ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
25 August 2019
ਸੁਖਬੀਰ ਬਾਦਲ ਨੇ ਸਿੱਖਾਂ ਵਿਚ ਵੰਡੀਆਂ ਪਾਈਆਂ- ਕੈਪਟਨ
ਨਿੱਤ ਨਵੇਂ ਪੁਆੜੇ ਪਾਉਂਦਾ ਨੀਂ ਮਰ ਜਾਣਾ ਅਮਲੀ।
ਗਊਸ਼ਾਲਾਵਾਂ ਦੇ ਅੰਦਰ ਜਾਣ ਲਈ ਤਰਸਣ ਬਾਹਰ ਖੜ੍ਹੇ ਸਾਨ੍ਹ- ਇਕ ਖ਼ਬਰ
ਲੱਸੀ ਲੈਣ ਦੇ ਬਹਾਨੇ ਆਉਂਦੇ, ਛੜਿਆਂ ਦੀ ਨੀਤ ਬੁਰੀ।
ਨਰੇਗਾ ਕਰਮਚਾਰੀਆਂ ਦੇ ਮੁਜ਼ਾਹਰੇ 'ਚ ਆਵਾਰਾ ਸਾਨ੍ਹ ਆ ਵੜੇ- ਇਕ ਖ਼ਬਰ
ਗਊਸ਼ਾਲਾਵਾਂ 'ਚ ਵੜਨ ਨਹੀਂ ਦਿੰਦੇ, ਮੁਜ਼ਾਹਰਿਆਂ 'ਚ ਦੁੱਖ ਰੋਈਦਾ।
ਪੰਜਾਬ ਨੂੰ ਹੜ੍ਹ ਪੀੜਤ ਸੂਬਿਆਂ ਦੀ ਸੂਚੀ ਵਿਚ ਸ਼ਾਮਲ ਕਰੇ ਕੇਂਦਰ- ਕੈਪਟਨ
ਮੈਨੂੰ ਪਾਰ ਲੰਘਾ ਵੇ ਘੜਿਆ, ਮਿੰਨਤਾਂ ਤੇਰੀਆਂ ਕਰਦੀ।
ਸਾਨੂੰ ਚੀਨ ਦੀ ਲੋੜ ਨਹੀਂ, ਅਸੀਂ ਉਹਨਾਂ ਤੋਂ ਬਿਨਾਂ ਹੀ ਬੇਹਤਰ ਹਾਂ- ਟਰੰਪ
ਚੁੱਕ ਚਰਖ਼ਾ ਪਰ੍ਹਾਂ ਕਰ ਪੀੜ੍ਹੀ, ਛੜਿਆਂ ਨੇ ਬੋਕ ਬੰਨ੍ਹਣਾਂ।
ਭਾਰਤ ਨਾਲ਼ ਗੱਲਬਾਤ ਦੀ ਆਸ ਨਹੀਂ-ਇਮਰਾਨ ਖ਼ਾਨ
ਮੇਰੇ ਨਰਮ ਕਾਲ਼ਜੇ ਲੜ ਗਏ, ਲੱਡੂ ਖਾ ਲਏ ਤੇਰੇ ਤੇਲ ਦੇ।
ਜੀ-7 ਸੰਮੇਲਨ ਤੋਂ ਪਹਿਲਾਂ ਹੀ ਡੋਨਲਡ ਟਰੰਪ ਦਾ ਮੂਡ ਵਿਗੜਿਆ- ਇਕ ਖ਼ਬਰ
ਦੋ ਘੁੱਟ ਪੀ ਕੇ ਦਾਰੂ, ਨੀਂ ਪੈਰ 'ਤੇ ਮੁੱਕਰ ਗਿਆ।
ਭਾਜਪਾ ਤੇ ਅਕਾਲੀਆਂ ਦੇ ਰਲ਼ ਕੇ ਵਿਧਾਨ ਸਭਾ ਦੀਆਂ ਚੋਣਾਂ ਲੜਨ ਦੇ ਆਸਾਰ ਮੁੱਕੇ- ਇਕ ਖ਼ਬਰ
ਅੱਖਾਂ ਗਹਿਰੀਆਂ ਤੇ ਮੁੱਖ ਕੁਮਲਾਏ, ਜਿਹਨਾਂ ਦੇ ਰਾਤੀਂ ਯਾਰ ਵਿਛੜੇ।
