ਕੌਣ ਜਿੱਤੇਗਾ ਪੰਜਾਬ ਵਿਧਾਨ ਸਭਾ ਦੀਆਂ ਉਪ ਚੋਣਾਂ? - ਗੁਰਮੀਤ ਸਿੰਘ ਪਲਾਹੀ

ਪੰਜਾਬ 'ਚ ਜਲਾਲਾਬਾਦ, ਫਗਵਾੜਾ ਅਤੇ ਦਾਖਾ ਦੀਆਂ ਵਿਧਾਨ ਸਭਾ ਚੋਣਾਂ ਉਸ ਵੇਲੇ ਹੋਣ ਦੀ ਸੰਭਾਵਨਾ ਹੈ, ਜਦੋਂ ਗੁਆਂਢੀ ਸੂਬੇ ਹਰਿਆਣਾ ਦੀਆਂ ਜਨਰਲ ਵਿਧਾਨ ਸਭਾ ਚੋਣਾਂ ਅਕਤੂਬਰ 2019 ਵਿੱਚ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਪੰਜਾਬ ਵਿੱਚ ਭਾਵੇਂ ਹੋਰ ਕੁਝ ਹਲਕਿਆਂ ਵਿੱਚ ਵੀ ਵਿਧਾਨ ਸਭਾ ਮੈਂਬਰਾਂ, ਜਿਨ੍ਹਾਂ ਵਿੱਚ ਸੁਖਪਾਲ ਸਿੰਘ ਖਹਿਰਾ ਵੀ ਸ਼ਾਮਲ ਹਨ, ਨੇ ਵਿਧਾਇਕੀ ਤੋਂ ਅਸਤੀਫ਼ੇ ਦਿੱਤੇ ਹੋਏ ਹਨ, ਪਰ ਉਹ ਸੀਟਾਂ ਖਾਲੀ ਘੋਸ਼ਿਤ ਨਹੀਂ ਕੀਤੀਆਂ ਗਈਆਂ। ਕੁਝ ਦਿਨ ਪਹਿਲਾਂ ਮੁਕੇਰੀਆਂ ਤੋਂ ਕਾਂਗਰਸੀ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦੀ ਮੌਤ ਹੋ ਗਈ, ਉਹ ਸੀਟ ਵੀ ਖ਼ਾਲੀ ਹੋ ਗਈ ਹੈ। ਹੋ ਸਕਦਾ ਹੈ ਇਹ ਜ਼ਿਮਨੀ ਚੋਣ ਵੀ ਇਹਨਾ ਤਿੰਨਾਂ ਚੋਣਾਂ ਦੇ ਨਾਲ ਹੀ ਹੋ ਜਾਵੇ।
ਕੁੱਲ ਮਿਲਾਕੇ ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਹਨ ਅਤੇ ਕਾਂਗਰਸ ਪਾਰਟੀ ਕੋਲ ਪੂਰਨ ਬਹੁਮਤ ਹਾਸਲ ਹੈ ਅਤੇ ਉਸਦੇ 77 ਵਿਧਾਇਕ ਹਨ ਜਿਨ੍ਹਾਂ ਵਿਧਾਨ ਸਭਾ ਹਲਕਿਆਂ ਦੀ ਚੋਣ ਹੋਣੀ ਹੈ, ਉਸ ਵਿੱਚੋਂ ਜਲਾਲਾਬਾਦ ਸੀਟ, (ਜੋ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਐਮ.ਪੀ. ਚੁਣੇ ਜਾਣ ਕਾਰਨ ਖ਼ਾਲੀ ਹੋਈ ਅਤੇ ਦਾਖਾ ਸੀਟ ਜੋ ਐਚ. ਐਸ. ਫੂਲਕਾ ਦੇ ਅਸਤੀਫ਼ੇ ਕਾਰਨ ਖ਼ਾਲੀ ਹੋਈ, ਜਨਰਲ ਹਲਕੇ ਹਨ ਅਤੇ ਫਗਵਾੜਾ ਸੀਟ ਰਿਜ਼ਰਵ ਹੈ, ਜੋ ਸੋਮ ਪ੍ਰਕਾਸ਼ (ਭਾਜਪਾ) ਐਮ.ਪੀ. ਚੁਣੇ ਜਾਣ ਕਾਰਨ ਖ਼ਾਲੀ ਹੋਈ ਹੈ। ਸੋਮ ਪ੍ਰਕਾਸ਼ ਇਸ ਸਮੇਂ ਕੇਂਦਰ ਵਿੱਚ ਰਾਜਮੰਤਰੀ ਹਨ।

