ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
3 Sep. 2018
ਕਾਂਗਰਸ ਨੇ ਸ਼੍ਰੋਮਣੀ ਕਮੇਟੀ 'ਤੇ ਕਬਜ਼ਾ ਕਰਨ ਦੀ ਸਾਜ਼ਿਸ਼ ਰਚੀ- ਰਾਜੂ ਖੰਨਾ
ਕਿਉਂ, ਤੁਸੀਂ ਪਟਾ ਲਿਖਾਇਆ ਹੋਇਐ ਸ਼੍ਰੋਮਣੀ ਕਮੇਟੀ ਦਾ!
60 ਕਰੋੜ ਭਾਰਤੀ ਪੋਸ਼ਕ ਤੱਤਾਂ ਦੀ ਕਮੀ ਦਾ ਸ਼ਿਕਾਰ- ਇਕ ਖ਼ਬਰ
ਪੋਸ਼ਕ ਤੱਤ ਤਾਂ ਸਾਰੇ ਮੋਟੇ ਢਿੱਡਾਂ ਵਾਲ਼ੇ ਖਾਈ ਜਾਂਦੇ ਆ, ਲੋਕ ਸਭਾ ਦੀਆਂ ਕੰਟੀਨਾਂ ਦੇਖੋ ਜਾ ਕੇ।
ਸੁਖਬੀਰ ਬਾਦਲ ਨੇ ਮੇਰੇ ਫ਼ਾਰਮ 'ਤੇ ਰਿਪੋਰਟ ਤਿਆਰ ਕਰਨ ਦਾ ਝੂਠ ਬੋਲਿਆ- ਕੈਪਟਨ ਚੰਨਣ ਸਿੰਘ ਸਿੱਧੂ
ਸਿੱਧੂ ਸਾਹਿਬ ਗੋਲ਼ਾ ਛਕੇ 'ਤੇ ਵਾਧ-ਘਾਟ ਹੋ ਜਾਂਦੀ ਐ, ਮੁੰਡਾ ਦਿਲ ਦਾ ਮਾੜਾ ਨਹੀਂ।
ਵਿਧਾਇਕ ਹਰਮਿੰਦਰ ਗਿੱਲ ਅਤੇ ਸੁਖਜਿੰਦਰ ਰੰਧਾਵਾ ਨੇ ਬਾਦਲਾਂ ਦੇ 'ਜਥੇਦਾਰਾਂ' ਦੇ ਬਖੀਏ ਉਧੇੜੇ-ਇਕ ਖ਼ਬਰ
ਸੰਧਾਵਾਲੀਏ ਜੇਹੀ ਨਾ ਕਿਸੇ ਕੀਤੀ, ਤੇਗ਼ਾਂ ਵਿਚ ਦਰਬਾਰ ਦੇ ਮਾਰੀਆਂ ਨੇ।
ਟਰੰਪ ਨੇ ਗੂਗਲ 'ਤੇ ਅਕਸ ਖ਼ਰਾਬ ਕਰਨ ਦਾ ਲਗਾਇਆ ਦੋਸ਼, ਹੋ ਸਕਦੀ ਹੈ ਕਾਰਵਾਈ- ਇਕ ਖ਼ਬਰ
ਕਾਦਰਯਾਰ ਨਾ ਸੰਗਦੀ ਕਹੇ ਲੂਣਾ, ਤੇਰੇ ਲਹੂ ਦੇ ਪੂਰਨਾ ਘੁੱਟ ਭਰਸਾਂ।
ਕਾਂਗਰਸੀ ਕੌਂਸਲਰ ਦੇ ਪੁੱਤ ਨੂੰ ਜੇਲ੍ਹ 'ਚ ਵੀ.ਆਈ.ਪੀ. ਸਹੂਲਤਾਂ ਦੇਣ ਦਾ ਦੋਸ਼- ਇਕ ਖ਼ਬਰ
ਢੋਲ ਵੱਜ ਗਏ ਨੀਂ ਬਿੱਲੋ, ਤੇਰੇ ਮੇਰੇ ਪਿਆਰ ਦੇ।
ਚਪੜਾਸੀ ਦੀਆਂ 62 ਆਸਾਮੀਆਂ ਲਈ 93000 ਅਰਜ਼ੀਆਂ, 3700 ਪੀ.ਐੱਚ.ਡੀ. ਉਮੀਦਵਾਰ-ਇਕ ਖ਼ਬਰ
ਇਸ ਤੋਂ 'ਅੱਛੇ ਦਿਨ' ਕਦੇ ਨਹੀਂ ਆਏ ਭਾਰਤ ਮਹਾਨ 'ਚ।
ਚੁਫੇਰਿਉਂ ਸ਼ੁਰੂ ਹੋਏ ਲੋਕਾਂ ਦੇ ਰੋਹ ਨੇ ਬਾਦਲਾਂ ਨੂੰ ਕੰਬਣੀ ਛੇੜੀ- ਇਕ ਖ਼ਬਰ
ਜੱਟ ਆਉਂਦੈ ਪਰੈਣੀ ਕੱਸੀ, ਨੀਂ ਹੁਣ ਮੈਂ ਕੀ ਕਰਾਂ।
ਸਰਕਾਰੀ ਸਕੂਲਾਂ ਦੀ ਹਾਲਤ ਸੁਧਾਰਨ ਲਈ ਪ੍ਰਵਾਸੀ ਭਾਰਤੀਆਂ ਨੂੰ ਸੱਦਾ- ਇਕ ਖ਼ਬਰ
