ਪਾਠਕ੍ਰਮ ਵਿੱਚ ਪਰਿਵਰਤਨ ਸਿੱਖਿਆ ਵਿਭਾਗ ਦੀ ਅਗਾਂਹਵਧੂ ਸੋਚ ਦਾ ਪ੍ਰਗਟਾਵਾ - ਚਮਨਦੀਪ ਸ਼ਰਮਾ
ਪਾਠਕ੍ਰਮ ਵਿੱਦਿਆ ਦਾ ਅਨਿੱਖੜਵਾਂ ਅੰਗ ਹੁੰਦਾ ਹੈ।ਸਿੱਖਣ ਸਿਖਾਉਣ ਦੀ ਪ੍ਰਕਿਰਿਆ ਵਿੱਚ ਇਸਦਾ ਸ਼੍ਰ਼ੇਸ਼ਟ ਸਥਾਨ ਹੈ ਜਿਸਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਹੈ।ਇਸ ਤੋਂ ਬਿਨ੍ਹਾਂ ਸਿੱਖਿਆ ਪ੍ਰਾਪਤੀ ਦੀ ਕਲਪਨਾ ਕਰਨੀ ਅਸੰਭਵ ਹੈ।ਪਾਠਕ੍ਰਮ ਦੁਆਰਾ ਹੀ ਨਿਰਧਾਰਿਤ ਕੀਤਾ ਜਾਂਦਾ ਹੈ ਕਿ ਵਿਦਿਅਕ ਸ਼ੈਸਨ ਦੌਰਾਨ ਬੱਚਿਆਂ ਨੂੰ ਕਿਸ ਤਰ੍ਹਾਂ ਦਾ ਗਿਆਨ ਦਿੱਤਾ ਜਾਣਾ ਹੈ।ਪਾਠਕ੍ਰਮ ਯਕੀਨੀ ਬਣਾਉਦਾ ਹੈ ਕਿ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਗਿਆਨ ਰਾਹੀਂ ਉਹਨਾਂ ਦਾ ਸਰਵਪੱਖੀ ਵਿਕਾਸ ਹੋ ਰਿਹਾ ਹੈ ਕਿਉਂ ਜੋ ਸਾਡਾ ਸਮੁੱਚਾ ਵਿਦਿਆ ਤੰਤਰ ਬੱਚੇ ਦੇ ਇਰਦ ਗਿਰਦ ਹੀ ਘੁੰਮਦਾ ਹੈ।ਬੱਚਿਆਂ ਦੇ ਪੱਧਰ, ਰੁਚੀ, ਉਮਰ, ਵਾਤਾਵਰਣ ਆਦਿ ਨੂੰ ਮੱਦੇਨਜ਼ਰ ਰੱਖ ਕੇ ਹੀ ਪਾਠਕ੍ਰਮ ਤਿਆਰ ਕੀਤਾ ਜਾਂਦਾ ਹੈ ਕਿਉਂਕਿ ਬੱਚਾ ਹੀ ਸਿੱਖਿਆ ਦਾ ਧੁਰਾ ਹੁੰਦਾ ਹੈ।ਸਾਡੇ ਸਿੱਖਿਆ ਸ਼ਾਸਤਰੀਆਂ, ਵਿਦਵਾਨਾਂ ਨੇ ਵੀ ਪਾਠਕ੍ਰਮ ਦੀ ਚੋਣ ਸਮੇਂ ਬੱਚਿਆਂ ਨੂੰ ਪ੍ਰਮੁੱਖਤਾ ਦੇਣ ਬਾਰੇ ਆਪਣੀ ਸਹਿਮਤੀ ਜ਼ਾਹਿਰ ਕੀਤੀ ।ਪਰ ਕਿਤੇ ਨਾ ਕਿਤੇ ਪਾਠਕ੍ਰਮ ਨੂੰ ਲਾਗੂ ਕਰਦੇ ਵੇਲੇ ਬੱਚਿਆਂ ਦੀਆਂ ਰੁਚੀਆਂ, ਉਮਰ, ਪੱਧਰ ਆਦਿ ਨੂੰ ਪੂਰੀ ਤਰ੍ਹਾਂ ਧਿਆਨ ਵਿੱਚ ਨਹੀਂ ਰੱਖਿਆ ਗਿਆ ਭਾਵ ਸਿਲੇਬਸ ਦੀ ਚੋਣ ਕਰਦੇ ਸਮੇਂ ਕੁੱਝ ਖਾਮੀਆਂ ਰਹਿ ਗਈਆ ਜਿਹਨਾਂ ਦਾ ਖਾਮਿਆਜਾ ਵਿਦਿਆਰਥੀਆਂ ਨੂੰ ਭੁਗਤਣਾ ਪਿਆ।ਉਹਨਾਂ ਨੂੰ ਬੇਲੋੜੇ ਪਾਠਕ੍ਰਮ ਦੇ ਭਾਰ ਥੱਲੇ ਦੱਬ ਦਿੱਤਾ ਗਿਆ।ਇਸਦਾ ਨਤੀਜਾ ਇਹ ਹੋਇਆ ਕਿ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਸਫ਼ਲਤਾ ਹੱਥ ਨਾ ਲੱਗਣ ਸਦਕਾ ਬੱਚੇ ਆਤਮ ਹੱਤਿਆ ਕਰਨ ਲੱਗ ਪਏੇ ਹਨ।ਸਿਲੇਬਸ ਦੇ ਜਿਆਦਾ , ਨੀਰਸ ਹੋਣ ਨਾਲ ਬੱਚਿਆਂ ਦੇ ਵੱਲੋਂ ਆਪਣੀ ਪੜ੍ਹਾਈ ਅੱਧ ਵਿਚਕਾਰ ਹੀ ਛੱਡਣ ਦੇ ਰੁਝਾਨ ਵਿੱਚ ਵੀ ਇਜ਼ਾਫਾ ਹੋਇਆ।ਇਸ ਤਰ੍ਹਾਂ ਡਰਾਪ ਆਊਟ ਬੱਚਿਆਂ ਦੀ ਗਿਣਤੀ ਵਧਣ ਕਾਰਨ ਸਰਕਾਰ ਦੀ ਸਮੱਸਿਆ ਹੋਰ ਵੱਧ ਗਈ ਕਿਉਂ ਜੋ ਸਰਕਾਰ ਨੇ ਪਹਿਲੀ ਤੋਂ ਅੱਠਵੀਂ ਸ੍ਰੇਣੀ ਦੇ ਲਈ ਮੁਫਤ ਤੇ ਲਾਜ਼ਮੀ ਸਿੱਖਿਆ ਦਾ ਕਾਨੂੰਨ ਲਾਗੂ ਕੀਤਾ ਹੋਇਆ ਹੈ।ਸੋ ਇਹਨਾਂ ਬੱਚਿਆਂ ਨੂੰ ਸਿੱਖਿਆ ਦੀ ਮੁੱਖ ਧਾਰਾ ਦੇ ਨਾਲ ਜੋੜਨ ਦੇ ਲਈ ਵੱਖ ਵੱਖ ਸਕੀਮਾਂ ਰਾਹੀਂ ਕਰੋੜਾਂ ਰੁਪਏ ਖਰਚੇ ਗਏ ਜਦਕਿ ਪਾਠਕ੍ਰਮ ਦੇ ਸਰਲ ਅਤੇ ਘੱਟ ਹੋਣ ਕਾਰਨ ਖਰਚਾ ਬਚਾਉਣ ਦੇ ਨਾਲ ਸਿੱਖਿਆ ਦੇ ਉਦੇਸਾਂ ਦੀ ਪੂਰਤੀ ਵਿੱਚ ਸਹਾਇਤਾ ਮਿਲ ਸਕਦੀ ਸੀ।