ਭਾਜਪਾ ਦੀ ਕਦਮ-ਤਾਲ, ਬੇਬਸ ਵਿਰੋਧੀ ਧਿਰ ਅਤੇ ਨਿਰਾਸ਼ ਲੋਕ - ਗੁਰਮੀਤ ਸਿੰਘ ਪਲਾਹੀ
ਮੋਦੀ ਸਰਕਾਰ ਦੀ ਦੂਜੀ ਪਾਰੀ ਵਿੱਚ ਮੋਦੀ-ਸ਼ਾਹ ਜੋੜੀ ਨੇ ਜਿਸ ਆਤਮ-ਵਿਸ਼ਵਾਸ ਅਤੇ ਹਮਲਾਵਰ ਰੁਖ ਨਾਲ ਪਹਿਲਾਂ ਤਿੰਨ ਤਲਾਕ ਬਿੱਲ ਕਨੂੰਨ ਬਣਾਇਆ ਅਤੇ ਫਿਰ ਰਾਜ ਸਭਾ ਵਿੱਚ ਭਾਜਪਾ ਦਾ ਬਹੁਮਤ ਨਾ ਹੁੰਦਿਆਂ ਹੋਇਆਂ ਵੀ ਕਸ਼ਮੀਰ ਵਿੱਚੋਂ ਧਾਰਾ 370 ਅਤੇ 35-ਏ ਖ਼ਤਮ ਕਰਨ ਦਾ ਕਨੂੰਨ ਵਿਰੋਧੀ ਧਿਰ 'ਚ ਭੰਨ-ਤੋੜ ਕਰਕੇ ਪਾਸ ਕਰਵਾ ਲਿਆ, ਉਹ ਭਾਰਤ ਦੀ ਵਿਰੋਧੀ ਧਿਰ ਲਈ ਸ਼ਰਮਨਾਕ ਸੀ। ਜਾਪਦਾ ਹੈ ਜਿਵੇਂ ਵਿਰੋਧੀ ਧਿਰ ਢਹਿ ਰਹੀ ਹੈ, ਹੌਸਲਾ ਹਾਰ ਰਹੀ ਹੈ ਅਤੇ ਇਥੋਂ ਤੱਕ ਕਿ ਲੜਨਾ ਵੀ ਛੱਡ ਰਹੀ ਹੈ। ਮੋਦੀ-2 ਸਰਕਾਰ, ਅਮਿਤ ਸ਼ਾਹ ਅਤੇ ਉਸਦੀ ਹੋਮ ਮਨਿਸਟਰੀ ਰਾਹੀਂ, ਭਾਜਪਾ ਦੇ ਬੁਨਿਆਦੀ ਏਜੰਡੇ ਨੂੰ ਹਕੀਕਤ ਵਿੱਚ ਬਦਲਣ ਲਈ ਯਤਨਸ਼ੀਲ ਹੈ। ਤਿੰਨ ਤਲਾਕ ਇਸ ਦਿਸ਼ਾ ਵਿੱਚ ਪਹਿਲਾ ਕਦਮ ਸੀ, ਕਸ਼ਮੀਰ ਵਿਚੋਂ ਧਾਰਾ-370 ਅਤੇ 35-ਏ ਖ਼ਤਮ ਕਰਨਾ ਦੂਜਾ ਕਦਮ ਰਿਹਾ। ਅਤੇ ਹੁਣ ਕੀ ਭਾਜਪਾ ਦੇ ਏਜੰਡੇ 'ਚ ਖਾਸ ਥਾਂ ਰੱਖਦੇ ਅਯੁੱਧਿਆ ਵਿੱਚ ਰਾਮ ਮੰਦਰ ਦੇ ਨਿਰਮਾਣ ਨੂੰ ਟਾਲਿਆ ਜਾ ਸਕਦਾ ਹੈ ਜਾਂ ਰੋਕਿਆ ਜਾ ਸਕਦਾ ਹੈ? ਉਸ ਵੇਲੇ ਜਦੋਂ ਭਾਜਪਾ, ਰਾਜ ਸਭਾ ਵਿੱਚ ਆਪਣੇ ਬਲਬੂਤੇ ਰਾਜ ਸਭਾ ਵਿੱਚ ਬਹੁਮਤ ਹਾਸਲ ਕਰ ਲਵੇਗੀ, ਕੀ ਭਾਜਪਾ ਦੇਸ਼ ਨੂੰ ਸੰਘ ਪਰਿਵਾਰ ਦੇ ਏਜੰਡੇ ਨੂੰ ਲਾਗੂ ਕਰਨ ਲਈ ਹਿੰਦੂ ਰਾਸ਼ਟਰ ਬਨਾਉਣ ਵੱਲ ਕਦਮ ਨਹੀਂ ਪੁੱਟੇਗੀ?
ਪਿਛਲੇ ਦਿਨੀਂ ਜਦੋਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਕਾਂਗਰਸ ਦੀ ਭਾਜਪਾ ਨਾਲ ਵਿਚਾਰਧਾਰਾ ਦੀ ਲੜਾਈ ਹੈ। ਰਾਹੁਲ ਨੇ ਇਹ ਵੀ ਕਿਹਾ ਸੀ ਕਿ ਅਗਰ ਭਾਰਤ ਕੰਪਿਊਟਰ ਹੈ ਤਾਂ ਕਾਂਗਰਸ ਪਾਰਟੀ ਉਸਦਾ ਉਪਰੇਟਿੰਗ ਸਿਸਟਮ (ਚਾਲਕ) ਹੈ। ਲੇਕਿਨ ਕੁਝ ਦਿਨ ਪਹਿਲਾਂ ਜਿਸ ਢੰਗ ਦਾ ਘਟਨਾ ਕਰਮ ਵਾਪਰਿਆ ਹੈ, ਉਸ ਤੋਂ ਤਾਂ ਸਿੱਧ ਹੁੰਦਾ ਹੈ ਕਿ ਵਿਰੋਧੀ ਧਿਰ ਢਹਿ ਰਹੀ ਹੈ, ਖੇਰੂੰ-ਖੇਰੂੰ ਹੋ ਰਹੀ ਹੈ। ਕਾਂਗਰਸ ਦਾ ਤਾਂ ਹੁਣ ਬੁਰਾ ਹਾਲ ਹੋ ਰਿਹਾ ਹੈ, ਜਿਹੜੀ 2004 ਅਤੇ 2009 'ਚ ਕਮਜ਼ੋਰ ਤਾਂ ਹੋ ਚੁੱਕੀ ਸੀ, ਪਰ ਰਾਜ ਭਾਗ ਲਈ ਜੋੜ-ਤੋੜ ਕਰਦੀ ਰਹੀ। ਪਰ 2014 ਦੀਆਂ ਚੋਣਾਂ 'ਚ ਮਸਾਂ 44 ਲੋਕ ਸਭਾ ਸੀਟਾਂ ਜਿੱਤ ਸਕੀ ਅਤੇ 2019 'ਚ ਵੀ ਉਹ ਚੰਗੀ ਕਾਰਗੁਜ਼ਾਰੀ ਨਾ ਦਿਖਾ ਸਕੀ। ਹੁਣ ਤਾਂ ਭਾਜਪਾ ਹੀ ਦੇਸ਼ ਰੂਪੀ ਕੰਪਿਊਟਰ ਦਾ ਉਪਰੇਟਿੰਗ ਸਿਸਟਮ (ਚਾਲਕ) ਬਨਣ ਲਈ ਤਿਆਰ ਹੈ।
ਉੱਤਰੀ ਭਾਰਤ ਵਿੱਚ ਭਾਜਪਾ ਨੇ ਫੰਨ ਫੈਲਾ ਲਿਆ ਹੈ। ਦੱਖਣੀ ਭਾਰਤ ਵਿੱਚ ਉਸਦਾ ਦਬ-ਦਬਾ ਵਧਦਾ ਜਾ ਰਿਹਾ ਹੈ। ਟੀ.ਆਰ.ਐਸ., ਬੀਜਦ, ਅੰਨਾ.ਡੀ.ਐਮ.ਕੇ., ਵਾਈ.ਆਰ..