2017 ਦੀ ਪੰਜਾਬ ਵਿਧਾਨ ਸਭਾ ਚੋਣ ਵੇਲੇ ਆਮ ਆਦਮੀ ਪਾਰਟੀ ਦੇ ਦਾਖਾ ਜਨਰਲ ਹਲਕੇ ਤੋਂ ਆਪ ਉਮੀਦਵਾਰ ਐਚ.ਐਸ. ਫੂਲਕਾ 40 ਫੀਸਦੀ ਤੋਂ ਵੱਧ ਵੋਟਾਂ ਲੈਕੇ ਜਿੱਤੇ ਸਨ, ਜਦਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੇ 37.43 ਫੀਸਦੀ ਵੋਟਾਂ ਪ੍ਰਾਪਤ ਕੀਤੀਆਂ ਸਨ। ਕਾਂਗਰਸ ਦੇ ਮੇਜਰ ਸਿੰਘ ਭੈਣੀ 20 ਫੀਸਦੀ ਦੇ ਲਗਭਗ ਵੋਟਾਂ ਲੈਕੇ ਤੀਜੇ ਨੰਬਰ ਤੇ ਰਹੇ ਸਨ, ਇਥੋਂ 6 ਹੋਰ ਉਮੀਦਵਾਰਾਂ ਜਿਨ੍ਹਾਂ 'ਚ ਬਸਪਾ ਦਾ ਉਮੀਦਵਾਰ ਵੀ ਸ਼ਾਮਲ ਨੇ, ਚੋਣ ਲੜੀ ਸੀ, ਪਰ ਕੋਈ ਵੀ ਉਮੀਦਵਾਰ 1000 ਤੋਂ ਵੱਧ ਵੋਟਾਂ ਨਹੀਂ ਲੈਕੇ ਜਾ ਸਕਿਆ ਸੀ। ਇਥੇ 981 ਲੋਕਾਂ ਨੇ 'ਨੋਟਾ' ਦਾ ਬਟਨ ਦਬਾਇਆ ਸੀ।
ਜਲਾਲਾਬਾਦ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੁਖਬੀਰ ਸਿੰਘ ਬਾਦਲ 2017 ਵਿੱਚਲੀਆਂ ਵਿਧਾਨ ਸਭਾ ਚੋਣਾਂ ਸਮੇਂ ਜਿੱਤੇ ਸਨ। ਉਹਨਾ ਨੇ ਇਸ ਹਲਕੇ ਤੋਂ 2009,  2012 ਵਿੱਚ ਵੀ ਇਥੋਂ ਹੀ ਚੋਣ ਜਿੱਤੀ ਸੀ। ਸੁਖਬੀਰ ਸਿੰਘ ਬਾਦਲ ਨੇ 75,271 ਵੋਟਾਂ, ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੇ 56,771 ਵੋਟਾਂ ਅਤੇ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ ਨੇ 31,539 ਵੋਟਾਂ ਪ੍ਰਾਪਤ ਕੀਤੀਆਂ। ਹੋਰ 7 ਉਮੀਦਵਾਰ ਮੈਦਾਨ ਵਿੱਚ ਸਨ, ਸਿਰਫ਼ ਇੱਕ ਉਮੀਦਵਾਰ ਜੋ  ਕਮਿਊਨਿਸਟ ਪਾਰਟੀ ਨਾਲ ਸਬੰਧਤ ਸੀ 1,743 ਵੋਟਾਂ ਪ੍ਰਾਪਤ ਕਰ ਗਿਆ, ਬਾਕੀ 6 ਉਮੀਦਵਾਰ 700 ਵੋਟਾਂ ਪ੍ਰਤੀ ਤੋਂ ਵੱਧ ਵੋਟਾਂ ਨਾ ਲੈ ਸਕੇ। ਇਥੇ 1,112 ਲੋਕਾਂ ਨੇ ਕਿਸੇ ਨੂੰ ਵੀ ਵੋਟ ਨਾ ਪਾਈ ਭਾਵ 'ਨੋਟਾ' ਦਾ ਬਟਨ ਦਬਾਇਆ।
ਫਗਵਾੜਾ ਰਿਜ਼ਰਵ ਹਲਕੇ ਤੋਂ ਭਾਜਪਾ ਦੇ ਸੋਮ ਪ੍ਰਕਾਸ਼ ਨੂੰ 45,479 ਵੋਟਾਂ, ਜੋਗਿੰਦਰ ਸਿੰਘ ਮਾਨ ਨੂੰ 43,470 ਵੋਟਾਂ ਅਤੇ ਆਮ ਆਦਮੀ ਪਾਰਟੀ ਦੇ ਜਰਨੈਲ ਜੰਗਲ ਨੂੰ 32,374 ਵੋਟਾਂ ਮਿਲੀਆਂ ਸਨ। ਬਹੁਜਨ ਸਮਾਜ ਪਾਰਟੀ ਦਾ ਉਮੀਦਵਾਰ ਸੁਰਿੰਦਰ ਢੰਡਾ 6,160 ਵੋਟਾਂ ਲੈ ਗਿਆ, ਜਦਕਿ ਬਾਕੀ ਹੋਰ ਤਿੰਨ ਉਮੀਦਵਾਰ 500 ਵੋਟਾਂ ਪ੍ਰਤੀ ਤੋਂ ਵੱਧ ਨਾ ਲੈ ਸਕੇ। 'ਨੋਟਾ' ਦਾ ਬਟਨ 1094 ਲੋਕਾਂ ਨੇ ਦਬਾਇਆ।
ਮੁਕੇਰੀਆਂ ਵਿਧਾਨ ਸਭਾ ਤੋਂ ਕਾਂਗਰਸੀ ਰਜਨੀਸ਼ ਕੁਮਾਰ ਬੱਬੀ 56,787 ਵੋਟਾਂ, ਭਾਰਤੀ ਜਨਤਾ ਪਾਰਟੀ ਦੇ ਅਰੁਨੇਸ਼ ਕੁਮਾਰ, 33,661 ਵੋਟਾਂ, ਲੈ ਗਏ ਜਦਕਿ ਇੱਕ ਆਜ਼ਾਦ ਉਮੀਦਵਾਰ ਜੰਗੀ ਲਾਲ ਮਹਾਜਨ 20,542 ਵੋਟਾਂ ਅਤੇ ਆਮ ਆਦਮੀ ਪਾਰਟੀ ਦੇ ਸੁਲੱਖਣ ਸਿੰਘ ਨੇ 17,005 ਵੋਟਾਂ ਪ੍ਰਾਪਤ ਕੀਤੀਆਂ ਜਦਕਿ ਹੋਰ 6 ਉਮੀਦਵਾਰ 1300 ਪ੍ਰਤੀ ਤੋਂ ਵੱਧ ਵੋਟਾਂ ਨਾ ਲੈ ਸਕੇ ਤੇ 1018 ਵੋਟਾਂ 'ਨੋਟਾ' ਦੇ ਹੱਕ 'ਚ ਗਈਆਂ।
ਆਮ ਆਦਮੀ ਪਾਰਟੀ, ਜਿਹੜੀ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਭਾਰੀ ਬਹੁਮਤ ਦੀ ਆਸ ਰੱਖਦਿਆਂ  117 ਵਿੱਚੋਂ 100 ਸੀਟਾਂ ਉਤੇ ਜਿੱਤ ਦਾ ਦਾਅਵਾ ਕਰ ਰਹੀ ਸੀ, ਉਹ ਸਿਰਫ਼ 19 ਸੀਟਾਂ ਉਤੇ ਹੀ ਜਿੱਤ ਪ੍ਰਾਪਤ ਕਰ ਸਕੀ, ਅਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦਾ ਦਰਜ਼ਾ ਹਾਸਲ ਕਰ ਗਈ ਜਦਕਿ ਅਕਾਲੀ ਦਲ ਦੇ 13 ਅਤੇ ਭਾਜਪਾ ਦੇ 2  ਸੀਟਾਂ ਹੀ ਹੱਥ ਲੱਗੀਆਂ, ਕਾਂਗਰਸ 77 ਸੀਟਾਂ ਉਤੇ ਜੇਤੂ ਰਹੀ।
