ਗੁਲਾਮਾਂ ਦਾ ਸਰਦਾਰ

ਥਾਣੇਦਾਰ ਹਾਕਮ ਸਿੰਘ ਦੀ ਡਿਊਟੀ ਉਸ ਦੇ ਸ਼ਹਿਰ ਵਿਚ ਪੈਂਦੇ ਪਿੰਡ ਮਾਜਰੀ ਦੇ ਅਗਾਹਵਧੂ ਤੇ ਸਬਜੀਆਂ ਦੀ ਕਾਸ਼ਤ ਵਿੱਚ ਪਹਿਲੇ ਨੰਬਰ ਤੇ ਆਏ ਕਿਸਾਨ ਜੈਮਲ ਸਿੰਘ ਦਾ ਆਜ਼ਾਦੀ ਦਿਹਾੜੇ 'ਤੇ ਮੁੱਖ ਮੰਤਰੀ ਵਲੋਂ ਸਨਮਾਨ ਕੀਤੇ ਜਾਣ ਦੀ ਸੂਚਨਾ ਪਹਿਚਾਉਣ ਦੀ ਲਾਈ ਗਈ ਸੀ। ਥਾਣੇਦਾਰ ਪਿੰਡ ਮਾਜਰੀ ਪਹੁੰਚਿਆ। ਕਿਸੇ ਤੋਂ ਉਸਨੇ ਕਿਸਾਨ ਜੈਮਲ ਸਿੰਘ ਦਾ ਘਰ ਪੁੱਛਿਆ। ਪਤਾ ਦੱਸਣ ਵਾਲੇ ਨੇ ਚਿੱਟੀ ਤਿੰਨ ਮੰਜਲੀ ਕੋਠੀ ਵੱਲ ਇਸ਼ਾਰਾ ਕੀਤਾ। ਥਾਣੇਦਾਰ ਹੈਰਾਨ ਸੀ ਕਿ ਇੱਕ ਕਿਸਾਨ ਇੰਨਾ ਅਮੀਰ...! ਸੋਚਦਿਆਂ-ਸੋਚਦਿਆਂ ਗੱਡੀ ਗੇਟ ਅੱਗੇ ਜਾ ਖੜੀ ਕੀਤੀ। ਅੰਦਰ ਏ.ਸੀ. ਰੂਮ 'ਚ ਮਹਿੰਗੇ ਸੋਫ਼ੇ 'ਤੇ ਕਿਸਾਨ ਜੈਮਲ ਸਿੰਘ ਅਖ਼ਬਾਰ ਪੜ੍ਹ ਰਿਹਾ ਸੀ। ਥਾਣੇਦਾਰ ਨੇ ਸ਼ਤਿ ਸ਼੍ਰੀ ਅਕਾਲ ਬੁਲਾਉਣ ਤੋਂ ਬਾਅਦ ਸਨਮਾਨਿਤ ਕੀਤੇ ਜਾਣ ਦੀ ਖ਼ਬਰ ਜੈਮਲ ਸਿੰਘ ਨੂੰ ਦਿੱਤੀ। ਜੈਮਲ ਸਿੰਘ ਖੁਸ਼ ਹੋ ਗਿਆ।
''ਜੈਮਲ ਸਿੰਘ ਜੀ ਕੁੱਝ ਸਾਲ ਪਹਿਲਾਂ ਤਾਂ ਇਹ ਕੋਠੀ 'ਤੇ ਸ਼ਾਨੋ-ਸ਼ੌਕਤ ਨਹੀਂ ਸੀ। ਫਿਰ ਕੀ ਚਮਤਕਾਰ ਹੋਇਆ?'', ਥਾਣੇਦਾਰ ਨੇ ਹੈਰਾਨੀ ਨਾਲ ਪੁੱਛਿਆ।
''ਆਓ ਦਿਖਾਵਾਂ'', ਕਹਿ ਕੇ ਕਿਸਾਨ ਜੈਮਲ ਸਿੰਘ ਥਾਣੇਦਾਰ ਨੂੰ ਖੇਤ ਵੱਲ ਲੈ ਤੁਰਿਆ। ਖੇਤ ਵਿੱਚ 40-50 ਦੇ ਕਰੀਬ ਮਜ਼ਦੂਰ ਸਿਰ ਸੁੱਟ ਕੇ ਕੰਮ ਕਰ ਰਹੇ ਸਨ। ਕੋਈ ਸਬਜੀਆਂ ਤੋੜ ਰਿਹਾ ਸੀ, ਕੋਈ ਛਾਂਟ ਰਿਹਾ ਸੀ ਤੇ ਕੋਈ ਸਬਜੀਆਂ ਥੈਲਿਆਂ 'ਚ ਭਰ ਰਿਹਾ ਸੀ।
