ਆਜ਼ਾਦੀ ਦੀਆਂ ਬਰਕਤਾਂ ਦਾ ਲਾਭ ਇਨਸਾਨਾ, ਪਸ਼ੂਆਂ, ਪੰਛੀਆਂ ਜਾਂ ਜਾਨਵਰਾਂ ਨੂੰ? - ਉਜਾਗਰ ਸਿੰਘ
ਭਾਰਤ ਵਿਚ ਇਨਸਾਨ ਨਾਲੋਂ ਪਸ਼ੂਆਂ ਦੀ ਬੁਕਤ ਜ਼ਿਆਦਾ ਹੈ। ਇਨਸਾਨ ਨਾਲੋਂ ਪਸ਼ੂ ਜ਼ਿਆਦਾ ਆਜ਼ਾਦ ਹਨ। ਇਨਸਾਨ ਮਨਮਰਜ਼ੀ ਨਹੀਂ ਕਰ ਸਕਦਾ ਪ੍ਰੰਤੂ ਪਸ਼ੂ ਜੋ ਜੀਅ ਚਾਹੇ ਉਹੀ ਕਰ ਸਕਦਾ ਹੈ। ਜੇਕਰ ਇਨਸਾਨ ਸੜਕੀ ਅਵਾਜ਼ਾਈ ਵਿਚ ਰੁਕਾਵਟ ਪਾਉਂਦਾ ਹੈ ਤਾਂ ਉਹ ਕਾਨੂੰਨੀ ਤੌਰ ਤੇ ਗੁਨਹਗਾਰ ਹੈ। ਪਸ਼ੂ ਸੜਕਾਂ ਦੇ ਵਿਚਕਾਰ ਘੁੰਮਦੇ, ਖੜ੍ਹੇ ਅਤੇ ਬੈਠੇ ਰਹਿੰਦੇ ਹਨ। ਉਨ੍ਹਾਂ ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ। ਭਾਰਤ ਨੂੰ ਆਜ਼ਾਦ ਹੋਇਆਂ 72 ਸਾਲ ਹੋ ਗਏ ਹਨ। ਆਜ਼ਾਦੀ ਦੀਆਂ ਬਰਕਤਾਂ ਦਾ ਲਾਭ ਕਿਸਨੂੰ ਜ਼ਿਆਦਾ ਹੋਇਆ ਹੈ, ਇਹ ਸੋਚਣ ਅਤੇ ਵਿਚਾਰਨ ਵਾਲਾ ਵਿਸ਼ਾ ਹੈ? ਸਰਸਰੀ ਨਜ਼ਰ ਮਾਰਿਆਂ ਤਾਂ ਇਉਂ ਲੱਗਦਾ ਹੈ ਕਿ ਆਮ ਜਨਤਾ ਨੂੰ ਸਭ ਤੋਂ ਵਧੇਰੇ ਆਜ਼ਾਦੀ ਦਾ ਲਾਭ ਹੋਇਆ ਹੈ। ਜੇਕਰ ਸੰਜੀਦਗੀ ਨਾਲ ਵੇਖਿਆ ਜਾਵੇ ਤਾਂ ਨਤੀਜੇ ਵੱਖਰੇ ਹੀ ਨਿਕਲਦੇ ਹਨ। ਇਹ ਤਾਂ ਠੀਕ ਹੈ ਕਿ ਦੇਸ਼ ਆਜ਼ਾਦ ਹੋ ਗਿਆ, ਉਸਦੇ ਲਾਭ ਅਤੇ ਨੁਕਸਾਨ ਦੋਵੇਂ ਹੋਏ ਹਨ। ਲਾਭ ਤਾਂ ਇਹ ਹੋਇਆ ਕਿ ਰਾਜ ਭਾਗ ਸਾਡੇ ਆਪਣੇ ਚੁਣੇ ਹੋਏ ਸਿਆਸਤਦਾਨਾ ਦੇ ਹੱਥ ਆ ਗਿਆ ਪ੍ਰੰਤੂ ਇਹ ਚੁਣੇ ਹੋਏ ਨੁਮਇੰਦੇ ਕੀ ਲੋਕਾਂ ਦੀਆਂ ਆਸਾਂ ਤੇ ਖ਼ਰੇ ਉਤਰ ਸਕੇ ਹਨ ਜਾਂ ਨਹੀਂ? ਇਹ ਤਾਂ ਸਗੋਂ ਕਈ ਗੱਲਾਂ ਵਿਚ ਅੰਗਰੇਜ਼ਾਂ ਤੋਂ ਵੀ ਮਾੜੇ ਸਾਬਤ ਹੋ ਰਹੇ ਹਨ। ਅੰਗਰੇਜ਼ ਸਾਡਾ ਪੈਸਾ ਵਿਓਪਾਰ ਦੇ ਬਹਾਨੇ ਇੰਗਲੈਂਡ ਵਿਚ ਲੈ ਜਾਂਦੇ ਸਨ ਪ੍ਰੰਤੂ ਸਾਡੇ ਕੁਝ ਕੁ ਚੁਣੇ ਹੋਏ ਲੋਕ ਆਪਣੀਆਂ ਜੇਬਾਂ ਭਰੀ ਜਾਂਦੇ ਹਨ। ਅੰਗਰੇਜ਼ ਮੁਢਲੇ ਤੌਰ ਤੇ ਇਨਸਾਫ਼ ਪਸੰਦ ਅਤੇ ਇਮਾਨਦਾਰ ਸਨ। ਹੁਣ ਤਾਂ ਲੋਕਾਂ ਨੂੰ ਇਨਸਾਫ਼ ਵੀ ਨਹੀਂ ਮਿਲ ਰਿਹਾ। ਮੈਂ ਤਾਂ ਇਹ ਕਹਾਂਗਾ ਕਿ ਜੇ ਅਸਲ ਆਜ਼ਾਦੀ ਮਿਲੀ ਹੈ ਤਾਂ ਉਹ ਕੁਤਿਆਂ, ਬਿਲਿਆਂ, ਪਸ਼ੂਆਂ ਅਤੇ ਪੰਛੀਆਂ ਨੂੰ ਮਿਲੀ ਹੈ, ਜਿਹੜੇ ਆਪਣੀ ਮਰਜ਼ੀ ਨਾਲ ਘੁੰਮ ਫਿਰ ਸਕਦੇ ਹਨ। ਭਾਰਤ ਵਿਚ ਲਗਪਗ 1 ਕਰੋੜ ਲੋਕਾਂ ਨੂੰ ਕੁੱਤੇ ਵੱਢਦੇ ਹਨ। ਪੰਜਾਬ ਦੀ ਸਥਿਤੀ ਇਸ ਨਾਲੋਂ ਵੀ ਮਾੜੀ ਹੈ। ਪੰਜਾਬ ਵਿਚ ਲਗਪਗ 2 ਕਰੋੜ ਅਵਾਰਾ ਕੁੱਤੇ ਹਨ। ਦਿਨ ਬਦਿਨ ਕੁੱਤਿਆਂ ਦੇ ਇਨਸਾਨਾ ਨੂੰ ਕੱਟਣ ਦੀਆਂ ਵਾਰਦਾਤਾਂ ਵਿਚ ਵਾਧਾ ਹੋ ਰਿਹਾ ਹੈ। 2016 ਵਿਚ 54 ਹਜ਼ਾਰ ਇਨਸਾਨਾ ਨੂੰ ਕੁੱਤਿਆਂ ਨੇ ਕੱਟਿਆ ਸੀ, 2017 ਵਿਚ ਇਹ ਗਿਣਤੀ ਵੱਧਕੇ 1 ਲੱਖ 12 ਹਜ਼ਾਰ ਅਤੇ 2018 ਵਿਚ 1 ਲੱਖ 13 ਹਜ਼ਾਰ ਹੋ ਗਈ। 2019 ਦੇ ਅੰਕੜੇ ਅਜੇ ਪ੍ਰਾਪਤ ਨਹੀਂ ਹੋਏ ਪ੍ਰੰਤੂ ਇਹ ਗਿਣਤੀ ਹੋਰ ਵੱਧਣ ਦੀ ਉਮੀਦ ਹੈ। ਕੁੱਤਿਆਂ ਦਾ ਸ਼ਿਕਾਰ ਬੱਚੇ ਅਤੇ ਬਜ਼ੁਰਗ ਜ਼ਿਆਦਾ ਹੁੰਦੇ ਹਨ। ਪਸ਼ੂਆਂ ਦੇ ਸ਼ਿਕਾਰ ਹਰ ਉਮਰ ਦੇ ਲੋਕ ਹਨ ਕਿਉਂਕਿ ਸੜਕਾਂ ਦੇ ਵਿਚਕਾਰ ਖੜ੍ਹੇ ਇਹ ਪਸ਼ੂ ਹਰ ਲੰਘਣ ਵਾਲੇ ਨੂੰ ਨਿਸ਼ਾਨਾ ਬਣਾ ਲੈਂਦੇ ਹਨ। ਕੋਈ ਵੀ ਵਿਭਾਗ ਇਨ੍ਹਾਂ ਤੇ ਕਾਬੂ ਪਾਉਣ ਦੀ ਆਪਣੀ ਜ਼ਿੰਮੇਵਾਰੀ ਨਹੀਂ ਸਮਝਦਾ। 