ਐਸ. ਕਾਂਗਰਸ ਪਾਰਟੀਆਂ ਨੂੰ ਭਾਜਪਾ ਆਪਣੀ ਧਿਰ ਨਾਲ ਜੋੜਨ 'ਚ ਕਾਮਯਾਬ ਹੋ ਚੁੱਕੀ ਹੈ। ਬਹੁਤੇ ਖੇਤਰੀ ਦਲ, ਕੇਂਦਰ ਸਰਕਾਰ ਦੇ ਨਾਲ ਹੋਕੇ ਇਸ ਲਈ ਤੁਰਨਾ ਚਾਹੁੰਦੇ ਹਨ ਕਿ ਉਹਨਾ ਨੂੰ ਆਪਣੀ ਸਰਕਾਰ ਚਲਾਉਣ ਲਈ ਮੋਦੀ-ਸ਼ਾਹ ਜੋੜੀ ਤੋਂ ਧਨ ਮਿਲਦਾ ਰਹੇ। ਉਂਜ ਵੀ ਉਹ ਡਰਦੇ ਹਨ ਕਿ ਉਹਨਾ ਦੇ ਨੇਤਾਵਾਂ ਉਤੇ ਕੇਂਦਰ ਸਰਕਾਰ ਦੀ ਆਈ.ਡੀ., ਸੀ.ਬੀ.ਆਈ., ਆਮਦਨ ਕਰ ਵਿਭਾਗ ਆਪਣਾ ਹੰਟਰ ਲੈਕੇ ਉਹਨਾ ਨੂੰ ਹੈਰਾਨ-ਪ੍ਰੇਸ਼ਾਨ ਨਾ ਕਰੇ। ਭਾਜਪਾ ਦੀ 2014 ਅਤੇ 2019 'ਚ ਲਗਾਤਾਰ ਜਿੱਤ ਅਤੇ ਬਹੁਤੇ ਸੂਬਿਆਂ 'ਚ ਪਸਾਰਾ ਭਾਰਤੀ ਰਾਜਨੀਤੀ 'ਚ ਬਦਲਾਅ ਦਾ ਸੰਕੇਤ ਹੈ।
ਭਾਜਪਾ ਦੀ ਚੜ੍ਹਤ, ਭਾਰਤੀ ਰਾਜਨੀਤੀ 'ਚ, ਕਾਂਗਰਸ ਦੀ ਸਮੁੱਚੇ ਭਾਰਤ 'ਚ ਫੈਲਾਅ ਦੀ ਸਮਾਪਤੀ ਦਰਸਾਉਂਦੀ ਹੈ। ਭਾਰਤ ਦੀ ਰਾਜਨੀਤੀ 'ਚ ਖੱਬੇ ਦਲ ਹਾਸ਼ੀਏ 'ਤੇ ਜਾ ਚੁੱਕੇ ਹਨ, ਜਿਹਨਾ ਨੂੰ ਲੋਕਾਂ ਤੋਂ ਵੱਡੀਆਂ ਉਮੀਦਾਂ ਸਨ। ਪੱਛਮੀ ਬੰਗਾਲ 'ਚ ਖੱਬੇ ਪੱਖੀ ਰਾਜ ਦੇ ਖ਼ਾਤਮੇ ਨੇ ਖੱਬੇ ਪੱਖੀ ਦਲਾਂ ਦਾ ਦੇਸ਼ ਵਿੱਚ ਪ੍ਰਭਾਵ ਘਟਾਇਆ ਹੈ। ਇੰਜ ਦੇਸ਼ ਅੱਜ ਰਾਸ਼ਟਰਵਾਦੀ ਧਰੁਵੀਕਰਨ ਵੱਲ ਵਧਦਾ ਨਜ਼ਰ ਆ ਰਿਹਾ ਹੈ। ਸੰਸਦ ਵਿੱਚ ਵਿਰੋਧੀ ਧਿਰ ਚਿੱਤ ਹੋ ਰਹੀ ਹੈ, ਉਸਦਾ ਮਹੱਤਵ ਹੀ ਕੋਈ ਨਹੀਂ ਰਿਹਾ, ਭਾਜਪਾ ਦੀ ਥ੍ਰੀ ਨਾਟ ਥ੍ਰੀ ਦੀ ਗਿਣਤੀ (303 ਲੋਕ ਸਭਾ ਮੈਂਬਰ) ਵਿਰੋਧੀ ਆਵਾਜ਼ ਨੂੰ ਲਗਾਤਾਰ ਦਬਾਉਂਦੀ ਹੈ ਅਤੇ ਮਨ ਚਾਹੇ ਬਿੱਲ ਪਾਸ ਕਰਵਾ ਰਹੀ ਹੈ। ਜਿਵੇਂ ਕਿ ਉਸਨੇ ਸੂਚਨਾ ਦਾ ਅਧਿਕਾਰ ਕਾਨੂੰਨ 'ਚ ਸੋਧ ਕਰਕੇ, ਇਸ ਨੂੰ ਕਮਜ਼ੋਰ ਕਰਨਾ ਅਤੇ ਐਨ.ਆਈ.ਏ. ਨੂੰ ਲੋੜੋਂ ਵੱਧ ਅਧਿਕਾਰ ਦੇਣਾ ਆਦਿ ਬਿੱਲ ਲੋਕ ਸਭਾ, ਰਾਜ ਸਭਾ 'ਚ ਪਾਸ ਕਰਵਾ ਲਏ ਗਏ।
ਲੋਕ ਸਭਾ 'ਚ ਬਹੁਮਤ ਪ੍ਰਾਪਤ ਕਰਨ ਉਪਰੰਤ, ਰਾਜ ਸਭਾ 'ਚ ਬਹੁਮਤ ਪ੍ਰਾਪਤ ਕਰਨ ਲਈ ਭਾਜਪਾ ਵਲੋਂ ਹਰ ਹੀਲਾ ਵਰਤਿਆ ਜਾ ਰਿਹਾ ਹੈ। ਵਿਰੋਧੀ ਧਿਰ ਦੇ ਰਾਜ ਸਭਾ ਮੈਂਬਰਾਂ ਤੋਂ ਅਸਤੀਫ਼ਾ ਦੁਆਕੇ, ਉਹਨਾ ਨੂੰ ਆਪਣੀ ਪਾਰਟੀ 'ਚ ਸ਼ਾਮਲ ਕਰਕੇ, ਉਸੇ ਸੀਟ ਉਤੇ ਆਪਣੇ ਸ਼ਾਸ਼ਤ ਸੂਬਿਆਂ ਤੋਂ ਉਮੀਦਵਾਰ ਬਣਾਕੇ ਮੁੜ ਆਪਣੀ ਧਿਰ 'ਚ ਸ਼ਾਮਲ ਕੀਤਾ ਜਾ ਰਿਹਾ ਹੈ।
ਵਿਰੋਧੀ ਧਿਰ ਦੀਆਂ ਸੂਬਿਆਂ ਵਿਚਲੀਆਂ ਸਰਕਾਰਾਂ ਤੋੜਕੇ ਉਹਨਾ ਦੇ ਵਿਧਾਇਕ ਸਾਮ-ਦਾਮ-ਦੰਡ ਦੇ ਫਾਰਮੂਲੇ ਨਾਲ ਭਾਜਪਾ 'ਚ ਸ਼ਾਮਲ ਕੀਤੇ ਜਾ ਰਹੇ ਹਨ ਅਤੇ ਆਪਣੀਆਂ ਸਰਕਾਰਾਂ ਉਥੇ ਸਥਾਪਿਤ ਕੀਤੀਆਂ ਜਾ ਰਹੀਆਂ ਹਨ। ਭਾਜਪਾ ਵਲੋਂ ਅਪਣਾਈ 'ਫੁਟ ਪਾਉ ਤੇ ਰਾਜ ਕਰੋ' ਦੀ ਨੀਤੀ ਤਹਿਤ ਕਰਨਾਟਕ ਵਿੱਚ ਕਾਂਗਰਸ ਜੀ.ਡੀ.ਐਸ. ਸਰਕਾਰ, ਵਿਧਾਇਕਾਂ ਦੀ ਤੋੜ-ਫੋੜ ਕਰਕੇ ਡੇਗ ਦਿੱਤੀ ਗਈ। ਭਾਜਪਾ ਸਮੂਹਿਕ ਰੂਪ ਵਿੱਚ ਜਾਂ ਇੱਕਾ-ਦੁਕਾ ਵਿਰੋਧੀ ਵਿਧਾਇਕਾਂ/ ਸਾਂਸਦਾਂ ਨੂੰ ਆਪੋ-ਆਪਣੀਆਂ ਪਾਰਟੀਆਂ ਤੋਂ ਅੱਲਗ ਕਰਨ ਦੇ ਰਸਤੇ 'ਤੇ ਹੈ। ਗੋਆ ਵਿੱਚ ਕਾਂਗਰਸ ਦੇ 15 ਵਿਧਾਇਕਾਂ ਵਿੱਚ 10 ਵਿਧਾਇਕ (ਦੋ ਤਿਹਾਈ) ਭਾਜਪਾ 'ਚ ਸ਼ਾਮਲ ਹੋ ਗਏ। ਤ੍ਰਿਮੂਲ ਕਾਂਗਰਸ, ਤੇਲਗੂ ਦੇਸ਼ਮ, ਅਤੇ ਰਾਸ਼ਟਰਵਾਦੀ ਕਾਂਗਰਸ ਦੇ ਵਿਧਾਇਕ ਭਾਜਪਾ ਦੇ ਖੇਮੇ 'ਚ ਚਲੇ ਗਏ। ਸਮਾਜਵਾਦੀ ਪਾਰਟੀ ਦੇ ਨੀਰਜ ਸ਼ੇਖਰ, ਕਾਂਗਰਸ ਦੇ ਸੰਜੇ ਸਿੰਘ, ਰਾਜ ਸਭਾ ਤੋਂ ਅਸਤੀਫ਼ੇ ਦੇ ਗਏ। ਭਾਜਪਾ 'ਚ ਸ਼ਾਮਲ ਹੋ ਗਏ। ਉਹ ਦੋਵੇਂ ਭਾਜਪਾ ਟਿਕਟ 'ਤੇ ਲੜਣਗੇ ਅਤੇ ਭਾਜਪਾ ਦੀ ਰਾਜ ਸਭਾ 'ਚ ਗਿਣਤੀ ਵਧਾਉਣਗੇ। ਇੰਜ ਭਾਜਪਾ ਦੀ ਸਰਕਾਰ ਆਪਣੇ ਬੁਨਿਆਦੀ ਨਿਸ਼ਾਨੇ ਦੀ ਪ੍ਰਾਪਤੀ ਲਈ ਹਰ ਹਰਬਾ ਵਰਤ ਰਹੀ ਹੈ, ਕਿਉਂਕਿ ਭਾਜਪਾ ਸਿਰਫ਼ ਕਾਂਗਰਸ ਮੁਕਤ ਭਾਰਤ ਦੀ ਗੱਲ ਹੀ ਨਹੀਂ ਕਰਦੀ, ਸਗੋਂ ਆਪਣੇ ਵਿਰੋਧ ਵਿੱਚ ਉਠੀ ਹਰ ਆਵਾਜ਼ ਨੂੰ ਚੁੱਪ ਕਰਵਾਉਣ ਦਾ ਰਾਸਤਾ ਫੜਕੇ'' ''ਇੱਕਲੇ ਚਲੋ'' ਦੀ ਰਾਜਨੀਤੀ ਉਤੇ ਕੰਮ ਕਰ ਰਹੀ ਹੈ। ਬੰਗਾਲ ਵਿੱਚ ਤ੍ਰਿਮੂਲ ਕਾਂਗਰਸ, ਪੰਜਾਬ, ਰਾਜਸਥਾਨ, ਮੱਧ ਪ੍ਰਦੇਸ਼ ਵਿੱਚੋਂ ਕਾਂਗਰਸ ਦੇ ਰਾਜ ਦਾ ਖ਼ਾਤਮਾ ਤਾਂ ਉਸਦੇ ਅਜੰਡੇ ਉਤੇ ਹੈ ਹੀ, ਪਰ ਪੰਜਾਬ ਵਿੱਚ ਆਉਣ ਵਾਲੀ ਚੋਣ ਤੱਕ ਉਹ ਸ਼੍ਰੋਮਣੀ ਅਕਾਲੀ ਦਲ ( ਬਾਦਲ) ਨਾਲੋਂ ਤੋੜ-ਵਿਛੋੜਾ ਕਰਕੇ, ਚਰਚਾ ਹੈ ਕਿ ਸਿੱਖ ਚਿਹਰਿਆਂ ਨੂੰ ਅਗੇ ਲਿਆਕੇ, ਉਹ ਪੰਜਾਬ 'ਚ ਆਪਣਾ ਮੁੱਖ ਮੰਤਰੀ ਬਣਾਕੇ ਰਾਜ ਕਰਨ ਦੀ ਚਾਹਵਾਨ ਵੀ ਹੈ। ਇਹੋ ਕਾਰਨ ਹੈ ਕਿ ਉਸ ਵਲੋਂ ਪੰਜਾਬ 'ਚ ਵੱਡੀ ਪੱਧਰ 'ਤੇ ਮੈਂਬਰਸ਼ਿਪ ਭਰਤੀ ਕੀਤੀ ਜਾ ਰਹੀ ਹੈ ਅਤੇ ਅਕਾਲੀਆਂ ਨਾਲੋਂ ਤੋੜ-ਵਿਛੋੜਾ ਕਰਨ ਲਈ ਹੁਣੇ ਤੋਂ ਹੀ ਅਗਲੀਆਂ ਵਿਧਾਨ ਸਭਾ ਚੋਣਾਂ 'ਚ ਅੱਧੀਆਂ ਸੀਟਾਂ ੳਤੇ ਦਾਵੇਦਾਰੀ ਪੇਸ਼ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਇਸੇ ਸਾਲ ਹੋਣ ਵਾਲੀਆਂ ਹਰਿਆਣਾ, ਮਹਾਂਰਾਸ਼ਟਰ ਅਤੇ ਅਗਲੇ ਸਾਲ 'ਚ ਸ਼ੁਰੂ ਹੋਣ ਵਾਲੀਆਂ ਝਾਰਖੰਡ ਅਤੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਭਾਜਪਾ ਹਰ ਹੀਲੇ ਜਿੱਤਣ ਲਈ ਯਤਨਸ਼ੀਲ਼ ਰਹੇਗੀ।