2017 ਤੋਂ 2019 ਦੇ ਸਮੇਂ  ਦੌਰਾਨ ਆਮ ਆਦਮੀ  ਪਾਰਟੀ ਦਾ ਸੂਬੇ 'ਚ ਗਰਾਫ਼ ਨਿਵਾਣਾ  ਵੱਲ ਗਿਆ, ਪਾਰਟੀ ਦੋ ਤੋਂ ਵੱਧ ਧੜਿਆਂ 'ਚ ਵੰਡੀ ਗਈ, ਇਸਦੇ ਕੁਝ ਮੈਂਬਰਾਂ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ 'ਚ ਵੱਖਰੀ  ਪਾਰਟੀ ਦਾ ਗਠਨ ਕਰ ਲਿਆ। ਕੁਝ ਵਿਧਾਨ ਸਭਾ ਮੈਂਬਰਾਂ ਆਪਣੀ ਵਿਧਾਨ ਸਭਾ  ਸੀਟ ਤੋਂ ਅਸਤੀਫ਼ਾ ਦੇ ਦਿੱਤਾ ਤੇ ਕਾਂਗਰਸ  ਦਾ ਲੜ ਫੜ ਲਿਆ ਹਾਲਾਂਕਿ ਵਿਧਾਨ ਸਭਾ ਪੰਜਾਬ ਦੇ ਸਪੀਕਰ ਨੇ ਉਹਨਾ ਦਾ ਅਸਤੀਫ਼ਾ  ਸਮੇਤ ਸੁਖਪਾਲ ਸਿੰਘ ਖਹਿਰਾ ਦੇ ਅਸਤੀਫ਼ੇ ਦੇ ਤਕਨੀਕੀ ਖਾਮੀਆਂ ਕਾਰਨ ਹਾਲੇ ਤੱਕ ਪ੍ਰਵਾਨ ਨਹੀਂ ਕੀਤਾ। ਹੁਣ ਭਾਵੇਂ ਜ਼ਿਮਨੀ ਚੋਣਾਂ ਦਾ ਐਲਾਨ ਹੋਣਾ ਬਾਕੀ ਹੈ, ਪਰ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਖਾਲੀ ਸੀਟਾਂ ਉਤੋਂ ਜ਼ਿਮਨੀ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ, ਭਾਵੇਂ ਕਿ ਲੋਕ ਸਭਾ ਦੀਆਂ 41 ਲੋਕ ਸਭਾ ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਕੁਝ ਵੀ ਪ੍ਰਾਪਤ ਨਾ ਕਰ ਸਕੀ ਸਿਵਾਏ ਸੰਗਰੂਰ ਤੋਂ ਪਾਰਲੀਮੈਂਟ ਦੀ ਸੀਟ ਭਗਵੰਤ ਸਿੰਘ ਮਾਨ ਦੇ ਹੱਕ 'ਚ ਜਿੱਤਣ ਦੇ। ਪਰ ਪੰਜਾਬ ਦੀਆਂ ਮੁੱਖ ਸਿਆਸੀ ਧਿਰਾਂ ਅਕਾਲੀ ਦਲ (ਬ), ਭਾਜਪਾ, ਕਾਂਗਰਸ, ਲੋਕ ਇਨਸਾਫ  ਪਾਰਟੀ ਨੇ ਹਾਲੇ ਜ਼ਾਹਰੀ ਤੌਰ ਤੇ ਕੋਈ ਸਰਗਰਮੀ ਕਿਸੇ ਵੀ ਹਲਕੇ 'ਚ ਨਹੀਂ ਆਰੰਭੀ, ਭਾਵੇਂ ਕਿ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਅੰਦਰੋਗਤੀ ਚੋਣਾਂ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ।
ਬਿਨ੍ਹਾਂ ਸ਼ੱਕ ਅਕਾਲੀ-ਭਾਜਪਾ, ਕਾਂਗਰਸ ਸਾਰੀਆਂ ਸੀਟਾਂ ਉਤੇ ਚੋਣ ਲੜੇਗੀ। ਅਕਾਲੀ ਦਲ ਜਲਾਲਾਬਾਦ ਅਤੇ ਦਾਖਾ ਤੋਂ ਆਪਣੇ ਉਮੀਦਵਾਰ ਖੜੇ ਕਰੇਗਾ, ਜਦਕਿ ਭਾਜਪਾ ਫਗਵਾੜਾ ਅਤੇ ਮੁਕੇਰੀਆਂ ਤੋਂ ਚੋਣ ਲੜੇਗੀ। ਜੇਕਰ ਲੋਕ ਇਨਸਾਫ ਪਾਰਟੀ, ਬਸਪਾ, ਆਮ ਆਦਮੀ ਪਾਰਟੀ, ਸੁਖਪਾਲ ਖਹਿਰਾ ਦੀ ਪੰਜਾਬ ਏਕਤਾ ਪਾਰਟੀ, ਟਕਸਾਲੀ ਅਕਾਲੀਆਂ ਦਾ ਆਪਸੀ ਸਮਝੌਤਾ ਨਹੀਂ ਹੁੰਦਾ ਤਾਂ ਆਮ ਆਦਮੀ ਪਾਰਟੀ ਅਤੇ ਬਸਪਾ ਇਹਨਾ ਸਾਰੀਆਂ ਸੀਟਾਂ ਤੋਂ ਇੱਕਲੇ ਤੌਰ 'ਤੇ ਚੋਣ ਤਾਂ ਲੜਨਗੀਆਂ ਹੀ, ਪਰ ਲੋਕ ਇਨਸਾਫ ਪਾਰਟੀ ਵਲੋਂ ਜੇਕਰ ਹੋਰ ਕੋਈ ਸੀਟ ਨਹੀਂ ਵੀ ਲੜੀ ਜਾਂਦੀ, ਫਗਵਾੜਾ ਤੋਂ ਜਰਨੈਲ ਨੰਗਲ ਨੂੰ ਆਪਣਾ ਉਮੀਦਵਾਰ ਉਤਾਰਿਆ ਜਾਵੇਗਾ।
ਪੰਜਾਬ ਵਿਧਾਨ ਸਭਾ ਚੋਣਾਂ 2017 ਤੋਂ ਬਾਅਦ 2019 ਦੀਆਂ ਲੋਕ ਚੋਣਾਂ ਵਿੱਚ ਕਾਂਗਰਸ ਦੇ ਹੱਕ ਤੇ ਵਿਰੋਧ ਵਿੱਚ ਕਾਫ਼ੀ ਫ਼ਰਕ ਵੇਖਣ ਨੂੰ ਮਿਲਿਆ। ਕਾਂਗਰਸ ਨੇ ਵਿਧਾਨ ਸਭਾ ਚੋਣਾਂ 2017 'ਚ ਜਿਥੇ 77 ਸੀਟਾਂ ਜਿੱਤੀਆਂ, ਉਥੇ ਲੋਕ ਸਭਾ ਚੋਣਾਂ 2019 'ਚ 8 ਸੀਟਾਂ ਉਤੇ ਹੀ ਜਿੱਤ ਪ੍ਰਾਪਤ ਕੀਤੀ, ਹਾਲਾਂਕਿ ਪੰਜਾਬ ਕਾਂਗਰਸ ਦਾ ਨਿਸ਼ਾਨਾ 13 ਵਿੱਚੋਂ 13 ਸੀਟਾਂ ਜਿੱਤਣ ਦਾ ਸੀ। ਸਭ ਤੋਂ ਵੱਡੀ ਹਾਰ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਸੀ, ਜਿਹੜੇ ਇੱਕ ਐਕਟਰ ਧਰਮਿੰਦਰ ਦੇ ਬੇਟੇ ਸਨੀ ਦਿਉਲ ਤੋਂ ਬੁਰੀ ਤਰ੍ਹਾਂ ਹਾਰ ਗਏ। ਹੁਸ਼ਿਆਰਪੁਰ ਸੀਟ ਵਿੱਚ ਹੀ ਫਗਵਾੜਾ ਅਤੇ ਮੁਕੇਰੀਆਂ ਵਿਧਾਨ ਸਭਾ ਹਲਕੇ ਪੈਂਦੇ ਹਨ। ਜਿਹਨਾ ਵਿੱਚ ਫਗਵਾੜਾ ਵਾਲੀ 2017 ਵਿੱਚ ਸੀਟ ਭਾਜਪਾ ਦੇ ਸੋਮ ਪ੍ਰਕਾਸ਼ ਨੇ ਜਿੱਤੀ ਅਤੇ 2019 ਲੋਕ ਸਭਾ 'ਚ ਫਗਵਾੜਾ ਸੀਟ ਤੋਂ ਕੁਝ ਵੋਟਾਂ ਦੇ ਫ਼ਰਕ ਨਾਲ ਹੋ ਜਿੱਤੇ ਜਦਕਿ ਮੁਕੇਰੀਆਂ 'ਚ ਕਾਂਗਰਸ ਉਮੀਦਵਾਰ 2017 'ਚ ਜੇਤੂ ਰਿਹਾ, ਪਰ 2019 'ਚ ਮੁਕੇਰੀਆਂ ਵਿੱਚ ਭਾਜਪਾ ਦੇ ਉਮੀਦਵਾਰ   ਸੋਮ ਪ੍ਰਕਾਸ਼ ਨੇ ਇਸ ਵਿਧਾਨ ਸਭਾ ਸੀਟ ਤੋਂ ਵੀ ਲੀਡ ਲੈ ਲਈ। ਇੰਜ ਭਾਜਪਾ ਇਹਨਾ ਦੋਹਾਂ ਸੀਟਾਂ ਉਤੇ ਉਪ ਚੋਣਾਂ ਵਿੱਚ ਚੰਗੀ ਕਾਰਗੁਜ਼ਾਰੀ ਦੀ ਆਸਵੰਦ ਹੈ। ਜਲਾਲਾਬਾਦ ਤੋਂ ਸ਼੍ਰੋਮਣੀ ਅਕਾਲੀ ਦਲ ਚੰਗੇ ਉਮੀਦਵਾਰ ਨਾਲ ਚੋਣ ਲੜੇਗਾ ਜਦਕਿ ਦਾਖਾ ਤੋਂ ਮਨਪ੍ਰੀਤ ਸਿੰਘ ਇਯਾਲੀ ਅਕਾਲੀ ਦਲ ਲਈ ਦੁਬਾਰਾ ਟੱਕਰ ਦੇ ਸਕਦਾ ਹੈ।
ਕਾਂਗਰਸ ਖ਼ਾਸ ਕਰਕੇ ਅਮਰਿੰਦਰ ਸਿੰਘ ਮੁੱਖ ਮੰਤਰੀ ਲਈ ਇਹ ਪਰਖ਼ ਦੀ ਘੜੀ ਹੈ। ਭਾਵੇਂ ਕਿ ਸੂਬੇ ਵਿੱਚ ਵਿਰੋਧੀ ਧਿਰ ਵਿੱਖਰੀ ਪਈ ਹੈ। ਬਹੁਤੀਆਂ ਸਿਆਸੀ ਪਾਰਟੀਆਂ ਸਮੇਤ ਕੌਮੀ ਪੱਧਰ ਤੇ ਦੇਸ਼ ਉਤੇ ਰਾਜ ਕਰਨ ਵਾਲੀ ਭਾਜਪਾ, ਪੰਜਾਬ ਵਿੱਚ ਕਈ ਧੜਿਆਂ 'ਚ ਵੰਡੀ ਪਈ ਹੈ। ਇਸਦੇ ਪੰਜਾਬ ਵਿਚਲੇ ਨੇਤਾ ਇੱਕ-ਦੂਜੇ ਵਿਰੁੱਧ ਜਦੋਂ ਵੀ ਮੌਕਾ ਮਿਲਦਾ ਹੈ ਭੜਾਸ ਕੱਢਦੇ ਰਹਿੰਦੇ ਹਨ। ਸ਼੍ਰੋਮਣੀ ਅਕਾਲੀ ਦਲ (ਬ) ਨੇ ਜ਼ਮੀਨੀ ਪੱਧਰ 'ਤੇ ਖ਼ਾਸ ਕਰਕੇ ਪਿੰਡਾਂ ਵਿੱਚ ਆਪਣਾ ਆਧਾਰ ਗੁਆ ਲਿਆ ਹੈ। ਇਸਦੇ ਬਹੁ-ਗਿਣਤੀ ਵੱਡੇ ਨੇਤਾ, ਸਿੱਖ ਸਿਆਸਤ ਅਤੇ ਲੋਕ ਸੇਵਾ ਸਿਆਸਤ ਛੱਡ ਚੁੱਕੇ ਹਨ। ਸਿੱਟੇ ਵਜੋਂ ਉਹ ਲੋਕਾਂ ਤੋਂ ਦੂਰੀ ਬਣਾ ਬੈਠੇ ਹਨ। ਦਸ ਵਰ੍ਹਿਆਂ ਦੇ ਅਕਾਲੀ-ਭਾਜਪਾ ਰਾਜ ਨੇ (ਖ਼ਾਸ ਕਰਕੇ ਅਕਾਲੀਆਂ ਨੂੰ ) ਲੋਕਾਂ ਵਿੱਚ ਬਹੁਤ ਬਦਨਾਮ ਕੀਤਾ ਹੈ। ਰਾਮ ਰਹੀਮ ਸਿੰਘ ਸੱਚਾ ਸੌਦਾ ਬਾਬੇ ਨਾਲ 'ਬਾਦਲ ਪਰਿਵਾਰ' ਦੀ ਨੇੜਤਾ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇ-ਹੁਰਮਤੀ ਦੀਆਂ ਘਟਨਾਵਾਂ ਨੇ ਅਕਾਲੀ ਦਲ ਬਾਦਲ ਨੂੰ ਪੰਜਾਬ 'ਚ ਵਿਧਾਨ ਸਭਾ ਚੋਣਾਂ ਵੇਲੇ ਆਪੋਜੀਸ਼ਨ ਦਾ ਦਰਜਾ ਵੀ ਉਸ ਕੋਲ ਨਹੀਂ ਰਹਿਣ ਦਿੱਤਾ।
ਪਰ ਇਸ ਸਭ ਕੁਝ ਦੇ ਬਾਵਜੂਦ ਕਾਂਗਰਸ ਦੀ ਸਥਿਤੀ ਜ਼ਿਮਨੀ ਚੋਣਾਂ ਸਮੇਂ ਬਹੁਤੀ ਸੁਖਾਵੀਂ ਨਹੀਂ। ਫਗਵਾੜਾ ਅਤੇ ਮੁਕੇਰੀਆਂ ਵਿੱਚ ਭਾਜਪਾ ਨਾਲ ਉਸਦੀ ਸਿੱਧੀ ਟੱਕਰ ਤਾਂ ਹੋਏਗੀ ਹੀ, ਪਰ ਕਾਂਗਰਸੀ  ਧਿਰ ਦੇ ਨੇਤਾ ਧੜਿਆਂ 'ਚ ਵੰਡੇ ਹੋਣ ਕਾਰਨ ਇਕਮੁੱਠ ਰਹਿਕੇ ਅਮਰਿੰਦਰ ਸਿੰਘ ਦੀ ਲੀਡਰਸ਼ੀਪ ਨੂੰ ਮਜ਼ਬੂਤ ਕਰਨਗੇ ਜਾਂ ਫਿਰ ਇੱਕ ਦੂਜੇ ਨੂੰ ਹਰਾਕੇ ਸਰਕਾਰ ਦੀ ਬਦਨਾਮੀ ਕਰਾਉਣਗੇ। ਇਹ ਇੱਕ ਵੱਡਾ ਸਵਾਲ ਹੈ।