ਚੀਨ ਨੇ ਟਰੂਡੋ 'ਤੇ ਦੁਵੱਲੇ ਸਬੰਧ ਖ਼ਰਾਬ ਕਰਨ ਦੇ ਦੋਸ਼ ਲਗਾਏ- ਇਕ ਖ਼ਬਰ
ਮੁੰਡਾ ਜੱਟਾਂ ਦਾ ਬੜਾ ਟੁੱਟ ਪੈਣਾ, ਦੋਹੀਂ ਪਾਸੀਂ ਅੱਖ ਮਾਰਦਾ।
ਰਾਖਵੇਂਕਰਨ 'ਤੇ ਬਹਿਸ ਪਿੱਛੇ ਸੰਘ ਦੇ 'ਮਾੜੇ ਇਰਾਦੇ'-ਪ੍ਰਿਅੰਕਾ ਗਾਂਧੀ
ਤੇਰੇ ਛੱਲੇ ਨੇ ਪੁਆੜੇ ਪਾਏ, ਲਿਆ ਭਾਬੀ ਨੇ ਪਛਾਣ ਮਿੱਤਰਾ।
ਫ਼ਿਲਹਾਲ ਕਰਤਾਰ ਪੁਰ ਲਾਂਘਾ ਨਹੀਂ ਖੋਲ੍ਹਣਾ ਚਾਹੀਦਾ- ਸੁਬਰਾਮਨੀਅਮ ਸੁਆਮੀ
ਤੂੰ ਨਹੀਂ ਬੋਲਦੀ ਰਕਾਨੇ, ਤੂੰ ਨਹੀਂ ਬੋਲਦੀ ਤੇਰੇ 'ਚ ਤੇਰਾ ਯਾਰ ਬੋਲਦਾ।
ਪਰਤਾਪ ਸਿੰਘ ਬਾਜਵਾ ਨੇ ਪ੍ਰਧਾਨ ਮੰਤਰੀ ਨੂੰ ਪੰਜਾਬ ਨੂੰ ਫੰਡ ਦੇਣ ਦੀ ਅਪੀਲ ਕੀਤੀ-ਇਕ ਖ਼ਬਰ
ਕਦੇ ਸ਼ਾਹਾਂ ਦੀ ਸਰਦਾਰ, ਅੱਜ ਗਲ਼ੀਆਂ 'ਚ ਫਿਰੇ ਮੰਗਦੀ।
ਵਿਰੋਧੀ ਪਾਰਟੀਆਂ ਦਾ ਵਫ਼ਦ ਜੰਮੂ ਕਸ਼ਮੀਰ ਤੋਂ ਬੇਰੰਗ ਵਾਪਸ ਭੇਜਿਆ- ਇਕ ਖ਼ਬਰ
ਪਾਰ ਪੱਤਣੋਂ ਯਾਰ ਨੂੰ ਮਿਲਣਾ, ਪਾਰ ਲੰਘਾ ਦੇ ਘੜਿਆ।
ਬਰਗਾੜੀ ਬੇਅਦਬੀ ਮਾਮਲੇ 'ਚ ਅੜਿੱਕੇ ਡਾਹ ਰਿਹਾ ਹੈ ਅਕਾਲੀ ਦਲ- ਕੈਪਟਨ
ਉਡ ਕੇ ਚਿੰਬੜ ਗਿਆ, ਕਿਸੇ ਚੰਦਰੀ ਵਾੜ ਦਾ ਛਾਪਾ।
ਪੰਜ ਦਰਜਨ ਕਾਂਗਰਸੀ ਆਗੂਆਂ ਨੂੰ ਸਰਕਾਰੀ ਅਹੁੱਦੇ ਦੇਣ ਨੂੰ ਪ੍ਰਵਾਨਗੀ- ਇਕ ਖ਼ਬਰ
ਭਰ ਲਉ ਝੋਲ਼ੀਆਂ ਮਿੱਤਰੋ, ਮੀਂਹ ਲੱਡੂਆਂ ਦਾ ਪੈਂਦਾ।
ਪੰਜਾਬ 'ਚ ਹੜ੍ਹ ਬੀ.ਬੀ.ਐਮ.ਬੀ. ਦੀ ਨਾਲਾਇਕੀ ਨਾਲ਼ ਆਇਆ- ਸੁਖਪਾਲ ਖਹਿਰਾ
ਤੂੰ ਮੰਨ ਜਾਂ ਨਾ ਮੰਨ ਮਿੱਤਰਾ, ਗੜਬੜ ਹੋ ਗਈ ਲਗਦੀ ਆ।