ਅੰਬਰਾਂ ਦੇ ਬਾਦਸ਼ਾਹ - ਸੁਖਵਿੰਦਰ ਕੌਰ 'ਹਰਿਆਓ'

ਦੇਖ ਕੇ ਸੱਤਾ ਦੀ
ਚਕਾ ਚੌਂਦ
ਕੋਈ ਚਿੱਟ ਕੱਪੜਿਆਂ
ਸ਼ਿੰਗਾਰਦਾ ਉੱਜਲੇ ਭਵਿੱਖ
ਵੱਲ ਤੁਰਦੇ ਕਦਮਾਂ ਨੂੰ
ਚਲੋ ਲੱਭੀਏ
ਰੌਸ਼ਨੀ ਦਾ ਸਿਰਨਾਵਾਂ
ਕਿਸੇ ਮਾਂ ਦੀਆਂ ਅੱਖਾਂ ਦੇ
ਤਾਰੇ ਬਣ ਜਾਂਦੇ
ਬਲਦੇ ਅੰਗਿਆਰਾਂ ਵਰਗੇ
ਹਥਿਆਰਾਂ ਦੇ ਸ਼ੌਰ ਵਿੱਚ
ਗੁੰਮ ਜਾਂਦੇ ਨੇ
ਸ਼ੰਗਨਾਂ ਦੇ ਗੀਤ
ਮਾਂ ਦੇ ਲਾਡਲੇ 'ਹਰਜਿੰਦਰ'
ਬਣ ਜਾਂਦੇ 'ਵਿੱਕੀ ਗੌਂਡਰ'
ਬੈਠ ਸੁਨਹਿਰੀ ਕੁਰਸੀ
ਚਿੱਟ ਕੱਪੜਿਆਂ ਸੋਚਦਾ
ਰਾਹ ਜਾਣ ਗਏ ਨੇ
ਚਾਨਣ ਦਾ
ਇਸ ਤੋਂ ਪਹਿਲਾਂ
ਸੂਰਜ ਬਣ ਚਮਕਣ
ਇਹਨਾਂ ਦਾ ਛਿੱਪਣਾ ਜਰੂਰੀ ਹੈ
ਗ੍ਰਹਿਣ ਲਾਉਂਦਾ
ਇਲਜ਼ਾਮਾਂ ਦਾ
ਲਾ ਕੇ ਜਾਲ ਸਾਜਿਸ਼ਾਂ ਦਾ
ਫਸਾ ਲੈਂਦਾ ਚੀਨੇ
ਕਬੂਤਰਾਂ ਵਰਗੇ
ਅੰਬਰਾਂ ਦੇ ਬਾਦਸ਼ਾਹਾਂ ਨੂੰ
ਤੇ ਹਜ਼ਾਰਾਂ ਸੁਪਨਿਆਂ
ਭਰੀ ਛਾਤੀ
ਛੱਲਣੀ ਹੁੰਦੀ ਗੋਲੀਆਂ ਨਾਲ
ਸਿਹਰਿਆਂ ਨਾਲ ਵੈਣ ਗੂੰਜਦੇ
ਨਿਮਾਣੇ ਅੰਮੜੀ  ਦੇ ਵਿਹੜੇ
ਮਾਵਾਂ ਦੇ ਜਾਇਓ
ਪਹਿਚਾਣ ਲਵੋ
ਆਪਣੇ ਸਿਰ 'ਤੇ ਧਰੇ
ਮੌਤ ਦੇ ਸਾਏ ਵਰਗੇ
ਹੱਥਾਂ ਨੂੰ
ਗਾਨੇ ਸਜਾਉਣ ਵਾਲੇ
ਹੱਥਾਂ ਵਿਚੋਂ ਸੁੱਟ ਕੇ
ਹਥਿਆਰਾਂ ਨੂੰ
ਪੂੰਝੋ ਮਾਂ ਦੀਆਂ
ਰਾਹ ਤੱਕਦੀ ਦੀਆਂ
ਅੰਨੀਆਂ ਅੱਖਾਂ ਵਿੱਚੋਂ ਅੱਥਰੂ
ਮੁੜ ਆਵੋ
ਰੱਖੜੀ ਵਾਲੇ ਗੁੱਟੋ
ਇੱਕ ਵਿੱਕੀ ਗੌਂਡਰ ਨੂੰ
ਮਾਰ ਕੇ ਪਤਾ ਨਹੀਂ
ਕਿੰਨੇ ਹੀ
ਗੌਂਡਰਾਂ ਦੇ ਜਨਮ ਦਾਤੇ
ਬਣ ਚੁੱਕੇ ਨੇ
ਇਹ ਦਹਿਸ਼ਤਾਂ ਦੇ ਵਾਰਸ
ਲਾਡਾਂ ਚਾਵਾਂ ਨਾਲ
ਪਾਲੇ ਓਹਦੇ ਸੂਰਜ ਵਰਗੇ
ਹਾੜੇ ਨਾ ਬਣਿਓ
ਕਿਸੇ ਹੱਥਾਂ ਦੀ ਕੱਠਪੁੱਤਲੀ
ਮਾਵਾਂ ਦੇ ਹੌਂਕੇ ਤੇ ਹੰਝੂ
ਮੁੱਕ ਜਾਣੇ
ਪਰ ਸ਼ਿਕਾਰੀਆਂ ਦੇ
ਨਿਸ਼ਾਨੇ ਤੇ ਗੋਲੀਆਂ
ਨਹੀਂ ਮੁੱਕਣੇ
ਮੁੜ ਆਵੋ
ਪਿੰਡ ਦੇ ਰਾਹ ਉਡੀਕਦੇ ਨੇ।

- ਸੁਖਵਿੰਦਰ ਕੌਰ 'ਹਰਿਆਓ'
ਉੱਭਾਵਾਲ, ਸੰਗਰੂਰ
+91-84274-05492