2016 ਵਿਚ ਪੰਜਾਬ ਸਰਕਾਰ ਨੇ ਤਿੰਨ ਵਿਭਾਗਾਂ ਪਸ਼ੂ ਪਾਲਣ, ਦਿਹਾਤੀ ਵਿਕਾਸ ਅਤੇ ਸਥਾਨਕ ਸਰਕਾਰਾਂ ਵਿਭਾਗਾਂ ਨੂੰ ਤਾਲਮੇਲ ਕਰਕੇ ਇਨ੍ਹਾਂ ਤੇ ਕਾਬੂ ਪਾਉਣ ਦੀ ਤਜ਼ਵੀਜ਼ ਬਣਾਉਣ ਨੂੰ ਕਿਹਾ ਸੀ ਪ੍ਰੰਤੂ ''ਸਰਪੰਚ ਦਾ ਕਹਿਣਾ ਸਿਰ ਮੱਥੇ ਤੇ ਪਰਨਾਲਾ ਉਥੇ ਦਾ ਉਥੇ'' ਵਾਲੀ ਕਹਾਵਤ ਸੱਚੀ ਸਾਬਤ ਹੋ ਰਹੀ ਹੈ। ਵਰਤਮਾਨ ਸਰਕਾਰ ਵੀ ਸੰਜੀਦਗੀ ਨਾਲ ਇਸ ਸਮੱਸਿਆ ਤੇ ਕਾਬੂ ਪਾਉਣ ਵਿਚ ਅਸਫਲ ਰਹੀ ਹੈ। ਸਾਲ 2000 ਵਿਚ ਕੁਤਿਆਂ ਦੀ ਨਸਬੰਦੀ ਕਰਨ ਦੀ ਸਕੀਮ ਬਣੀ ਸੀ, ਉਸਦੇ ਵੀ ਕੋਈ ਸਾਰਥਿਕ ਨਤੀਜੇ ਸਾਹਮਣੇ ਨਹੀਂ ਆਏ। ਇਨਸਾਨਾ ਤੇ ਅਨੇਕਾਂ ਪਾਬੰਦੀਆਂ ਹਨ ਪ੍ਰੰਤੂ ਕੁੱਤਿਆਂ ਅਤੇ ਪਸ਼ੂਆਂ ਤੇ ਕੋਈ ਪਾਬੰਦੀ ਨਹੀਂ, ਉਹ ਕਿਸੇ ਨੂੰ ਵੀ ਕੱਟ ਅਤੇ ਮਾਰ ਸਕਦੇ ਹਨ। ਕਿਤਨੀ ਹਾਸੋਹੀਣੀ ਗੱਲ ਹੈ ਕਿ ਇਨਸਾਨਾ ਦੀ ਕੋਈ ਕਦਰ ਨਹੀਂ। ਇਨਸਾਨਾ ਤੇ ਦਫ਼ਾ 144 ਲੱਗ ਜਾਂਦੀ ਹੈ, ਕਤਲ ਦੇ ਕੇਸ ਦਰਜ ਹੋ ਜਾਂਦੇ ਹਨ। ਲੋਕ ਬਹੁਤੇ ਕਾਨੂੰਨਾ ਤੇ ਅਮਲ ਕਰਦੇ ਹਨ। ਪ੍ਰੰਤੂ ਪਸ਼ੂ, ਪੰਛੀ, ਕੁੱਤੇ, ਬਿਲੇ ਸ਼ਰੇਆਮ ਦਫ਼ਾ 144 ਦੀ ਉਲੰਘਣਾ ਹੀ ਨਹੀਂ ਕਰਦੇ ਸਗੋਂ ਮਨਮਰਜੀ ਕਰਕੇ ਕੁੱਤੇ ਤੁਹਾਨੂੰ ਕੱਟ ਵੱਢ ਜਾਂਦੇ ਹਨ, ਪਸ਼ੂ ਤੁਹਾਨੂੰ ਮਾਰ ਦਿੰਦੇ ਹਨ। ਰਾਜ ਭਾਗ ਵਿਚ ਕੋਈ ਉਜਰ ਨਹੀਂ। ਉਨ੍ਹਾਂ ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ। ਇਥੋਂ ਤੱਕ ਕਿ ਤੁਸੀਂ ਉਨ੍ਹਾਂ ਨੂੰ ਕੋਈ ਸਜਾ ਵੀ ਨਹੀਂ ਦੇ ਸਕਦੇ। ਜੇਕਰ ਕੋਈ ਇਨਸਾਨ ਦੂਜੇ ਇਨਸਾਨ ਨੂੰ ਮਾਰਦਾ ਹੈ ਤਾਂ ਉਹ ਸਜਾ ਦਾ ਭਾਗੀ ਬਣ ਜਾਂਦਾ ਹੈ। ਕਚਹਿਰੀ ਵਿਚ ਕੇਸ ਚਲਦਾ ਹੈ, ਸਜਾ ਵੀ ਹੋ ਜਾਂਦੀ ਹੈ, ਪ੍ਰੰਤੂ ਜੇਕਰ ਕੁੱਤਾ ਵੱਢ ਜਾਵੇ ਅਤੇ ਪਸ਼ੂ ਤੁਹਾਨੂੰ ਮਾਰ ਦੇਵੇ ਤਾਂ ਉਸਨੂੰ ਤੁਸੀਂ ਕੁਝ ਕਹਿ ਨਹੀਂ ਸਕਦੇ। ਜੇਕਰ ਕਹੋਗੇ ਤਾਂ ਦੰਗੇ ਹੋ ਜਾਣਗੇ। ਕੁੱਤੇ ਅਤੇ ਪਸ਼ੂ ਸੜਕਾਂ ਤੇ ਹਰਲ ਹਰਲ ਕਰਦੇ ਫਿਰਦੇ ਹਨ। ਤੁਸੀਂ ਸਰਕਾਰ ਦੀ ਝੋਲੀ ਕਰੋੜਾਂ ਰੁਪਏ ਦਾ ਗਊ ਸੈਸ ਦੇ ਕੇ ਭਰਦੇ ਵੀ ਹੋ ਪ੍ਰੰਤੂ ਤੁਹਾਨੂੰ ਕੋਈ ਰਾਹਤ ਨਹੀਂ। ਸਹੀ ਅਰਥਾਂ ਵਿਚ ਆਜ਼ਾਦੀ ਕੁੱਤੇ ਨੂੰ ਆਪਣੀ ਖ਼ੁਰਾਕ ਇਨਸਾਨਾ ਨੂੰ ਬਣਾਉਣ ਅਤੇ ਪਸ਼ੂਆਂ ਨੂੰ ਤੁਹਾਨੂੰ ਮਾਰਨ ਦੀ ਮਿਲੀ ਹੈ। ਹਰ ਰੋਜ਼ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ ਕਿ ਮਾਸੂਮ ਬੱਚਿਆਂ ਅਤੇ ਬਜ਼ੁਰਗਾਂ ਨੂੰ ਕੁੱਤੇ ਨੋਚ ਨੋਚ ਕੇ ਖਾ ਗਏ। ਇਨਸਾਨ ਵੀ ਘੱਟ ਨਹੀਂ ਉਹ ਵੀ ਮਿਲੀ ਆਜ਼ਾਦੀ ਦਾ ਨਜ਼ਾਇਜ਼ ਲਾਭ ਉਠਾ ਰਿਹਾ ਹੈ। ਉਹ ਜਦੋਂ ਗਊ ਮਾਤਾ ਦੁੱਧ ਦਿੰਦੀ ਹੈ ਤਾਂ ਦੁੱਧ ਪੀ ਕੇ ਆਨੰਦ ਮਾਣਦਾ ਹੈ ਪ੍ਰੰਤੂ ਜਦੋਂ ਦੁੱਧ ਦੇਣੋ ਹਟ ਜਾਂਦੀ ਹੈ ਅਤੇ ਬਲਦ ਹਲ ਵਾਹੁਣ ਜਾਂ ਹੋਰ ਕਿਸੇ ਕੰਮ ਦਾ ਨਹੀਂ ਰਹਿੰਦਾ ਤਾਂ ਲੋਕ ਆਜ਼ਾਦੀ ਦਾ ਲਾਭ ਉਠਾਕੇ ਉਨ੍ਹਾਂ ਨੂੰ ਸ਼ਹਿਰਾਂ ਵਿਚ ਖੁਲ੍ਹੇ ਛੱਡ ਦਿੰਦੇ ਹਨ। ਪਿੰਡਾਂ ਵਿਚ ਤਾਂ ਛੱਡ ਨਹੀਂ ਸਕਦੇ ਕਿਉਂਕਿ ਉਥੇ ਪਤਾ ਲੱਗ ਜਾਂਦਾ ਹੈ ਕਿ ਕਿਸ ਦਾ ਡੰਗਰ ਹੈ। ਸ਼ਹਿਰਾਂ ਵਿਚ ਇਹ ਪਸ਼ੂ ਆਪਣੀ ਮਿਲੀ ਆਜ਼ਾਦੀ ਦਾ ਆਨੰਦ ਮਾਣਦੇ ਹਨ। ਸੜਕਾਂ ਦੇ ਵਿਚਾਲੇ ਆਰਾਮ ਨਾਲ ਬੈਠ ਜਾਂਦੇ ਹਨ। ਉਨ੍ਹਾਂ ਨੂੰ ਕੋਈ ਸੜਕਾਂ ਤੋਂ ਉਠਾ ਨਹੀਂ ਸਕਦਾ ਅਤੇ ਨਾ ਹੀ ਮਾਰ ਸਕਦਾ ਕਿਉਂਕਿ ਗਊ ਮਾਤਾ ਨੂੰ ਮਾਰਨ ਦੀ ਨੈਤਿਕ ਮਨਾਹੀ ਹੈ। ਸਾਡਾ ਧਾਰਮਿਕ ਚਿੰਨ੍ਹ ਹੈ, ਉਲਟਾ ਇਹ ਗਊ ਮਾਤਾ ਆਪਣੀ ਆਜ਼ਾਦੀ ਦਾ ਲਾਭ ਉਠਾਕੇ ਤੁਹਾਨੂੰ ਮਾਰਕੇ ਸਬਕ ਸਿਖਾ ਵੀ ਦਿੰਦੀ ਹੈ। ਤੁਸੀਂਂ ਉਸਦਾ ਕੁਝ ਨਹੀਂ ਵਿਗਾੜ ਸਕਦੇ ਪ੍ਰੰਤੂ ਉਹ ਤੁਹਾਡਾ ਕੁਝ ਵੀ ਨਹੀਂ ਛੱਡਦੀ। ਪਸ਼ੂਆਂ ਨੂੰ ਇਨਸਾਨਾ ਨੂੰ ਮਾਰਨ ਅਤੇ ਕੁੱਤਿਆਂ ਨੂੰ ਵੱਢਣ ਦੀ ਆਜ਼ਾਦੀ ਹੈ। ਅਜਿਹੀ ਆਜ਼ਾਦੀ ਦਾ ਲੋਕਾਂ ਨੂੰ ਉਲਟਾ ਨੁਕਸਾਨ ਹੋ ਰਿਹਾ ਹੈ। ਪੰਜਾਬ ਗਊ ਸੇਵਾ ਆਯੋਗ ਅਨੁਸਾਰ ਪੰਜਾਬ ਵਿਚ 1 ਲੱਖ 20 ਹਜ਼ਾਰ ਅਵਾਰਾ ਪਸ਼ੂ ਸੜਕਾਂ ਤੇ ਘੁੰਮ ਰਹੇ ਹਨ। ਪਿਛਲੇ ਤਿੰਨ ਸਾਲਾਂ ਵਿਚ ਪਸ਼ੂਆਂ ਨੇ 350 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਆਯੋਗ ਅਨੁਸਾਰ ਹਰ ਤੀਜੇ ਦਿਨ ਇਕ ਇਨਸਾਨ ਪਸ਼ੂਆਂ ਦੁਆਰਾ ਮਾਰਿਆ ਜਾਂਦਾ ਹੈ। ਪੰਜਾਬ ਵਿਚ 472 ਗਊ ਸ਼ਾਲਾ ਹਨ ਜਿਨ੍ਹਾਂ ਨੂੰ ਬਿਜਲੀ ਮੁਫ਼ਤ ਦਿੱਤੀ ਜਾਂਦੀ ਹੈ। ਸਰਕਾਰ ਨੂੰ ਅਵਾਰਾ ਪਸ਼ੂਆਂ ਨੂੰ ਇਨ੍ਹਾਂ ਗਊ ਸ਼ਾਲਾ ਵਿਚ ਪਹੁੰਚਾਉਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਬਹੁਤ ਸਾਰੀਆਂ ਜਾਨਾ ਜਾ ਚੁੱਕੀਆਂ ਹਨ। ਰਸਤਿਆਂ ਵਿਚ ਖੜ੍ਹੀਆਂ ਗਊਆਂ ਅਤੇ ਬਲਦਾਂ ਨੂੰ ਧਾਰਮਿਕ ਭਾਵਨਾਵਾਂ ਵਾਲੇ ਲੋਕ ਖਾਣ ਲਈ ਆਟੇ ਦੇ ਪੇੜੇ ਦਿੰਦੇ ਹਨ ਪ੍ਰੰਤੂ ਉਨ੍ਹਾਂ ਨੂੰ ਸਾਂਭਕੇ ਘਰਾਂ ਵਿਚ ਬੰਨ੍ਹਦੇ ਨਹੀਂ। ਜਦੋਂ ਉਹ ਸਾਡੇ ਧਾਰਮਿਕ ਚਿੰਨ੍ਹ ਹਨ ਤਾਂ ਅਸੀਂ ਉਨ੍ਹਾਂ ਦੀ ਘਰਾਂ ਵਿਚ ਬੰਨ੍ਹਕੇ ਸੇਵਾ ਕਿਉਂ ਨਹੀਂ ਕਰਦੇ? ਕੁਝ ਅਜਿਹੇ ਸਵਾਲ ਹਨ ਜਿਨ੍ਹਾਂ ਤੇ ਸੰਜੀਦਗੀ ਨਾਲ ਵਿਚਾਰਨ ਦੀ ਲੋੜ ਹੈ। ਸਰਕਾਰਾਂ ਤਾਂ ਗਊ ਸੈਸ ਦੇ ਨਾਂ ਟੈਕਸ ਇਕੱਠੇ ਕਰਦੀਆਂ ਹਨ ਪ੍ਰੰਤੂ ਨਾ ਤਾਂ ਕੁੱਤਿਆਂ ਅਤੇ ਨਾਲ ਹੀ ਅਵਾਰਾ ਪਸ਼ੂਆਂ ਦਾ ਕੋਈ ਪ੍ਰਬੰਧ ਕਰਦੀ ਹੈ। ਇਹ ਅਵਾਰਾ ਪਸ਼ੂ ਕਿਸਾਨਾ ਦੀਆਂ ਫਸਲਾਂ ਨੂੰ ਵੀ ਖਾ ਜਾਂਦੇ ਹਨ ਪ੍ਰੰਤੂ ਵਿਚਾਰਾ ਕਿਸਾਨ ਇਨ੍ਹਾਂ ਦਾ ਕੁਝ ਵਿਗਾੜ ਨਹੀਂ ਸਕਦਾ। ਸਰਕਾਰ ਲੋਕਾਂ ਦਾ ਇਮਤਿਹਾਨ ਕਿਉਂ ਲੈ ਰਹੀ ਹੈ? ਸਰਕਾਰਾਂ ਇਲਸਾਨੀਅਤ ਦੀਆਂ ਜ਼ਿੰਦਗੀਆਂ ਬਚਾਉਣ ਲਈ ਸੰਜੀਦਾ ਨਹੀਂ ਹਨ, ਉਹ ਤਾਂ ਸਿਆਸੀ ਤਾਕਤ ਦਾ ਆਨੰਦ ਮਾਣ ਰਹੀਆਂ ਹਨ। ਜੇਕਰ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਇਸੇ ਤਰ੍ਹਾਂ ਕੁੱਤੇ ਅਤੇ ਪਸ਼ੂ ਖੇਡਦੇ ਰਹੇ ਤਾਂ ਮਜ਼ਬੂਰ ਹੋ ਕੇ ਲੋਕ ਕੋਈ ਹੋਰ ਰਸਤਾ ਅਪਨਾਉਣਗੇ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com