ਸਿੱਖਿਆ ਵਿਭਾਗ ਨੂੰ ਚੰਗੇ ਨਤੀਜੇ ਹਾਂਸਲ ਦੇ ਲਈ ਪਾਠਕ੍ਰਮ ਵਿੱਚ ਪਰਿਵਰਤਨ ਕਰਨਾ ਚਾਹੀਦਾ ਸੀ ਪਰ ਇੰਝ ਹੀ ਚੱਲਦਾ ਰਿਹਾ ।ਬੱਚਿਆਂ ਨੂੰ ਸਿਖਾਉਣ ਦੇ ਲਈ ਪੜ੍ਹਾਉਣ ਦੀਆਂ ਨਵੀਆਂ ਵਿਧੀਆਂ ਨੂੰ ਹੋਦ ਵਿੱਚ ਲਿਆ ਕੇ ਕ੍ਰਾਂਤੀਕਾਰੀ ਕਦਮ ਚੁੱੱਕਣ ਦੀ ਲੋੜ ਸੀ।ਇਸ ਤਰ੍ਹਾਂ ਪਰੰਪਰਾਗਤ ਤਰੀਕੇ ਨਾਲ ਬੱਚਿਆਂ ਦੇ ਅੰਦਰ ਪੜ੍ਹਾਈ ਪ੍ਰਤਿ ਰੁਚੀ ਘੱਟਦੀ ਗਈ ਅਤੇ ਪੜ੍ਹਾਈ ਬੱਚਿਆਂ ਦੇ ਲਈ ਹਿਮਾਲਿਆ ਦੀ ਚੋਟੀ ਸਰ ਕਰਨ ਦੇ ਸਮਾਨ ਲੱਗਣ ਲੱੱੱਗੀ।ਪਾਠਕ੍ਰਮ ਵਿੱਚ ਲੋੜੀਦੇ ਬਦਲਾਅ ਨਾ ਕਰਨ ਸਦਕਾ ਬੱਚਿਆਂ ਦੇ ਲਈ ਪੜ੍ਹਾਈ ਇੱਕ ਗੁੰਝਲਦਾਰ ਸ਼ੈਅ ਬਣ ਗਈ।
ਦੇਰ ਆਏ ਦਰੁਸਤ ਆਏ ਆਂਖਿਰਕਾਰ ਸਿੱਖਿਆ ਵਿਭਾਗ ਨੇ ਇਸ ਮੁੱਦੇ ਨੂੰ ਬੜੀ ਸੰਜੀਦਗੀ ਦੇ ਨਾਲ ਲਿਆ ਹੈ।ਹੁਣ ਐਸ ਸੀ ਈ ਆਰ ਟੀ ਪੰਜਾਬ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਂਝੇ ਯਤਨਾਂ ਦੇ ਨਾਲ ਛੇਵੀਂ ਤੋਂ ਦਸਵੀਂ ਸ਼੍ਰੇਣੀ ਤੱਕ ਦੀ ਅੰਗਰੇਜ਼ੀ ਅਤੇ ਸਮਾਜਿਕ ਵਿਗਿਆਨ ਦੇ ਪਾਠਕ੍ਰਮ ਵਿੱਚ ਵੱਡੇ ਪੱਧਰ ਤੇ ਬਦਲਾਅ ਕਰਕੇ ਇਸਨੂੰ ਘਟਾਇਆ ਗਿਆ ਹੈ ਜੋ ਕਿ ਇੱਕ ਪ੍ਰਸ਼ੰਸਾਯੋਗ ਕਦਮ ਹੈ।ਇਸ ਕਾਰਜ ਦੇ ਨਾਲ ਸਿੱਖਿਆ ਦੇ ਖੇਤਰ ਨੂੰ ਉੱਚਾ ਚੁੱਕੇ ਜਾਣ ਦੀ ਆਸ ਬੱਝੀ ਹੈ।