ਹੁਣ ਕਲਾਕਾਰਾਂ ਵੱਲੋਂ ਚੈਨਲਾਂ 'ਤੇ ਛਿੱਤਰੋ ਛਿੱਤਰੀ ਹੋਣ ਦੇ ਡਰਾਮੇ ਸੁਰੂ
ਪਿਛਲੇ ਦਿਨਾਂ ਤੋਂ ਬਹੁਤ ਸਾਰੇ ਕਲਾਕਾਰਾਂ ਗੀਤਕਾਰਾਂ ਅਤੇ ਅਦਾਕਾਰਾਂ ਵੱਲੋਂ ਇੱਕ ਦੂਜੇ ਨਾਲ ਵੀਡੀਓਜ਼ ਰਾਹੀ ਜਾਂ ਚੈਨਲਾਂ ਉੱਤੇ ਸ਼ਰੇਆਮ ਲੜਨ ਦੇ ਚਰਚੇ ਆਮ ਏ ਹਾਲਾਤ ਵੇਖਣ ਸੁਣਨ ਨੂੰ ਮਿਲਦੇ ਹਨ । ਮੇਰੇ ਖਿਆਲ ਮੁਤਾਬਕ ਇਹ ਲੜਾਈ ਸਿਰਫ ਪਬਲੀਸਿਟੀ ਖੱਟਣ ਨੂੰ ਲੈਕੇ ਲਡ਼ੀ ਜਾ ਰਹੀ ਹੈ ਕਿਉਂਕਿ ਚਿੱਟੇ ਦਿਨ ਇੱਕ ਦੂਜੇ ਨੂੰ ਗਾਲਾਂ ਜਾਂ ਤਾਹਨੇ ਮਿਹਣੇਆਂ ਦੇ ਫਾਇਰ ਦਾਗ਼ਦੇ ਇਨ੍ਹਾਂ ਕਲਾਕਾਰਾਂ ਕੋਲ ਕੰਮ ਦੀ ਘਾਟ ਪੈ ਚੁੱਕੀ ਹੈ ਇਸੇ ਲਈ ਇਹ ਫਨਕਾਰ ਹੁਣ ਹੋਸ਼ੀਆਂ ਹਰਕਤਾਂ 'ਤੇ ਉੱਤਰ ਆਏ ਨੇ ।
ਸਮੇਂ ਦੀ ਸਿਤਮ ਜ਼ਰੀਫ਼ੀ ਵੇਖੋ ਸਮਾਜ ਅਤੇ ਨੌਜਵਾਨੀ ਨੂੰ ਸੇਧ ਦੇਣ ਵਾਲੇ ਮਾਂ ਬੋਲੀ ਦੇ ਇਹ ਅਖੌਤੀ ਪੁੱਤਰ ਆਪਸ ਵਿੱਚ ਹੀ ਛਿੱਤਰੋ ਛਿੱਤਰੀ ਹੋਈ ਜਾ ਰਹੇ ਨੇ ਇਹ ਹੋਰਾਂ ਨੂੰ ਕੀ ਸੇਧ ਦੇਣਗੇ ਕਹਿਣ ਦੀ ਲੋੜ ਨਹੀਂ , ਇਸ ਸਾਰੇ ਮਾਜਰੇ ਵਿੱਚ ਚੈਨਲ ਵੀ ਘੱਟ ਨਹੀਂ ਉਨ੍ਹਾਂ ਵੱਲੋਂ ਆਪਣੀ ਟੀ ਆਰ ਪੀ ਵਧਾਉਣ ਨੂੰ ਲੈ ਕੇ ਸ਼ਨਸ਼ਨੀ ਕਿੱਸਿਆਂ ਵਾਂਗ ਇਨ੍ਹਾਂ ਕਲਾਕਾਰਾਂ ਦੀ ਬਨਾਉਟੀ ਲੜਾਈ ਨੂੰ ਪੇਸ਼ ਕੀਤਾ ਜਾ ਰਿਹੈ । ਹੁਣ ਤਾਂ ਰੱਬ ਹੀ ਰਾਖਾ ਹੈ ਸਾਡੇ ਇਸ ਅਵੱਲੇ ਖੇਤਰ ਦਾ, ਹੋ ਸਕਦੈ ਇਹ ਲੋਕ ਕੱਲ੍ਹ ਨੂੰ ਇਸ ਤੋਂ ਵੀ ਅੱਗੇ ਚਲੇ ਜਾਣ ।
