ਕਲਮਾਂ ਦੇ ਸਿਰਨਾਵੇਂ ਵਾਲੀ - ਰਣਜੀਤ ਕੌਰ ਸਵੀ - ਸਤਨਾਮ ਸਿੰਘ ਮੱਟੂ
ਹੋਰ ਖੇਤਰਾਂ ਦੀ ਤਰ੍ਹਾਂ ਸਾਹਿਤ ਦੇ ਖੇਤਰ ਚ ਵੀ ਇਸਤਰੀ ਵਰਗ ਦਾ ਯੋਗਦਾਨ ਕਿਸੇ ਪੱਖੋਂ ਘੱਟ ਨਹੀਂ।ਅੰਮ੍ਰਿਤਾ ਪ੍ਰੀਤਮ, ਦਲੀਪ ਕੌਰ ਟਿਵਾਣਾ,ਡਾ.ਹਰਸ਼ਿੰਦਰ ਕੌਰ,ਡਾ.ਅਰਵਿੰਦਰ ਕੌਰ ਕਾਕੜਾ ਡਾ.ਸੁਲਤਾਨਾ ਬੇਗਮ,ਡਾ.ਇੰਦਰਪਾਲ ਕੌਰ ਆਦਿ ਦੀ ਰੌਸ਼ਨੀ ਚ ਕਵਿਤਰੀ ਰਣਜੀਤ ਕੌਰ ਸਵੀ ਦਾ ਨਾਮ ਵੀ ਮੂਹਰਲੀ ਕਤਾਰ ਚ ਆਉਂਦਾ ਹੈ।ਪਿਤਾ ਸ੍ਰ.ਗੁਰਮੇਲ ਸਿੰਘ ਅਤੇ ਮਾਤਾ ਸ੍ਰੀਮਤੀ ਰਜਿੰਦਰ ਕੌਰ ਦੀ ਲਾਡਲੀ ਰਣਜੀਤ ਕੌਰ ਦਾ ਜਨਮ ਸ਼ਾਹੀ ਸ਼ਹਿਰ ਪਟਿਆਲਾ ਚ 15.6.1981 ਚ ਹੋਇਆ।
ਬੀਏ ਤੱਕ ਦੀ ਪੜ੍ਹਾਈ ਕਰਦਿਆਂ ਪੰਜਾਬੀ ਚ ਚੋਣਵੇਂ ਵਿਸ਼ੇ ਵਜੋਂ ਕਵਿਤਾਵਾਂ ਅਤੇ ਸਾਹਤਿਕ ਲੇਖ ਪੜ੍ਹਦਿਆਂ ਲਿਖਣ ਦੀ ਚੇਟਕ ਲੱਗ ਗਈ।ਅਧਿਆਪਕਾਂ ਅਤੇ ਸਹਿਪਾਠੀਆਂ ਦੀ ਹੱਲਾਸ਼ੇਰੀ ਨੇ ਉਤਸ਼ਾਹਿਤ ਕੀਤਾ।ਸਮੇਂ ਦੇ ਹਾਲਾਤਾਂ ਨੂੰ ਵਾਚਿਆ ਤੇ ਸ਼ਾਬਦਿਕ ਤਰਤੀਬਵਾਰ ਕਵਿਤਾ ਦੇ ਰੂਪ ਚ ਉਲੇਖ ਕਰ ਦਿੱਤਾ।
"ਸੋਚਦੀ ਸੀ ਹਰ ਪਲ ਕਦੇ ਤਾਂ ਮੁੱਕਣਗੇ ਦੁੱਖ, ਉਲਝਣਾਂ ਦੇ ਵਿੱਚ ਭੁਰਦੀ ਜਾ ਰਹੀ ਸੀ ਜਿੰਦਗੀ।"
ਉਹਨਾਂ ਦੀਆਂ ਕਵਿਤਾਵਾਂ ਸਾਂਝੇ ਕਾਵਿ ਸੰਗ੍ਰਹਿ:ਪੀਂਘ ਸਤਰੰਗੀ, ਕਲਮਾਂ ਦੇ ਸਿਰਨਾਵੇਂ, ਲੜੀਏਂ ਪਰੋਏ ਮੋਤੀ, ਕਲਮਾਂ ਦਾ ਸਫਰ, ਸਾਂਝਾ ਪਿਆਰ ਦੀਆਂ, ਕਲਮ ਸ਼ਕਤੀ, ਕਾਵਿ ਸੁਨੇਹਾ, ਚੰਨ ਸਿਤਾਰੇ ਜੁਗਨੂੰ ਆਦਿ ਚ ਛਪ ਚੁੱਕੀਆਂ ਹਨ।