ਸਿਲੇਬਸ ਘਟਾਉਂਣ ਸਮੇਂ ਬੱਚਿਆਂ ਦੀ ਰੁਚੀ, ਮਾਨਸਿਕ ਪੱਧਰ ਤੇ ਗੌਰ ਕੀਤੀ ਗਈ ਹੈ। ਵਿਭਾਗ ਦੁਆਰਾ ਬੱਚਿਆਂ ਦੀ ਸਿੱਖਿਆ ਵਿੱਚ ਗੁਣਾਤਮਕ ਅਤੇ ਗਿਣਾਤਮਕ ਸੁਧਾਰ ਕਰਨ ਲਈ ਪਿਛਲੇ ਸਾਲ ਰਾਜ ਦੇ ਅਪਰ ਪ੍ਰਾਇਮਰੀ ਸਕੂਲਾਂ ਦੇ ਵਿੱਚ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਦਾ ਆਗਾਜ਼ ਹੋਇਆ ਜਿਸਦੇ ਸ਼ਾਨਦਾਰ ਨਤੀਜੇ ਆਏ ਹਨ।ਹੁਣ ਇਸ ਪ੍ਰੋਜੈਕਟ ਦਾ ਦਾਇਰਾ ਵਿਸ਼ਾਲ ਹੋ ਚੁੱਕਾ ਹੈ ਜਿਸ ਤਹਿਤ ਅੰਗਰੇਜੀ, ਹਿਸਾਬ, ਸਾਇੰਸ ਅਤੇ ਸਮਾਜਿਕ ਵਿਗਿਆਨ ਤੋਂ ਇਲਾਵਾ ਹਿੰਦੀ, ਪੰਜਾਬੀ ਵਿਸ਼ੇ ਵਿੱਚ ਵੀ ਲਾਗੂ ਕਰ ਦਿੱਤਾ ਗਿਆ ਹੈ।ਇਸ ਪ੍ਰੋਜੈਕਟ ਦੇ ਤਹਿਤ ਵਿਦਿਆਰਥੀਆਂ ਨੂੰ ਪੜਾ੍ਹਉਣ ਲਈ ਨਵੀਆਂ ਵਿਧੀਆਂ, ਈ ਕੰਨਟੈਟ, ਭਾਸ਼ਾ ਦੀਆਂ ਚਾਰ ਨਿਪੁੰਨਤਾਵਾਂ, ਐਕਟੀਵਿਟੀਜ਼, ਫਲੈਸ਼ ਕਾਰਡ, ਸਟੋਰੀ ਕਾਰਡ, ਵਰਕ ਬੁੱਕ, ਵਰਡ ਵਾਲ, ਡਿਕਸ਼ਨਰੀ ਮੇਕਿੰਗ, ਸੌਫਟ ਸਕਿੱਲਜ਼, ਐਨਰਜਾਈਜ਼ਰ ਆਦਿ ਉੱਪਰ ਵਧੇਰੇ ਜ਼ੋਰ ਦਿੱਤਾ ਜਾ ਰਿਹਾ ਹੈ।ਪੜ੍ਹੋ ਪੰਜਾਬ ਪ੍ਰੋਗਰਾਮ ਦੀ ਸਫਲਤਾ ਦੇ ਲਈ ਵਿਭਾਗ ਨੇ ਮਹਿਸੂਸ ਕੀਤਾ ਕਿ ਬੱਚਿਆਂ ਨੂੰ ਵਿਸ਼ਿਆ ਦੇ ਸਬੰਧੀ ਮੁੱਢਲਾ ਗਿਆਨ ਦੇਣਾ ਅਤਿ ਜਰੂਰੀ ਹੈ।ਇਸ ਸਬੰਧ ਵਿੱਚ ਵੱਖ ਵੱਖ ਵਿਸ਼ਿਆਂ ਦੇ ਜਿਲ੍ਹਾਂ ਮੈਂਟਰਜ਼ ਤੋਂ ਸੁਝਾਅ ਪ੍ਰਾਪਤ ਕਰਨ ਉਪਰੰਤ ਬੱਚਿਆਂ ਦੇ ਸਿਲੇਬਸ ਨੂੰ ਘਟਾਉਣ ਬਾਰੇ ਆਪਸੀ ਸਹਿਮਤੀ ਬਣਾਈ।ਬੱਚਿਆਂ ਦੇ ਵੱਲੋਂ ਸਿਲੇਬਸ ਦਾ ਬੇਲੋੜਾ ਵਜ਼ਨ ਘੱਟ ਹੋ ਜਾਣ ਤੇ ਖ਼ੁਸੀ ਦਾ ਇਜ਼ਹਾਰ ਕੀਤਾ ਗਿਆ ਕਿਉਂਕਿ ਅਜੋਕੇ ਪਾਠਕ੍ਰਮ ਨੂੰ ਪੜ੍ਹ ਕੇ ਪਾਸ ਹੋਣਾ ਉਹਨਾਂ ਲਈ ਖਾਲਾ ਜੀ ਦਾ ਵਾੜਾ ਨਹੀਂ ਸੀ।ਅਧਿਆਪਕ ਵਰਗ ਨੇ ਵੀ ਚੈਨ ਦਾ ਸਾਹ ਲਿਆ ਹੈ ਕਿਉਂਕਿ ਉਹ ਵੀ ਦੋ ਬੇੜੀਆਂ ਵਿੱਚ ਸਵਾਰ ਹੋ ਰਹੇ ਸੀ।ਸਿਲੇਬਸ ਅਤੇ ਪ੍ਰੋਜੈਕਟ ਦੋਵਾਂ ਨੂੰ ਨਾਲ ਲੈ ਕੇ ਚੱਲਣ ਕਾਰਨ ਔਖ ਵਿੱਚ ਸਨ।ਅਧਿਆਪਕਾਂ ਦਾ ਸਾਰਾ ਸਮਾਂ ਸਿਲੇਬਸ ਨੂੰ ਹੱਲ ਕਰਨ ਵਿੱਚ ਹੀ ਬੀਤਦਾ ਰਿਹਾ।ਬੱਚਿਆਂ ਦੀ ਤਰਾਸਦੀ ਇਹ ਰਹੀ ਕਿ ਉਹਨਾਂ ਨੂੰ ਦੁਹਰਾਈ ਦੇ ਲਈ ਬੜਾ ਘੱਟ ਮਿਲਦਾ ਸੀ।ਪਰ ਹੁਣ ਐਸ ਸੀ ਈ ਆਰ ਟੀ ਅਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਅੰਗਰੇਜੀ ਦੇ ਚਾਲੀ ਪ੍ਰਤੀਸ਼ਤ ਅਤੇ ਸਮਾਜਿਕ ਵਿਗਿਆਨ ਦੇ ਵੀਹ ਪ੍ਰਤੀਸ਼ਤ ਪਾਠਕ੍ਰਮ ਨੂੰ ਘਟਾਉਦੇ ਹੋਏ ਕਾਫੀ ਸਮੱਸਿਆਵਾਂ ਦਾ ਸਮਾਧਾਨ ਕਰ ਦਿੱਤਾ ਹੈ।ਸਿਲੇਬਸ ਵਿੱਚ ਛੋਟ ਕਰਦੇ ਸਮੇਂ ਕਈ ਪਹਿਲੂਆਂ ਨੂੰ ਧਿਆਨ ਵਿੱਚ ਰੱਖਿਆ ਤਾਂ ਜੋ ਕਿਸੇ ਪ੍ਰਕਾਰ ਦਾ ਵਿਵਾਦ ਨਾ ਉਤਪੰਨ ਹੋ ਸਕੇ।ਅੰਗਰੇਜੀ ਅਤੇ ਸਮਾਜਿਕ ਵਿਗਿਆਨ ਦੇ ਜਿਹੜੇ ਪਾਠ ਬਹੁਤ ਲੰਮੇ ਸਨ ਜਾਂ ਫਿਰ ਜਿਹਨਾਂ ਪਾਠਾਂ ਦਾ ਸਬੰਧ ਅੰਗਰੇਜੀ/ਸਮਾਜਿਕ ਦੀ ਥਾਂ ਕਿਸੇ ਹੋਰ ਵਿਸ਼ੇ ਨਾਲ ਸਬੰਧ ਹੋਵੇ ਜਾਂ ਫਿਰ ਜਿਹੜੇ ਪਾਠ ਸਬੰਧੀ ਜਾਣਕਾਰੀ ਵਿਦਿਆਰਥੀਆਂ ਨੇ ਪਿਛਲੀ ਜਮਾਤ ਵਿੱਚ ਹਾਂਸਲ ਕਰ ਲਈ ਹੋਵੇ ਆਦਿ ਨੂੰ ਹੀ ਘਟਾਇਆ ਹੈ।