ਕੋਈ ਸਮਾਂ ਸੀ ਜਦ ਕਿਸੇ ਵੀ ਕਲਾਕਾਰ ਵੱਲੋਂ ਹੋਰ ਕਲਾਕਾਰ ਨੂੰ ਕੋਈ ਵੀ ਗੱਲ ਆਖਣ ਤੋਂ ਪਹਿਲਾਂ ਸੌ ਵਾਰ ਸੋਚਿਆ ਜਾਂਦਾ ਸੀ ਪਰ ਹੁਣ ਤਾਂ ਆਵਾ ਹੀ ਉਤ ਚੁੱਕਿਅੈ ਇਨ੍ਹਾਂ ਲੋਕਾਂ ਦਾ , ਬੇਹਿਆਈ ਅਤੇ ਜਬਲੀਆਂ ਭਰਪੂਰ ਕਿੱਸੇ ਹੁਣ ਇਨ੍ਹਾਂ ਵੱਲੋਂ ਸੋਸ਼ਲ ਮੀਡੀਆ ਰਾਹੀ ਲੋਕਾਂ ਦੀ ਕਚਹਿਰੀ ਵਿੱਚ ਲਿਆਂਦੇ ਜਾਂਦੇ ਨੇ ਜਿਸ ਨੂੰ ਸੁਣ ਕੇ ਸਾਡੀ ਨੌਜਵਾਨ ਪੀੜ੍ਹੀ ਕੁਝ ਘੰਟੇ ਤਾੜੀਆਂ ਮਾਰ ਕੇ ਮਨ ਵਿੱਚ ਪਤਾ ਨਹੀਂ ਕੀ ਸੋਚ ਇਨ੍ਹਾ ਦੀਆਂ ਗੱਲਾਂ ਤੇ ਲੱਟੂ ਹੋ ਜਾਂਦੀ ਹੈ । ਯਥਾਰਥ ਤੋਂ ਕੋਹਾਂ ਦੂਰ ਇਹ ਅਖੌਤੀ ਕਲਾਕਾਰ ਇੱਕ ਦੂਜੇ ਉੱਤੇ ਤੋਹਮਤਾ ਦੀਆਂ ਤੋਪਾਂ ਬੀੜੀ ਸਿੱਧ ਪਤਾ ਨਹੀਂ ਕੀ ਕਰਨਾ ਚਾਹੁੰਦੇ ਨੇ । ਉਹ ਭਰਾਵੋ ਜੇ ਤੁਹਾਡੀ ਆਪਸ ਵਿੱਚ ਕੋਈ ਗੱਲ ਹੈ ਤਾਂ ਬੈਠ ਕੇ ਮਸਲਾ ਸੁਲਝਾ ਲਵੋ ਕਿਉਂ ਐਵੇਂ ਬਾਤ ਦਾ ਬਤੰਗੜ ਬਣਾ ਕੇ ਜੱਗ ਹਸਾਈ ਦਾ ਕਾਰਨ ਬਣਦੇ ਹੋ ਠੀਕ ਹੈ ਨੌਜਵਾਨ ਪੀੜ੍ਹੀ ਤੁਹਾਨੂੰ ਸੁਣਦੀ ਹੈ ਅਤੇ ਤੁਹਾਡੀਆਂ ਗੱਲਾਂ ਤੇ ਅਸਰ ਵੀ ਕਰਦੀ ਹੈ ਪਰ ਕੀ ਫਾਇਦਾ ਇਹੋ ਜਹੀਆਂ ਝੱਲ ਵਲੱਲੀਆਂ ਦਾ । ਪਹਿਲਾਂ ਤੁਸੀਂ ਲੱਚਰ ਗੀਤਾਂ ਰਾਹੀਂ ਪੰਜਾਬ ਦੀ ਜੁਆਨੀ ਨੂੰ ਕੁਰਾਹੇ ਪਾਇਆ ਤੇ ਹੁਣ ਆਹ ਫੁਕਰਾਪੰਥੀ ਗੱਲਾਂ ਕਰਕੇ ਕਿਉਂ ਲੋਕਾਂ ਦਾ ਟਾਈਮ ਖ਼ਰਾਬ ਕਰਦੇ ਹੋ ਨਾਲੇ ਹਰ ਇਨਸਾਨ ਦਾ ਸਮਾਂ ਹੁੰਦੈ ਸਮੇਂ ਤੋਂ ਪਹਿਲਾਂ ਅਤੇ ਬਾਅਦ ਕੁੱਝ ਵੀ ਨਹੀਂ ਹੋ ਸਕਦਾ ।