ਉਹਨਾਂ ਦੀਆਂ ਲਿਖੀਆਂ ਕਹਾਣੀਆਂ ਕਹਾਣੀ ਸੰਗ੍ਰਹਿ "ਜੋੜੀਆਂ ਜੱਗ ਥੋੜੀਆਂ" ਚ ਛਪ ਚੁੱਕੀਆਂ ਹਨ।ਇਸ ਤੋਂ ਇਲਾਵਾ ਉਹ ਦੂਰਦਰਸ਼ਨ ਦੇ ਪ੍ਰੋਗਰਾਮ "ਨਵੀਆਂ ਕਲਮਾਂ", ਜਲੰਧਰ ਰੇਡੀਓ ਦੇ "ਕਵੀ ਦਰਬਾਰ", ਐਫ ਐਮ ਪਟਿਆਲਾ ਦੇ "ਕਵੀ ਦਰਬਾਰ", ਆਕਾਸ਼ਵਾਣੀ ਬਠਿੰਡਾ ਅਤੇ ਹਰਮਨ ਰੇਡੀਓ ਦੇ ਕਵੀ ਦਰਬਾਰ ਚ ਆਪਣੀਆਂ ਰਚਨਾਵਾਂ ਨਾਲ ਹਾਜਰੀ ਲਵਾਂ ਚੁੱਕੀ ਹੈ।ਉਸਦੀਆਂ ਕਵਿਤਾਵਾਂ ਅਜੋਕੇ ਸਮਾਜ ਦੇ ਦੁਖਾਂਤ ਅਤੇ ਘਟਨਾਵਾਂ,ਵਿਛੋੜੇ ਦਾ ਦਰਦ,ਪਿਆਰ ਦੀ ਤਾਂਘ,ਨਸੀਹਤਾਂ ਦੇ ਵਿਸ਼ੇ ਅਧਾਰਿਤ ਹਨ।ਉਸਦੇ ਲਿਖੇ ਸ਼ਬਦਾਂ ਦੇ ਅਰਥ ਡੋਲਦੇ,ਬਲਕਿ ਮਜਬੂਤ ਸਾਹਿਤਕ ਪਕੜ ਦਾ ਇਜ਼ਹਾਰ ਕਰਦੇ ਹਨ।ਉਹਨਾਂ ਦੀਆਂ ਕਵਿਤਾਵਾਂ ਦੇ ਸ਼ਬਦ ਜੇਠ ਹਾੜ੍ਹ ਚ ਤਪਦੀ ਦੁਪਹਿਰ ਦੇ ਮਾਰੂਥਲ ਦੇ ਰੇਤ ਡਿੱਗੀ ਕਣੀ ਜਿਹੀ ਠੰਡਕ ਅਤੇ ਪੋਹ ਮਾਘ ਦੇ ਮਹੀਨੇ ਕੋਸੀ ਕੋਸੀ ਧੁੱਪ ਦੇ ਆਨੰਦ ਭਰਿਆ ਸਕੂਨ ਦਿੰਦੇ ਹਨ ।
ਪੰਜਾਬੀ ਦਾ ਮਾਣ ਇਸ ਕਵਿੱਤਰੀ ਨੂੰ ਸ੍ਰੋਮਣੀ ਪੰਜਾਬੀ ਲਿਖਾਰੀ ਸਭਾ,ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਭਾਈ ਕਾਨ੍ਹ ਸਿੰਘ ਨਾਭਾ, ਰਚਨਾ ਵਿਚਾਰ ਮੰਚ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਵੱਲੋਂ ਪੰਜਾਬੀ ਸਾਹਿਤਕ ਖੇਤਰ ਚ ਯੋਗਦਾਨ ਬਦਲੇ ਸਨਮਾਨਿਤ ਕੀਤਾ ਗਿਆ ਹੈ।ਸਾਡੀਆਂ ਉਹਨਾਂ ਲਈ ਦਿਲੋਂ ਦੁਆਵਾਂ ਹਨ।
-----/////------//////-----/////---ਸਤਨਾਮ ਸਿੰਘ ਮੱਟੂ
ਬੀਂਂਬੜ੍ਹ, ਸੰਗਰੂਰ।
9779708257