ਸ੍ਰੀਮਤੀ ਹਰਪ੍ਰੀਤ ਕੌਰ ਸਟੇਟ ਕੋਆਰਡੀਨੇਟਰ (ਅੰਗਰੇਜੀ/ਸਮਾਜਿਕ ਵਿਗਿਆਨ) ਵੱਲੋਂ ਆਪਣੇ 22 ਜਿਲ੍ਹਾ ਮੈਂਟਰਜ਼ ਦੇ ਨਾਲ ਮਿਲਕੇ ਇਸ ਕਾਰਜ ਨੂੰ ਬਾਖੂਬੀ ਅੰਜਾਮ ਦਿੱਤਾ ਗਿਆ ਹੈ।ਪ੍ਰਤੀਯੋਗੀ ਪ੍ਰੀਖਿਆਵਾਂ ਦੀ ਅਹਿਮੀਅਤ ਨੂੰ ਸਮਝਦੇ ਹੋਏ ਅੰਗਰੇਜ਼ੀ ਵਿਸ਼ੇ ਦੇ ਵਿੱਚ ਟਰਾਂਸਲੇਸ਼ਣ ਨੂੰ ਮੁੜ ਸ਼ਾਮਿਲ ਕੀਤਾ ਹੈ।
ਨਿਰਸੰਦੇਹ, ਪਾਠਕ੍ਰਮ ਵਿੱਚ ਲਿਆਂਦਾ ਗਿਆ ਬਦਲਾਅ ਇੱਕ ਕਾਬਿਲ-ਏ-ਤਾਰੀਫ ਕਦਮ ਹੈ ਜਿਸਦੇ ਸਾਰਥਕ ਨਤੀਜੇ ਆਉਣ ਦੇ ਪੂਰੀ ਉਮੀਦ ਹੈ।ਇਸ ਵਿੱਚ ਕਟੌਤੀ ਹੋਣ ਨਾਲ ਬੱਚਿਆਂ ਨੂੰ ਦੁਹਰਾਈ ਦੇ ਲਈ ਢੁੱਕਵਾਂ ਸਮਾਂ ਮਿਲਣਾ , ਸਾਰੇ ਵਿਸ਼ਿਆਂ ਦੇ ਵਿੱਚ ਲਿਖਤੀ ਕੰਮ ਘੱਟ ਹੋ ਜਾਣਾ, ਅਧਿਆਪਕ ਅਤੇ ਵਿਦਿਆਰਥੀਆਂ ਦੇ ਰਿਸ਼ਤਿਆਂ ਦੇ ਵਿੱਚ ਮਿਠਾਸ ਹੋਣਾ, ਰੱਟਾ ਲਗਾਉਣ ਦੀ ਪ੍ਰਵਿਰਤੀ ਦਾ ਖਾਤਮਾ, ਵਿਸ਼ੇ ਦੇ ਸਬੰਧੀ ਸ਼ੰਕੇ ਦੂਰ ਹੋਣੇ, ਹੀਣ ਭਾਵਨਾ ਦਾ ਖਤਮ ਹੋਣਾ , ਆਤਮ ਵਿਸ਼ਵਾਸ ਪੈਦਾ ਹੋਣਾ , ਪ੍ਰੀਖਿਆਂ ਕੇਂਦਰ ਦੇ ਡਰ ਦਾ ਖਾਤਮਾ, ਨਕਲ ਦੀ ਕੁਰੀਤੀ ਦਾ ਨਾਸ਼ ਹੋਣਾ, ਪਲੇ ਵੇ ਤਰੀਕਿਆਂ ਦੇ ਨਾਲ ਵਿਸ਼ਿਆਂ ਪ੍ਰਤੀ ਨੀਰਸਪਣ ਦਾ ਖਾਤਮਾ ਆਦਿ ਨਾਲ ਬੱਚਿਆਂ ਦਾ ਸਰਵਪੱਖੀ ਵਿਕਾਸ ਯਕੀਨੀ ਹੈ।ਸਰਕਾਰ ਦੇ ਇਸ ਉੱਦਮ ਨਾਲ ਔਸਤ ਵਿਦਿਆਰਥੀਆਂ ਨੂੰ ਹੁਸ਼ਿਆਰ ਬੱਚਿਆਂ ਦੇ ਨਾਲ ਰਲਣ ਦਾ ਇੱਕ ਮੌਕਾ ਵੀ ਮਿਲਿਆ ਹੈ। ਇਸਦਾ ਅਸਰ ਬੱਚਿਆਂ ਦੀ ਸਰੀਰਕ ਸਿਹਤ ਦੇ ਉੱਪਰ ਦੇਖਣ ਨੂੰ ਵੀ ਮਿਲੇਗਾ ਜੋ ਕਿ ਪੜ੍ਹਨ ਦੇ ਲਈ ਬੜ੍ਹੀ ਹੀ ਜਰੂਰੀ ਹੈ।ਇੱਕ ਤੰਦਰੁਸਤ ਸਰੀਰ ਵਿੱਚ ਹੀ ਇੱਕ ਤਿੰਦਰੁਸਤ ਮਨ ਦਾ ਨਿਵਾਸ ਹੁੰਦਾ ਹੈ। ਹੁਣ ਵਿਭਾਗ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਦੇ ਵੱਧ ਤੋਂ ਵੱਧ ਵਿਦਿਅਕ ਮੁਕਾਬਲੇ ਵੀ ਕਰਵਾਏ ਤਾਂ ਜੋ ਪ੍ਰਤੀਯੋਗੀ ਪ਼੍ਰੀਖਿਆਵਾਂ ਦੀ ਲਈ ਮੁੱਢ ਤੋਂ ਹੀ ਤਿਆਰੀ ਹੋ ਸਕੇ।ਂਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਸਿਲੇਬਸ ਵਿੱਚ ਕਟੌਤੀ ਕਰਨਾ ਇੱਕ ਸਲਾਘਾਯੋਗ ਕਦਮ ਹੈ।ਜਿਸਦੀ ਬੱਚਿਆਂ, ਮਾਪਿਆਂ, ਸਮੁੱਚੇ ਅਧਿਆਪਕ ਵਰਗ ਨੇ ਖੂਬ ਪ੍ਰਸ਼ੰਸਾ ਕੀਤੀ ਹੈ।ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਆੳਣ ਵਾਲੇ ਸਮੇਂ ਵਿੱਚ ਸਰਕਾਰੀ ਸਕੂਲਾਂ ਦੇ ਬੱਚੇ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੇ ਵਿਚਕਾਰ ਸਭ ਖੇਤਰਾਂ ਵਿੱਚ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲਣਗੇ।
ਪਤਾ- 298, ਚਮਨਦੀਪ ਸ਼ਰਮਾ
ਮਹਾਰਾਜਾ ਯਾਦਵਿੰਦਰਾ ਇਨਕਲੇਵ
ਨਾਭਾ ਰੋਡ, ਪਟਿਆਲਾ
ਸੰਪਰਕ ਨੰਬਰ- 95010 33005