ਵਿਵਾਦਾਂ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ? - ਜਸਵੰਤ ਸਿੰਘ 'ਅਜੀਤ'
ਬੀਤੇ ਕੁਝ ਸਮੇਂ ਤੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਾਤਾਰ ਵਿਵਾਦਾਂ ਵਿੱਚ ਘਿਰਦੀ ਨਜ਼ਰ ਆਉਣ ਲਗੀ ਹੈ। ਜਾਪਦਾ ਹੈ ਕਿ ਗੁਰਦੁਆਰਾ ਕਮੇਟੀ ਦੇ ਮੁੱਖੀ ਆਪ ਹੀ ਜਾਣੇ-ਅਨਜਾਣੇ ਕੀਤੇ ਜਾ ਰਹੇ ਆਪਣੇ ਫੈਸਲਿਆਂ ਕਾਰਣ ਆਪਣੇ ਵਿਰੁਧ ਵਿਵਾਦਾਂ ਨੂੰ ਜਨਮ ਦੇ ਰਹੇ ਹਨ। ਹਰ ਕੋਈ ਜਾਣਦਾ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਵਲੋਂ 13 ਅਕਤੂਬਰ ਨੂੰ ਦਿੱਲੀ, ਗੁਰਦੁਆਰਾ ਬੰਗਲਾ ਸਾਹਿਬ ਤੋਂ ਨਨਕਾਣਾ ਸਾਹਿਬ (ਪਾਕਿਸਤਾਨ) ਤਕ ਲਈ ਨਗਰ ਕੀਰਤਨ ਦਾ ਆਯੋਜਨ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਹੋਇਆ ਹੈ। ਜਿਸਦੀ ਸਫਲਤਾ ਲਈ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਸਹਿਤ ਗੁਰਦੁਆਰਾ ਕਮੇਟੀ ਦੇ ਕਈ ਮੁੱਖੀਆਂ ਅਤੇ ਮੈਂਬਰਾਂ ਤੋਂ ਇਲਾਵਾ ਸਟਾਫ ਤਕ ਸਿਰ ਸੁਟ, ਜੁਟਿਆ ਹੋਇਆ ਹੈ। ਸ. ਸਿਰਸਾ ਸਹਿਤ ਗੁਰਦੁਆਰਾ ਕਮੇਟੀ ਕਈ ਮੁੱਖੀ ਦਿੱਲੀ ਅਤੇ ਪੰਜਾਬ ਦੀ ਸਿੱਖ ਜਥੇਬੰਦੀਆਂ ਦੇ ਮੁਖੀਆਂ ਤਕ ਪਹੁੰਚ ਕਰ ਉਨ੍ਹਾਂ ਨੂੰ ਨਗਰ ਕੀਰਤਨ ਦੀ ਸਫਲਤਾ ਵਿੱਚ ਸਹਿਯੋਗ ਦੇਣ ਅਤੇ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਦਾ ਸਦਾ ਦੇ ਰਹੇ ਹਨ। ਇਨ੍ਹਾਂ ਹੀ ਦਿਨਾਂ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਆਪਣੇ ਪ੍ਰਬੰਧ ਹੇਠਲੇ ਸਕੂਲਾਂ ਦੇ ਪ੍ਰਿੰਸੀਪਲਾਂ ਦੇ ਨਾਂ ਜਾਰੀ ਇੱਕ ਗਸ਼ਤੀ ਪਤ੍ਰ ਸੋਸ਼ਲ ਮੀਡੀਆ ਪੁਰ ਵਾਇਰਲ ਹੋਇਆ ਹੈ, ਜਿਸ ਵਿੱਚ ਪ੍ਰਿੰਸੀਪਲਾਂ ਨੂੰ ਹਿਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਨਾਲ ਸੰਬੰਧਤ ਵਿਦਿਅਕ ਸੰਸਥਾ ਦੇ ਨਾਨ-ਟੀਚਿੰਗ ਸਟਾਫ ਦੇ ਦਸ-ਦਸ ਅਜਿਹੇ ਮੈਂਬਰਾਂ ਨੂੰ ਤਿਅਰ ਕਰ, ਉਨ੍ਹਾਂ ਦੀ ਲਿਸਟ ਕਮੇਟੀ ਦੇ ਦਫਤਰ ਵਿੱਚ ਪੁਜਦੀ ਕਰਨ, ਜੋ 13 ਅਕਤੂਬਰ ਨੂੰ ਗੁਰਦੁਆਰਾ ਬੰਗਲਾ ਸਾਹਿਬ ਤੋਂ ਅਰੰਭ ਹੋ ਰਹੇ ਕੋਮਾਂਤਰੀ ਨਗਰ ਕੀਰਤਨ ਨਾਲ ਵਾਹਗਾ (ਅਟਾਰੀ) ਬਾਰਡਰ ਤਕ ਜਾ ਸਕਣ। ਜੇ ਸਾਧਾਰਣ ਰੁਪ ਵਿੱਚ ਵੇਖਿਆ ਜਾਏ ਤਾਂ ਇਸ ਵਿੱਚ ਕੋਈ ਗਲਤ ਨਹੀਂ ਕਿ ਗੁਰਦਆਰਾ ਕਮੇਟੀ ਵਲੋਂ ਕਮੇਟੀ ਅਤੇ ਆਪਣੇ ਅਧੀਨ ਚਲ ਰਹੀਆਂ ਸੰਸਥਾਵਾਂ ਦੇ ਸਟਾਫ ਨੂੰ ਕਮੇਟੀ ਦੇ ਕੰਮਾਂ ਲਈ ਵਰਤੋਂ ਕੀਤੀ ਜਾਂਦੀ ਰਿਹਾ ਕਰੇ, ਪ੍ਰੰਤੂ ਜਿਥੋਂ ਤਕ ਕਮੇਟੀ ਅਧੀਨ ਚਲਦੀਆਂ ਵਿਦਿਅਕ ਸੰਸਥਾਵਾਂ ਦੇ ਸਟਾਫ ਨੂੰ ਵਰਤਣ ਦਾ ਸੁਆਲ ਹੈ, ਤਕਨੀਕੀ ਤੋਰ ਤੇ ਉਹ ਸਿੱਧਾ ਉਨ੍ਹਾਂ ਦੇ ਮੁਖੀਆਂ ਨੂੰ ਅਦੇਸ਼ ਨਹੀਂ ਦੇ ਸਕਦੀ, ਕਿਉਂਕਿ ਇਨ੍ਹਾਂ ਸੰਸਥਾਵਾਂ ਨਾਲ ਸੰਬੰਧਤ ਜੋ ਮਾਮਲੇ ਅਦਾਲਤ ਵਿਚ ਚਲ ਰਹੇ ਹਨ, ਉਨ੍ਹਾਂ ਵਿਚ ਇਨ੍ਹਾਂ ਵਿਦਿਅਕ ਸੰਸਥਾਵਾਂ ਦੀ ਸੰਚਾਲਕ ਦੇ ਰੂਪ ਵਿੱਚ ਇੱਕ ਵਖਰੀ ਸੰਸਥਾ ਦਾ ਨਾਂ ਵਰਤਿਆ ਜਾ ਰਿਹਾ ਹੈ ਅਤੇ ਉਸੇ ਦੇ ਨਾਂ ਤੇ, ਸੰਬੰਧਤ ਮਾਮਲਿਆਂ ਦੀ ਪੈਰਵੀ ਕੀਤੀ ਜਾ ਰਹੀ ਹੈ। ਇਸ ਕਰਕੇ ਗੁਰਦੁਆਰਾ ਕਮੇਟੀ ਦੇ ਕਿਸੇ ਵੀ ਅਹੁਦੇਦਾਰ ਪਾਸ ਇਹ ਅਧਿਕਾਰ ਨਹੀਂ ਰਹਿ ਜਾਂਦਾ ਕਿ ਉਹ ਸਿੱਧਾ ਸਕੂਲਾਂ ਦੇ ਪ੍ਰਿੰਸੀਪਲਾਂ ਦੇ ਨਾਂ ਇਸਤਰ੍ਹਾਂ ਦਾ ਕੋਈ ਆਦੇਸ਼ ਜਾਰੀ ਕਰ ਸਕੇ। ਉਧਰ ਸ. ਸਿਰਸਾ ਦੇ ਵਿਰੋਧੀਆਂ ਨੇ ਇਸ ਆਦੇਸ਼ ਦੀ, ਆਪਣੀ ਸੋਚ ਦੇ ਆਧਾਰ ਵਿਆਖਿਆ ਕਰਦਿਆਂ, ਇਹ ਆਖ ਸ. ਸਿਰਸਾ ਪੁਰ ਹਮਲੇ ਸੁਰੂ ਕਰ ਦਿੱਤੇ ਹਨ, ਕਿ ਜਾਪਦਾ ਹੈ ਕਿ ਸ, ਸਿਰਸਾ ਇਸ ਨਗਰ ਕੀਰਤਨ ਦੀ 'ਸ਼ੋਭਾ' ਵਧਾਣ ਲਈ ਸੰਗਤਾਂ ਅਤੇ ਸਥਾਨਕ ਸਿੱਖ ਜਥੇਬੰਦੀਆਂ ਦਾ ਸਹਿਯੋਗ ਪ੍ਰਾਪਤ ਕਰਨ ਵਿੱਚ ਸਫਲ ਨਹੀਂ ਹੋ ਪਾ ਰਹੇ, ਜਿਸ ਕਾਰਣ ਉਨ੍ਹਾਂ ਨੇ ਕਮੇਟੀ ਤੇ ਉਸਦੀਆਂ ਸੰਸਥਾਵਾਂ ਦੇ ਸਟਾਫ ਦੀਆਂ ਡਿਉਟੀਆਂ, ਨਗਰ ਕੀਰਤਨ ਨਾਲ ਚਲ, ਉਸਦੀ 'ਸ਼ੋਭਾ' ਵਧਾਣ ਵਾਸਤੇ, ਉਸਦੇ ਦੀਆਂ ਡਿਊਟੀਆਂ ਲਾਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਇੰਸਟੀਚਿਊਸ਼ਨ ਬੰਦ ਕਰਨਾ: ਅਜੇ ਇਹ ਵਿਵਾਦ ਚਲ ਹੀ ਰਿਹਾ ਸੀ ਕਿ ਇਹ ਖਬਰ ਆ ਗਈ ਕਿ ਗੁਰਦੁਆਰਾ ਕਮੇਟੀ ਦੇ ਪ੍ਰਬੰਧ ਹੇਠ ਹਰਿਗੋਬਿੰਦ ਐਨਕਲੇਵ ਵਿਖੇ ਚਲ ਰਹੀ ਇੱਕ ਤਕਨੀਕੀ ਇੰਨਸਟੀਚਿਉਟ ਨੂੰ ਬੰਦ ਕਰ, ਉਸਦੀ ਇਮਾਰਤ ਕਿਸੇ ਹੋਰ ਸੰਸਥਾ ਨੂੰ ਤਿੰਨ ਵਰ੍ਹਿਆਂ ਲਈ ਲੀਜ਼ ਤੇ ਦੇ ਦਿੱਤੀ ਗਈ ਹੈ। ਗੁਰਦੁਆਰਾ ਕਮੇਟੀ ਦੇ ਇੱਕ ਜ਼ਿਮੇਂਦਾਰ ਅਹੁਦੇਦਾਰ ਅਨੁਸਾਰ ਇਸਦਾ ਕਾਰਣ ਇਹ ਹੈ ਕਿ ਇਹ ਸੰਸਥਾ ਕਾਫੀ ਸਮੇਂ ਤੋਂ ਘਾਟੇ ਤੇ ਚਲ ਰਹੀ ਸੀ ਇਸ ਕਰਕੇ ਇਸਨੂੰ ਬੰਦ ਕਰਨਾ ਜ਼ਰੂਰੀ ਹੋ ਗਿਆ ਸੀ। ਉਨ੍ਹਾਂ ਦੀ ਇਸ ਦਲੀਲ ਨੂੰ ਚੁਨੌਤੀ ਦਿੰਦਿਆਂ ਕਿਹਾ ਗਿਆ ਕਿ ਗੁਰਦੁਆਰਾ ਕਮੇਟੀ ਵਲੋਂ ਸਿੱਖੀ ਦੀਆਂ ਮਾਨਤਾਵਾਂ ਦਾ ਪਾਲਣ ਕਰਦਿਆਂ, ਅਜਿਹੀਆਂ ਸੰਸਥਾਵਾਂ ਦੀ ਸਥਾਪਨਾ ਅਤੇ ਉਨ੍ਹਾਂ ਦਾ ਸੰਚਾਲਣ ਲਾਭ-ਹਾਨੀ ਦੇ ਅਧਾਰ ਪੁਰ ਨਹੀਂ ਕੀਤਾ ਜਾਂਦਾ, ਸਗੋਂ ਇਨ੍ਹਾਂ ਸੰਸਥਾਵਾਂ ਦੀ ਸਥਾਪਨਾ ਤੇ ਸੰਚਾਲਣ ਸਿੱਖੀ ਅਤੇ ਵਿਦਿਆ ਦੇ ਪ੍ਰਚਾਰ-ਪਸਾਰ ਦੇ ਉਦੇਸ਼ ਨਾਲ ਕੀਤੀ ਜਾਂਦੀ ਹੈ। ਕਈ ਅਕਾਲੀ ਮੁੱਖੀਆਂ ਨੇ ਇਸ ਸੰਸਥਾ ਦੀ ਇਮਾਰਤ ਨੂੰ ਲੀਜ਼ ਤੇ ਦਿੱਤੇ ਜਾਣ ਤੇ ਹੀ ਸਵਾਲ ਖੜੇ ਕਰ ਦਿੱਤੇ ਅਤੇ ਇਸਦੇ ਲਈ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵਲੋਂ ਦਿੱਤੀ ਗਈ ਇਸ ਦਲੀਲ ਨੂੰ ਵੀ ਖਾਰਜ ਕਰ ਦਿੱਤਾ ਕਿ ਸਕੂਲ ਜ਼ਮੀਨ ਦੇ ਇਕ ਹਿਸੇ ਪੁਰ ਸੰਬੰਧਤ ਇੰਸਟੀਚਿਊਟ ਨੂੰ ਗੈਰ-ਅਧਿਕਾਰਤ ਰੂਪ ਵਿੱਚ ਚਲਾਇਆ ਜਾ ਰਿਹਾ ਸੀ, ਇਸ ਕਰਕੇ ਉਸਨੂੰ ਬੰਦ ਕਰ, ਉਸਦੇ ਲਈ ਵਰਤੀ ਜਾ ਰਹੀ ਇਮਾਰਤ ਨੂੰ ਲੀਜ਼ ਤੇ ਦੇਣ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਸ ਨਾਲ ਗੁਰਦੁਆਰਾ ਕਮੇਟੀ ਨੂੰ ਲਗਭਗ ਚਾਰ ਲੱਖ ਰੁਪਏ ਮਹੀਨੇ ਦੀ ਵਾਧੂ ਆਮਦਨ ਹੋਵੇਗੀ। ਕਮੇਟੀ ਦੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਪਹਿਲਾਂ ਸੁਆਲ ਤਾਂ ਇਹ ਹੀ ਉਠਾਇਆ ਜਾ ਰਿਹਾ ਹੈ ਕਿ ਜੇ ਕਮੇਟੀ ਦੀ ਆਪਣੀ ਇੰਸਟੀਚਿਊਟ ਦਾ ਇਸ ਇਮਾਰਤ ਵਿੱਚ ਚਲਾਇਆ ਜਾਣਾ ਗੈਰ-ਕਾਨੂੰਨੀ ਸੀ ਤਾਂ ਫਿਰ ਕਿਸੇ ਸੰਸਥਾ ਹੋਰ ਨੂੰ ਲੀਜ਼ ਤੇ ਦਿਤੇ ਜਾਣ ਨਾਲ, ਇਸਦੀ ਵਰਤੋਂ ਕਿਵੇਂ ਜਾਇਜ਼ ਸਵੀਕਾਰੀ ਜਾ ਸਕੇਗੀ?
ਸਕੂਲ ਕੰਪਲੈਕਸ ਵਿੱਚ ਕਲਬ: ਇਸਦੇ ਨਾਲ ਹੀ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇੱਕ ਬਿਆਨ ਜਾਰੀ ਕਰ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਸਿਰਸਾ ਪੁਰ ਦੋਸ਼ ਲਾਦਿਆਂ ਕਿਹਾ ਕਿ ਉਨ੍ਹਾਂ ਵਲੋਂ ਖੇਡਾਂ ਦੇ ਨਾਂ 'ਤੇ ਕਰੋੜਾਂ ਰੁਪਏ ਦੀ ਖੇਡ ਖੇਡੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇ ਇਹ ਖੇਡ ਜਾਰੀ ਰਹੀ ਤਾਂ, ਕਮੇਟੀ ਦੀ ਅਣਗਹਿਲੀ ਕਾਰਣ ਸਕੂਲ ਦੀ ਲੀਜ਼ ਹੀ ਰੱਦ ਨਹੀਂ ਹੋ ਸਕਦੀ, ਸਗੋਂ ਸਿੱਖਾਂ ਦੀ ਅਮਾਨਤ, ਕਰੋੜਾਂ ਰੁਪਏ ਦੀ ਜ਼ਮੀਨ ਵੀ ਹਥੋਂ ਨਿਕਲ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸਦੇ ਲਈ ਜ਼ਿਮੇਂਦਾਰ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਨਿਜੀ ਲਾਭ ਲਈ ਲਿਆ ਗਿਆ ਫੈਸਲਾ ਹੋ ਸਕਦਾ ਹੈ। ਉਨ੍ਹਾਂ ਆਪਣੇ ਇਸ ਦੋਸ਼ ਦਾ ਖੁਲਾਸਾ ਕਰਦਿਆਂ ਦਸਿਆ ਕਿ ਸ. ਸਿਰਸਾ ਨੇ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਹਨੇਰੇ ਵਿੱਚ ਰਖਦਿਆਂ, 'ਲਾਈਫ ਸਟਾਈਲ ਸਵਿਮ ਐਂਡ ਜਿਮ' ਕੰਪਨੀ ਨਾਲ ਸਮਝੌਤਾ ਕਰ, ਗੁਰੂ ਹਰਿਕਿਸ਼ਨ ਪਬਲਿਕ ਸਕੂਲ ਵਸੰਤ ਵਿਹਾਰ ਦੇ ਕੰਪਲੈਕਸ ਦੀ 22000 ਵਰਗ ਫੁਟ ਜ਼ਮੀਨ ਪੁਰ ਇਕ ਕਲਬ ਖੁਲਵਾ ਦਿੱਤਾ ਹੈ। ਉਧਰ ਦਿੱਲੀ ਕਮੇਟੀ ਨੇ ਜੀਕੇ ਵਲੋਂ ਲਾਏ ਗਏ ਦੋਸ਼ਾਂ ਦਾ ਕੋਈ ਜਵਾਬ ਦੇਣ ਦੀ ਬਜਾਏ, ਉਨ੍ਹਾਂ ਪੁਰ ਜਵਾਬੀ ਹਮਲਾ ਕਰਦਿਆਂ ਕਿਹਾ ਗਿਆ ਕਿ ਜੀਕੇ ਸੁਰਖੀਆਂ ਵਿੱਚ ਰਹਿਣ ਲਈ ਬਿਆਨਬਾਜ਼ੀ ਕਰ ਰਹੇ ਹਨ।
ਵਿਸ਼ਵ ਆਰਥਕਤਾ 'ਤੇ ਭਾਰਤ: ਵਿਸ਼ਵ ਬੈਂਕ ਵਲੋਂ ਆਰਥਕ ਵਰ੍ਹੇ 2018 ਦੇ ਜਾਰੀ ਅੰਕੜਿਆਂ ਅਨੁਸਾਰ ਜੀਡੀਪੀ ਦੇ ਮਾਮਲੇ ਵਿੱਚ ਭਾਰਤ 7-ਵੇਂ ਨੰਬਰ 'ਤੇ ਆ ਗਿਆ ਹੋਇਆ ਹੈ, ਜਦਕਿ ਬਰਤਾਨੀਆ ਅਤੇ ਫਰਾਂਸ ਤਰਤੀਬਵਾਰ ਪੰਜਵੇਂ ਅਤੇ ਛੇਵੇਂ ਨੰਬਰ'ਤੇ ਪਹੁੰਚ ਗਏ ਹਨ। ਸਾਲ-2017 ਵਿੱਚ ਭਾਰਤ ਫਰਾਂਸ ਨੂੰ ਪਛਾੜ ਅਗੇ ਪੁਜ ਗਿਆ ਸੀ, ਪ੍ਰੰਤੂ ਇਸ ਵਾਰ ਉਹ ਫਿਸਲ ਕੇ ਉਸਤੋਂ ਹੇਠਾਂ ਆ ਗਿਆ ਹੈ। ਦਸਿਆ ਗਿਆ ਹੈ ਕਿ ਜੀਡੀਪੀ ਦੇ ਮਾਮਲੇ ਵਿੱਚ ਅਮਰੀਕੀ ਆਰਥਕਤਾ ਸਿਖਰ ਤੇ ਬਣੀ ਹੋਈ ਹੈ। 2018 ਦੇ ਕਾਰੋਬਾਰੀ ਵਰ੍ਹੇ ਵਿੱਚ ਅਮਰੀਕਾ ਦੀ ਜੀਡੀਪੀ 20.5 ਟ੍ਰਿਲਿਆਨ ਡਾਲਰ ਰਹੀ। ਜਦਕਿ ਅਮਰੀਕਾ ਤੋਂ ਬਾਅਦ ਦੂਸਰੇ ਨੰਬਰ 'ਤੇ ਚੀਨ ਆਉਂਦਾ ਹੈ, ਜਿਸਦੀ ਜੀਡੀਪੀ 13.6 ਟ੍ਰਿਲਿਅਨ ਡਾਲਰ ਰਹੀ ਹੈ। 