ਕਾਸ਼! ਸਾਡੇ ਵੀ ਇਹੋ-ਜਿਹੇ ਹੋਣ ਲੋਕ ਨੁਮਾਇੰਦੇ

ਭਾਰਤ ਵਿੱਚ ਹਰ ਇੱਕ ਆਮ ਬੰਦੇ ਤੋਂ ਲੈ ਕੇ ਸਭ ਤੋਂ ਵੱਧ ਅਮੀਰ ਬੰਦੇ ਤੱਕ ਪੈਸਾ ਇਕੱਠਾ ਕਰਨ ਦੀ ਦੌੜ ਲੱਗੀ ਹੋਈ ਹੈ। ਭਾਰਤ ਵਿੱਚ ਅਮੀਰ ਵਿਅਕਤੀਆਂ ਨੇ ਆਪਣੇ ਬੱਚਿਆਂ ਦੇ ਪਾਲਣ-ਪੋਸ਼ਣ ਤੇ ਬਹੁਤ ਸਾਰੇ ਨੌਕਰ-ਚਾਕਰ ਰੱਖੇ ਹੋਏ ਹਨ,ਇੱਥੋ ਤੱਕ ਕਿ ਕਿਧਰੇ ਜਾਣ ਸਮੇਂ ਆਪਣੇ ਬੱਚੇ ਨੂੰ ਚੁੱਕਣ ਤੇ ਸਾਂਭ-ਸੰਭਾਲ ਲਈ ਵੀ ਵੱਖਰੇ ਨੌਕਰ ਰੱਖੇ ਹੋਏ ਹਨ। ਅਮੀਰ ਵਿਅਕਤੀ ਕਿਸੇ ਹੋਰ ਦੇ ਬੱਚੇ ਦੀ ਕੀ ਪ੍ਰਵਾਹ ਕਰਨਗੇ ਉਹ ਤਾਂ ਆਪਣੇ ਬੱਚਿਆਂ ਨੂੰ ਵੀ ਸਹੀ ਸਮਾਂ ਨਹੀਂ ਦੇ ਰਹੇ। ਸਾਡੇ ਦੇਸ਼ ਵਿੱਚ ਪੈਸੇ ਦੇ ਨਸ਼ੇ ਵਿੱਚ ਚੂਰ ਹੋਏ ਵਜ਼ੀਰ ਅਤੇ ਹੋਰ ਉੱਚ ਪ੍ਰਸ਼ਾਸਨਿਕ ਅਧਿਕਾਰੀ ਕੀ ਜਾਨਣ ਕਿ ਜਿੰਨ੍ਹਾ ਦੇ ਬੱਚੇ ਅਗਵਾ ਹੋ ਗਏ ਹਨ ਅਤੇ ਉਨ੍ਹਾਂ ਦਾ ਅਜੇ ਤੱਕ ਕੋਈ ਥਹੁ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਮਾਪਿਆ ਦੇ ਦਿਲਾਂ ਤੇ ਕੀ ਬੀਤਦੀ ਹੋਵੇਗੀ ? ਜੇਕਰ ਭਾਰਤ ਨੂੰ ਛੱਡ ਕੇ ਅੰਗਰੇਜ਼ ਸ਼ਾਸਨ ਦੇ ਨੁਮਾਇੰਦਿਆਂ ਦੀ ਗੱਲ ਕਰੀਏ ਤਾਂ ਪਿੱਛੇ ਜਿਹੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਸਮੇਂ ਵੇਖਿਆ ਗਿਆ ਕਿ ਉਹ ਜਹਾਜ 'ਚੋਂ ਉਤਰਨ ਸਮੇਂ ਆਪਣੇ ਬੱਚਿਆਂ ਨੂੰ ਆਪ ਕੁੱਛੜ ਚੁੱਕ ਕੇ ਤੁਰਿਆ ਜਾ ਰਿਹਾ ਸੀ। ਇੱਥੋ ਤੱਕ ਉਸਦਾ ਸਮਾਨ ਚੁੱਕਣ ਲਈ ਕੋਈ ਨੌਕਰ ਵੀ ਨਹੀਂ ਸੀ,ਉਹ ਦੋਵੇਂ ਪਤੀ-ਪਤਨੀ ਇੱਕ ਆਮ ਵਿਅਕਤੀ ਦੀ ਤਰ੍ਹਾਂ ਜਾਂਦੇ ਹੋਏ ਨਜ਼ਰ ਆ ਰਹੇ ਸਨ। ਉਸ ਸਮੇਂ ਇਹ ਤਸਵੀਰਾਂ ਕਾਫੀ ਚਰਚਾ ਦਾ ਵਿਸ਼ਾ ਬਣੀਆਂ ਸਨ ਅਤੇ ਜਸਟਿਨ ਟਰੂਡੋ ਦੀ ਅਜਿਹੀ ਅਦਾ ਤੇ ਵਿਵਹਾਰ ਨੇ ਭਾਰਤ ਦੇ ਲੋਕਾਂ ਦਾ ਮਨ ਮੋਹ ਲਿਆ ਸੀ। ਉਸ ਸਮੇਂ ਭਾਰਤ ਦੇ ਨੁਮਇੰਦਿਆਂ ਦੀ ਕਾਫੀ ਥੂ-ਥੂ ਹੋਈ ਸੀ। ਹੁਣ ਫਿਰ ਇੱਕ ਵਾਰ ਨਿਊਜ਼ੀਲੈਂਡ ਦੇ ਸੰਸਦ ਸਪੀਕਰ ਟ੍ਰੇਵਰ ਮਲਰਾਡ ਨੇ ਇੱਕ ਸੰਸਦ ਮੈਂਬਰ ਮਹਿਲਾ ਦੇ ਛੋਟੇ ਬੱਚੇ ਨੂੰ ਉਸ ਸਮੇਂ ਬੋਤਲ ਨਾਲ ਦੁੱਧ ਪਿਲਾਉਣ ਦੀ ਸੇਵਾ ਨਿਭਾਈ ਜਦੋ ਸੰਸਦ ਮੈਂਬਰ ਇੱਕ ਬਹਿਸ ਵਿੱਚ ਹਿੱਸਾ ਲੈ ਰਹੀ ਸੀ ਤਾਂ ਉਸ ਦਾ ਛੋਟਾ ਬੱਚਾ ਰੋਣ ਲੱਗ ਪਿਆ ਸੀ। ਅਜਿਹੇ ਜਿਮੇਵਾਰੀ ਵਾਲੇ ਅਹਿਸਾਸ ਨੂੰ ਮਹਿਸੂਸ ਕਰਦਿਆਂ ਟ੍ਰੇਵਰ ਮਲਰਾਡ ਸਪੀਕਰ ਨੇ ਉਸ ਬੱਚੇ ਨੂੰ ਆਪਣੀ ਗੋਦੀ ਵਿੱਚ ਚੁੱਕ ਕੇ ਬੋਤਲ ਨਾਲ ਦੁੱਧ ਪਿਲਾਉਣਾ ਸ਼ੁਰੂ ਕਰ ਦਿੱਤਾ ਤਾਂ ਕਿ ਸੰਸਦ ਦੀ ਕਾਰਵਾਈ ਵਿੱਚ ਰੁਕਾਵਟ ਨਾ ਪੈਦਾ ਹੋਵੇ। ਨਿਊਜ਼ੀਲੈਂਡ ਦੇ ਸੰਸਦ ਸਪੀਕਰ ਦੀ ਇਨਸਾਨੀਅਤ ਕਦਰਾਂ-ਕੀਮਤਾਂ ਦੀ ਗਵਾਹੀ ਭਰਦੀ ਇਹ ਤਸਵੀਰ ਇੱਕ ਵਾਰ ਫਿਰ ਦੁਨੀਆਂ ਦੀਆਂ ਨਜ਼ਰਾਂ ਵਿੱਚ ਹਰਮਨ ਪਿਆਰੀ ਹੋ ਗਈ ਹੈ। ਜਦੋਂ ਕਿ ਸਾਡੇ ਦੇਸ਼ ਦੀ ਸੰਸਦ ਵਿੱਚ ਤਾਂ ਸਾਡੇ ਨੁਮਾਇੰਦੇ ਕੋਈ ਲੋਕ ਦੇ ਹਿਤ ਦੀ ਬਹਿਸ ਚਲਾਉਣ ਦੀ ਬਜਾਏ ਰੌਲਾ ਪਾਕੇ ਸੰਸਦ ਦਾ ਕੰਮ ਰੋਕਣ ਨੂੰ ਪਹਿਲ ਦਿੰਦੇ ਹਨ। ਭਾਰਤ ਵਿੱਚ ਆਮ ਵਿਅਕਤੀ ਦੇ ਵੋਟ ਨਾਲ ਚੁਣੇ ਹੋਏ ਨੁਮਾਇੰਦੇ ਹੀ ਜੈੱਡ ਸੁਰੱਖਿਆ ਲੈ ਕੇ ਆਪਣੇ ਵੋਟਰ ਤੋਂ ਹੀ ਦੂਰੀਆਂ ਬਣਾਕੇ ਰੱਖਦੇ ਹਨ,ਆਮ ਪਬਲਿਕ ਦੇ ਬੱਚਿਆਂ ਦਾ ਖਿਆਲ ਰੱਖਣਾ ਤਾਂ ਦੂਰ ਦੀ ਗੱਲ ਹੈ। ਕਾਸ਼ ! ਸਾਡੇ ਭਾਰਤ ਵਿੱਚ ਵੀ ਇਹੋ-ਜਿਹੇ ਇਨਸਾਨੀਅਤ ਰੱਖਣ ਵਾਲੇ ਨੁਮਾਇੰਦੇ ਹੋਣ। ਜਿੰਨ੍ਹਾਂ ਤੇ ਲੋਕ ਵਿਸ਼ਵਾਸ ਕਰ ਸਕਣ ਕਿ ਸਾਡੇ ਚੁਣੇ ਹੋਏ ਨੁਮਾਇੰਦੇ ਜਨਤਾ ਦੀ ਟੈਕਸਾਂ ਰਾਹੀਂ ਅਤੇ ਹਰ ਪੱਧਰ ਤੇ ਫੈਲੇ ਭ੍ਰਿਸ਼ਟਾਚਾਰ ਰਾਹੀਂ ਜਨਤਾ ਦੀ ਲੁੱਟ ਕਰਨ ਦੀ ਬਜਾਏ ਦੇਸ਼ ਦੇ ਵਫਾਦਾਰ ਸਿਪਾਹੀ ਬਣ ਕੇ ਇਮਨਾਦਾਰੀ ਨਾਲ ਫਰਜ ਨਿਭਾਅ ਰਹੇ ਹੋਣ।  ਉਨ੍ਹਾਂ ਗੋਰਿਆਂ ਦੀਆਂ ਤਸਵੀਰਾਂ ਦੇ ਨਾਲ-ਨਾਲ ਅਸੀਂ ਵੀ ਕਿਸੇ ਭਾਰਤ ਦੇ ਨੁਮਾਇੰਦੇ ਦੀ ਤਸਵੀਰ ਨੂੰ ਇਸ ਤਰ੍ਹਾਂ ਦੀ ਇਨਸਾਨੀਅਤ ਭਰੀ ਨਜ਼ਰ ਨਾਲ ਵੇਖ ਸਕੀਏ।
                                      ਲੇਖਕ
                           ਗੁਰਜੀਵਨ ਸਿੰਘ ਸਿੱਧੂ ਨਥਾਣਾ                           
                           ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ
                           ਪੰਜਾਬ: 151102
                           ਮੋਬਾਇਲ: 9417079435
                           ਮੇਲ : jivansidhus@gmail.com