ ਕੋਈ ਹੱਕ ਨਹੀਂ ਕਿ ਉਹ ਇਸ ਦੀ ਅੰਨ੍ਹੇਵਾਹ ਵਰਤੋਂ ਕਰੇ। ਸ਼ਾਇਦ ਅਸੀਂ ਨਹੀਂ ਜਾਣਦੇ, ਇਕ ਕਿਲੋ ਡੰਗਰ ਮਾਸ ਪੈਦਾ ਹੋਣ ਤੱਕ 500 ਲਿਟਰ ਪਾਣੀ ਦੀ ਖਪਤ (ਚਾਰਾ, ਖੁਰਾਕ, ਪੀਣਾ, ਨਹਾਉਣਾ ਆਦਿ) ਦੀ ਵਰਤੋਂ ਹੋ ਚੁੱਕੀ ਹੁੰਦੀ ਹੈ। ਇਕ ਕਿਲੋ ਦੁੱਧ ਪੈਦਾ ਕਰਨ ਲਈ 800 ਲਿਟਰ, ਇਕ ਕਿਲੋ ਕਣਕ ਲਈ 1000 ਲਿਟਰ, ਚੀਨੀ ਲਈ 2000 ਲਿਟਰ, ਚੌਲਾਂ ਲਈ 4000 ਲਿਟਰ ਅਤੇ ਸਿਆਲੂ ਮੱਕੀ ਲਈ ਕਰੀਬ ਪ੍ਰਤੀ ਕਿਲੋ 5500 ਲਿਟਰ ਪਾਣੀ ਦੀ ਜ਼ਰੂਰਤ ਪੈਂਦੀ ਹੈ। ਸਾਨੂੰ ਆਖ਼ਰੀ ਦੋ ਫ਼ਸਲਾਂ ਬਾਰੇ ਸੋਚਣਾ ਪੈਣਾ ਹੈ।
      ਪੰਜਾਬ ਵਿਚ ਕਰੀਬ 29 ਲੱਖ ਹੈਕਟੇਅਰ ਝੋਨਾ ਬੀਜਿਆ ਜਾਂਦਾ ਹੈ, ਉਪਜ 16 ਲੱਖ ਟਨ (1600 ਕਰੋੜ ਕਿਲੋ) ਬਣਦੀ ਹੈ। ਇਸ ਲਈ ਕਰੀਬ 64 ਲੱਖ ਖਰਬ ਲਿਟਰ ਸਾਫ਼-ਸੁਥਰੇ ਪਾਣੀ ਦੀ ਖਪਤ ਹੁੰਦੀ ਹੈ। ਜੇ ਕੀਮਤ ਅੱਧਾ ਰੁਪਿਆ ਪ੍ਰਤੀ ਲਿਟਰ ਵੀ ਰੱਖੀਏ ਤਾਂ ਵੀ ਕਰੀਬ 32 ਖਰਬ ਰੁਪਏ ਦਾ ਪਾਣੀ ਹੀ ਲੱਗ ਗਿਆ। ਫਿਰ ਭਲਾ ਅਸੀਂ ਵੱਟਤ ਕਿੰਨੀ ਕੀਤੀ? ਮੌਜੂਦਾ ਰੇਟਾਂ ਅਨੁਸਾਰ ਸਿਰਫ਼ ਸਵਾ ਖਰਬ ਰੁਪਏ, ਤੇ ਘਾਟਾ? ਭਾਵ, ਅਸੀਂ ਕਰੀਬ 31 ਖਰਬ ਰੁਪਏ ਦਾ ਪਾਣੀ ਹੀ ਭੰਗ ਦੇ ਭਾੜੇ ਗੁਆ ਦਿੱਤਾ।
      ਸਿਆਲੂ ਮੱਕੀ ਦੇ ਅੰਕੜੇ ਦਿਲ ਦਹਿਲਾਉਣ ਵਾਲੇ ਹਨ। ਸ਼ੁਕਰ ਹੈ, ਇਹ ਅਜੇ ਸਾਰੇ ਪੰਜਾਬ ਵਿਚ ਨਹੀਂ ਬੀਜੀ ਜਾਂਦੀ। ਪਾਣੀ ਸਿਰਫ਼ ਖਾਧ ਪਦਾਰਥ ਹੀ ਨਹੀਂ ਪੈਦਾ ਕਰਦਾ, ਹੋਰ ਵੀ ਬਹੁਤ ਕਾਸੇ ਲਈ ਇਸ ਦੀ ਲੋੜ ਹੈ। ਇਕ ਲਿਟਰ ਸ਼ੁੱਧ ਪੈਟਰੋਲ ਤੁਹਾਡੇ ਵਾਹਨ ਵਿਚ ਪੈਣ ਤੱਕ 100 ਲਿਟਰ ਪਾਣੀ ਦੀ ਖਪਤ ਹੋ ਚੁੱਕੀ ਹੁੰਦੀ ਹੈ। ਇਕ ਕਿਲੋ ਕਾਗਜ਼ ਪੈਦਾ ਕਰਨ ਲਈ 150 ਲਿਟਰ, ਇਕ ਟਨ ਸੀਮਿੰਟ ਲਈ 8000 ਲਿਟਰ ਅਤੇ ਇਕ ਟਨ ਲੋਹਾ ਪੈਦਾ ਕਰਨ ਲਈ ਕਰੀਬ 20000 ਲਿਟਰ ਪਾਣੀ ਦੀ ਲੋੜ ਪੈਂਦੀ ਹੈ। ਭਲਾ ਜੇ ਤਿੱਖਾ ਜਲ ਸੰਕਟ ਆ ਗਿਆ ਤਾਂ ਫਿਰ ਤਾਂ ਸ੍ਰਿਸ਼ਟੀ ਹੀ ਰੁਕ ਜਾਵੇਗੀ।
     ਉਂਜ, ਸਿਰਫ਼ ਖੇਤੀ ਅਤੇ ਕਿਸਾਨੀ ਨੂੰ ਦੋਸ਼ ਦੇਣਾ ਨਿਆਂ ਸੰਗਤ ਨਹੀਂ। ਅਸੀਂ ਸਾਰੇ ਆਪ-ਹੁਦਰੀਆਂ ਕਰ ਰਹੇ ਹਾਂ। ਭਲਾ ਸਾਫਟ ਡਰਿੰਕਸ ਆਦਿ ਤੇ ਆਪਣੀ ਲੁੱਟ ਕਰਾਉਣ ਦਾ ਕੀ ਕੰਮ? ਇਕ ਲਿਟਰ ਕੋਕਾ ਕੋਲਾ ਪੈਦਾ ਕਰਨ ਲਈ 8 ਲਿਟਰ ਪਾਣੀ ਵਿਅਰਥ ਜਾਂਦਾ ਹੈ। ਆਰਓ (ਸ਼ੁੱਧ ਜਲ ਤਕਨੀਕ) ਆਦਿ ਪੰਜ ਗੁਣਾ ਪਾਣੀ ਅਜਾਈਂ ਗੁਆਉਂਦੇ ਹਨ। ਲੁਟੇਰਾ ਪ੍ਰਬੰਧ ਅਤੇ ਧੜਵੈਲ ਪੂੰਜੀਪਤੀ ਕਿਸਾਨੀ ਨਾਲੋਂ ਕਿਤੇ ਵੱਧ ਪਾਣੀ ਗੁਆਉਂਦੇ ਹਨ।
      ਇਸ ਲਈ ਜਿੱਥੇ ਸਾਨੂੰ ਮੌਜੂਦਾ ਲੋਕ ਅਤੇ ਕੁਦਰਤ ਵਿਰੋਧੀ ਸਿਸਟਮ ਤੇ ਉਂਗਲ ਧਰਨੀ ਪੈਣੀ ਹੈ, ਉੱਥੇ ਸਾਨੂੰ ਖੁਦ ਵੀ ਜਲ ਦੀ ਸੰਜਮੀ ਵਰਤੋਂ ਕਰਨ, ਇਸ ਨੂੰ ਸ਼ੁੱਧ ਰੱਖਣ ਅਤੇ ਸਾਵੀਂ ਵਰਖਾ ਪੁਆਉਣ ਵਾਲੇ ਕਾਰਕਾਂ ਨੂੰ ਮੁੜ ਲਿਆਉਣ, ਬਚਾਉਣ ਅਤੇ ਪੈਦਾ ਕਰਨ ਲਈ ਕੋਸ਼ਿਸ਼ਾਂ ਜੁਟਾਉਣੀਆਂ ਪੈਣਗੀਆਂ। ਸਾਨੂੰ ਵਰਖਾ ਦੇ ਪਾਣੀ ਦੀ ਸੰਭਾਲ ਕਰਨੀ ਪੈਣੀ ਹੈ। ਇਸ ਨੂੰ ਰੋਕ, ਖੜ੍ਹਾਉਣ ਅਤੇ ਧਰਤੀ ਵਿਚ ਗਰਕਾਉਣ ਦੇ ਬੜੇ ਫਾਇਦੇ ਹਨ। ਜਲ ਸੰਕਟ ਦੇ ਮੱਦੇਨਜ਼ਰ ਵਰਖਾ ਵਾਲਾ ਪਾਣੀ ਸਾਂਭਣ ਹਿਤ ਭੂਗੋਲਿਕ ਨਜ਼ਰੀਏ ਤੋਂ ਸਾਜ਼ਗਾਰ ਖਿੱਤੇ ਕੰਢੀ ਦੀ ਹੀ ਮਿਸਾਲ ਲਈਏ। ਪੰਜਾਬ ਦਾ ਕੁੱਲ ਰਕਬਾ 54 ਲੱਖ ਹੈਕਟੇਅਰ ਹੈ, ਇਸ ਦਾ 10 ਫ਼ੀਸਦੀ ਭਾਵ 5.4 ਲੱਖ ਹੈਕਟੇਅਰ ਕੰਢੀ ਵਿਚ ਹੈ। ਇਸ ਦਾ ਚੌਥਾ ਹਿੱਸਾ ਲਓ, ਭਾਵ 1.35 ਲੱਖ ਹੈਕਟੇਅਰ। ਅਜੇ ਵੀ ਪੰਜਾਬ ਦੇ ਕੰਢੀ ਦੀ ਬਰਸਾਤੀ ਔਸਤ ਵਰਖਾ 800 ਮਿਲੀਮੀਟਰ ਹੈ। ਇਸ ਦਾ ਵੀ ਅੱਧ ਫੜੋ, ਭਾਵ 400 ਮਿਲੀਮੀਟਰ। ਇਸ 400 ਮਿਲੀਮੀਟਰ ਔਸਤ ਨੂੰ ਅਸੀਂ ਕੰਢੀ ਦੇ 1.35 ਲੱਖ ਹੈਕਟੇਅਰ ਵਿਚ ਰੋਕਣਾ/ਖੜ੍ਹਾਉਣਾ ਹੈ, ਬੰਨ੍ਹਾਂ ਤੇ ਵੱਟਾਂ ਰਾਹੀਂ ਅਤੇ ਹੋਰ ਸੌਖੇ, ਸਸਤੇ ਤੇ ਕਾਰਗਾਰ ਢੰਗਾਂ ਰਾਹੀਂ। ਇੰਜ 1.35 ਲੱਖ ਹੈਕਟੇਅਰ ਗੁਣਾ 400 ਮਿਲੀਮੀਟਰ ਨਾਲ ਅਸੀਂ 54000 ਹੈਕਟੇਅਰ ਮੀਟਰ ਪਾਣੀ ਕਮਾ ਲਵਾਂਗੇ। ਇੰਨੇ ਪਾਣੀ ਨਾਲ ਪੰਜਾਬ ਦੇ ਕੁਲ 54 ਲੱਖ ਹੈਕਟੇਅਰ ਰਕਬੇ ਵਿਚ 10-10 ਸੈਂਟੀਮੀਟਰ, ਭਾਵ ਗਿੱਠ ਗਿੱਠ ਪਾਣੀ ਖੜ੍ਹਾਇਆ ਜਾ ਸਕਦਾ ਹੈ। ਕੰਢੀ ਦੇ ਪਹਾੜਾਂ ਵਿਚ ਰੋਕੇ, ਖੜ੍ਹਾਏ ਪਾਣੀ ਨਾਲ ਪਹਾੜ ਸਬਜ਼ ਹੋ ਜਾਣਗੇ ਅਤੇ ਮੋੜਵੇਂ ਰੂਪ ਵਿਚ ਜੰਗਲ ਵੀ। ਕੰਢੀ ਵਿਚ ਗਰਕਾਇਆ ਪਾਣੀ ਸਮੁੱਚੇ ਪੰਜਾਬ ਦੀ ਜਲ ਤੱਗੀ ਲਬਾ-ਲਬ ਕਰ ਦੇਵੇਗਾ।
      ਮੁੱਕਦੀ ਗੱਲ, ਜੇ ਇਸਰਾਈਲ ਵਰਗਾ ਬਹੁਤੇ ਕੁਦਰਤੀ ਸੋਮਿਆਂ ਤੋਂ ਸੱਖਣਾ ਨਿੱਕੜਾ ਜਿਹਾ ਦੇਸ਼ ਸਿਰਫ਼ 100 ਮਿਲੀਮੀਟਰ ਸਾਲਾਨਾ ਵਰਖਾ ਸਾਂਭ-ਕਮਾ ਕੇ ਜਲ ਸੰਕਟ ਤੋਂ ਛੁਟਕਾਰਾ ਪਾ ਸਕਦਾ ਹੈ ਤਾਂ ਕੁਦਰਤੀ ਬਖਸ਼ਿਸ਼ਾਂ ਨਾਲ ਭਰਪੂਰ ਵਿਸ਼ਾਲ ਭਾਰਤ ਔਸਤਨ 1200 ਮਿਲੀਮੀਟਰ ਵਰਖਾ ਨਾਲ ਕਿਉਂ ਨਹੀਂ ਕਰ ਸਕਦਾ ਹੈ ਪਰ ਇਸ ਲਈ ਦ੍ਰਿੜ ਇੱਛਾ ਸ਼ਕਤੀ ਵਾਲੇ ਲੋਕ-ਪੱਖੀ ਸਿਸਟਮ ਅਤੇ ਸਿਆਣੀ ਤੇ ਸਾਂਝੀਵਾਲਤਾ ਵਾਲੀ ਲੋਕਾਈ ਦੀ ਲੋੜ ਹੈ।
ਸੰਪਰਕ : 94634-39075

2019-08-17