ਸਾਲ 1990 ਦੇ ਦਹਾਕੇ 'ਚ ਕੇਂਦਰ ਵਿੱਚ ਭਾਜਪਾ ਦਾ ਉਭਾਰ ਹੈਰਾਨ ਕਰਨ ਵਾਲਾ ਸੀ, ਜਿਸਨੇ ਇਹ ਦਸ ਦਿੱਤਾ ਸੀ ਕਿ ਕਾਂਗਰਸ ਦਾ ਸਪਸ਼ਟ ਬਦਲ ਭਾਜਪਾ ਹੀ ਹੈ। ਭਾਜਪਾ ਦੇ ਬਾਜਪਾਈ ਦੇ ਕਾਰਜਕਾਲ ਨੂੰ ਲੋਕ ਕਾਂਗਰਸੀਕਰਨ ਅਤੇ ਉਦਾਰੀਕਰਨ ਦਾ ਦੌਰ ਕਹਿੰਦੇ ਸਨ। ਪਰ 2014 ਤੇ 2019 'ਚ ਭਾਜਪਾ ਦੀ ਜਿੱਤ ਅਤੇ ਵੋਟ ਬੈਂਕ 'ਚ ਵਾਧੇ ਨੇ ਬਹੁਤੇ ਲੋਕਾਂ ਨੂੰ ਹੈਰਾਨ-ਪ੍ਰੇਸ਼ਾਨ ਕੀਤਾ ਹੈ। ਜਿਵੇਂ 1975 ਦੀ ਇੰਦਰਾ ਗਾਂਧੀ ਵਲੋਂ ਦੇਸ਼ ਉਤੇ ਥੋਪੀ ਐਮਰਜੈਂਸੀ ਸਮੇਂ ਲੋਕ ਬੇਬਸ ਮਹਿਸੂਸ ਕਰ ਰਹੇ ਸਨ, ਅਤੇ ਵਿਰੋਧੀ ਧਿਰ ਨੂੰ ਇੰਦਰਾ ਗਾਂਧੀ ਦੀ ਕਾਰਜਸ਼ੈਲੀ ਨੇ ਆਤੁਰ ਬਣਾ ਦਿੱਤਾ ਸੀ, ਇਵੇਂ ਹੀ ਲੋਕ ਹਿੱਤਾਂ ਤੋਂ ਉਲਟ ਜਾਕੇ ਤਾਬੜ ਤੋੜ ਲਏ ਗਏ ਭਾਜਪਾ ਦੀ ਸਰਕਾਰ ਦੇ ਫੈਸਲਿਆਂ ਨੇ ਲੋਕਾਂ ਨੂੰ ਨਿਰਾਸ਼ ਕੀਤਾ ਹੈ। ਰਿਜ਼ਰਵੇਸ਼ਨ ਸਬੰਧੀ ਸੰਘ ਪਰਿਵਾਰ ਦੇ ਮੁੱਖੀ ਵਲੋਂ ਬਹਿਸ ਦਾ ਸੱਦਾ, ਤੁਗਲਕਾਬਾਦ ਵਿੱਚ ਗੁਰੂ ਰਵਿਦਾਸ ਦੇ ਪੁਰਾਤਨ ਮੰਦਰ ਦਾ ਢਾਇਆ ਜਾਣਾ, 370 ਧਾਰਾ ਦਾ ਕਸ਼ਮੀਰ ਵਿਚੋਂ ਖ਼ਾਤਮਾ ਕਰਨਾ, ਆਮਦਨ ਕਰ ਵਿਭਾਗ ਈ.ਡੀ. ਅਤੇ ਸੀ.ਬੀਆਈ. ਦੀ ਵਿਰੋਧੀ ਧਿਰ ਦੇ ਆਗੂਆਂ ਨੂੰ ਦਬਾਉਣ ਲਈ ਵਰਤੋਂ ਕਰਨਾ, ਸੂਚਨਾ ਦੇ ਅਧਿਕਾਰ ਨੂੰ ਪੇਤਲਾ ਕਰਕੇ ਉਸਦਾ ਸਰਕਾਰੀਕਰਨ ਕਰਨਾ ਅਤੇ ਐਨ.