ਫਗਵਾੜਾ ਵਿੱਚ ਕਾਂਗਰਸ ਦੇ ਦੋ ਧੜੇ ਹਨ ਜਿਹੜੇ ਵਾਹ ਲੱਗਦਿਆਂ ਪਿਛਲੀਆਂ ਚੋਣਾਂ 'ਚ ਇੱਕ ਦੂਜੇ ਨੂੰ ਹਰਾਉਂਦੇ ਰਹੇ ਹਨ ਤੇ ਵਿਰੋਧੀ ਧਿਰ ਨੂੰ ਵੋਟਾਂ ਪਾਉਂਦੇ ਰਹੇ ਹਨ। ਭਾਜਪਾ ਦੇ ਵੀ ਦੋ ਧੜੇ ਹਨ ਜਿਹੜੇ ਇੱਕ ਦੂਜੇ ਨੂੰ ਠਿੱਬੀ ਲਾਉਣ 'ਚ ਕੋਈ ਕਸਰ ਨਹੀਂ ਛੱਡਦੇ। ਮੁਕੇਰੀਆਂ ਵਿੱਚ ਵੀ ਹਾਲਾਤ ਲਗਭਗ ਇਹੋ ਜਿਹੇ ਜਾਪਦੇ ਹਨ। ਜਲਾਲਾਬਾਦ ਸੀਟ ਉਤੇ ਕਾਂਗਰਸ ਅਤੇ ਅਕਾਲੀਆਂ ਦੀ ਟੱਕਰ ਦਿਲਚਸਪ ਹੋਏਗੀ, ਪਰ ਇਹਨਾਂ ਦੋਹਾਂ ਸੀਟਾਂ ਵਿੱਚੋਂ ਜਲਾਲਾਬਾਦ ਹੀ ਇੱਕ ਇਹੋ ਜਿਹੀ ਸੀਟ ਹੈ, ਜਿਥੇ ਆਮ ਆਦਮੀ ਪਾਰਟੀ ਆਪਣੀ ਚੰਗੀ ਹੋਂਦ ਦਰਸਾ ਸਕਦੀ ਹੈ। ਦਾਖਾ ਵਿੱਚ ਐਡਵੋਕੇਟ ਫੂਲਕਾ ਕਾਰਨ ਆਮ ਆਦਮੀ ਪਾਰਟੀ ਜਿੱਤੀ ਸੀ, ਅਤੇ ਕਾਂਗਰਸ ਤੀਜੇ ਨੰਬਰ ਉਤੇ ਸੀ, ਪਰ ਐਤਕਾਂ ਦਾਖੇ 'ਚ ਕਾਂਗਰਸ ਅਤੇ ਅਕਾਲੀਆਂ ਦੀ ਟੱਕਰ ਦਿਲਚਸਪ ਰਹੇਗੀ।
ਕਾਂਗਰਸ ਸਰਕਾਰ ਦੀ ਪਿਛਲੇ ਲਗਭਗ ਢਾਈ ਸਾਲਾਂ ਦੇ ਕਾਰਜਕਾਲ ਨੂੰ ਬਹੁਤਾ ਸਤੁੰਸ਼ਟ ਨਹੀਂ ਕਿਹਾ ਜਾ ਸਕਦਾ। ਪੰਚਾਇਤਾਂ ਦੀਆਂ ਚੋਣਾਂ ਬਹੁਤ ਮੁਸ਼ਕਲ ਨਾਲ ਸਰਕਾਰ ਕਰਵਾ ਸਕੀ ਪਰ ਵਿਕਾਸ ਫੰਡ ਉਹਨਾ ਨੂੰ ਨਹੀਂ ਮਿਲ ਰਹੇ। ਬਲਾਕ ਸੰਮਤੀਆਂ  ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋ ਗਈਆਂ, ਪਰ ਉਹਨਾ ਦੇ ਆਹੁਦੇਦਾਰ ਨਹੀਂ ਚੁਣੇ ਜਾ ਰਹੇ ਬਾਵਜੂਦ ਇਸਦੇ ਕਿ ਇਹਨਾ ਵਿੱਚ ਵੱਡੀ ਗਿਣਤੀ ਕਾਂਗਰਸ ਆਗੂ ਹੀ ਚੇਅਰਮੈਨ, ਉਪ ਚੇਅਰਮੈਨ ਬਣਨੇ ਹਨ। ਬੋਰਡਾਂ, ਕਾਰਪੋਰੇਸ਼ਨਾਂ, ਮਾਰਕੀਟ ਕਮੇਟੀਆਂ ਦੇ ਚੇਅਰਮੈਨ ਲਗਾਉਣ ਲਈ ਸਰਕਾਰ ਵਲੋਂ ਕੋਈ ਫੁਰਤੀ ਨਹੀਂ ਵਿਖਾਈ ਜਾ ਰਹੀ, ਸਿੱਟੇ ਵਲੋਂ ਕਾਂਗਰਸੀ ਵਰਕਰ ਅਤੇ ਨੇਤਾ ਨਿਰਾਸ਼ ਹਨ। ਕਿਸਾਨ ਕਰਜ਼ਿਆਂ ਦੀ ਮੁਆਫ਼ੀ ਦਾ ਕੰਮ ਅੱਧ ਵਿਚਾਲੇ ਲਟਕਿਆ ਪਿਆ ਹੈ। ਪੰਜਾਬ ਦੇ ਮੁਲਾਜ਼ਮਾਂ ਦੀਆਂ ਚਿਰ ਪੁਰਾਣੀਆਂ ਮੰਗਾਂ ਪ੍ਰਤੀ ਸਰਕਾਰ ਦੀ ਅਣਦੇਖੀ, ਮੁਲਾਜ਼ਮਾਂ ਨੂੰ ਖਟਕ ਰਹੀ ਹੈ ਅਤੇ ਉਹ ਉਪ ਚੋਣਾਂ 'ਚ ਸਰਕਾਰ ਨੂੰ ਝਟਕਾ ਦੇਣ ਦੇ ਰੌਅ ਵਿੱਚ ਹਨ। ਹਾਂ, ਸਰਬੱਤ ਸਿਹਤ ਬੀਮਾ ਯੋਜਨਾ ਲਾਗੂ ਕਰਨ ਨੇ ਕਾਂਗਰਸ ਸਰਕਾਰ ਨੂੰ ਕੁਝ ਸ਼ਾਬਾਸ਼ੀ ਜ਼ਰੂਰ ਦੁਆਈ ਹੈ। ਪਰ ਨਸ਼ਿਆਂ ਦਾ ਪੰਜਾਬ ਵਿਚਲਾ ਪ੍ਰਕੋਪ, ਹੜ੍ਹ ਪੀੜਤਾਂ ਦੀ ਸਹਾਇਤਾ ਸਰਕਾਰ ਪ੍ਰਤੀ ਨਾਕਾਮੀ ਨੇ ਕਾਂਗਰਸ ਸਰਕਾਰ ਨੂੰ ਲੋਕਾਂ ਤੋਂ ਦੂਰ ਕੀਤਾ ਹੈ। ਇਸਦਾ ਵੱਡਾ ਪ੍ਰਭਾਵ ਚੋਣਾਂ 'ਤੇ ਪਏਗਾ।
ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਜਿਸ ਧਿਰ ਦੀ ਸਰਕਾਰ ਹੋਵੇ, ਉਹੀ ਧਿਰ ਜ਼ਿਮਣੀ ਚੋਣਾਂ 'ਣ ਸੀਟਾਂ ਜਿੱਤ ਜਾਂਦੀ ਹੈ। ਬਹੁਤੀਆਂ ਹਾਲਤਾਂ 'ਚ ਜ਼ਿਮਨੀ ਚੋਣਾਂ ਵੇਲੇ ਸਰਕਾਰੀ ਮਸ਼ੀਨਰੀ ਵੀ ਰਾਜ ਕਰਨ ਵਾਲੀ ਸਿਆਸੀ ਧਿਰ ਲਈ ਕੰਮ ਕਰ ਜਾਂਦੀ ਹੈ। ਪਰ  ਇਸ ਵੇਲੇ ਪੰਜਾਬ ਵਿੱਚ ਕਾਂਗਰਸ ਅਤੇ ਕੇਂਦਰ 'ਚ ਭਾਜਪਾ ਹੈ , ਜੋ ਕਿ ਪੰਜਾਬ 'ਚ ਵਿਰੋਧੀ ਧਿਰ 'ਚ ਬੈਠੀ ਹੈ, ਹੋਣ ਕਾਰਨ ਸਰਕਾਰੀ ਅਫ਼ਸਰ ਵੀ ਕਿਸੇ ਧਿਰ ਦੀ ਪ੍ਰਤੱਖ ਮਦਦ ਨਹੀਂ ਕਰਨਗੇ। ਉਂਜ ਪੰਜਾਬ ਵਿਚਲੇ ਹਾਲਤਾਂ, ਜਿਥੇ ਵਿਰੋਧੀ ਧਿਰ ਕਾਫ਼ੀ ਕਮਜ਼ੋਰ ਹੈ ਅਤੇ ਵੰਡੀ ਹੋਈ ਹੈ, ਪੰਜਾਬ ਦੀ ਕਾਂਗਰਸ ਅਤੇ ਸਰਕਾਰ ਇਸਦਾ ਫਾਇਦਾ ਚੁਕੇਗੀ ਅਤੇ ਇਹਨਾ ਚਾਰਾਂ ਵਿਚੋਂ ਬਹੁਤੀਆਂ ਸੀਟਾਂ ਆਪਣੇ ਹੱਕ ਵਿੱਚ ਜਿੱਤ ਲਵੇਗੀ।

ਗੁਰਮੀਤ ਸਿੰਘ ਪਲਾਹੀ
9815802070
gurmitpalahi@yahoo.com