ਤੁਸੀਂ ਕਰੋ ਅਸਾਡੀ ਕਾਰੀ ਜੀ, ਹੁਣ ਹੋ ਗਈ ਵੇਦਨ ਭਾਰੀ ਜੀ।
ਬਾਦਲਾਂ ਦੀਆਂ ਸਿਆਸੀ ਵਿਰੋਧੀਆਂ ਨਾਲ਼ ਯਾਰੀਆਂ, 40 ਸਾਲ ਪੰਥ ਨਾਲ਼ ਗ਼ਦਾਰੀਆਂ- ਖਾਲੜਾ ਮਿਸ਼ਨ
ਜਿਨ੍ਹਾਂ ਵਾਸਤੇ ਪਾਪ ਹਜ਼ਾਰ ਕੀਤੇ, ਉਹਨਾਂ ਕੱਢਣਾ ਘਰੋਂ ਲਾਚਾਰ ਕਰ ਕੇ।
ਵਿਧਾਇਕਾਂ ਦੇ ਫਰਜ਼ੰਦਾਂ ਦੀ ਅੱਖ ਚੇਅਰਮੈਨੀਆਂ 'ਤੇ- ਇਕ ਖ਼ਬਰ
ਭਰ ਲਉ ਝੋਲ਼ੀਆਂ ਮਿੱਤਰੋ, ਲੱਡੂਆਂ ਦਾ ਮੀਂਹ ਵਰ੍ਹਦਾ।
ਅਕਾਲੀ ਦਲ ਵਲੋਂ ਕਾਂਗਰਸ ਨੂੰ ਮੋੜਵਾਂ ਜਵਾਬ ਦੇਣ ਦਾ ਐਲਾਨ- ਇਕ ਖ਼ਬਰ
ਛੱਡ ਮੈਦਾਨ ਕਿਉਂ ਭੱਜੇ ਸੀ ਪੂਛ ਦੱਬ ਕੇ, ਈਦੋਂ ਬਾਅਦ ਹੁਣ ਤੰਬਾ ਫ਼ੂਕਣਾ ਏ।
ਪੰਜਾਬ ਦੇ ਅਮਨ ਨੂੰ ਗੰਭੀਰ ਖ਼ਤਰਾ, ਅਕਾਲੀ ਦਲ ਵਲੋਂ ਚਿਤਾਵਨੀ- ਇਕ ਖ਼ਬਰ
'ਪੰਥ ਨੂੰ ਖ਼ਤਰੇ' ਵਾਲ਼ਾ ਨਾਹਰਾ ਕਿਧਰ ਗਿਆ ਬਈ ਅਕਾਲੀਓ!
ਬੇਅਦਬੀ ਮਾਮਲਿਆਂ 'ਚ ਕੈਪਟਨ ਦੋਸ਼ੀਆਂ ਨੁੰ ਸਜ਼ਾਵਾਂ ਦਿਵਾਉਣ ਦੇ ਪੱਖ 'ਚ ਨਜ਼ਰ ਨਹੀਂ ਆ ਰਹੇ- ਚੀਮਾ
ਉਂਜ ਵੇਖਣ ਨੂੰ ਅਸੀਂ ਦੋ, ਤੇਰੀ ਮੇਰੀ ਇਕ ਜਿੰਦੜੀ।
ਅਕਾਲੀ ਦਲ ਦੇ ਬਚਾਅ ਲਈ ਅੱਗੇ ਆਏ ਟਕਸਾਲੀ ਆਗੂ- ਇਕ ਖ਼ਬਰ
ਖ਼ਬਰ ਗ਼ਲਤ ਨਾ ਦਿਉ ਜੀ, ਲਿਖੋ ਕਿ ਬਾਦਲਾਂ ਦੇ ਬਚਾਅ ਲਈ ਅੱਗੇ ਆਏ ਟਕਸਾਲੀ ਆਗੂ।
ਪੰਜਾਬ ਵਿਚ ਲਾਇਬ੍ਰੇਰੀਆਂ 'ਤੇ ਬੰਦ ਹੋਣ ਦੀ ਲਟਕੀ ਤਲਵਾਰ- ਇਕ ਖ਼ਬਰ
ਕੀ ਕਰਨੀਆਂ ਕਿਤਾਬਾਂ ਪੜ੍ਹ ਕੇ, ਜਦ ਪੈਰ ਪੈਰ 'ਤੇ ਠੇਕੇ।
ਟਕਸਾਲੀ ਅਕਾਲੀਆਂ ਦਾ ਸਨਮਾਨ ਕਰਨ ਲਈ ਸੁਖਬੀਰ ਨੇ ਕਮੇਟੀ ਬਣਾਈ- ਇਕ ਖ਼ਬਰ
ਫ਼ਕਰਦੀਨਾਂ ਜਦ ਵਕਤ ਦੀ ਮਾਰ ਪੈਂਦੀ, ਭੱਜੀਆਂ ਬਾਹਾਂ ਫਿਰ ਗਲ਼ ਨੂੰ ਆਉਂਦੀਆਂ ਨੇ।
ਕੈਪਟਨ ਨਹੀਂ ਜਾਣਗੇ ਸਿੰਘਾਪੁਰ, ਮਨਪ੍ਰੀਤ ਸਿੰਘ ਬਾਦਲ ਦੀ ਡਿਊਟੀ ਲਗਾਈ- ਇਕ ਖ਼ਬਰ
ਕੈਪਟਨ ਸਾਹਿਬ ਇਕ 'ਜ਼ਰੂਰੀ ਮੀਟਿੰਗ' ਲਈ ਹਿੱਲ ਸਟੇਸ਼ਨ 'ਤੇ ਜਾ ਰਹੇ ਹਨ।