ਚੈਨਲਾਂ ਵਾਲੇ ਵੀਰ ਵੀ ਕਿਸੇ ਇੱਕ ਦੇਸ਼ ਦੀ ਦੂਜੇ ਨਾਲ ਲੱਗੀ ਜੰਗ ਦੀ ਤਰ੍ਹਾਂ ਭੜਕਾਊ ਬਿਆਨਬਾਜ਼ੀ ਕਰਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਦਾ ਕੋਈ ਵੀ ਮੌਕਾ ਖਾਲੀ ਨਹੀਂ ਜਾਣ ਦਿੰਦੇ ਇਸ ਤਰ੍ਹਾਂ ਦੀਆਂ ਹੈੱਡ ਲਾਈਨਾਂ ਬਣਾ ਕੇ ਪੇਸ਼ ਕਰਦੇ ਨੇ ਜਿਵੇਂ ਕੋਈ ਬਹੁਤ ਵੱਡਾ ਘਟਨਾਕ੍ਰਮ ਹੋਇਆ ਹੋਵੇ ਇਸ ਨੂੰ ਪੱਤਰਕਾਰੀ ਨਹੀਂ ਆਖ ਸਕਦੇ , ਹਾਂ ਚੰਦ ਛਿੱਲੜਾਂ ਦੀ ਖਾਤਰ ਨੌਜਵਾਨੀ ਨੂੰ ਉਕਸਾ ਕੇ ਸਮਾਜ ਵਿੱਚ ਊਲ ਜਲੂਲ ਬੋਲਣ ਦਾ ਠੇਕਾ ਜ਼ਰੂਰ ਆਖ ਸਕਦੇ ਹਾਂ , ਜੇਕਰ ਅਸੀਂ ਸਮਾਜ ਨੂੰ ਕੁਝ ਵਧੀਆ ਨਹੀਂ ਦੇ ਸਕਦੇ ਤਾਂ ਸਾਨੂੰ ਮਾੜਾ ਦੇਣ ਦਾ ਵੀ ਕੋਈ ਹੱਕ ਨਹੀਂ । ਹੈਰਾਨੀ ਹੁੰਦੀ ਹੈ ਉਨ੍ਹਾਂ ਕਲਾਕਾਰਾਂ ਦੀ ਬੁੱਧੀ ਤੇ ਜਿਨ੍ਹਾਂ ਨੇ ਭਾਵੇਂ ਵਧੀਆ ਗੀਤ ਵੀ ਗਾਏ ਅਤੇ ਸਾਡਾ ਸਮਾਜ ਉਨ੍ਹਾਂ ਦੀ ਕਦਰ ਵੀ ਕਰਦਾ ਹੈ ਫਿਰ ਉਨ੍ਹਾਂ ਨੂੰ ਕੀ ਲੋੜ ਪੈ ਗਈ ਸ਼ਰੇਆਮ ਚੈਨਲਾਂ ਤੇ ਇਹੋ ਜਿਹੇ ਬੇਤੁੱਕੇ ਗਪੌੜ ਸੰਖ ਮਾਰਨ ਦੀ , ਉਨ੍ਹਾਂ ਦੀ ਬੁੱਧੀ 'ਤੇ ਵੀ ਤਰਸ ਅਉਂਦਾ ਹੈ ਖੈਰ ਸਮੇਂ ਦਾ ਕੋਈ ਪਤਾ ਨਹੀਂ ਕਿ ਉਹ ਇਨਸਾਨ ਨੂੰ ਕਿਹੜੇ ਰਾਹ ਤੋਰ ਦੇਵੇ ਚੰਗੀ ਭਲੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ ਊਠ 'ਤੇ ਬੈਠੇ ਨੂੰ ਕੁੱਤਾ ਕੱਟ ਜਾਂਦੈ , ਮੈਨੂੰ ਲੱਗਦਾ ਇਹੀ ਕੁਝ ਸਾਡੇ ਕਲਾਕਾਰ ਭਾਈਚਾਰੇ ਨਾਲ ਹੋ ਰਿਹੈ ।
