ਡਾਇਰੀ ਦਾ ਪੰਨਾ : ਜ਼ਿੰਦਗੀ ਢੋਂਦੇ ਨਹੀਂ, ਜਿਊਣੇ ਆਂ... - ਨਿੰਦਰ ਘੁਗਿਆਣਵੀ

ਖਬਰ ਬਣਦੀ ਹੈ। ਛਪਦੀ ਹੈ ਤੇ ਪੜ੍ਹੀ ਜਾਂਦੀ ਹੈ। ਖਬਰ ਦੀ ਸਿਆਹੀ ਸੁੱਕ ਗਈ ਤਾਂ ਖਬਰ ਭੁੱਲ ਗਈ। ਸਭ ਕੁਛ ਆਮ ਵਾਂਗ ਹੋ ਗਿਆ ਪਰ ਸੁੰਨੀ ਕੋਠੀ ਦੁੱਖਾਂ ਮਾਰੇ ਕੱਲ-ਮੁਕੱਲੇ ਦਾਦੇ ਨੂੰ ਵੱਢ-ਵੱਢ ਖਾਂਦੀ ਹੈ। ਉਹ ਦਾਦਾ, ਜੋ ਪੋਤੇ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਕੇ ਜ਼ਖਮੀ ਤਾਂ ਹੋ ਗਿਆ ਪਰ ਹੁਣ ਜਿਉਂ ਕੇ ਵੀ ਮੋਇਆਂ ਤੋਂ ਵੱਧ ਹੈ! ''ਸੰਨੀ ਪੁੱਤ, ਤੈਂ ਏਹ ਕਾਰਾ ਕਿਉਂ ਕੀਤੈ...?" ਬਾਪੂ ਦੇ ਬੁੱਲ੍ਹ ਹਿਲਦੇ ਨੇ, ''ਨਾ ਮਾਂ ਛੱਡੀ, ਨਾ ਪਿਓ, ਨਾ ਦਾਦੀ, ਨਾ ਭੈਣ ਤੇ ਨਾ ਭੈਣ ਦੀ ਜਾਈ ਭਾਣਜੀ...ਤੇ ਨਾ ਆਪ ਰਿਹਾ...ਓ ਮੇਰੇ ਇੱਕ ਗੋਲੀ ਹੋਰ ਮਾਰ ਦਿੰਦਾ...ਮੈਂ ਜਿਉਂ ਕੇ ਕੀ ਕਰਨੈ...ਹਾਏ ਓ ਰੱਬਾ...ਸਾਰੇ ਈ ਮਾਰਤੇ...ਮੈਂ ਵੀ ਕਿਉਂ ਨਾ ਮਰ ਗਿਆ...?" ਬਾਪੂ  ਨੂੰ ਦੇਖ ਕੋਠੀ ਵਿਚ ਖਲੋਤੇ ਬੂਟੇ-ਵੇਲਾਂ ਵੀ ਆਪੋ ਵਿਚ ਸੋਗ ਸਾਂਝਾ ਕਰਦੇ ਨੇ, ''ਹੁਣ ਸਾਨੂੰ ਪਾਲਣਹਾਰੇ ਨਹੀਂ ਰਹੇ, ਅਸਾਂ ਰਹਿ ਕੇ ਕੀ ਕਰਨੈ ਏਸ ਮਨਹੂਸ ਕੋਠੀ ਵਿਚ।"
ਸੰਨੀ ਦੀ ਸੋਚ ਬਾਰੇ ਸੋਚਣ ਲਗਦਾ ਹਾਂ। ਉਹਦਾ ਮਨ ਪੜ੍ਹਨ ਦਾ ਯਤਨ ਕਰਦਾ ਹਾਂ। ਅਸਫ਼ਲ ਹਾਂ। ਜ਼ਮੀਨਾਂ, ਕੋਠੀਆਂ, ਕਾਰਾਂ ਤੇ ਹਥਿਆਰਾਂ ਵਾਲਿਆਂ ਨਾਲੋਂ ਤਾਂ ਇਹ 'ਜੋੜਾ' ਕਿੰਨਾ ਖੁਸ਼ਨਸੀਬ ਹੈ, ਜੋ ਮੈਨੂੰ  ਰੋਜ਼ ਵਾਂਗ ਰਾਹ ਵਿਚ ਮਿਲਦਾ ਹੈ। ਦੋਵਾਂ ਦੀ ਉਮਰ ਲਗਭਗ ਪੰਤਾਲੀ ਕੁ ਵਰ੍ਹੇ ਹੈ। ਪਤੀ ਸਿਧਰਾ ਹੈ। ਪਤਨੀ ਨੂੰ ਦਿਸਦਾ ਨਹੀਂ। ਪਤੀ ਦੀ ਬਾਂਹ ਫੜ ਕੇ ਤੁਰਦੀ ਹੈ। ਆਪਣੇ ਪਿੰਡ ਤੋਂ ਪੰਜ ਕਿਲੋਮਟਿਰ ਦੂਰ ਸਮੋਸਿਆਂ ਦੀ ਰੇਹੜੀ 'ਤੇ ਜਾ ਕੇ ਭਾਂਡੇ ਧੋਂਦੇ ਨੇ ਤੇ ਆਥਣੇ ਮਜ਼ਦੂਰੀ ਕਰ ਕੇ ਮੁੜਦੇ ਨੇ। ਸੜਕੇ ਸੜਕ ਤੁਰਦੇ ਜਾਂਦੇ ਨੇ, ਭਗਤਣੀ ਪਤੀ ਦੀ ਬਾਂਹ ਫੜ ਕੇ ਤੁਰਦੀ ਹੈ। ਮੋਬਈਲ ਫੋਨ ਵਿਚ ਭਰਵਾਏ ਚਮਕੀਲੇ ਦੇ ਗੀਤ ਸੁਣ ਕੇ ਮਨ ਬਹਲਾਂਦੇ ਨੇ। ਕਦੇ-ਕਦੇ ਹਸਦੇ ਵੀ ਨੇ। ਕਦੇ-ਕਦੇ ਮੈਂ ਆਪਣੀ ਸਕੂਟਰੀ ਪਿਛੇ ਬਿਠਾਲ ਲੈਂਦਾ ਹਾਂ ਦੋਵਾਂ ਨੂੰ। ਖੂਬ ਗੱਲਾਂ ਮਾਰਦੇ ਨੇ ਮੇਰੇ ਨਾਲ।
''ਜਦੋ ਘਰੋਂ ਆਉਂਦੇ ਓ,ਬੂਹਾ ਜਿੰਦਾ ਜੜ ਕੇ ਆਉਂਦੇ ਓ?" ਮੇਰੇ ਪੁੱਛਣ 'ਤੇ ਭਗਤਣੀ ਬੋਲੀ, ''ਵੇ ਬਾਈ, ਸਾਡੇ ਬੂਹਾ ਈ ਹੈਨੀ ਜੜਨਾ ਕੀ ਆ?" ਭਗਤ ਨੇ ਵੀ ਉਹਦੀ 'ਹਾਂ' ਵਿਚ 'ਹਾਂ' ਮਿਲਾਈ, ''ਸਾਡੇ ਗਰੀਬਾਂ ਕੋਲ ਕੀ ਐ, ਇਕੋ ਕਮਰਾ, ਕੀ ਲੈਜੂ ਕੋਈ, ਮੈਲੇ ਬਿਸਤਰੇ ਤੇ ਟੁੱਟੀਆਂ ਦੋ ਮੰਜੀਆਂ... ਕੀ ਕਿਸੇ ਨੇ ਫੂਕਣੀਆਂ ਆਂ ਬਾਈ?" ਭਗਤ ਨੇ ਆਖਿਆ ਤਾਂ ਭਗਤਣੀ ਖਿੜ-ਖਿੜ ਹੱਸੀ, ''ਵੇ ਵਾਹ ਵੇ ਮੇਹਰ ਮਿੱਤਲਾ...ਸੱਚੀ ਗੱਲ ਕੀਤੀ ਐ...।" ਮੈਂ ਉਦਾਸ ਹੋ ਗਿਆ ਹਾਂ। ਸਕੂਟਰੀ ਦੌੜੀ ਜਾ ਰਹੀ ਹੈ। ਮੇਰੇ ਮੂੰਹੋਂ ਨਿਕਲਿਆ, ''ਵਾਹ ਓ ਰੱਬਾ, ਕਾਹਦੀ ਜ਼ਿੰਦਗੀ ਆ...ਏਹਨਾਂ ਦੀ?"
''ਲੈ ਦੱਸ ਬਾਈ, ਸਾਡੀ ਜ਼ਿੰਦਗੀ ਨੂੰ ਕੀ ਸੱਪ ਲੜਿਆ, ਕੋਈ ਫਿਕਰ ਨੀ ਫਾਕਾ ਨੀ, ਨਾ ਕਿਸੇ ਦਾ ਲੈਣਾ, ਨਾ ਕਿਸੇ ਦਾ ਦੇਣਾ, ਮੌਜਾਂ ਕਰਦੇ ਆਂ ਅਸੀਂ ਤਾਂ...ਆਹਾ ਕਾਰਾਂ ਕੋਠੀਆਂ ਵਾਲਿਆਂ ਨਾਲੋਂ ਤਾਂ ਸੌ ਗੁਣੇ ਸੌਖੈ ਆਂ...ਸੁਖ ਦੀ ਨੀਂਦ ਸੌਨੇ ਤੇ ਉਠਦੇ ਆਂ।" ਭਗਤ ਬੋਲਿਆ ਤਾਂ ਭਗਤਣੀ ਨੇ ਹਮੇਸ਼ਾਂ ਵਾਂਗ ਉਹਦੀ ਸੁਰ ਨਾਲ ਸੁਰ ਮੇਚੀ,''ਬਾਈ, ਅਸੀਂ ਤਾਂ ਜ਼ਿੰਦਗੀ ਨੂੰ ਜਿਊਣੇ ਆਂ...ਲੋਕੀ ਜ਼ਿੰਦਗੀ ਢੋਂਦੇ ਆ।"
ਜੋੜੇ ਨੂੰ ਚੌਕ ਵਿਚ ਉਤਾਰ ਕੇ ਮੈਂ ਸਕੂਟਰੀ ਤੋਰ ਲਈ ਤੇ ਜ਼ਿੰਦਗੀ 'ਜਿਊਣ' ਤੇ 'ਢੋਣ' ਦੇ ਫਰਕ ਬਾਰੇ ਸੋਚਣ ਲੱਗਿਆ।
ninder_ghugianvi@yahoo.com