''ਜੈਮਲ ਸਿੰਘ ਜੀ ਆਮਦਨ ਦੇ ਨਾਲ-ਨਾਲ ਖ਼ਰਚ ਵੀ ਤਾਂ ਕਾਫ਼ੀ ਆ ਜਾਂਦਾ ਹੋਵੇਗਾ, ਮਜ਼ਦੂਰਾਂ ਦੀ ਦਿਹਾੜੀ ਵੀ ਤਾਂ ਮਹਿੰਗੀ ਐ'', ਥਾਣੇਦਾਰ ਨੇ ਕਿਹਾ।
''ਨਹੀਂ...ਨਹੀਂ ਥਾਣੇਦਾਰ ਜੀ, ਇਹੀ ਤਾਂ ਮੇਰੀ ਤਰੱਕੀ ਦਾ ਭੇਤ ਐ। ਜੇਕਰ ਖ਼ਰਚਾ ਦੇਣਾ ਹੁੰਦਾ ਤਾਂ ਫਿਰ ਕਿੰਨੀ ਕੁ ਆਮਦਨੀ ਹੁੰਦੀ । ਆਪਣੀ ਪਹੁੰਚ ਵਧਿਆ ਹੈ। ਨਸ਼ੇ-ਪਤੇ ਤੇ ਸਾਰੇ ਗੁਲਾਮ ਬਣਾਏ ਹੋਏ ਐ। ਜੇਕਰ ਕੰਮ ਕਰਨਗੇ ਤਾਂ ਹੀ ਨਸ਼ਾ ਮਿਲੂ। ਨਸ਼ਾ ਕਿਹੜਾ ਆਪਾਂ ਪੈਸੇ ਲਾ ਕੇ ਖ੍ਰੀਦਣਾ ਐ, ਮੰਤਰੀ ਜੀ ਨਾਲ ਚੰਗੀ ਉਠਣੀ ਬੈਠਣੀ ਐ। ਵੋਟਾਂ ਵੇਲੇ ਆਪਾਂ ਉਹਨਾਂ ਦਾ ਕੰਮ ਸਾਰ ਦਿੰਨੇ ਆਂ, ਬਦਲੇ ਵਿੱਚ ਉਹ ਮੇਰੇ ਤੇ ਕਿਰਪਾ ਕਰਦੇ ਹਨ'', ਜੈਮਲ ਸਿੰਘ ਨੇ ਮੁੱਛਾਂ ਨੂੰ ਵੱਟ ਦਿੰਦਿਆਂ ਕਿਹਾ। ਥਾਣੇਦਾਰ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਜ਼ਾਦੀ ਦੇ ਦਿਹਾੜੇ 'ਤੇ ਸਨਮਾਨ ਕਿਸਦਾ ਹੋ ਰਿਹਾ ਹੈ ਇੱਕ ਅਗਾਹਵਧੂ ਕਿਸਾਨ ਦਾ......ਜਾਂ ਗੁਲਾਮਾਂ ਦੇ ਸਰਦਾਰ ਦਾ! ਥਾਣੇਦਾਰ ਮਜ਼ਦੂਰਾਂ ਦੇ ਚਿਹਰਿਆਂ ਵੱਲ ਗਹੁ ਨਾਲ ਤੱਕਣ ਲੱਗਿਆ ਜਿਵੇਂ ਉਹਨਾਂ ਦੀਆਂ ਅੱਖਾਂ ਵਿੱਚੋਂ ਆਪਣੇ ਸਵਾਲ ਦਾ ਜਵਾਬ ਭਾਲ ਰਿਹਾ ਹੋਵੇ।
- ਸੁਖਵਿੰਦਰ ਕੌਰ 'ਹਰਿਆਓ'
ਉੱਭਾਵਾਲ, ਸੰਗਰੂਰ
+91-84274-05492