ਸਮੇਂ ਦੇ ਫੇਰ ਨੇ ਉਨ੍ਹਾਂ ਤੋਂ ਕੰਮ ਖੋਹ ਲਿਆ ਅਤੇ ਉਹ ਇਸੇ ਦੇ ਵਿਯੋਗ ਵਿੱਚ ਇੱਕ ਦੂਜੇ ਨੂੰ ਗਾਲਾਂ ਕੱਢ ਕੇ ਚੈਨਲਾਂ ਰਾਹੀਂ ਆਪਣੇ ਸਰੋਤਿਆਂ ਦੀ ਗਿਣਤੀ ਵਿੱਚ ਵਾਧਾ ਕਰਨਾ ਲੋਚਦੇ ਨੇ । ਇੱਕ ਗੱਲ ਜ਼ਰੂਰ ਸੋਚਣੀ ਬਣਦੀ ਹੈ ਕਿ ਸਮੇਂ ਦੀ ਮਾਰੀ ਪਲਟੀ ਨੇ ਪੰਜਾਬੀ ਗਾਇਕੀ ਨੂੰ ਕੱਖਾਂ ਤੋਂ ਹੌਲੀ ਕਰਨ ਦੇ ਨਾਲ - ਨਾਲ ਬਹੁਤ ਕੁਝ ਅਜਿਹਾ ਵੀ ਸਿਰਜ ਦਿੱਤਾ ਜਿਸ ਦੇ ਮਾੜੇ ਸਿੱਟੇ ਸਾਨੂੰ ਸਮਾਂ ਪਾ ਕੇ ਜ਼ਰੂਰ ਔਖਾ ਕਰਨਗੇ ।
ਕਿੰਨਾ ਕੁਝ ਗਿਣੀ ਜਾਈਏ ਜੋ ਸਾਨੂੰ ਅਖੌਤੀ ਕਲਾਕਾਰਾਂ ਦੀ ਬਦੌਲਤ ਝੱਲਣਾ ਪਿਅੈ ਮਾਵਾਂ ਦੇ ਬੁਰਛਿਆਂ ਵਰਗੇ ਪੁੱਤ ਇਸ ਨਰਸੰਹਾਰ ਦੀ ਭੇਟ ਚੜ੍ਹ ਗਏ , ਬੜੀ ਲੰਬੀ ਕਹਾਣੀ ਹੈ ਇਸ ਨਰਕ ਰੂਪੀ ਦਲਦਲ ਦੀ , ਕਦੇ ਇਨ੍ਹਾਂ ਲੋਕਾਂ ਨੇ ਪੰਜਾਬੀਆਂ ਦੀਆਂ ਧੀਆਂ ਨੂੰ ਨਸ਼ੇ ਦੀਆਂ ਪਿਆਕੜ ਆਖ ਕੇ ਉਨ੍ਹਾਂ ਦੀ ਬੇਇਜ਼ਤੀ ਕੀਤੀ ਫਿਰ ਹੋਰ ਉਸ ਤੋਂ ਅਗਾਂਹ ਜਾਂਦਿਆਂ ਲੱਚਰਤਾ ਦੇ ਵਿੱਚ ਇਨ੍ਹਾਂ ਫ਼ਨਕਾਰਾਂ ਨੇ ਚੰਗਾ ਰੋਲ ਨਿਭਾਇਆ ਅਤੇ ਇੱਕ ਸਮਾਂ ਉਹ ਵੀ ਆਇਆ ਕਿ ਇਥੋਂ ਦੀਆਂ ਜੰਮੀਆਂ ਜਾਈਆਂ ਨੂੰ ਛੋਟੇ- ਛੋਟੇ ਗੀਤਾਂ ਵਿੱਚ ਰੋਲ ਦੇਣ ਦੇ ਨਾਂ ਤੇ ਉਨ੍ਹਾਂ ਦੀਆਂ ਦੇਹਾਂ ਨੂੰ ਮੱਛੀ ਵਾਂਗ ਚੂੰਡਿਆ ਗਿਆ , ਹੋਰ ਕੀ ਆਖੀਏ ਇਹਨਾਂ ਫ਼ਨਕਾਰਾਂ ਨੂੰ । ਖ਼ੈਰ ਰੱਬ ਸੁਮੱਤ ਬਖਸ਼ੇ ਅਤੇ ਸੋਝੀ ਆਵੇ ਮੇਰੇ ਰੰਗਲੇ ਪੰਜਾਬ ਦੀ ਜਵਾਨੀ ਨੂੰ ਜਿਹੜੀ ਚੰਦਰੇ ਵਹਿਣਾਂ ਵਿੱਚ ਵਹਿ ਕਿ ਔਝੜੇ ਰਾਹਾਂਔ ਦੀ ਪਾਂਧੀ ਬਣ ਚੁੱਕੀ ਹੈ ਰੱਬ ਰਾਖਾ ।
ਮਨਜਿੰਦਰ ਸਿੰਘ ਸਰੌਦ
ਮਾਲੇਰਕੋਟਲਾ
94634 63136