5 ਟ੍ਰਿਲਿਅਨ ਡਾਲਰ ਦੀ ਜੀਡੀਪੀ ਨਾਲ ਜਾਪਾਨ ਤੀਜੇ ਨੰਬਰ ਪੁਰ ਹੈ। ਬਰਤਾਨੀਆ ਅਤੇ ਫਰਾਂਸ 2.8 ਟ੍ਰਿਲਿਅਨ ਡਾਲਰ ਦੇ ਜੀਡੀਪੀ ਨਾਲ ਪੰਜਵੇਂ ਅਤੇ ਛੇਵੇਂ ਨੰਬਰ ਤੇ ਰਹੇ, ਜਦਕਿ ਭਾਰਤ ਦੀ ਜੀਡੀਪੀ 2.7 ਟ੍ਰਿਲਿਅਨ ਡਾਲਰ ਦਰਜ ਕੀਤੀ ਗਈ। ਆਰਥਕ ਮਾਹਿਰ ਭਾਰਤ ਦੀ ਆਰਥਕਤਾ ਦੇ ਹੇਠਾਂ ਫਿਸਲਣ ਦਾ ਮੁਖ ਕਾਰਣ ਰੁਪਏ ਦੀ ਕਮਜ਼ੋਰੀ ਮੰਨਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਵਰ੍ਹੇ, ਅਰਥਾਤ 2018 ਵਿੱਵ ਡਾਲਰ ਦੇ ਮੁਕਾਬਲੇ ਰੁਪਿਆ 5 ਫੀਸਦੀ ਕਮਜ਼ੋਰ ਹੋਇਆ ਸੀ। ਉਨ੍ਹਾਂ ਮਾਹਿਰਾਂ ਅਨੁਸਾਰ ਹੀ ਸਾਲ 2018 ਵਿੱਚ ਜੀਡੀਪੀ ਵਿਕਾਸ ਦਰ ਵੀ ਘਟ ਰਹੀ, ਜਿਸਦਾ ਅਸਰ ਭਾਰਤੀ ਆਰਥਕਤਾ ਪੁਰ ਪਿਆ ਹੈ।
...ਅਤੇ ਅੰਤ ਵਿੱਚ : ਬੀਤੇ ਦਿਨੀਂ ਕੇਂਦਰੀ ਸਰਕਾਰ ਵਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ਵਿੱਚ ਬੇਰੁਜ਼ਗਾਰੀ ਦਰ 6.1 ਫੀਸਦੀ ਹੈ, ਜੋ ਬੀਤੇ 45 ਵਰ੍ਹਿਆਂ ਵਿੱਚ ਸਭਤੋਂ ਵੱਧ ਦਸੀ ਜਾਂਦੀ ਹੈ। ਇਸਦੇ ਨਾਲ ਹੀ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ 2018-2019 ਦੀ ਚੌਥੀ ਤਿਮਾਹੀ ਵਿੱਚ ਆਰਥਕ ਵਿਕਾਸ ਦਰ ਪੰਜ ਵਰ੍ਹਿਆਂ ਦੇ ਘਟੋ-ਘਟ ਪਧਰ 5.8 'ਤੇ ਆ ਗਈ ਹੈ। ਮੰਨਿਆਂ ਜਾਂਦਾ ਹੈ ਕਿ ਪਿਛਲੀਆਂ ਆਮ ਚੋਣਾਂ ਤੋਂ ਪਹਿਲਾਂ ਬੇਰੁਜ਼ਗਾਰੀ ਦੇ ਜੋ ਅੰਕੜੇ ਲੀਕ ਹੋਏ ਸਨ, ਉਨ੍ਹਾਂ ਪੁਸ਼ਟੀ ਸਰਕਾਰ ਵਲੋਂ ਬੀਤੇ ਦਿਨੀਂ ਜਾਰੀ ਅੰਕੜਿਆਂ ਨਾਲ ਹੋ ਗਈ ਹੈ।
Mobile : + 91 95 82 71 98 90
E-mail : jaswantsinghajit@gmail.com
Address : Jaswant Singh Ajit, Flat No. 51, Sheetal Apartment, Plot No. 12,
Sector 14, Rohini, DELHI-110085