ਆਈ. ਏ. ਨੂੰ ਲੋੜੋਂ ਵੱਧ ਅਧਿਕਾਰ ਦੇਣਾ (ਜਿਸ ਅਧੀਨ ਕਿਸੇ ਨੂੰ ਵੀ ਅੱਤਵਾਦੀ ਕਰਾਰ ਦਿੱਤਾ ਜਾ ਸਕਦਾ ਹੈ), ਦੇਸ਼ ਵਿੱਚ ਐਮਰਜੈਂਸੀ ਦੇ ਸਮੇਂ ਦੀ ਯਾਦ ਦੁਆਉਂਦਾ ਹੈ। ਜਿਸ ਢੰਗ ਨਾਲ ਕੌਮੀ ਪ੍ਰੈਸ ਦੀ ਵਰਤੋਂ ਸਰਕਾਰ ਵਲੋਂ ਨਿਰੰਤਰ ਸੱਚ ਨੂੰ ਝੂਠ ਨੂੰ ਸੱਚ ਬਨਾਉਣ ਲਈ ਅਤੇ ਵਿਰੋਧੀ ਆਵਾਜ਼ਾਂ ਨੂੰ ਬੰਦ ਕਰਨ ਲਈ ਕੀਤੀ ਜਾ ਰਹੀ ਹੈ।, ਉਹ ਆਮ ਲੋਕਾਂ ਵਿੱਚ ਨਿਰਾਸ਼ਾ ਅਤੇ ਅਸੰਤੋਸ਼ ਪੈਦਾ ਕਰ ਰਹੀ ਹੈ।
ਭਾਜਪਾ ਲੋਕਾਂ ਦੇ ਇਸ ਅਸੰਤੋਸ਼ ਤੋਂ ਬੇਖ਼ਬਰ ਆਪਣੇ ਬੁਨਿਆਦੀ ਨਿਸ਼ਾਨੇ ਵੱਲ ਕਦਮ ਤਾਲ ਕਰਦੀ ਅੱਗੇ ਵਧਦੀ ਜਾ ਰਹੀ ਹੈ। ਵਿਰੋਧੀ ਧਿਰ ਬੇਬਸੀ ਦੇ ਆਲਮ ਵਿੱਚ, ਲੋਕਾਂ ਨਾਲੋਂ ਟੁੱਟੀ, ਉਹਨਾ ਦੀਆਂ ਮੁਸੀਬਤਾਂ ਤੋਂ ਅੱਖਾਂ ਫੇਰਕੇ ਨਿਸਲ ਹੋਈ ਬੈਠੀ ਹੈ।
ਰਾਸ਼ਟਰਵਾਦੀ ਧਰੁਵੀਕਰਨ ਵੱਲ ਝੁੱਕਦੀ ਵਰਤਮਾਨ ਰਾਜਨੀਤੀ ਵਿੱਚ, ਜਦੋਂ ਸੰਸਦ ਵਿੱਚ ਵਿਰੋਧੀ ਧਿਰ ਆਪਣੀ ਗੱਲ ਰੱਖਣ 'ਚ ਫੇਲ੍ਹ ਹੋ ਚੁੱਕੀ ਹੈ ਅਤੇ ਉਸਦੇ ਕਹੇ ਦਾ ਕੋਈ ਮਤਲਬ ਹੀ ਨਹੀਂ ਰਹਿ ਗਿਆ ਤਾਂ ਲੋਕਾਂ ਕੋਲ ਸੜਕਾਂ ਤੇ ਆਕੇ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਣਾ ਹੀ ਬਦਲ ਹੈ। ਬਿਨ੍ਹਾਂ ਸ਼ੱਕ ਸਰਕਾਰ ਨੂੰ ਲੋਕਾਂ ਦੀ ਇਹ ਆਵਾਜ਼ ਪਸੰਦ ਨਹੀਂ ਹੋਏਗੀ ।
ਗੁਰਮੀਤ ਪਲਾਹੀ
9815802070