ਹੜ੍ਹਾਂ ਤੋਂ ਬਚਣ ਲਈ ਉਪਰਾਲੇ ਜ਼ਰੂਰੀ - ਸੁਖਪਾਲ ਸਿੰਘ ਗਿੱਲ

ਹਰ ਸਾਲ ਸਮੇਂ - ਸਮੇਂ ਤੇ ਕੁਦਰਤੀ ਆਫ਼ਤਾਂ ਸਮਾਜਿਕ ਅਤੇ  ਆਰਥਿਕ ਸੰਤੁਲਨ ਵਿਗਾੜ  ਦਿੰਦੀਆਂ ਹਨ । ਸਰਕਾਰ ਵਲੋਂ ਇੰਤਜਾਮ ਕੀਤੇ ਜਾਂਦੇ ਹਨ , ਪਰ ਫਿਰ ਵੀ  ਕਈ ਵਾਰ ਕੁਦਰਤ ਦੀ ਕਰੋਪੀ ਨੁਕਸਾਨ ਕਰ ਹੀ ਦਿੰਦੀ ਹੈ । ਹੜ੍ਹਾਂ ਅਤੇ ਹੋਰ ਕੁਦਰਤੀ ਆਫ਼ਤਾਂ ਤੋਂ ਬਚਣ ਲਈ ਸਰਕਾਰ ਵਲੋਂ ਆਫ਼ਤ - ਪ੍ਰਬੰਧਨ ਕੀਤੇ ਜਾਂਦੇ ਹਨ । ਇਹਨਾਂ ਲਈ ਲੋਕਾਂ ਦਾ ਸਹਿਯੋਗ  ਅਤੀ ਜ਼ਰੂਰੀ ਹੈ । 
                 15 ਜੂਨ ਤੋਂ  30 ਸੰਤਬਰ ਤੱਕ ਹਰ ਸਾਲ ਹੜ੍ਹਾਂ ਦਾ ਰੋਲਾ - ਰੱਪਾ ਪ੍ਰਸ਼ਾਸ਼ਨ ਦੀ ਨੀਂਦ ਹਰਾਮ ਕਰਕੇ ਰੱਖ ਦਿੰਦਾ ਹੈ । ਮੀਟਿੰਗ  ਤੇ ਮੀਟਿੰਗ ਹੋਣ ਨਾਲ ਲੋਕਾਂ ਦੇ ਹੋਰ ਕੰਮ ਵੀ ਪ੍ਰਭਾਵਿਤ ਹੁੰਦੇ ਹਨ । ਫਲੱਡ ਕੰਟਰੋਲ ਰੂਮ ਸਥਾਪਿਤ ਕਰਕੇ ਹੇਠਲੇ ਪੱਧਰ ਤੱਕ ਲਾਮਬੰਦੀ ਕੀਤੀ ਜਾਂਦੀ ਹੈ । ਇਸ ਵਿਸ਼ੇ ਤੇ 24 ਘੰਟੇ ਇਕ ਮੁਲਾਜ਼ਮ ਫੋਨ ਤੇ ਹਾਜ਼ਰ ਰਹਿੰਦਾ ਹੈ । ਇਹ ਕੰਟਰੋਲ ਰੂਮ ਪੁਲਸ ਥਾਣੇ ਵਿੱਚ ਪੱਕੇ  ਤੌਰ ਤੇ ਬਣਨੇ ਚਾਹੀਦੇ ਹਨ । ਇੱਥੇ 24 ਘੰਟੇ  ਮੁਲਾਜ਼ਮ  ਫੋਨ ਤੇ ਹਾਜ਼ਰ ਰਹਿੰਦਾ ਹੈ । ਹੋਰ ਮਹਿਕਮੇ ਆਪਣਾ ਕੰਮ ਕਰ ਸਕਦੇ ਹਨ ।
  ਜਾਗਰੂਕਤਾ ਹੀ ਉਪਾਅ ਹੁੰਦਾ ਹੈ ,  ।ਇਸ ਲਈ ਲੋਕਾਂ  ਨੂੰ ਜਾਗਰੂਕ  ਕਰਨ ਲਈ ਕੈਂਪਾ ਦਾ ਸਹੀ ਸਮੇਂ ਆਯੋਜਨ ਕਰਨਾ ਚਾਹੀਦਾ ਹੈ । ਲੋਕਾਂ ਵੱਲੋਂ ਛੋਟੀਆਂ - ਮੋਟੀਆਂ ਅਣਗਹਿਲੀਆਂ  ਵੀ ਹੜ੍ਹ ਦਾ ਕਾਰਨ ਬਣ ਜਾਂਦੀਆਂ ਹਨ । ਰਸਤੇ , ਨਾਲੇ - ਨਾਲੀਆਂ ਅਤੇ ਖੱਡਾਂ ਵਿੱਚ ਗੰਦ - ਮੰਦ  ਸੁੱਟਣਾ ਅਤੇ ਨਜ਼ਾਇਜ ਕਬਜੇ ਵੀ ਹੜ੍ਹਾਂ ਦਾ ਕਾਰਨ ਹਨ ।  ਇਹ ਉਪਰਾਲੇ ਲੋਕਾਂ ਦੇ ਸਹਿਯੋਗ ਤੋਂ ਬਿਨ੍ਹਾਂ ਸੰਭਵ ਨਹੀਂ ਹਨ । ਭਾਖੜਾ ਡੈਮ ਪਾਣੀ ਛੱਡਣ ਵੇਲੇ ਲੋਕਾਂ ਨੂੰ ਸੁਨੇਹਾ ਦਿੰਦਾ ਹੈ ।ਇਸ ਤੋਂ ਇਲਾਵਾ ਸਰਕਾਰ ਵੀ ਹੜ੍ਹਾਂ ਦੇ ਮੌਸਮ ਨੂੰ ਮੱਦੇ ਨਜ਼ਰ ਰੱਖ ਕੇ ਖਤਰਿਆਂ ਤੋਂ ਬਚਣ ਲਈ ਹੋਕਾ ਦਿੰਦੀ ਰਹਿੰਦੀ ਹੈ ।  ਇਸ ਦੀ ਵੀ ਕਈ ਵਾਰ ਲੋਕ  ਪਰਵਾਹ ਨਹੀਂ ਕਰਦੇ । ਇਹ ਲੋਕਾਂ ਦੀ ਮਜ਼ਬੂਰੀ  ਜਾਂ ਢੀਠਪੁਣਾ ਹੀ ਸਮਝਿਆ ਜਾ ਸਕਦਾ ਹੈ ।  ਕੁਦਰਤੀ ਆਫ਼ਤ ਦਾ ਟਾਕਰਾ ਸਰਕਾਰ ਅਤੇ ਲੋਕਾਂ ਦੇ ਸਹਿਯੋਗ ਤੋਂ ਬਿਨ੍ਹਾਂ ਨਹੀਂ ਹੋ ਸਕਦਾ ।
                 ਕੁਦਰਤ ਨੂੰ ਚੈਲਿੰਜ ਤਾਂ ਨਹੀਂ ਕੀਤਾ ਜਾ ਸਕਦਾ ਪਰ ਇਸਦੀ ਮਾਰ  ਦਾ ਮੁਕਾਬਲਾ ਕਰਨ ਲਈ ਉਪਰਾਲੇ ਕੀਤੇ ਜਾ ਸਕਦੇ ਹਨ । 1988  ਦੇ ਹੜ੍ਹਾਂ ਦੀ ਮਾਰ ਅੱਜ ਵੀ ਖੌਫਨਾਕ ਦ੍ਰਿਸ਼ ਪੇਸ਼ ਕਰਦੀ ਹੈ । ਇਸ ਤੋਂ ਵੀ ਬਹੁਤਾ ਕੁਝ ਨਹੀਂ ਸਿੱਖਿਆ । ਹੁਣੇ - ਹੁਣੇ  ਸਰਕਾਰ ਨੇ ਪਿੰਡਾਂ ਨੂੰ ਹੜ੍ਹ ਦੀ ਮਾਰ ਤੋਂ ਬਚਾਉਣ ਲਈ ਟੋਭਿਆ ਦੀ ਸਫਾਈ  ਕਰਵਾਉਣ ਦਾ  ਸਹੀ ਉਪਰਾਲਾ ਕੀਤਾ ਹੈ । ਹਰ ਸਾਲ ਖੱਡਾਂ ਦੀ ਸਫਾਈ ਵੀ ਸਰਕਾਰ ਕਰਾਉਂਦੀ ਹੈ ।  ਸਤਲੁਜ , ਘੱਗਰ ਅਤੇ ਬਿਆਸ ਦੀ ਮਾਰ ਵਾਲੇ ਇਲਾਕੇ ਹਰ ਸਾਲ ਭੈਭੀਤ ਰਹਿੰਦੇ ਹਨ । ਇਹਨਾਂ ਲਈ ਪੱਕਾ ਇੰਤਜ਼ਾਮ ਹੋਣਾ ਚਾਹੀਦਾ ਹੈ । ਜਾਗਰੂਕ ਹੋ ਕੇ ਉਪਰਾਲੇ ਕਰਨਾ ਸਾਡਾ ਫਰਜ਼ ਹੈ । ਇਸ ਲਈ ਆਓ ਸਰਕਾਰ ਨਾਲ ਸਹਿਯੋਗ ਕਰਕੇ ਇਹਨਾਂ ਦੀ ਮਾਰ ਤੋਂ ਬਚਣ ਲਈ ਪੱਕੇ ਉਪਰਾਲੇ ਕਰੀਏ ਅਤੇ ਹੜ੍ਹਾਂ ਨਾਲ ਨਜਿੱਠਣ ਲਈ ਏਕਤਾ ਦਾ ਸਬੂਤ ਦਈਏ ।   
 
ਸੁਖਪਾਲ ਸਿੰਘ ਗਿੱਲ 
ਅਬਿਆਣਾ ਕਲਾਂ
9878111445